2015-09-28

ਪੰਜਾਬੀ ਲਿਖਣ ਲਈ 'ਨੋਟ ਪੈਡ'

25 ਸਤੰਬਰ 2015
ਪੰਜਾਬੀ ਨੋਟ ਪੈਡ (Punjabi Notepad) ਪੰਜਾਬੀ ਪਾਠ ਲਿਖਣ, ਸੰਭਾਲ (Save) ਕਰਨ, ਸਾਂਝਾ ਕਰਨ ਅਤੇ ਭੇਜਣ ਲਈ ਮਹੱਤਵਪੂਰਨ ਆਦੇਸ਼ਕਾਰੀ ਹੈ। ਇਸ ਆਦੇਸ਼ਕਾਰੀ ਵਿਚ ਵੱਡੀ ਖ਼ਾਸੀਅਤ ਇਹ ਹੈ ਕਿ ਪੰਜਾਬੀ ਲਿਖਤ ਨੂੰ ਚਿਤਰ (ਜੇਪੀਈਜੀ ਸਾਂਚਾ) ਦੇ ਰੂਪ ਵਿਚ ਭੇਜਿਆ ਜਾ ਸਕਦਾ ਹੈ। ਚਿਤਰ ਰੂਪ 'ਚ ਭੇਜਿਆ ਗਿਆ ਸਨੇਹਾ ਉਨ੍ਹਾਂ ਫੋਨਾਂ ਵਿਚ ਵੀ ਪੜ੍ਹਨਯੋਗ ਹੁੰਦਾ ਹੈ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਨਹੀਂ ਚੱਲਦੀ।
ਆਦੇਸ਼ਕਾਰੀ ਵਿਚ ਕੁਲ ਤਿੰਨ ਕੀ-ਬੋਰਡ ਹਨ। ਇਨ੍ਹਾਂ ਵਿਚੋਂ ਦੋ ਕੀ-ਬੋਰਡ ਗੁਰਮੁਖੀ ਪੰਜਾਬੀ ਲਈ ਅਤੇ ਇੱਕ ਕੀ-ਬੋਰਡ ਅੰਗਰੇਜ਼ੀ ਲਈ ਹੈ। ਗੁਰਮੁਖੀ ਕੀ-ਬੋਰਡ ਵਿਚ ਪੰਜਾਬੀ ਦੀਆਂ ਸਾਰੀਆਂ ਲਗਾਂ-ਮਾਤਰਾਂ, ਸਵਰ ਅਤੇ ਵਿਅੰਜਨ ਪਾਉਣ ਦੀ ਸਹੂਲਤ ਹੈ। ਅਦੇਸ਼ਕਾਰੀ ਦੀ ਸਤਹ ਦੇ ਖੱਬੇ ਹੱਥ ਦਿਸਣ ਵਾਲੇ ਸੇਵ, ਓਪਨ ਅਤੇ ਡਿਲੀਟ ਬਟਣਾਂ ਰਾਹੀਂ ਮਿਸਲ ਨੂੰ ਕ੍ਰਮਵਾਰ ਸੁਰੱਖਿਅਤ ਕੀਤਾ, ਪਹਿਲਾਂ ਤੋਂ ਤਿਆਰ ਮਿਸਲ ਨੂੰ ਖੋਲ੍ਹਿਆ ਅਤੇ ਹਟਾਇਆ ਜਾ ਸਕਦਾ ਹੈ। ਆਦੇਸ਼ਕਾਰੀ ਵਿਚ ਟਾਈਪ ਕੀਤੇ ਵਿਸ਼ਾ-ਵਸਤੂ ਨੂੰ ਮੋਟਾ, ਟੇਢਾ ਜਾਂ ਸਤਰਾਂਕਿਤ (Underline)  ਕਰਨ, ਰੰਗ ਬਦਲਣ, ਪਿਛੋਕੜ ਰੰਗ ਬਦਲਣ, ਆਕਾਰ ਬਦਲਣ ਆਦਿ ਦੀ ਸਹੂਲਤ ਹੈ। 'ਸੈਂਡ' ਬਟਣ ਰਾਹੀਂ ਵਿਸ਼ਾ-ਵਸਤੂ ਕਿਸੇ ਨੂੰ ਭੇਜੀ ਜਾ ਸਕਦੀ ਹੈ। ਇੱਥੋਂ ਆਦੇਸ਼-ਸੂਚੀ ਰਾਹੀਂ 'ਸੈਂਡ ਐਜ਼ ਟੈਕਸਟ' ਜਾਂ 'ਸੈਂਡ ਐਜ਼ ਇਮੇਜ' ਦੀ ਚੋਣ ਕੀਤੀ ਜਾ ਸਕਦੀ ਹੈ।
'ਸ਼ੇਅਰ' ਚੋਣ ਲੈਣ ਉਪਰੰਤ ਮੋਬਾਈਲ 'ਚ ਉਪਲਭਧ ਆਦੇਸ਼ਕਾਰੀਆਂ ਜਿਵੇਂ ਕਿ ਸੰਖੇਪ-ਸਨੇਹਾ-ਸੇਵਾ (SMS), ਬਿਜ-ਡਾਕ (E-mail), ਫੇਸਬੁਕ, ਟਵੀਟਰ, ਵਟਸ ਐਪ, ਗੂਗਲ ਪਲੱਸ ਆਦਿ ਦੀ ਸੂਚੀ ਨਜ਼ਰ ਆਉਂਦੀ ਹੈ। ਇੱਥੋਂ ਕਿਸੇ ਨੂੰ ਵੀ ਚੁਣ ਕੇ ਵਿਸ਼ਾ-ਵਸਤੂ ਸਾਂਝੀ ਕੀਤੀ ਜਾ ਸਕਦੀ ਹੈ।
ਪੰਜਾਬੀ ਨੋਟ ਪੈਡ 'ਚ ਟਾਈਪ ਕੀਤੇ ਵਿਸ਼ਾ-ਵਸਤੂ (ਲਿਖਤ ਸਾਂਚੇ) ਨੂੰ ਜਦੋਂ ਦੂਜੇ ਫੋਨ 'ਤੇ ਭੇਜਿਆ ਜਾਂਦਾ ਹੈ ਤਾਂ ਕਈ ਵਾਰ ਕੁੱਝ ਤਬਦੀਲੀਆਂ ਆ ਜਾਂਦੀਆਂ ਹਨ। ਅਜਿਹੀਆਂ ਵੱਖ-ਵੱਖ ਫੋਨਾਂ ਅਤੇ ਆਦੇਸ਼ਕਾਰੀਆਂ 'ਚ ਪੰਜਾਬੀ ਰੂਪਾਂਤਰਣ (Rendering) ਦਾ ਇੱਕ ਮਿਆਰ ਨਾ ਹੋਣ ਕਾਰਨ ਵਾਪਰਦਾ ਹੈ। ਸਪਸ਼ਟ ਹੈ ਕਿ ਲਿਖਤ ਭੇਜਣ ਦੀ ਸਥਿਤੀ ਵਿਚ ਨਤੀਜੇ ਦੀ ਗੁਣਵੱਤਾ ਅਗਲੇ ਦੇ ਫੋਨ 'ਤੇ ਵਰਤੀ ਜਾ ਰਹੀ ਆਦੇਸ਼ਕਾਰੀ 'ਤੇ ਨਿਰਭਰ ਕਰਦੀ ਹੈ।

ਤਕਨੀਕੀ ਸ਼ਬਦਾਵਲੀ  

 • ਆਵ੍ਰਿਤੀ: Frequency (ਫ੍ਰਿਕੁਐਂਸੀ)
 • ਆਵਾਜ਼: Audio (ਆਡੀਓ)
 • ਆਵਾਜ਼-ਇਕੱਤਰ (-ਸੰਗ੍ਰਹਿਣ, -ਸੰਭਾਲ): Voice Record (ਵੌਇਸ ਰਿਕਾਰਡ)
 • ਆਵਾਜ਼-ਸੂਚੀ : Playlist (ਪਲੇਅ ਲਿਸਟ)
 • ਆਵਾਜ਼-ਖੋਜ: Voice Search (ਵੌਇਸ ਸਰਚ)
 • ਆਵਾਜ਼-ਰਾਹ-ਦਸੇਰਾ: Voice Guide (ਵੌਇਸ ਗਾਈਡ)
 • ਔਜ਼ਾਰਦਾਨ: Tool Box (ਟੂਲ ਬਾਕਸ)
 • ਇੱਕ-ਚਾਲਕ: One Drive (ਵਨ-ਡਰਾਈਵ)
 • ਇਕੱਤਰ-ਅੰਕੜੇ: Record (ਰਿਕਾਰਡ)
 • ਇੱਛਾ-ਸੂਚੀ: Wishlist (ਵਿਸ਼ਲਿਸਟ)
 • ਇਤਿਹਾਸ: History (ਹਿਸਟਰੀ)


2015-09-21

ਅਜ਼ਮਾਓ ਪੰਜਾਬੀ ਕੀ-ਬੋਰਡ (18 ਸਤੰਬਰ, 2015)

ਪੰਜਾਬੀ ਸਟੈਟਿਕ ਕੀ-ਪੈਡ (Punjabi Static Keypad IME) ਇੱਕ ਸ਼ਕਤੀਸ਼ਾਲੀ ਪੰਜਾਬੀ ਕੀ-ਬੋਰਡ ਹੈ। ਇਸ ਵਿਚ ਸ਼ਬਦ-ਕੋਸ਼ ਦੀ ਸਹੂਲਤ ਹੈ ਜਿਸ ਰਾਹੀਂ ਪੂਰਬ-ਲਿਖਤ (Predictive) ਨਤੀਜਾ ਅਰਥਾਤ ਅੱਖਰ ਟਾਈਪ ਕਰਨ ਉਪਰੰਤ ਉਸ ਅੱਖਰ ਦੇ ਅੱਗੇ ਸ਼ਬਦਾਂ ਨੂੰ ਸੁਝਾਅ ਵਜੋਂ ਦਿਖਾਉਣ ਦੀ ਸਹੂਲਤ ਹੈ। ਕੀ-ਪੈਡ 'ਚ ਲਿਖਤ, ਵਿਸ਼ੇਸ਼ ਚਿੰਨ੍ਹ ਆਦਿ ਪਾਉਣ ਦੀ ਸਹੂਲਤ ਵੀ ਹੈ। ਇਹ ਆਦੇਸ਼ਕਾਰੀ ਪਾਣਿਨੀ ਕੀ-ਬੋਰਡ ਬਣਾਉਣ ਵਾਲੀ ਸਨਅਤ 'ਲੂਨਾ ਏਰਗੋਨੋਮਿਕਸ' ਵੱਲੋਂ ਤਿਆਰ ਕੀਤੀ ਗਈ ਹੈ। ਇਹ ਕੀ-ਪੈਡ ਇਨਸਕਰਿਪਟ ਸਾਂਚੇ (Layout) ਵਾਲਾ ਇੱਕ ਤਰ੍ਹਾਂ ਦਾ ਆਗਤ-ਢੰਗ-ਸੰਪਾਦਕ (IME) ਹੈ। ਇਸ ਆਦੇਸ਼ਕਾਰੀ ਨੂੰ ਸਿਰਨਾਵਾਂ-ਪੁਸਤਕ (Address Book), ਸੰਖੇਪ-ਸਨੇਹਾ-ਸੇਵਾ (SMS), ਵਟਸ ਐਪ, ਵੈੱਬ-ਜਾਲ-ਖੋਜਕ (Web Browser), ਖੋਜ-ਇੰਜਣ (Search Engine) ਆਦਿ ਵਿਚ ਪੰਜਾਬੀ ਟਾਈਪ ਕਰਨ ਲਈ ਵਰਤਿਆ ਜਾ ਸਕਦਾ ਹੈ।

ਵਿਸ਼ੇਸ਼ਤਾਵਾਂ:

ਸ਼ਬਦ-ਕੋਸ਼ ਵਿਚ ਨਵਾਂ ਸ਼ਬਦ ਸ਼ਾਮਿਲ ਕੀਤਾ ਜਾ ਸਕਦਾ ਹੈ ਤੇ ਅਣ-ਲੋੜੀਂਦੇ ਸ਼ਬਦ ਨੂੰ ਕੱਢਿਆ ਜਾ ਸਕਦਾ ਹੈ।
ਵੱਖ-ਵੱਖ ਖਾਂਚਿਆਂ (Templates) ਵਿਚ ਇੱਕੋ ਜਿਹਾ ਸਨੇਹਾ ਦਿਖਾਉਣ ਦੀ ਯੋਗਤਾ।
ਬਟਣ ਛੂਹ ਉਪਰੰਤ ਆਵਾਜ਼ ਪੈਦਾ ਕਰਨ ਅਤੇ ਝਰਨਾਹਟ (Vibration) ਕਰਨ ਦਾ ਵਿਕਲਪ।
ਸ਼ਬਦਾਂ ਨੂੰ ਸੋਹਣਾ ਦਿਖਾਉਣ ਲਈ ਉੱਚ-ਪੱਧਰੀ ਫੌਂਟ।

ਆਦੇਸ਼ਕਾਰੀ ਚਲਾਉਣਾ:

 ਐਪ ਸਟੋਰ ਤੋਂ 'ਪੰਜਾਬੀ ਸਟੈਟਿਕ ਕੀ-ਪੈਡ' ਲਾਹ (Download ਕਰ) ਕੇ ਲਾਗੂ (Install) ਕਰੋ।
 ਸੈਟਿੰਗਜ਼ --- ਲੈਂਗੂਏਜ ਐਂਡ ਇਨਪੁਟ ਰਾਹੀਂ ਪੰਜਾਬੀ ਸਟੈਟਿਕ ਕੀ-ਪੈਡ ਚੁਣੋ।
 ਇੱਥੋਂ ਹੀ ਡਿਫਾਲਟ 'ਤੇ ਦਾਬ ਕਰਕੇ 'ਲੂਨਾ ਏਰਗੋਨੋਮਿਕਸ ਪੰਜਾਬੀ ਸਟੈਟਿਕ ਕੀ-ਪੈਡ' ਆਗਤ ਢੰਗ ਦੀ ਚੋਣ ਕਰੋ।
 ਸੰਖੇਪ-ਸਨੇਹਾ-ਸੇਵਾ ਵਾਲਾ ਬਕਸਾ ਖੋਲ੍ਹੋ। ਕੀ-ਪੈਡ (ਅੰਗਰੇਜ਼ੀ) ਨਜ਼ਰ ਆਵੇਗੀ। ਪੰਜਾਬੀ ਕੀ-ਪੈਡ ਖੋਲ੍ਹਣ ਲਈ 'ਕਖਗ' ਬਟਣ 'ਤੇ ਦੱਬੋ। ਕੀ-ਪੈਡ ਦੋ ਸਤਹਾਂ, ਸਤਹ-1 (1/2) ਅਤੇ ਸਤਹ-2 (2/2) 'ਚ ਦਿਖੇਗਾ।
 ਜੁੜਵੇਂ ਅੱਖਰ ਪਾਉਣ ਲਈ ਹਲੰਤ (ਦਾਣੇਦਾਰ ਸਿਫ਼ਰ) ਦੀ ਵਰਤੋਂ ਕਰੋ। ਉਦਾਹਰਣ ਲਈ 'ਪ੍ਰਕਾਰ' ਪਾਉਣ ਲਈ ਹੇਠਾਂ ਦਿੱਤੇ ਬਟਣ ਛੂਹੋ:
ਪ + ਹਲੰਤ (ਸਤਹ ਨੰ. 2 ਤੋਂ) + ਰ + ਕ + ਾ + ਰ
 ਸਿਹਾਰੀ ਦੀ ਵਰਤੋਂ ਅੱਖਰ ਤੋਂ ਬਾਅਦ 'ਚ ਕਰੋ। ਜਿਵੇਂ ਕਿ:
ਕਿਰਤ: ਕ + ਀ਿ + ਰ + ਤ
ਕ੍ਰਿਸ਼ਨ: ਕ + ਹਲੰਤ + ਰ + ਀ਿ + ਸ਼ + ਨ
ਅੰਕ ਵਾਲਾ ਬਟਣ ਦੱਬਣ ਉਪਰੰਤ ਤਿੰਨ ਸਤਹਾਂ 'ਚ ਅੰਕ ਅਤੇ ਹੋਰ ਵਿਸ਼ੇਸ਼ ਚਿੰਨ੍ਹ ਦਿਸਦੇ ਹਨ। ਸਤਹ ਅੰਕ 2 'ਤੇ ਇੱਕ ਓਂਕਾਰ ਅਤੇ ਖੰਡੇ ਦਾ ਚਿੰਨ੍ਹ ਵੀ ਦਿਸਦਾ ਹੈ।

ਤਕਨੀਕੀ ਸ਼ਬਦਾਵਲੀ  

 • ਆਦੇਸ਼ਕਾਰ: Programmer (ਪ੍ਰੋਗਰਾਮਰ)
 • ਆਦੇਸ਼ਕਾਰੀ: Application (ਐਪਲੀਕੇਸ਼ਨ), Program (ਪ੍ਰੋਗਰਾਮ), Software (ਸਾਫਟਵੇਅਰ), App (ਐਪ)
 • ਆਦੇਸ਼ਕਾਰੀ-ਸੰਕੇਤਾਵਲੀ: Program Code (ਪ੍ਰੋਗਰਾਮ ਕੋਡ)
 • ਆਦੇਸ਼ਕਾਰੀਕਰਣ: Programming (ਪ੍ਰੋਗਰਾਮਿੰਗ)
 • ਆਦੇਸ਼ਕਾਰੀ-ਨਿਰਮਾਣ-ਬਕਸਾ: Software Development Kit (ਸਾਫਟਵੇਅਰ ਡਿਵੈਲਪਮੈਂਟ ਕਿੱਟ)
 • ਆਦੇਸ਼ਕਾਰੀ-ਭਾਸ਼ਾ: Programming Language (ਪ੍ਰੋਗਰਾਮਿੰਗ ਲੈਂਗੂਏਜ)
 • ਆਦੇਸ਼ਕਾਰੀ-ਵਿਕਾਸਕਾਰ: Programmer (ਪ੍ਰੋਗਰਾਮਰ)
 • ਆਦੇਸ਼-ਚੋਣ-ਪ੍ਰਣਾਲੀ: Interface (ਇੰਟਰਫੇਸ)
 • ਆਦੇਸ਼ੀਕਰਣ: Programming (ਪ੍ਰੋਗਰਾਮਿੰਗ)
 • ਆਧੁਨਿਕ: Smart (ਸਮਾਰਟ)
 • ਆਧੁਨਿਕੀਕਰਣ: Update (ਅਪਡੇਟ)
 • ਆਪਣੇ-ਆਪ-ਤਰੋਤਾਜ਼ਾ: Auto Update (ਆਟੋ ਅੱਪਡੇਟ)

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲੋਂ ਕਰਵਾਈ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਦੀਆਂ ਝਲਕੀਆਂ (20 ਸਤੰਬਰ, 2015)

2015-09-04

'ਪੰਜਾਬੀ ਐਡੀਟਰ' ਰਾਹੀਂ ਭੇਜੋ ਰੰਗਦਾਰ ਸਨੇਹੇ

04-09-2015
ਪੰਜਾਬੀ ਐਡੀਟਰ (Tinkutara: Punjabi Editor)  ਇੱਕ ਅਜਿਹੀ ਆਦੇਸ਼ਕਾਰੀ (App) ਹੈ ਜਿਸ ਰਾਹੀਂ ਰੰਗਦਾਰ ਸਨੇਹੇ ਲਿਖ ਕੇ ਭੇਜੇ ਜਾ ਸਕਦੇ ਹਨ।ਆਦੇਸ਼ਕਾਰੀ ਦੀ ਪਹਿਲੀ ਸਤਹ 'ਤੇ 'ਸਟਾਰਟ ਪੰਜਾਬੀ ਐਡੀਟਰ', 'ਓਪਨ ਲਾਸਟ ਸੇਵਡ' ਸਮੇਤ ਕਈ ਕੜੀਆਂ (Links) ਨਜ਼ਰ ਆਉਂਦੀਆਂ ਹਨ। ਪੰਜਾਬੀ ਐਡੀਟਰ ਚਾਲੂ ਕਰਨ ਉਪਰੰਤ ਗੁਰਮੁਖੀ ਕੀ-ਬੋਰਡ ਅਤੇ ਉਸ ਦੇ ਹੇਠਾਂ ਲਿਖਤ ਰੰਗ, ਪਿਛੋਕੜ ਰੰਗ, ਫੌਂਟ ਛੋਟਾ ਅਤੇ ਵੱਡਾ ਕਰਨ, ਮਿਸਲ ਸੇਵ ਕਰਨ, ਮਿਸਲ ਸਾਂਝੀ ਕਰਨ, ਲਿਖਤ ਦੀ ਕਤਾਰਬੰਦੀ (Allignment) ਕਰਨ, ਚੁਣਨ, ਅੰਗਰੇਜ਼ੀ ਦਾ ਕੀ-ਬੋਰਡ ਖੋਲ੍ਹਣ, ਚਿੰਨ੍ਹ ਸ਼ਾਮਿਲ ਕਰਨ ਦੇ ਬਟਣ ਦਿਖਾਈ ਦਿੰਦੇ ਹਨ। ਇਹ ਆਦੇਸ਼ਕਾਰੀ ਪਾਠ ਨੂੰ ਤਸਵੀਰ ਦੇ ਰੂਪ 'ਚ ਸੁਰੱਖਿਅਤ ਕਰ ਸਕਦੀ ਹੈ। ਇਹ ਤਸਵੀਰਾਂ ਯਾਦ-ਪੱਤੇ (Memory Card) ਦੇ tinkutara/images ਨਾਂ ਦੇ ਮਿਸਲ-ਪਟਾਰੇ (Folder) 'ਚ ਸੁਰੱਖਿਅਤ ਹੋ ਜਾਂਦੀਆਂ ਹਨ। 'ਓਪਨ ਲਾਸਟ ਸੇਵਡ' 'ਤੇ ਦਾਬ ਕਰਕੇ ਇਨ੍ਹਾਂ ਨੂੰ ਖੋਲ੍ਹਿਆ, ਨਕਲ (Copy) ਕੀਤਾ ਅਤੇ ਹਟਾਇਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਰਾਹੀਂ ਅਸੀਂ ਕਿਸੇ ਤਸਵੀਰ ਦੇ ਪਿਛੋਕੜ (Background) 'ਤੇ ਵੀ ਲਿਖ ਸਕਦੇ ਹਾਂ।

ਆਦੇਸ਼ਕਾਰੀ ਦੇ ਕੀ-ਬੋਰਡ ਵਿਚ ਇੱਕ ਉਕਾਈ ਹੈ। ਪੰਜਾਬੀ ਮੁਹਾਰਨੀ ਵਾਲੀ ਪਹਿਲੀ ਪੰਕਤੀ ਵਿਚ ਉ ਅਤੇ ਊ ਦੀ ਥਾਂ 'ਤੇ ਕ੍ਰਮਵਾਰ ਓੁ ਅਤੇ ਓੂ ਪਾਇਆ ਹੋਇਆ ਹੈ ਜੋ ਕਿ ਗ਼ਲਤ ਹੈ। ਆਸ ਹੈ ਕਿ ਅੱਗਲੇ ਸੰਸਕਰਣ 'ਚ ਇਹ ਐਪ ਸੋਧੇ ਹੋਏ ਰੂਪ 'ਚ ਮਿਲੇਗੀ।
ਤਕਨੀਕੀ ਸ਼ਬਦਾਵਲੀ  
ਅੰਦਰੂਨੀ-ਯਾਦਦਾਸ਼ਤ: Internal Memory (ਇਨਟਰਨਲ ਮੈਮਰੀ)
ਅਮਲਕਾਰੀ: Application (ਐਪਲੀਕੇਸ਼ਨ), Programe (ਪ੍ਰੋਗਰਾਮ), Software (ਸਾਫਟਵੇਅਰ), App (ਐਪ)
ਅੜ-ਜਾਣਾ, ਅੜਿਕਾ-ਪੈਣਾ: Block (ਬਲੌਕ)
ਆਗਤ: Input (ਇਨਪੁਟ)
ਆਗਤ-ਢੰਗ: Input Method (ਇਨਪੁਟ ਮੈਥਡ)
ਆਗਤ-ਢੰਗ-ਸੰਪਾਦਕ: Input Method Editor (ਇਨਪੁਟ ਮੈਥਡ ਐਡੀਟਰ)
ਆਗਤ-ਤਰੀਕਾ: Input Method (ਇਨਪੁਟ ਮੈਥਡ)
ਆਗਤ-ਤਰੀਕਾ-ਸੰਪਾਦਕ: Input Method Editor (ਇਨਪੁਟ ਮੈਥਡ ਐਡੀਟਰ)
ਆਗਤ-ਬਕਸਾ: Inbox (ਇਨਬਾਕਸ)
ਆਦੇਸ਼, ਹੁਕਮ: Command (ਕਮਾਂਡ)
ਆਦੇਸ਼-ਸੂਚੀ: Command List(ਕਮਾਂਡ ਲਿਸਟ)

ਆਦੇਸ਼-ਸੂਚੀ: Menu (ਮੀਨੂੰ)