ਗੂਗਲ ‘ਕੀਪ’ ਰਾਹੀਂ ਬਣਾਓ ਨੋਟਸ/google-keep-cpkamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  16-09-2016
ਸਮਾਰਟ ਫੋਨ ਵਿੱਚ ਨੋਟਸ ਬਣਾਉਣ ਵਾਲੀਆਂ ਐਪਸ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸ ਕਰਕੇ ਕਈ ਵਾਰ ਵਰਤੋਂਕਾਰ ਦੁਚਿੱਤੀ ਵਿੱਚ ਪੈ ਜਾਂਦਾ ਹੈ ਕਿ ਉਹ ਕਿਹੜੀ ਐਪ ਵਰਤੇ। ਐਪ ਦੀ ਚੋਣ ਕਰਨ ਦਾ ਸਿੱਕੇਬੰਦ ਤਰੀਕਾ ਇਹ ਹੈ ਕਿ ਉਹ ਐਪ ਵਰਤੋ ਜਿਹੜੀ ਤੁਹਾਡੇ ਫੋਨ ਅਕਾਊਂਟ ਨਾਲ ਸਿੰਕਰੋਨਾਈਜ਼ (ਸਮਕਾਲੀਕ੍ਰਿਤ) ਹੋ ਜਾਵੇ। ਇਸ ਸਬੰਧ ਵਿੱਚ ਖ਼ੁਦ ਗੂਗਲ ਦੀਆਂ ਬਣਾਈਆਂ ਐਪਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨੋਟਸ ਉਤਾਰਨ ਲਈ ਵੀ ਗੂਗਲ ਦੀ ਆਪਣੀ ਐਪ ਹੈ ਜਿਸ ਨੂੰ ਕੀਪ ਕਿਹਾ ਜਾਂਦਾ ਹੈ। ਇਹ ਐਪ ਐਂਡਰਾਇਡ ਦੇ 4.0 ਜਾਂ ਇਸ ਤੋਂ ਉੱਪਰਲੇ ਸੰਸਕਰਨਾਂ ਵਿੱਚ ਕੰਮ ਕਰਦੀ ਹੈ। ਗੂਗਲ ਐਪ ਸਟੋਰ ਤੋਂ 10 ਕਰੋੜ ਤੋਂ ਵੱਧ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ।
ਕੀਪ ਰਾਹੀਂ ਤੁਸੀਂ ਆਪਣੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਰਿਕਾਰਡ ਕਰ ਸਕਦੇ ਹੋ। ਕਿਸੇ ਮੀਟਿੰਗ ਜਾਂ ਖ਼ਾਸ ਸਮੇਂ ਦਾ ਚੇਤਾ ਕਰਾਉਣ ਲਈ ਰੀਮਾਈਂਡਰ ਲਗਾ ਸਕਦੇ ਹੋ। ਖਿੱਚੀ ਹੋਈ ਫੋਟੋ ਜਾਂ ਸਕਰੀਨ ਸ਼ੌਟ ਨੂੰ ਨੋਟਸ ਦੇ ਰੂਪ ਵਿੱਚ ਸਾਂਭ ਸਕਦੇ ਹੋ। ਵਟਸਐਪ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ ’ਤੇ ਪਾਈਆਂ ਹੋਈਆਂ ਕੰਮ ਦੀਆਂ ਪੋਸਟਾਂ ਨੂੰ ਕੀਪ ਵਿੱਚ ਕਾਪੀ-ਪੇਸਟ ਕਰ ਸਕਦੇ ਹੋ। ਕੀਪ ਵਿੱਚ ਚੈੱਕ ਲਿਸਟ ਬਣਾਉਣ ਦੀ ਸੁਵਿਧਾ ਵੀ ਹੈ। ਬਾਜ਼ਾਰ, ਦਫ਼ਤਰ ਜਾਂ ਰੋਜ਼ਾਨਾ ਦੇ ਕੰਮਾਂ ਨੂੰ ਚੈੱਕ ਲਿਸਟ ਦੇ ਰੂਪ ਵਿੱਚ ਨੋਟ ਕਰ ਲਓ। ਕੀਪ ਵਿੱਚ ਲਿਸਟ ਦਾ ਸਹੀ ਤਰੀਕੇ ਨਾਲ ਪ੍ਰਬੰਧ ਕਰਨ ਦੀ ਸੁਵਿਧਾ ਹੈ। ਲਿਸਟ ਦੇ ਚੈੱਕ ਬਕਸੇ ’ਤੇ ਕਲਿੱਕ ਕਰਕੇ ਆਈਟਮ ਨੂੰ ਕੱਟਿਆ ਜਾ ਸਕਦਾ ਹੈ। ਇਸ ਤਰ੍ਹਾਂ ਕਦਮ-ਦਰ-ਕਦਮ ਲਿਖੀ ਕਾਰਜ ਸੂਚੀ ਵਿੱਚੋਂ ਸੰਪੂਰਨ ਹੋਏ ਕੰਮਾਂ ਨੂੰ ਹਟਾਇਆ ਜਾ ਸਕਦਾ ਹੈ।
ਕੀਪ ਦੇ ਰਿਕਾਰਡ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੀ ਸੁਵਿਧਾ ਵੀ ਸ਼ੁਮਾਰ ਹੈ। ਕੀਪ ਵਿੱਚ ਆਪਣੀ ਰਿਕਾਰਡ ਕੀਤੀ ਆਵਾਜ਼ ਦੇ ਨੋਟ ਵੀ ਬਣਾਏ ਜਾ ਸਕਦੇ ਹਨ। ਐਪ ਦੇ ਵੱਖ ਵੱਖ ਨੋਟਿਸਾਂ ਨੂੰ ਸੁਚੱਜੇ ਤਰੀਕੇ ਨਾਲ ਸਾਂਭਣ ਲਈ ਬੈਕਗਰਾਊਂਡ ਰੰਗ ਦੇਣ ਦੀ ਸੁਵਿਧਾ ਹੈ। ਤੁਸੀਂ ਇੱਕੋ ਵਿਸ਼ੇ ਨਾਲ ਸਬੰਧਿਤ ਸਾਰੇ ਨੋਟਿਸਾਂ ਨੂੰ ਇੱਕੋ ਜਿਹਾ ਬੈਕਗਰਾਊਂਡ ਰੰਗ ਦੇ ਸਕਦੇ ਹੋ। ਇਸ ਵਿੱਚ ਰਿਕਾਰਡ ਸਰਚ ਕਰਨ ਦੇ ਕਈ ਤਰੀਕੇ ਹਨ ਜਿਵੇਂ ਕਿ ਪਾਠ ਟਾਈਪ ਕਰ ਕੇ ਸਰਚ ਕਰਨਾ, ਰੰਗਾਂ ਦੇ ਆਧਾਰ ’ਤੇ ਸਰਚ ਕਰਨਾ ਆਦਿ ਪ੍ਰਮੁੱਖ ਹਨ।
ਕੀਪ ਐਂਡਰਾਇਡ ਆਧਾਰਿਤ ਸਮਾਰਟ ਫੋਨਾਂ, ਟੈਬਲੇਟ ਕੰਪਿਊਟਰਾਂ ਅਤੇ ਡੈਸਕਟਾਪ ਕੰਪਿਊਟਰਾਂ ਉੱਤੇ ਕੰਮ ਕਰ ਸਕਦੀ ਹੈ। ਕੀਪ ਵਿਜ਼ਟਜ਼ (widgets) ਨੂੰ ਆਪਣੇ ਫੋਨ ਵਿੱਚ ਚਾਲੂ ਕਰਨ ਲਈ ਸਭ ਤੋਂ ਪਹਿਲਾਂ ਸਕਰੀਨ ਦੇ ਖਾਲੀ ਹਿੱਸੇ ਵਿੱਚ ਲੌਂਗ ਟੱਚ ਅਰਥਾਤ ਲੰਬੇ ਸਮੇਂ ਲਈ ਦਬਾ ਕੇ ਰੱਖੋ। ਸਕਰੀਨ ਸੁੰਗੜ ਕੇ ਛੋਟੀ ਹੋ ਜਾਵੇਗੀ ਤੇ ਹੁਣ ਹੇਠੋਂ ਵਿਜ਼ਟਜ਼ ਬਟਣ ’ਤੇ ਕਲਿੱਕ ਕਰ ਦਿਓ। ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਸਾਰੇ ਵਿਜ਼ਟਜ਼ ਨਜ਼ਰ ਆਉਣ ਲੱਗਣਗੇ। ਇੱਥੋਂ ਕੀਪ ਦੀ ਚੋਣ ਕਰੋ ਤੇ ਇਸ ਨੂੰ ਖਿਸਕਾ ਕੇ ਸਹੀ ਥਾਂ ’ਤੇ ਲੈ ਆਓ।
ਗੂਗਲ ਨੇ ਤੁਹਾਡੇ ਪਰਸਨਲ ਕੰਪਿਊਟਰ ’ਤੇ ਕੀਪ ਦੀ ਵਰਤੋਂ ਦੇ ਰਾਹ ਖੋਲ੍ਹ ਦਿੱਤੇ ਹਨ। ਇਸ ਲਈ ਤੁਹਾਡੇ ਕੰਪਿਊਟਰ ਉੱਤੇ ‘ਗੂਗਲ ਕਰੋਮ’ ਨਾਂ ਦਾ ਵੈੱਬ ਬ੍ਰਾਊਜ਼ਰ ਇੰਸਟਾਲ ਹੋਣਾ ਜ਼ਰੂਰੀ ਹੈ। ਇੰਟਰਨੈੱਟ ਤੋਂ ਕੰਪਿਊਟਰ ਦਾ ਕੀਪ ਸਾਫਟਵੇਅਰ ਲੱਭਣ ਲਈ ਸਰਚ ਇੰਜਣ ਵਿੱਚ ਟਾਈਪ ਕਰੋ- ਗੂਗਲ ਕੀਪ ਫਾਰ ਕਰੋਮ। ਇਸ ਨੂੰ ਇੰਸਟਾਲ ਕਰਨ ਉਪਰੰਤ ਤੁਸੀਂ ਆਪਣੇ ਕੰਪਿਊਟਰ ਅਤੇ ਸਮਾਰਟ ਫੋਨ ਤੋਂ ਇਕੱਠਿਆਂ ਹੀ ‘ਕੀਪ’ ਚਲਾ ਸਕਦੇ ਹੋ। ਜੇ ਤੁਹਾਡੇ ਕੰਪਿਊਟਰ ਅਤੇ ਫੋਨ ਇੰਟਰਨੈੱਟ ਨਾਲ ਜੁੜੇ ਹੋਏ ਹਨ ਤਾਂ ਤੁਸੀਂ ਦੋਹਾਂ ਨੂੰ ਸਿੰਕ (ਸਿੰਕਰੋਨਾਈਜ਼) ਕਰ ਸਕਦੇ ਹੋ। ਇਸ ਨਾਲ ਤੁਸੀਂ ਕੰਪਿਊਟਰ ’ਤੇ ਕੀਤੇ ਬਦਲਾਵਾਂ ਨੂੰ ਸਮਾਰਟ ਫੋਨ ’ਤੇ ਅਤੇ ਇਸ ਦੇ ਉਲਟ ਆਪਣੇ ਕੰਪਿਊਟਰ ’ਤੇ ਅੱਪਡੇਟ ਹੋਇਆ ਵੇਖ ਸਕਦੇ ਹੋ। 
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  16-09-2016
Previous
Next Post »

1 comments:

Click here for comments
Unknown
admin
Tuesday, December 27, 2016 at 5:50:00 PM PST ×

Great sir

ਪਿਆਰੇ/ਆਦਰਯੋਗ Unknown ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar