ਪੰਜਾਬੀ ਸਿੱਖਣ ਲਈ ਵੀਡੀਓ ਸਬਕ

18-10-2015
ਜੇ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹ ਘੱਟ ਸਮੇਂ ਵਿਚ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਜਾਣਨਾ ਚਾਹੁੰਦਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਵੈੱਬਸਾਈਟ ਨੂੰ ਵਰਤਿਆ ਜਾ ਸਕਦਾ ਹੈ | ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵੱਲੋਂ ਪੂਰਾ ਕੀਤਾ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਵੀਡੀਓ ਸਬਕਾਂ 'ਤੇ ਆਧਾਰਿਤ ਹੈ | ਪੰਜਾਬੀ ਭਾਸ਼ਾ ਬਾਰੇ ਗਿਆਨ ਹਾਸਲ ਕਰਨ ਵਾਲੇ ਵਰਤੋਂਕਾਰ ਕੇਂਦਰ ਦੀ ਵੈੱਬਸਾਈਟ www.pt.learnpunjabi.org ਤੋਂ ਵੀਡੀਓ ਸਬਕ ਵੇਖਣ ਦੇ ਨਾ
ਲ-ਨਾਲ ਮਲਟੀ-ਮੀਡੀਆ ਆਧਾਰਿਤ ਈ-ਪੁਸਤਕਾਂ ਵੀ ਪੜ੍ਹ ਸਕਦੇ ਹਨ |
ਸੋਸ਼ਲ ਮੀਡੀਆ ਬਾਰੇ ਨਵੀਂ ਨੀਤੀ
ਸੋਸ਼ਲ ਮੀਡੀਆ ਜਿਵੇਂ ਕਿ ਵੱਟਸਐਪ, ਫੇਸਬੁਕ, ਟਵੀਟਰ ਆਦਿ ਅਜੋਕੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਹੈ | ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਬਹੁ-ਗਿਣਤੀ ਵਰਤੋਂਕਾਰ ਕਿਸੇ ਸੋਸ਼ਲ ਮੀਡੀਆ ਸਾਫ਼ਟਵੇਅਰ ਨਾਲ ਜੁੜੇ ਹੋਏ ਹਨ | ਸ਼ੁਰੂ ਤੋਂ ਹੀ ਭਾਰਤੀ ਵਰਤੋਂਕਾਰ ਸੋਸ਼ਲ ਮੀਡੀਆ ਦੀ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣਦੇ ਰਹੇ ਹਨ | ਨੇਤਾਵਾਂ 'ਤੇ ਰਾਜਸੀ ਚੋਟ ਕਰਨੀ ਹੋਵੇ, ਮਾੜੀ ਵਿਵਸਥਾ ਦੀ ਗੱਲ ਹੋਵੇ ਜਾਂ ਕਿਸੇ ਹੈਰਾਨੀਜਨਕ, ਦਿਲ ਕੰਬਾਊ ਘਟਨਾ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਵੇ, ਹਰ ਥਾਂ 'ਤੇ ਸੋਸ਼ਲ ਮੀਡੀਆ ਸਾਡਾ ਸਾਥ ਨਿਭਾਉਂਦਾ ਆ ਰਿਹਾ ਹੈ |
ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਸਾਈਟਸ ਸੰਚਾਲਕਾਂ ਨੂੰ ਹਰੇਕ ਪੋਸਟ ਦੀ ਘੋਖ-ਪੜਤਾਲ ਕਰਨ ਅਤੇ ਇਤਰਾਜ਼ਯੋਗ ਪੋਸਟਾਂ ਦਾ ਬਿਊਰਾ ਇਕੱਠਾ ਕਰਨ ਦੇ ਹੁਕਮ ਦਿੱਤੇ ਸਨ | ਪਰ ਹੁਣ ਲੋਕਾਂ ਦੇ ਕਰੜੇ ਵਿਰੋਧ ਮਗਰੋਂ ਸਰਕਾਰ ਨੇ ਆਪਣੀ ਨਵੀ ਇੰਸਕਿ੍ਪਸ਼ਨ ਡਰਾਫ਼ਟ ਪਾਲਸੀ ਵਾਪਿਸ ਲੈ ਲਈ ਹੈ | ਹੁਣ ਨਵੇਂ ਡਰਾਫ਼ਟ ਅਨੁਸਾਰ ਸੋਸ਼ਲ ਮੀਡੀਆ ਚਲਾਉਣ ਵਾਲੀ ਹਰੇਕ ਕੰਪਨੀ ਨੂੰ ਹਰੇਕ ਸੰਦੇਸ਼ ਦੀ ਪੜਤਾਲ ਕਰਨ ਦੀ ਬਜਾਏ ਸਿਰਫ 90 ਦਿਨਾਂ ਦੇ ਸੁਨੇਹੇ ਹੀ ਸੰਭਾਲ ਕੇ ਰੱਖਣੇ ਹੋਣਗੇ | 
ਟਵੀਟਰ ਰਾਹੀਂ ਭੇਜੇ ਲੰਬੇ ਸਨੇਹੇ 
ਮਾਈਕਰੋ ਬਲੌਗਿੰਗ ਵੈੱਬਸਾਈਟ ਟਵੀਟਰ ਨੇ ਭੇਜੇ ਜਾਣ ਵਾਲੇ ਸੁਨੇਹਿਆਂ ਦੇ ਅੱਖਰਾਂ ਦੀ ਸੀਮਾ ਵਿਚ ਵਾਧਾ ਕਰ ਦਿੱਤਾ ਹੈ | ਹੁਣ ਇਸ ਰਾਹੀ 140 ਦੀ ਥਾਂ 'ਤੇ 10 ਹਜ਼ਾਰ ਅੱਖਰਾਂ ਦੇ ਸੁਨੇਹੇ ਨੂੰ ਸਿਧਾ ਭੇਜਿਆ ਜਾ ਸਕਦਾ ਹੈ | ਟਵੀਟਰ ਨੇ ਅੱਖਰ ਸੀਮਾ ਦਾ ਵਾਧਾ ਵਰਤੋਕਾਰਾਂ ਦੀ ਵਧਦੀ ਹੋਈ ਮੰਗ ਨੂੰ ਧਿਆਨ 'ਚ ਰੱਖ ਕੇ ਕੀਤਾ ਹੈ | 
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
www.cpkamboj.com
Previous
Next Post »