ਹੁਣ ਕਾਰਡ ਤੋਂ ਬਿਨਾਂ ਹੀ ਏਟੀਐਮ ਕੱਢੇਗਾ ਪੈਸੇ

01-11-2015
ਏਟੀਐਮ ਕਾਰਡ ਹਰ ਵੇਲੇ ਕੋਲ ਰੱਖਣ ਅਤੇ ਇਸ ਦੇ ਗੁੰਮ ਹੋਣ ਦੇ ਝੰਜਟ ਤੋਂ ਬਚਣ ਲਈ ਆਰਬੀਆਈ ਨੇ ਇਕ ਨਵੀਂ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਉਪਭੋਗਤਾ ਆਪਣਾ 10 ਅੰਕਾਂ ਦਾ ਮੋਬਾਈਲ ਨੰਬਰ ਟਾਈਪ ਕਰਕੇ ਪੈਸੇ ਕਢਵਾ ਜਾਂ ਟਰਾਂਸਫ਼ਰ ਕਰ ਸਕਦਾ ਹੈ। ਇਸ ਨਵੀਂ ਸੁਵਿਧਾ ਦਾ ਲਾਭ ਲੈਣ ਲਈ ਉਪਭੋਗਤਾ ਨੇ ਆਪਣੇ ਸਮਾਰਟ ਫੋਨ 'ਚ ਨੈੱਟ ਬੈਂਕਿੰਗ ਵਾਲੀ ਐਪ ਪਾਈ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾ ਉਪਭੋਗਤਾ ਨੂੰ ਇਸ ਨਵੀ ਸੁਵਿਧਾ ਨਾਲ ਰਜਿਸਟਰ ਹੋਣ ਦੀ ਲੋੜ ਪਵੇਗੀ। ਇਸ ਕੰਮ ਲਈ ਉਹ ਨੈੱਟ ਬੈਂਕਿੰਗ ਜਾਂ ਏਟੀਐਮ ਦੀ ਵਰਤੋਂ ਕਰ ਸਕਦਾ ਹੈ।  ਪਹਿਲੀ ਵਾਰੀ ਇਸ ਨੂੰ ਵਰਤਣ ਸਮੇਂ ਉਪਭੋਗਤਾ ਆਪਣਾ ਨਾਮ, 10 ਅੰਕਾਂ ਦਾ ਮੋਬਾਈਲ ਨੰਬਰ, ਪਤਾ, ਸ਼ਹਿਰ ਅਤੇ ਪਿੰਨ ਕੋਡ ਦਰਜ ਕਰਦਾ ਹੈ। ਸਾਰੇ ਇੰਦਰਾਜ ਸਹੀ ਭਰਨ ਉਪਰੰਤ ਉਪਭੋਗਤਾ ਦੇ ਮੋਬਾਈਲ ਫੋਨ 'ਤੇ ਵਿਲੱਖਣ ਰਜਿਸਟਰੇਸ਼ਨ ਨੰਬਰ ਵਾਲਾ ਚਿਤਾਵਨੀ ਸੰਦੇਸ਼ ਆਉਂਦਾ ਹੈ। ਇਕ ਵਾਰ ਰਜਿਸਟਰ ਹੋਣ ਉਪਰੰਤ ਅਗਲੀ ਵਾਰ ਦਾ ਕੰਮ ਕਾਫੀ ਸੌਖਾ ਹੋ ਜਾਂਦਾ ਹੈ। ਅਗਲੀ ਵਾਰ ਪੈਸੇ ਕਢਵਾਉਣ ਸਮੇਂ ਮੋਬਾਈਲ ਫੋਨ ਤੇ 4 ਅੰਕਾਂ ਦਾ ਕੋਡ ਭੇਜਿਆ ਜਾਂਦਾ ਹੈ। ਜਿਹੜਾ ਕਿ ਵਾਪਸ ਏਟੀਐਮ 'ਚ ਦਰਜ ਕਰਕੇ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ।
ਪੈਸੇ ਟ੍ਰਾਂਸਫਰ ਕਰਨ ਦੇ ਮਾਮਲੇ ਵਿਚ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਦੋਹਾਂ ਦੇ ਮੋਬਾਈਲ ਫੋਨਾਂ ਵਿਚ ਕ੍ਰਮਵਾਰ 4 ਅੰਕਾਂ ਅਤੇ 6 ਅੰਕਾਂ ਦਾ ਕੋਡ ਭੇਜਿਆ ਜਾਂਦਾ ਹੈ। ਇਸ ਨਵੀ ਯੋਜਨਾ ਦੀ ਸੀਮਾ ਇਹ ਹੈ ਕਿ ਇਸ ਰਾਹੀਂ ਮਹੀਨੇ ਵਿਚ ਸਿਰਫ 25,000 ਰੁਪਏ ਕਢਵਾਏ ਅਤੇ 10,000 ਰੁਪਏ ਟ੍ਰਾਸਫਰ ਕੀਤੇ ਜਾ ਸਕਦੇ ਹਨ। ਹਾਲ ਦੀ ਘੜੀ ਇਹ ਸੇਵਾ ਆਈਸੀਆਈਸੀ ਬੈਂਕ, ਐਕਸਿਜ਼ ਬੈਕ, ਬੈਂਕ ਆਫ ਇੰਡੀਆ, ਇੰਡੁਸਲੈਂਡ ਬੈਂਕ ਰਾਹੀਂ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਬਾਰੇ ਵਧੇਰੇ ਜਾਣਕਾਰੀ ਲਈ ਆਰਬੀਆਈ ਦੀ ਵੈੱਬਸਾਈਟ www.rbi.org.in ਤੇ ਲੌਗ-ਇਨ ਕੀਤਾ ਜਾ ਸਕਦਾ ਹੈ।
ਭਾਰਤੀ ਅੰਬੈਸੀ  ਰੋਮ ਦੀ ਪੰਜਾਬੀ ਵੈੱਬਸਾਈਟ 
ਭਾਰਤੀ ਰੋਮ ਅੰਬੈਸੀ ਸ਼ੁਰੂ ਤੋਂ ਹੀ ਰੋਮ 'ਚ ਵੱਸਦੇ ਭਾਰਤੀ ਮੂਲ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਤਰਜ਼ਿਹੀ ਅਧਾਰ 'ਤੇ ਨਜਿੱਠ ਰਹੀ ਹੈ। ਪਿਛਲੇ ਦਿਨੀਂ ਅੰਬੈਸੀ ਨੇ ਆਪਣੀ ਵੈੱਬਸਾਈਟ ਰਾਹੀਂ ਪੰਜਾਬੀ ਭਾਈਚਾਰੇ ਦੀ ਸੁਵਿਧਾ ਲਈ ਮਹੱਤਵਪੂਰਨ ਕਦਮ ਚੁੱਕਿਆ ਹੈ। ਅੰਬੈਸੀ ਦੀ ਦਫ਼ਤਰੀ ਵੈੱਬਸਾਈਟ www.indianembassyrome.in 'ਤੇ ਉਪਲਬਧ ਸਮੁੱਚੀ ਜਾਣਕਾਰੀ ਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਅਤੇ ਹਿੰਦੀ ਵਿਚ ਵੀ ਪੜ੍ਹਿਆ ਜਾ ਸਕਦਾ ਹੈ। ਵੈੱਬਸਾਈਟ ਦੇ ਪਿਛੋਕੜ ਤੇ ਗੂਗਲ ਅਨੁਵਾਦ ਪ੍ਰੋਗਰਾਮ ਦੀ ਵਰਤੋਂ ਕੀਤੀ ਲਗਦੀ ਹੈ ਜਿਸ ਕਾਰਨ ਵਾਕਾਂ ਦੇ ਤਰਜ਼ਮੇ ਦੀ ਗੁਣਵੱਤਾ 'ਚ ਸੁਧਾਰ ਦੀ ਗੁੰਜਾਇਸ਼ ਹੈ। ਫਿਰ ਵੀ ਪੰਜਾਬੀ ਮਾਤ-ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਅੰਬੈਸੀ ਵੱਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਤਾਰੀਫ਼ ਕਰਨੀ ਬਣਦੀ ਹੈ। ਦੂਜੇ ਬੰਨੇ, ਪੰਜਾਬ ਦੇ ਕਈ ਅਜਿਹੇ ਵਿਭਾਗ ਹਨ ਜਿਨ੍ਹਾਂ ਦੀਆਂ ਵੈੱਬਸਾਈਟਾਂ ਸਿਰਫ਼ ਅੰਗਰੇਜ਼ੀ ਦੇ ਲਫ਼ਜ਼ ਹੀ ਦਿਖਾ ਰਹੀਆਂ ਹਨ ਜੇ ਕਿਧਰੇ ਕੋਈ ਟਾਂਵਾਂ-ਟਾਂਵਾਂ ਵੈੱਬਸਾਈਟਾਂ ਪੰਜਾਬੀ 'ਚ ਬਣਾਈਆਂ ਵੀ ਗਈਆਂ ਹਨ ਤਾਂ ਉੱਥੇ ਸਮੇਂ ਸਿਰ ਅੱਪਡੇਟ ਨਾ ਕਰਨ, ਮਿਆਰੀ ਫੋਂਟ ਨਾ ਵਰਤਣ ਅਤੇ ਡੈੱਡ ਲਿੰਕ ਦੀ ਸਮੱਸਿਆ ਮੂੰਹ ਅੱਡੀ ਖੜੀ ਹੈ।
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ

Previous
Next Post »