ਫ਼ਾਲਤੂ ਨੋਟੀਫ਼ਿਕੇਸ਼ਨਾਂ ਵਿੱਚ ਉਲਝੀ ਤਾਣੀ/Unwanted Notifications-Tips and Trick

ਫ਼ਾਲਤੂ  ਨੋਟੀਫ਼ਿਕੇਸ਼ਨਾਂ ਵਿੱਚ ਉਲਝੀ ਤਾਣੀ/Unwanted Notifications-Tips and Trick






  • ਸਾਡੀ ਇਕਾਗਰਤਾ ਨੂੰ ਭੰਗ ਕਰਨ ‘ਚ ਮੋਬਾਈਲ ਦੇ ਅਣਚਾਹੇ ਨੋਟੀਫਿਕੇਸ਼ਨਾਂ ਦਾ ਵੱਡਾ ਹੱਥ।
  • ਸਮਾਰਟ ਫ਼ੋਨ ਦੇ ਵਰਤੋਂਕਾਰਾਂ ਲਈ ‘ਗੂਗਲ ਅਸਿਸਟੈਂਟ’ ਇੱਕ ਵਰਦਾਨ।
  • ਗੁੰਝਲਦਾਰ ਰੱਖੋ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ।

ਫ਼ਾਲਤੂ  ਨੋਟੀਫ਼ਿਕੇਸ਼ਨਾਂ ਵਿੱਚ ਉਲਝੀ ਤਾਣੀ
 ਅੱਜ ਦੀ ਨੌਜਵਾਨ ਪੀੜ੍ਹੀ ਭਾਂਤ-ਭਾਂਤ ਦੀਆਂ ਮੋਬਾਈਲ ਐਪਜ਼ ਅਤੇ ਵੀਡੀਓ ਗੇਮਾਂ ਦੇ ਚੱਕਰਵੀਊ ਵਿੱਚ ਫਸੀ ਹੋਈ ਹੈ। ਮੋਬਾਈਲ ਉੱਤੇ ਵੱਖ-ਵੱਖ ਐਪਜ਼, ਫ਼ੋਨ ਕੰਪਨੀਆਂ ਆਦਿ ਵੱਲੋਂ ਵਾਰ-ਵਾਰ ਇਤਲਾਹ ਸੁਨੇਹੇ ਭੇਜੇ ਜਾਂਦੇ ਹਨ। ਇਨ੍ਹਾਂ ਇਤਲਾਹਨਾਮਿਆਂ ਕਾਰਨ (notifications) ਸਾਡੀ ਇਕਾਗਰਤਾ ‘ਤੇ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਆਪ ਮੁਹਾਰੇ ਵੱਡੀ ਗਿਣਤੀ ਵਿੱਚ ਆਉਂਦੇ ਸੁਨੇਹਿਆਂ ਵਿੱਚੋਂ ਸਾਡੇ ਲਈ ਕੰਮ ਦੇ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਮਹਿਜ਼ ਸਮਾਂ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ।

ਅਣਚਾਹੇ ਨੋਟੀਫਿਕੇਸ਼ਨਾਂ ਨੂੰ ਇਨ੍ਹਾਂ ਨੂੰ ਬੰਦ ਕਰਨ ਦਾ ਨੁਕਤਾ

ਮੋਬਾਈਲ ਦੀ ਸਕਰੀਨ ਦੇ ਉਤਲੇ ਕਿਨਾਰੇ ਤੋਂ ਹੇਠਾਂ ਨੂੰ ਉਂਗਲੀ ਘੁਮਾਓ। ਇਤਲਾਹੀ ਪੱਟੀ (notification bar) ਖੁੱਲ੍ਹ ਜਾਵੇਗੀ। ਹੁਣ ਇੱਥੋਂ ਅਣਚਾਹੇ ਸੁਨੇਹੇ ‘ਤੇ ਥੋੜ੍ਹੀ ਦੇਰ ਦੱਬ ਕੇ ਰੱਖੋ।

ਇਸ ਨੂੰ ਬੰਦ ਜਾਂ ਜਾਮ ਕਰਨ ਦਾ ਵਿਕਲਪ ਆਵੇਗਾ। ਬੰਦ ਕਰ ਦਿਓ। ਹੁਣ ਅੱਗੇ ਤੋਂ ਇਸ ਸਰੋਤ ਤੋਂ ਇਤਲਾਹ ਸੁਨੇਹੇ ਆਉਣੇ ਬੰਦ ਹੋ ਜਾਣਗੇ।

ਉਚਾਰ ਸਹਾਈ ਜੰਤਰਾਂ ਵਿੱਚ ਮੁਕਾਬਲਾ
ਇੱਕ ਹੁਸ਼ਿਆਰ ਤੇ ਮਨਸੂਈ ਬੁੱਧੀ ਨਾਲ ਪੂਰੀ ਤਰ੍ਹਾਂ ਲੈਸ ਉਚਾਰ ਸਹਾਈ (Voice Assistant) ਬਣਾਉਣ ਲਈ ਕਈ ਕੰਪਨੀਆਂ ਵਿੱਚ ਮੁਕਾਬਲਾ ਚੱਲ ਰਿਹਾ ਹੈ। ਐਮਾਜੋਨ ਦੁਆਰਾ ਬਣਾਏ ਅਲੈਕਸਾ ਨਾਂ ਦੇ ਉਚਾਰ ਸਹਾਈ ਯੰਤਰ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਇਸ ਯੰਤਰ ਨੂੰ ਸਮਾਰਟ ਫ਼ੋਨ, ਟੀਵੀ, ਕਾਰ ਆਦਿ ਕਈ ਚੀਜ਼ਾਂ ਨਾਲ ਜੋੜਿਆ ਜਾ ਸਕਦਾ ਹੈ। ਇਹ ਤੁਹਾਡੇ ਵੱਲੋਂ ਉਚਾਰੇ ਹੁਕਮਾਂ ਨੂੰ ਸੁਣ ਕੇ ਕੰਮ ਕਰਦਾ ਹੈ। ਤੁਸੀਂ ਘਰ ਜਾਂ ਦਫ਼ਤਰ ਵਿੱਚ ਚੱਲਦੇ-ਫਿਰਦੇ ਅਲੈਕਸਾ ਨੂੰ ਉਚਾਰ (ਵਾਇਸ) ਕਮਾਂਡ ਦੇ ਕੇ ਕੰਮ ਕਰਵਾ ਸਕਦੇ ਹੋ।
ਐਪਲ ਨੇ ਆਪਣੇ ‘ਸਿਰੀ’ (Siri) ਨਾਂ ਦੇ ਉਚਾਰ ਜੰਤਰ ਤੇ ਕੰਮ ਸ਼ੁਰੂ ਕੀਤਾ ਹੋਇਆ ਹੈ। ਮਾਈਕਰੋਸਾਫ਼ਟ ਨੂੰ ਆਪਣੇ ਉਚਾਰ ਸਹਿਯੋਗੀ ਯੰਤਰ ‘ਕੋਰਟਾਨਾ’ ਤੋਂ ਢੇਰਾਂ ਆਸਾਂ ਹਨ। ਫੇਸਬੁਕ ਨੇ ਵੀ 2015 ਵਿਚ ਆਪਣੇ ਮੈਸੇਂਜਰ ਤੇ ‘ਐਮ ਅਸਿਸਟੈਂਟ’ ਜਾਰੀ ਕੀਤਾ ਸੀ ਜਿਸ ਨੂੰ 2018 ਵਿੱਚ ਹਟਾ ਲਿਆ ਗਿਆ। ਮੁਫ਼ਤ ਹੋਣ ਕਾਰਨ ‘ਗੂਗਲ ਅਸਿਸਟੈਂਟ’ ਵਰਤੋਂਕਾਰਾਂ ਦੀ ਪਹਿਲੀ ਪਸੰਦ ਹੈ। ਲੋਕ ਐਂਡਰਾਇਡ ਫੋਨਾਂ ਵਿਚ ਇਸ ਨੂੰ ਅਕਸਰ ਵਰਤਦੇ ਹਨ।

ਆਓ ‘ਗੂਗਲ ਅਸਿਸਟੈਂਟ’ ਵਰਤੀਏ

ਆਪਣੇ ਫ਼ੋਨ ਦਾ ‘ਹੋਮ’ ਬਟਨ ਦੱਬ ਕੇ ਰੱਖੋ। ‘ਗੂਗਲ ਅਸਿਸਟੈਂਟ’ ਖੁੱਲ੍ਹੇਗਾ। ਕੁੱਝ ਵੀ ਬੋਲੋ ਜਿਵੇਂ ‘ਰੋਜ਼ਾਨਾ ਅਜੀਤ’ ਬੋਲੋ। ਗੂਗਲ ਅਸਿਸਟੈਂਟ ਤੁਹਾਡੇ ਦੁਆਰਾ ਬੋਲੇ ਗਏ ਸ਼ਬਦਾਂ ਬਾਰੇ ਜਾਣਕਾਰੀ ਲੱਭੇਗਾ। ਇੱਥੇ ਤੁਸੀਂ ਵੇਖੋਗੇ ਕਿ ਉਹ ਪਹਿਲੇ ਨੰਬਰ ‘ਤੇ ਅਜੀਤ ਅਖ਼ਬਾਰ ਦੀ ਵੈੱਬਸਾਈਟ ਵਿਖਾਵੇਗਾ। ਇਸ ਵਿਸ਼ੇਸ਼ਤਾ ਨੂੰ ਗੂਗਲ ਵਿਚ ਟਾਈਪ ਕਰਕੇ ਲੱਭਣ ਦੀ ਬਿਜਾਏ ਬੋਲ ਕੇ ਲੱਭਿਆ ਜਾ ਸਕਦਾ ਹੈ।

ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿੱਚੋਂ 123456 ਸਭ ਤੋਂ ਸਿਖਰ ‘ਤੇ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 123456 ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿਚੋਂ ਸਭ ਤੋਂ ਸਿਖਰ ਉੱਤੇ ਆਇਆ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਕੰਪਿਊਟਰ, ਨੈੱਟਵਰਕ ਅਤੇ ਇੰਟਰਨੈੱਟ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ। ਸਭ ਤੋਂ ਘਟੀਆ ਪਾਸਵਰਡਾਂ ਦੀ ਸੂਚੀ ਵਿੱਚੋਂ password ਖ਼ੁਦ ਦੂਜੇ ਨੰਬਰ ‘ਤੇ ਅਤੇ 123456789 ਤੀਜੇ ਨੰਬਰ ‘ਤੇ ਪਾਇਆ ਗਿਆ। ਇਸ ਸੂਚੀ ਵਿੱਚ qwerty ਅਤੇ admin ਪਹਿਲੇ ਇੱਕ ਦਰਜਨ ਪਾਸਵਾਰਡਾਂ ਵਿੱਚ ਸ਼ੁਮਾਰ ਹਨ। ਸਾਈਬਰ ਠੱਗ ਸੌਖੇ ਤੇ ਅਸੁਰੱਖਿਅਤ ਪਾਸਵਰਡ ਨੂੰ ਬੜੀ ਅਸਾਨੀ ਨਾਲ ਤੋੜ ਕੇ ਨੁਕਸਾਨ ਪਹੁੰਚਾ ਸਕਦੇ ਹਨ।

ਸੁਰੱਖਿਅਤ ਪਾਸਵਰਡ ਕਿਵੇਂ ਰੱਖੀਏ?

ਆਪਣੇ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ ਥੋੜ੍ਹਾ ਜਿਹਾ ਗੁੰਝਲਦਾਰ ਰੱਖੋ ਤੇ ਇਸ ਨੂੰ ਸਮੇਂ-ਸਮੇਂ ‘ਤੇ ਬਦਲਦੇ ਰਹੋ। ਪਾਸਵਰਡ ਅੰਕਾਂ (1,2,3 ...), ਅੰਗਰੇਜ਼ੀ ਦੇ ਛੋਟੇ/ਵੱਡੇ ਅੱਖਰਾਂ (a,b,c …/A,B,C …) ਅਤੇ ਵਿਸ਼ੇਸ਼ ਚਿੰਨ੍ਹਾਂ (@, #, …) ਆਦਿ ਦੇ ਸੁਮੇਲ ਨਾਲ ਬਣਾਓ। ਮਸਾਲ ਵਜੋਂ Mk@123singh ਇੱਕ ਸੁਰੱਖਿਅਤ ਪਾਸਵਰਡ ਹੋ ਸਕਦਾ ਹੈ।
ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
www.cpkamboj.com

Previous
Next Post »