ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-10 (2014-12-07)

ਇਧਰ ਵੀ ਧਿਆਨ ਦਿਓ

ਕੰਪਿਊਟਰ ਦਾ ਪ੍ਰਯੋਗ ਕਰਨਾ ਹਰੇਕ ਨੂੰ ਆਉਂਦਾ ਹੈ ਪਰ ਇਸ ਦਾ ਸਾਵਧਾਨੀ ਜਾਂ ਸੁਰੱਖਿਆ ਨਾਲ ਪ੍ਰਯੋਗ ਕਰਨਾ ਕਿਸੇ-ਕਿਸੇ ਨੂੰ ਆਉਂਦਾ ਹੈ | ਕਈ ਲੋਕ ਕੰਪਿਊਟਰ ਦੀ ਸਾਫ਼-ਸਫ਼ਾਈ ਨਹੀਂ ਕਰਦੇ ਅਤੇ ਕੰਮ ਕਰਨ ਲਈ ਸਹੀ ਮੇਜ਼-ਕੁਰਸੀ ਦਾ ਇਸਤੇਮਾਲ ਨਹੀਂ ਕਰਦੇ | ਇਸ ਨਾਲ ਉਨ੍ਹਾਂ ਦੇ ਕੰਪਿਊਟਰ ਵਿਚ ਖ਼ਰਾਬੀ ਆ ਸਕਦੀ ਹੈ ਤੇ ਉਨ੍ਹਾਂ ਦੀ ਸਿਹਤ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਸਕਦੇ ਹਨ | ਕੰਪਿਊਟਰ ਦੀ ਸੁਚੱਜੀ ਵਰਤੋਂ ਲਈ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ: 

 • ਕੰਪਿਊਟਰ ਵਾਲਾ ਕਮਰਾ ਸਾਫ਼-ਸੁਥਰਾ, ਹਵਾਦਾਰ, ਮਿੱਟੀ-ਘੱਟੇ, ਸਲ੍ਹਾਬ ਅਤੇ ਸਿੱਧੀ ਸੂਰਜੀ ਰੌਸ਼ਨੀ ਤੋਂ ਮੁਕਤ ਹੋਣਾ ਚਾਹੀਦਾ ਹੈ |
 • ਕੰਪਿਊਟਰ ਦੀ ਬਾਹਰਲੀ ਸਫ਼ਾਈ ਦੇ ਨਾਲ-ਨਾਲ ਸੀਪੀਯੂ ਦੀ ਕੈਬਨਿਟ ਨੂੰ ਖੋਲ੍ਹ ਕੇ ਅੰਦਰੂਨੀ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ |
 • ਕੀ-ਬੋਰਡ ਨੂੰ ਸਾਫ਼ਟ ਬੁਰਸ਼ ਨਾਲ ਸਾਫ਼ ਕਰੋ |
 • ਮੌਨੀਟਰ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਕਿਸਮ ਦੀ ਸਪਰੇਅ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |
 • ਕੰਪਿਊਟਰ ਜਾਂ ਲੈਪਟਾਪ ਨੂੰ ਇੱਧਰ-ਉੱਧਰ ਲੈ ਜਾਣ ਸਮੇਂ ਝਟਕੇ ਤੋਂ ਬਚਾਅ ਕੇ ਰੱਖੋ, ਕਿਉਂਕਿ ਕੰਪਿਊਟਰ ਦੀ ਹਾਰਡ ਡਿਸਕ ਛੋਟੇ ਜਿਹੇ ਝਟਕੇ ਨਾਲ ਵੀ ਖ਼ਰਾਬ ਹੋ ਸਕਦੀ ਹੈ ਤੇ ਇਸ ਵਿਚ ਬੈਡ ਸੈਕਟਰ ਆ ਸਕਦੇ ਹਨ |
 • ਪੈੱਨ ਡਰਾਈਵ ਦੀ ਘੱਟ ਤੋਂ ਘੱਟ ਵਰਤੋਂ ਕਰੋ | ਇਸ ਨੂੰ ਪਰਮਾਨੈਂਟ ਸਟੋਰੇਜ਼ ਵਜੋਂ ਨਾ ਵਰਤੋਂ | ਇਹ ਇਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਡਾਟਾ ਸਥਾਨਾਂਤਰਨ ਦਾ ਸਾਧਨ ਹੈ | ਇਸ ਨੂੰ ਸਮੇਂ-ਸਮੇਂ 'ਤੇ ਫਾਰਮੈਟ (ਸਾਫ਼) ਕਰਦੇ ਰਹੋ | ਕੰਪਿਊਟਰ ਦੀ ਸੁਰੱਖਿਆ ਲਈ ਪੈੱਨ ਡਰਾਈਵ ਖੋਲ੍ਹਣ ਲਈ ਪਾਸਵਰਡ ਵੀ ਲਗਾਇਆ ਜਾ ਸਕਦਾ ਹੈ |
 • ਜੇਕਰ ਕੰਪਿਊਟਰ ਦੀ ਰਫ਼ਤਾਰ ਮੱਧਮ ਪੈ ਜਾਵੇ ਤਾਂ ਰੀਸਾਈਕਲ ਬਿਨ ਵਿਚਲੀਆਂ ਫਾਈਲਾਂ ਡਿਲੀਟ ਕਰ ਦਿਓ | ਡੈਸਕਟਾਪ 'ਤੇ ਫਾਈਲਾਂ ਨੂੰ ਕਿਸੇ ਡਰਾਈਵ 'ਚ ਸੇਵ ਕਰ ਲਓ | ਟੈਂਪਰੇਰੀ (ਆਰਜ਼ੀ) ਫਾਈਲਾਂ ਅਤੇ ਫ਼ਾਲਤੂ ਸਾਫਟਵੇਅਰਾਂ ਨੂੰ ਸਮੇਂ-ਸਮੇਂ ਹਟਾਉਂਦੇ ਰਹੋ | 
 • ਪਿ੍ੰਟਰ ਵਿਚ ਸਾਫ਼-ਸੁਥਰਾ ਤੇ ਖ਼ੁਸ਼ਕ ਕਾਗ਼ਜ਼ ਵਰਤੋ | ਰਫ਼ ਅਤੇ ਸਲ੍ਹਾਬ ਵਾਲਾ ਕਾਗ਼ਜ਼ ਵਰਤਣ ਨਾਲ ਪਿ੍ੰਟ ਹੈੱਡ ਅਤੇ ਰੋਲਰ 'ਤੇ ਮਾੜਾ ਅਸਰ ਪੈਂਦਾ ਹੈ |
 • ਕੰਪਿਊਟਰ ਦੀ ਸੁਰੱਖਿਆ ਲਈ ਪਾਵਰ-ਆਨ ਅਤੇ ਸਕਰੀਨ ਸੇਵਰ ਪਾਸਵਰਡ ਦੀ ਵਰਤੋਂ ਯਕੀਨੀ ਬਣਾਓ |
 • ਡਾਟਾ, ਹਾਰਡਵੇਅਰ ਅਤੇ ਵਿੰਡੋਜ਼ ਦੀ ਸੁਰੱਖਿਆ ਲਈ ਯੂਪੀਐੱਸ ਦਾ ਇਸਤੇਮਾਲ ਜ਼ਰੂਰ ਕਰੋ | ਅੱਜਕੱਲ੍ਹ ਬਾਜ਼ਾਰ 'ਚ ਯੂਪੀਐੱਸ ਦੀ ਸੁਵਿਧਾ ਵਾਲੇ ਇਨਵਰਟਰ ਵੀ ਉਪਲਬਧ ਹਨ |
 • ਉਚਿੱਤ ਆਕਾਰ ਅਤੇ ਉਚਾਈ ਵਾਲੇ ਮੇਜ਼-ਕੁਰਸੀ ਦੀ ਵਰਤੋਂ ਕਰੋ | ਮੇਜ਼ ਜਾਂ ਕੀ-ਬੋਰਡ ਰੱਖਣ ਵਾਲੀ ਦਰਾਜ਼ ਦੀ ਉਚਾਈ ਤੁਹਾਡੀਆਂ ਕੂਹਣੀਆਂ ਦੇ ਬਰਾਬਰ ਹੋਣੀ ਚਾਹੀਦੀ ਹੈ | ਮੌਨੀਟਰ ਤੁਹਾਡੀਆਂ ਅੱਖਾਂ ਦੀ ਸੇਧ 'ਚ ਘੱਟੋ-ਘੱਟ 2 ਫੁੱਟ ਦੀ ਦੂਰੀ 'ਤੇ ਹੋਵੇ |
 • ਬਲਬ, ਟਿਊਬ ਆਦਿ ਪ੍ਰਕਾਸ਼ ਸਰੋਤ ਮੌਨੀਟਰ ਦੀ ਸਕਰੀਨ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ | ਅਜਿਹੀ ਸਥਿਤੀ ਵਿਚ ਪ੍ਰਕਾਸ਼ ਸਰੋਤ ਦਾ ਪ੍ਰਕਾਸ਼ ਮੌਨੀਟਰ ਦੀ ਸਕਰੀਨ ਨਾਲ ਪਰਿਵਰਤਿਤ ਹੋ ਕੇ ਤੁਹਾਡੀਆਂ ਅੱਖਾਂ 'ਤੇ ਮਾੜਾ ਅਸਰ ਕਰ ਸਕਦਾ ਹੈ | ਕੋਸ਼ਿਸ਼ ਕਰੋ ਕਿ ਲੈਂਪ, ਟਿਊਬ ਆਦਿ ਤੁਹਾਡੇ ਖੱਬੇ ਹੱਥ ਹੋਵੇ |
 • ਕੰਪਿਊਟਰ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ | ਵਿੱਚੋਂ-ਵਿੱਚੋਂ ਬੈਠਕ ਬਦਲਦੇ ਰਹਿਣਾ ਚਾਹੀਦਾ ਹੈ | ਕੰਪਿਊਟਰ ਦੀ ਲਗਾਤਾਰ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਅੱਖਾਂ, ਹਥੇਲੀਆਂ, ਗਰਦਨ, ਉਂਗਲਾਂ, ਪਿੱਠ ਅਤੇ ਦਿਮਾਗ਼ 'ਤੇ ਮਾੜਾ ਅਸਰ ਹੋ ਸਕਦਾ ਹੈ | ਗਰਦਨ ਵਿਚ ਅਕੜਾਹਟ, ਸਰਵਾਈਕਲ, ਹਥੇਲੀਆਂ 'ਚ ਸੋਜ਼ਸ਼ ਅਤੇ ਮਾਨਸਿਕ ਬੋਝ ਕੰਪਿਊਟਰ ਦੀ ਵੱਧ ਵਰਤੋਂ ਦਾ ਸਿੱਟਾ ਹਨ |
Previous
Next Post »