ਗੁਰਬਾਣੀ ਐਪ: ਧੁਰ ਕੀ ਬਾਣੀ (20141126)

ਇਹ ਐਂਡਰਾਇਡ ਫੋਨ ਲਈ ਤਿਆਰ ਕੀਤਾ ਇੱਕ ਗੁਰਬਾਣੀ ਸਰਚ ਇੰਜਣ ਹੈ। ਗੂਗਲ ਐਪ ਸਟੋਰ ‘ਤੇ Dhur Ki Bani ਟਾਈਪ ਕਰਕੇ ਇਸ ਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਐਪ ਵਿੱਚ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ। ਮੁੱਖ ਰੂਪ ਵਿੱਚ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਸਿੱਖ ਪ੍ਰੇਅਰਜ਼, ਸਰਚ ਬਾਏ ਅੰਗ, ਸਰਚ ਬਾਏ ਸ਼ਬਦ ਵਿੱਚ ਵੰਡਿਆ ਹੋਇਆ ਹੈ। ‘ਸਿੱਖ ਪ੍ਰੇਅਰਜ਼’ ਵਿੱਚ ਜਪਜੀ ਸਾਹਿਬ, ਜਾਪ ਸਾਹਿਬ ਤਵ ਪ੍ਰਸਾਦਿ ਸਵੱਯੇ, ਚੌਪਾਈ ਸਾਹਿਬ, ਅਨੰਦ ਸਾਹਿਬ, ਰਹਿਰਾਸ ਸਾਹਿਬ ਅਤੇ ਸੋਹਲਾ ਸਾਹਿਬ ਸ਼ਾਮਲ ਹਨ।
‘ਸਰਚ ਬਾਏ ਅੰਗ’ ਉੱਤੇ ਟੱਚ ਕਰਕੇ ਵਰਤੋਂਕਾਰ ਅੰਗ (ਪੰਨਾ ਨੰਬਰ) ਦੇ ਆਧਾਰ ‘ਤੇ ਸਰਚ ਕਰ ਸਕਦਾ ਹੈ। ਮਿਸਾਲ ਵਜੋਂ ਜੇ ਕੋਈ ਇਹ ਵੇਖਣਾ ਚਾਹੇ ਕਿ ਗੁਰਬਾਣੀ ਦੇ ਪੰਨਾ ਨੰਬਰ 16 ‘ਤੇ ਕੀ ਦਰਜ ਹੈ ਤਾਂ ਉਹ ਸਰਚ ਬਕਸੇ ਵਿੱਚ ਪੰਨਾ ਨੰਬਰ ਟਾਈਪ ਕਰਕੇ ਸਰਚ ਕਰ ਸਕਦਾ ਹੈ।
‘ਸਰਚ ਬਾਏ ਸ਼ਬਦ’ ਸੁਵਿਧਾ ਰਾਹੀਂ ਬਾਣੀ ਵਿਚਲੀ ਪੰਕਤੀ ਦੇ ਹਰੇਕ ਸ਼ਬਦ ਦਾ ਪਹਿਲਾ ਅੱਖਰ ਅੰਗਰੇਜ਼ੀ (ਰੋਮਨ) ਵਿੱਚ ਲਿਖ ਕੇ ਖੋਜ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ ‘ਸਚੋ ਸਚਾ ਆਖੀਐ ਸਚੇ ਸਚਾ ਥਾਨੁ’ ਦੇ ਸਹੀ ਸ਼ਬਦ ਜੋੜ, ਪੰਨਾ ਨੰਬਰ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਟਾਈਪ ਕਰੋਗੇ- ‘s s a s s t’। ਇਸ ਉਪਰੰਤ ਗੁਰਮੁਖੀ ਵਿੱਚ ਲਿਖੀ ਪੂਰੀ ਪੰਕਤੀ ਨਜ਼ਰ ਆ ਜਾਵੇਗੀ। ਇਸ ਉੱਤੇ ਟੱਚ ਕਰਕੇ ਤੁਸੀਂ ਸਿੱਧਾ ਉਸ ਦੇ ਪੰਨਾ ਨੰਬਰ ‘ਤੇ ਜਾ ਕੇ ਇਸ ਦਾ ਅਰਥ ਜਾਣ ਸਕਦੇ ਹੋ। ਜੇ ਤੁਸੀਂ ਅੰਗਰੇਜ਼ੀ ਵਿੱਚ ਟਾਈਪ ਕੀਤੇ ਅੱਖਰਾਂ ਨੂੰ ਪੰਕਤੀ ਦੇ ਵਿਚਕਾਰ ਵੀ ਲੱਭਣਾ ਚਾਹੁੰਦੇ ਹੋ ਤਾਂ ਸਰਚ ਬਕਸੇ ਤੋਂ ਹੇਠਾਂ ਦੂਜੇ ਨੰਬਰ ਵਾਲਾ ਵਿਕਲਪ ‘ਲੈਟਰਜ਼ ਫਰੋਮ ਐਨੀਵੇਅਰ’ ਲੈ ਲਓ। ਧਿਆਨ ਰਹੇ ਕਿ ਅੰਗਰੇਜ਼ੀ ਦੇ ਅੱਖਰਾਂ ਵਿੱਚਕਾਰ ਵਿੱਥ (ਸਪੇਸ) ਜ਼ਰੂਰ ਹੋਵੇ।
ਐਪ ਦੇ ਨਵੇਂ 4.0 ਸੰਸਕਰਨ ਵਿੱਚ ਕੁਝ ਨਵੀਆਂ ਵਿਸ਼ੇਸ਼ਤਾਵਾਂ ਜੋੜੀਆਂ ਗਈਆਂ ਹਨ। ਇਸ ਵਿੱਚ ਗੁਰਬਾਣੀ ਦੀਆਂ ਤੁਕਾਂ ਦਾ ਅਨੁਵਾਦ ਜਾਂ ਲਿਪੀਅੰਤਰਨ ਦਿਖਾਉਣ ਦੀ ਵਿਵਸਥਾ ਕੀਤੀ ਗਈ ਹੈ। ਫੌਂਟ ਦਾ ਆਕਾਰ ਬਦਲਣ ਅਤੇ ਬੁੱਕਮਾਰਕ ਲਗਾਉਣ ਦੀ ਸੁਵਿਧਾ ਵੀ ਜੋੜੀ ਗਈ ਹੈ। ਇਸੇ ਤਰ੍ਹਾਂ ‘ਸਿੱਖ ਪ੍ਰੇਅਰਜ਼’ ਵਿੱਚ ‘ਅਰਦਾਸ’ ਨੂੰ ਸ਼ਾਮਲ ਕੀਤਾ ਗਿਆ ਹੈ।
Previous
Next Post »