ਕੰਪਿਊਟਰ ’ਤੇ ਪੰਜਾਬੀ ’ਚ ਕੰਮ ਕਰਨ ਲਈ ਸੇਧਗਾਰ ਪੁਸਤਕ/book Punjabi typing

ਦਵਿੰਦਰਪਾਲ ਸਿੰਘ

ਕਿਤਾਬ ਦਾ ਆਰਡਰ ਦੇਣ ਲਈ ਮੋਬਾਈਲ ਨੰਬਰ 9464055614 ਤੇ SMS ਕਰੋ

ਕੰਪਿਊਟਰ ’ਤੇ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਵਾਲਿਆਂ ਨੂੰ ਅਨੇਕ ਭਾਸ਼ਾਈ ਤੇ ਤਕਨੀਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਦੇ ਹੱਲ ਵਾਸਤੇ ਕੰਪਿਊਟਰ ਅਤੇ ਭਾਸ਼ਾ ਵਿਗਿਆਨੀਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਡਾ. ਸੀ. ਪੀ.  ਕੰਬੋਜ ਦੀ ਪੁਸਤਕ “ਪੰਜਾਬੀ ਟਾਈਪਿੰਗ ਨਿਯਮ ਤੇ ਨੁਕਤੇ” ਪ੍ਰਕਾਸ਼ਿਤ ਹੋਈ ਹੈ, ਜੋ ਕੰਪਿਊਟਰ ਨਾਲ ਵਿਸ਼ੇਸ਼ ਕਰ ਕੇ ਭਾਸ਼ਾ ਦੇ ਮਸਲੇ ਦੇ ਹੱਲ ਨਾਲ ਜੁੜੀ ਹੋਈ ਹੈ।
ਡਾ. ਕੰਬੋਜ ਦੀ 160 ਪੰਨਿਆਂ ਦੀ ਪੁਸਤਕ “ਪੰਜਾਬੀ ਟਾਈਪਿੰਗ, ਨਿਯਮ ਤੇ ਨੁਕਤੇ” ਲੇਖਕ ਦੀ 13ਵੀਂ ਪੁਸਤਕ ਹੈ।  ਇਸ ਪੁਸਤਕ ਵਿੱਚ ਕੁੱਲ 12 ਅਧਿਆਏ ਹਨ ਅਤੇ ਇਸ ਦੀ ਕੀਮਤ  200 ਰੁਪਏ ਹੈ।  ਇਸ ਪੁਸਤਕ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਤੋਂ ਲੈ ਕੇ ਉਸ ਦੀ ਸਾਂਭ-ਸੰਭਾਲ, ਕੀਅ-ਬੋਰਡ, ਯੂਨੀਕੋਡ ਪ੍ਰਣਾਲੀ, ਟਾਈਪਿੰਗ ਇਮਤਿਹਾਨ ਤੇ ਪੰਜਾਬੀ ਸਾਫਟਵੇਅਰ ਬਾਰੇ ਬਾਖੂਬੀ ਜਾਣਕਾਰੀ ਮਿਲਦੀ ਹੈ। ਪੁਸਤਕ ਵਿੱਚ ਦਿੱਤੀ ਜਾਣਕਾਰੀ ਦੇ ਨਾਲ-ਨਾਲ ਚਿੱਤਰ ਦੇ ਕੇ ਵੀ ਸਮਝਾਇਆ ਗਿਆ ਹੈ, ਜਿਸ ਨੂੰ ਪਾਠਕ ਪੜ੍ਹ ਕੇ ਅਤੇ ਚਿੱਤਰ ਨੂੰ ਦੇਖ ਕੇ ਦਿੱਤੀਆਂ ਹੋਈਆਂ ਹਦਾਇਤਾਂ ਉੱਪਰ ਅਮਲ ਕਰ ਕੇ ਆਪਣੀ ਕੰਪਿਊਟਰ ਸਬੰਧੀ ਸਮੱਸਿਆ ਹੱਲ ਕਰ ਸਕਦਾ ਹੈ।  ਮੁੱਖ ਰੂਪ ਵਿੱਚ ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਲਈ ਟੈਸਟ ਦੇਣ ਲਈ ਲਾਗੂ ਕੀਤੇ ਯੂਨੀਕੋਡ ਫੌਂਟ (ਰਾਵੀ) ਅਤੇ ਯੂਨੀਕੋਡ ਪ੍ਰਣਾਲੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਆਪਣੇ ਕੰਪਿਊਟਰ ਵਿੱਚ ਯੂਨੀਕੋਡ ਫੌਂਟ ਨੂੰ ਚਾਲੂ ਅਤੇ ਪੁਰਾਣੇ ਸੰਸਕਰਨਾਂ ਵਾਲੇ ਕੰਪਿਊਟਰਾਂ ਨੂੰ ਇਸ ਦੇ ਸਮਰੱਥ ਬਣਾਉਣ ਬਾਰੇ ਤਕਨੀਕੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ।  ਇਸ ਪੁਸਤਕ ਵਿੱਚ ਅੰਗਰੇਜ਼ੀ ਟਾਈਪਿੰਗ, ਫੋਨੈਟਿਕ ਟਾਈਪਿੰਗ, ਰਮਿੰਗਟਨ ਟਾਈਪਿੰਗ, ਇਨਸਕ੍ਰਿਪਟ ਟਾਈਪਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ।  ਇਸ ਵਿੱਚ ਕੀਅ-ਬੋਰਡ ਦੀ ਸਹੀ ਵਰਤੋਂ, ਕੀਅ-ਬੋਰਡ ਉੱਤੇ ਉਂਗਲਾਂ ਦੀ ਸਹੀ ਸਥਿਤੀ ਬਾਰੇ ਵੀ ਜਾਣਕਾਰੀ ਹੈ। ਟਾਈਪਿੰਗ ਸਿੱਖਣ ਦੇ ਚਾਹਵਾਨ ਇਸ ਪੁਸਤਕ ਰਾਹੀਂ ਘਰ ਬੈਠੇ ਹੀ ਚੰਗੇ ਅਤੇ ਨਿਪੁੰਨ ਟਾਈਪਿਸਟ ਬਣ ਸਕਦੇ ਹਨ। ਸਰਕਾਰੀ ਨੌਕਰੀਆਂ ਲਈ ਕਲੈਰੀਕਲ ਜਾਂ ਡਾਟਾ ਐਂਟਰੀ ਅਪਰੇਟਰਾਂ ਦੀ ਭਰਤੀ ਲਈ ਟਾਈਪਿੰਗ ਟੈਸਟ ਲੈਣ ਵਾਲੇ ਵੱਖ-ਵੱਖ ਅਦਾਰੇ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਟਾਈਪਿੰਗ ਦੇ ਨਿਯਮ ਤੇ ਸ਼ਰਤਾਂ ਬਾਰੇ ਜਾਣਕਾਰੀ ਸ਼ਾਮਲ ਹੈ।  ਟਾਈਪਿੰਗ ਕਰਦੇ ਸਮੇਂ ਰਫ਼ਤਾਰ, ਸ਼ੁੱਧਤਾ ਤੇ ਟਾਈਪਿੰਗ ਵਿੱਚ ਹੋਣ ਵਾਲੀਆਂ ਗ਼ਲਤੀਆਂ ਬਾਰੇ ਵੀ ਜਾਣਕਾਰੀ ਉਦਾਹਰਣ ਸਮੇਤ ਦਿੱਤੀ ਗਈ ਹੈ। ਟੈਸਟ ਦੌਰਾਨ ਟਾਈਪ ਕਰਦੇ ਸਮੇਂ ਟਾਈਪਿੰਗ ਦੀ ਰਫ਼ਤਾਰ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਗ਼ਲਤੀਆਂ ਘੱਟ ਹੋਣ, ਇਸ ਬਾਰੇ ਟਾਈਪਿੰਗ ਟਿਊਟਰ ਤੇ ਸਾਫਟਵੇਅਰ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਟੈਸਟ ਦੇਣ ਵਾਲੇ ਇਨ੍ਹਾਂ ਸਾਫਟਵੇਅਰਾਂ ਵਿੱਚ ਅਭਿਆਸ ਕਰ ਕੇ ਸਰਕਾਰੀ ਟੈਸਟ ਦੇਣ ਦੀ ਤਿਆਰੀ ਕਰ ਸਕਣ। ਅਖੀਰ ਵਿੱਚ ਪੰਜਾਬੀ ਸਾਫਟਵੇਅਰਾਂ ਅਤੇ ਉਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਨ੍ਹਾਂ ਸਾਫਟਵੇਅਰਾਂ ਵਿੱਚ “ਲਿਪੀਕਾਰ ਅਤੇ ਬਰਾਹਾ”,  “ਯੂਨੀਕੋਡ ਟਾਈਪਿੰਡ ਪੈਡ”, “ਸੋਧਕ”, “ਅੱਖਰ-2010”, “ਅੱਖਰ-2016”, “ਅੱਖਰ ਜਾਂਚਕ” ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਲੇਖਕ ਅਨੁਸਾਰ “ਲਿਪੀਕਾਰ” ਮਿਆਰੀ ਯੂਨੀਕੋਡ ’ਚ ਟਾਈਪ ਕਰਨ ਦਾ ਜਿੱਥੇ ਬਿਹਤਰੀਨ ਟੂਲ ਹੈ, ਉੱਥੇ ‘ਬਰਾਹਾ’ ਦਸਤਾਵੇਜ਼ ਦੀ ਤਿਆਰੀ, ਸੰਪਾਦਨ ਤੇ ਛਪਾਈ ਆਦਿ ਲਈ ਵਰਤਿਆ ਜਾਣ ਵਾਲਾ ਸਾਫਟਵੇਅਰ ਹੈ।  ਇਸ ਨੂੰ ਪੰਜਾਬੀ ਤੋਂ ਇਲਾਵਾ ਲਗਪਗ 15 ਭਾਰਤੀ ਭਾਸ਼ਾਵਾਂ ਲਈ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ‘ਯੂਨੀਕੋਡ ਟਾਈਪਿੰਗ ਪੈਡ’ ਰਾਹੀਂ ਨਵੇਂ ਵਰਤੋਂਕਾਰ ਫੌਨੈਟਿਕ ਅਤੇ ਰਮਿੰਗਟਨ ਕੀਅ-ਬੋਰਡ ਖਾਕਾ ਵੇਖ ਕੇ ਟਾਈਪਿੰਗ ਅਭਿਆਸ ਕਰ ਸਕਦੇ ਹਨ। ‘ਸੋਧਕ’ ਪੰਜਾਬੀ ਦਾ ਆਨਲਾਈਨ ਸਪੈਲ ਚੈੱਕਰ ਹੈ। ‘ਅੱਖਰ 2010’ ਪੰਜਾਬੀ ਦੇ 120 ਫੌਂਟਾਂ ਅਤੇ 37 ਕੀ-ਬੋਰਡ ਖਾਕਿਆਂ ’ਚ ਕੰਮ ਕਰਨ ਦੇ ਸਮਰੱਥ ਹੈ। ‘ਅੱਖਰ-2016’ ਰਾਹੀਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਟਾਈਪ ਕੀਤਾ ਜਾ ਸਕਦਾ ਹੈ। ਇਸ ਦੀ ਓ. ਸੀ. ਆਰ. ਵਿਸ਼ੇਸ਼ਤਾ ਰਾਹੀਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ‘ਅੱਖਰ ਜਾਂਚਕ’ ਰਾਹੀਂ ਟਾਈਪਿੰਗ ਇਮਤਿਹਾਨ ਲਏ ਜਾਂਦੇ ਹਨ। ਇਹ ਪੁਸਤਕ ਕੰਪਿਊਟਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਬੇਹੱਦ ਲਾਹੇਵੰਦ ਹੈ। ਇਸ ਪੁਸਤਕ ਨੂੰ ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫ਼ਾਜ਼ਿਲਕਾ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਸੰਪਰਕ: 98558-98456 

ਮਸ਼ਹੂਰ ਪੋਸਟਾਂ

ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE