ਚੀਨ ਨੇ ਉਡਾਏ ਡਰੋਨ
ਡਰੋਨ ਦਾ ਨਾਂ ਤੁਸੀ ਜ਼ਰੂਰ ਸੁਣਿਆ
ਹੋਵੇਗਾ। ਇਹ ਭੱਜਣ ਜਾਂ ਉੱਡਣ ਵਾਲੇ ਕੁਝ ਖ਼ਾਸ ਰੋਬੋਟ ਜਾਂ ਯੰਤਰ ਹੁੰਦੇ ਹਨ। ਪਿਛਲੇ
ਦਿਨੀਂ ਡਰੋਨ ਬਣਾਉਣ ਵਾਲੀ ਇਕ ਚੀਨੀ ਕੰਪਨੀ ‘ਈ-ਹੈਂਗ ਈ-ਗਰੇਟ’ ਨੇ 13 ਮਿੰਟਾਂ ਵਿੱਚ
1374 ਡਰੋਨ ਉਡਾ ਕੇ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾ ਲਿਆ ਹੈ। ਇਨ੍ਹਾਂ ਡਰੋਨਾਂ ਵਿੱਚ
ਊਠ ਅਤੇ ਰੇਲ ਗੱਡੀ ਵਰਗੇ ਵੱਡੇ ਡਰੋਨ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਇੰਨੀ ਵੱਡੀ
ਗਿਣਤੀ ’ਚ ਡਰੋਨਾਂ ਨੇ ਉਡਾਣ ਭਰਦਿਆਂ ਖ਼ਾਸ ਤਰ੍ਹਾਂ ਦੇ ਆਕਾਰ ਬਣਾ ਕੇ ਲੋਕਾਂ ਦੀ ਖ਼ੂਬ
ਵਾਹ-ਵਾਹ ਖੱਟੀ। ਇਸ ਖੇਤਰ ਵਿੱਚ ਦੱਖਣੀ ਕੋਰੀਆ ਅਤੇ ਇਟਲੀ ਪਹਿਲਾਂ ਹੀ ਰਿਕਾਰਡ ਬਣਾ
ਚੁੱਕਾ ਹੈ। 1218 ਡਰੋਨ ਉਡਾਉਣ ਵਾਲਾ ਰਿਕਾਰਡ ਇੰਟੇਲ ਕੰਪਨੀ ਦੇ ਨਾਮ ਸੀ। ਇਟਲੀ ਵਿੱਚ
ਇੱਕੋ ਸਮੇਂ 1372 ਡਰੋਨ ਗਰੁੱਪ ਡਾਂਸ ਕਰਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ, ਪਰ ਹੁਣ
ਚੀਨ 1374 ਡਰੋਨ ਉਡਾ ਕੇ ਪਿਛਲੇ ਰਿਕਾਰਡ ਤੋੜਨ ਵਿੱਚ ਕਾਮਯਾਬ ਹੋ ਗਿਆ ਹੈ।
ਰੋਬੋਟਾਂ ਦਰਮਿਆਨ ਮੁਕਾਬਲਾ

ਰੋਬੋਟ ਭਾਵ ਮਸ਼ੀਨੀ ਇਨਸਾਨ ਤਿਆਰ ਕਰਨ ਵਿੱਚ ਜਾਪਾਨ ਸਭ ਤੋਂ ਅੱਗੇ ਹੈ। ਜਾਪਾਨੀ ਰੋਬੋਟ
ਦੌੜ ਸਕਦੇ ਹਨ, ਖੇਡ ਸਕਦੇ ਹਨ ਤੇ ਮਨੁੱਖਾਂ ਵਾਂਗ ਹੋਰ ਕਈ ਕੰਮ ਕਰ ਸਕਦੇ ਹਨ। ਪਿਛਲੇ
ਦਿਨੀਂ ਜਰਮਨੀ ਦੀਆਂ ਦੋ ਯੂਨੀਵਰਸਿਟੀਆਂ ਦੇ ਰੋਬੋਟਾਂ ਦਰਮਿਆਨ ਬੜਾ ਰੌਚਕ ਮੁਕਾਬਲਾ
ਹੋਇਆ। ਯੂ-ਟਿਊਬ ’ਤੇ ਉਪਲੱਬਧ ਇਕ ਵੀਡੀਓ ਵਿੱਚ ਕਈ ਰੋਬੋਟ ਖੇਡਦੇ ਵੇਖੇ ਜਾ ਸਕਦੇ ਹਨ।
‘ਸਟੈਂਡਰਡ ਪਲੈਟਫਾਰਮ ਲੀਗ’ ਵੱਲੋਂ ਕਰਵਾਏ ਇਸ ਫੁੱਟਬਾਲ ਮੈਚ ਵਿੱਚ ਰੋਬੋਟ ਬਾਖ਼ੂਬੀ
ਕਿੱਕ ਮਾਰਦੇ ਹਨ ਤੇ ਬਿਨਾ ਕਿਸੇ ਇਨਸਾਨ ਦੇ ਸਹਾਰੇ ਉਹ ਫੁੱਟਬਾਲ ਦਾ ਪਿੱਛਾ ਵੀ ਕਰਦੇ
ਹਨ। ਜਾਪਾਨ ਦੀ ‘ਸਾਫਟਬੈਂਕ ਰੋਬੋਟਿਕਸ’ ਨਾਂ ਦੀ ਕੰਪਨੀ ਵੱਲੋਂ ਬਣਾਏ ਇਹ ਰੋਬੋਟ ਡਿੱਗ
ਜਾਣ ਤਾਂ ਖ਼ੁਦ ਖੜ੍ਹੇ ਵੀ ਹੋ ਸਕਦੇ ਹਨ।
ਕਾਰ ਵਿੱਚ ਬਦਲ ਜਾਂਦਾ ਹੈ ਮਨੁੱਖ ਰੂਪੀ ਰੋਬੋਟ
ਰੋਬੋਟ ਬਣਾਉਣ
ਵਾਲੀ ਇਕ ਜਾਪਾਨੀ ਕੰਪਨੀ ਵੱਲੋਂ ਬਣਾਇਆ ਇਕ ਬੰਦੇ ਵਰਗਾ ਰੋਬੋਟ ਖ਼ੁਦ ਨੂੰ ਦੋ ਸੀਟਾਂ
ਵਾਲੀ ਕਾਰ ਵਿੱਚ ਬਦਲ ਲੈਂਦਾ ਹੈ। 1695 ਕਿਲੋਗ੍ਰਾਮ ਭਾਰਾ ਇਹ ਰੋਬੋਟ 100 ਮੀਟਰ ਪ੍ਰਤੀ
ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। ਕਾਰ ਦਾ ਰੂਪ ਧਾਰਨ ਕਰਨ ਮਗਰੋਂ ਇਸ ਦੀ ਰਫ਼ਤਾਰ
60 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ।