ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-2 (12-10-2014)

ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਪਰ ਕਈ ਲੋਕ ਤਕਨਾਲੋਜੀ ਨੂੰ ਦੂਜਿਆਂ ਦੇ ਨੁਕਸਾਨ ਲਈ ਵਰਤ ਰਹੇ ਹਨ | ਇਸ ਨਾਲ ਅਪਰਾਧਾਂ ਦਾ ਇਕ ਨਵਾਂ ਪਹਿਲੂ ਸਾਹਮਣੇ ਆਇਆ ਹੈ | 
ਅਜੋਕੇ ਅਪਰਾਧ ਨਾ ਬੰਦੂਕ ਦੀ ਨੋਕ 'ਤੇ, ਨਾ ਤਲਵਾਰ ਦੀ ਧਾਰ 'ਤੇ, ਸਗੋਂ ਇਕ ਮਾਊਸ ਦੇ ਕਲਿੱਕ ਰਾਹੀਂ ਹੀ ਅੰਜਾਮ ਦਿੱਤੇ ਜਾਂਦੇ ਹਨ | ਅਜਿਹੇ ਵਿਲੱਖਣ ਤੇ ਗੰਭੀਰ ਅਪਰਾਧਾਂ ਨੂੰ ਸਾਈਬਰ ਅਪਰਾਧਾਂ ਦਾ ਨਾਂਅ ਦਿੱਤਾ ਗਿਆ ਹੈ | ਇਨ੍ਹਾਂ ਅਪਰਾਧਾਂ 'ਚ ਕੰਪਿਊਟਰ ਜਾਂ ਇੰਟਰਨੈੱਟ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਹੈ | 
ਅੱਜ ਹਜ਼ਾਰਾਂ ਹੈੱਕਰ, ਕਰੈੱਕਰ ਅਤੇ ਹੋਰ ਸ਼ਰਾਰਤੀ ਅਨਸਰ ਹਰ, ਰੋਜ਼ ਅਨੇਕਾਂ ਵੈੱਬਸਾਈਟਾਂ, ਈ-ਮੇਲ, ਫੇਸਬੁਕ ਅਤੇ ਬੈਂਕ ਖਾਤਿਆਂ ਵਿਚੋਂ ਅਰਬਾਂ ਰੁਪਈਆਂ 'ਚੋਂ ਚੂਨਾ ਲਗਾਉਂਦੇ ਹਨ | ਕਈ ਅਪਰਾਧਾਂ ਵਿਚ ਵਰਤੋਂਕਾਰਾਂ ਨੂੰ ਬੁੱਧੂ ਬਣਾ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਹੈ | ਈ-ਮੇਲ ਖਾਤਿਆਂ ਵਿਚ ਬਿਨਾਂ ਬੁਲਾਏ ਮਹਿਮਾਨ ਵਾਂਗ ਆ ਧਮਕਦੇ ਬੇਲਗ਼ਾਮ ਸੰਦੇਸ਼ਾਂ ਦਾ ਹੜ੍ਹ ਵੀ ਸਾਈਬਰ ਅਪਰਾਧਾਂ ਦੀ ਸ਼੍ਰੇਣੀ 'ਚ ਆਉਂਦਾ ਹੈ | ਖ਼ੁਫ਼ੀਆ ਤਰੀਕੇ ਰਾਹੀਂ ਕਿਸੇ ਦੇ ਈ-ਮੇਲ ਜਾਂ ਏਟੀਐੱਮ ਪਾਸਵਰਡ ਦੀ ਚੋਰੀ, ਕੰਪਿਊਟਰੀ ਡਾਟੇ ਉੱਤੇ ਝਪਟਾ ਮਾਰਨਾ ਅਤੇ ਨਿੱਜੀ ਜਾਣਕਾਰੀ 'ਤੇ ਡਾਕਾ ਮਾਰਨਾ ਆਮ ਜਿਹੀਆਂ ਹੀ ਘਟਨਾਵਾਂ ਹਨ | ਖ਼ੌਫ਼ ਕਾਰਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ | ਜੇਕਰ ਅਸੀਂ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਕੁਝ ਸਾਵਧਾਨੀਆਂ ਵਰਤੀਏ ਤਾਂ ਸਾਈਬਰ ਅਪਰਾਧਾਂ ਦੇ ਖ਼ਤਰਿਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ |
ਸਾਈਬਰ ਅਪਰਾਧਾਂ ਦੀਆਂ ਕਿਸਮਾਂ
ਸਾਈਬਰ ਅਪਰਾਧਾਂ ਨੂੰ ਦੋ ਮੁੱਖ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ | ਪਹਿਲੀ ਸ਼੍ਰੇਣੀ 'ਚ ਉਹ ਅਪਰਾਧ ਸ਼ਾਮਿਲ ਹਨ, ਜਿਨ੍ਹਾਂ ਵਿਚ ਕੰਪਿਊਟਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ | ਦੂਸਰੀ ਕਿਸਮ ਦੇ ਅਪਰਾਧਾਂ ਵਿਚ ਕੰਪਿਊਟਰ ਨੂੰ ਇਕ ਸੰਦ ਵਜੋਂ ਵਰਤ ਕੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ | ਕੰਪਿਊਟਰ ਵਾਇਰਸ ਦਾ ਪਸਾਰਾ ਪਹਿਲੀ ਅਤੇ ਕਿਸੇ ਦੇ ਬੈਂਕ ਖਾਤੇ ਵਿਚੋਂ ਧੋਖੇ ਨਾਲ ਪੈਸੇ ਕਢਵਾਉਣੇ ਦੂਜੀ ਕਿਸਮ ਦੇ ਅਪਰਾਧਾਂ ਦੀਆਂ ਉਦਾਹਰਨਾਂ ਹਨ |
ਅਪਰਾਧ ਕਿਉਂ?
ਲੋਕ ਸਾਈਬਰ ਅਪਰਾਧ ਕਿਉਂ ਕਰਦੇ ਹਨ | ਅਜਿਹੇ ਅਪਰਾਧਾਂ ਪਿੱਛੇ ਕਈ ਕਾਰਨ ਹੋ ਸਕਦੇ ਹਨ | ਫਿਰ ਵੀ ਇਨ੍ਹਾਂ ਨੂੰ ਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ | ਕਈ ਨੌਜਵਾਨ ਆਤਮ ਪ੍ਰਸੰਸਾ ਲਈ ਅਜਿਹੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ | ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮਜਬੂਰੀਵੱਸ ਇਸ ਪਾਸੇ ਤੁਰ ਪੈਂਦੇ ਹਨ | ਕਈ ਲੋਕ ਅਮੀਰ ਹੋਣ ਦੀ ਲਾਲਸਾ ਕਾਰਨ ਅਜਿਹੇ ਸੰਗੀਨ ਗੁਨਾਹ ਕਰਦੇ ਹਨ |
ਅਪਰਾਧੀ ਕੌਣ?
ਅੱਜ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਤੇ ਤਕਨੀਕੀ ਮਾਹਿਰ ਅਜਿਹੇ ਅਪਰਾਧਾਂ ਦੀ ਦਲਦਲ 'ਚ ਫਸ ਚੁੱਕੇ ਹਨ | ਆਮ ਤੌਰ 'ਤੇ ਕੱਚੇ ਜਾਂ ਠੇਕੇ 'ਤੇ ਰੱਖੇ ਮੁਲਾਜ਼ਮ, ਨੌਕਰੀਓਾ ਕੱਢੇ ਨੌਜਵਾਨ, ਕਾਮੁਕ ਭੁੱਖ ਦੀ ਤਿ੍ਪਤੀ ਕਰਨ ਵਾਲੇ ਨੌਜਵਾਨ, ਦੂਜੀ ਰਾਜਨੀਤਕ ਪਾਰਟੀ ਜਾਂ ਨੇਤਾ ਨੂੰ ਨੀਵਾਂ ਦਿਖਾਉਣ ਵਾਲੇ ਰਾਜਨੀਤੀਵਾਨ, ਫਿਰੌਤੀਆਂ 'ਤੇ ਪਲਣ ਵਾਲੇ ਪੇਸ਼ੇਵਰ ਅਪਰਾਧੀ, ਦੂਸਰੇ ਨੂੰ ਫ਼ੇਲ੍ਹ ਕਰਨ ਦੀ ਭਾਵਨਾ ਵਾਲੇ ਵਪਾਰੀ, ਪੁਰਾਣੇ ਮਿੱਤਰ ਅਤੇ ਤਲਾਕਸ਼ੁਦਾ ਪਤੀ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ 'ਚ ਮਦਦ ਕਰਦੇ ਹਨ |
Previous
Next Post »