ਯੂ-ਟਿਊਬ ਰਾਹੀਂ ਸਾਂਝੀਆਂ ਕਰੋ ਵੀਡੀਓ (20150201)

ਯੂ-ਟਿਊਬ ਇਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ | ਇਸ 'ਤੇ ਵੀਡੀਓ ਵੇਖਣ ਦੇ ਨਾਲ-ਨਾਲ ਆਪਣੀਆਂ ਵੀਡੀਓ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ | ਫ਼ਰਵਰੀ 2005 ਵਿਚ 'ਪੇਅ-ਪਾਲ' ਨਾਂਅ ਦੀ ਕੰਪਨੀ ਨੇ ਯੂ-ਟਿਊਬ ਦੀ ਖੋਜ ਸ਼ੁਰੂ ਕੀਤੀ | 'ਪੇਅ-ਪਾਲ' ਦੇ ਹਰਲੀ ਯਾਦਵ ਕਰੀਮ ਅਤੇ ਸਵੀਟ ਚੈਨ ਆਦਿ ਮੁਲਾਜ਼ਮਾਂ ਨੇ ਕੈਲੇਫੋਰਨੀਆ (ਸੈਨਬਰੂਨੋ) ਵਿਚ ਯੂ-ਟਿਊਬ ਦੀ ਸ਼ੁਰੂਆਤ ਕੀਤੀ | ਬਾਅਦ ਵਿਚ ਹਰਲੀ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ ਗੂਗਲ ਨੇ 800 ਕਰੋੜ ਰੁਪਏ ਵਿਚ ਖ਼ਰੀਦ ਲਿਆ | ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਵੀਡੀਓ ਨੂੰ ਸਿੱਧਾ (ਲਾਈਵ) ਦੇਖਣ ਦੀ ਸੁਵਿਧਾ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ | ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿਚ ਸਥਿਤ ਹੈ |
ਗੂਗਲ ਦੀ ਇਸ ਬਿਹਤਰੀਨ ਸੇਵਾ ਨਾਲ ਕੋਈ ਵਿਅਕਤੀ ਖ਼ੁਦ ਹੀ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਪ੍ਰੋਡਿਊਸਰ ਅਤੇ ਦਰਸ਼ਕ ਵਾਲਾ ਕਿਰਦਾਰ ਨਿਭਾਅ ਸਕਦਾ ਹੈ | ਆਪਣੀਆਂ ਵੀਡੀਓਜ਼ ਰਾਹੀਂ ਤੁਸੀਂ ਦੁਨੀਆ ਦੇ ਲੱਖਾਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੇ ਹੋ | ਯੂ-ਟਿਊਬ ਨੇ ਚੰਗੇ ਗਾਇਕਾਂ ਨੂੰ ਸਟਾਰ ਬਣਾਉਣ 'ਚ ਮਦਦ ਕੀਤੀ ਹੈ |
ਯੂ-ਟਿਊਬ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਭੂਗੋਲਿਕ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ | ਹੁਣ ਕੋਈ ਵਿਅਕਤੀ ਜਾਤ-ਪਾਤ, ਨਸਲ, ਧਰਮ, ਰਾਜਨੀਤੀ ਦੇ ਭੇਦ-ਭਾਵ ਤੋਂ ਉੱਪਰ ਉਠ ਕੇ ਯੂ-ਟਿਊਬ ਰਾਹੀਂ ਕਿਸੇ ਪ੍ਰਕਾਰ ਦਾ ਵੀਡੀਓ ਪ੍ਰਸਾਰਣ ਵੇਖ ਸਕਦਾ ਹੈ |
ਕਿਸੇ ਭਾਸ਼ਾ ਦਾ ਲਹਿਜ਼ਾ ਜਾਣਨਾ ਹੋਵੇ, ਆਪਣੇ ਪਿੰਡ ਦੀਆਂ ਗਲੀਆਂ ਤੱਕਣੀਆਂ ਹੋਣ, ਕਿਸੇ ਵਿਸ਼ੇ ਨਾਲ ਸੰਬੰਧਿਤ ਕੋਈ ਭਾਸ਼ਣ ਸੁਣਨਾ ਹੋਵੇ, ਗੀਤ-ਸੰਗੀਤ ਦੀ ਦੁਨੀਆ ਦਾ ਅਨੰਦ ਮਾਣਨਾ ਹੋਵੇ ਤਾਂ ਸਿੱਧਾ ਯੂ-ਟਿਊਬ 'ਤੇ ਜਾਓ ਤੇ ਟਾਈਪ ਕਰੋ ਆਪਣੀ ਪਸੰਦ ਦਾ ਵਿਸ਼ਾ | ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸੰਬੰਧਿਤ ਵੀਡੀਓ ਉਪਲਬਧ ਹਨ |
ਯੂ-ਟਿਊਬ ਖੇਤਰੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇਕ ਜਾਦੂ ਦੀ ਛੜੀ ਹੈ | ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿਤ, ਸਭਿਆਚਾਰ ਅਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਵੀਡੀਓ ਦਰਸ਼ਕਾਂ ਦੀਆਂ ਬਰੂਹਾਂ 'ਤੇ ਦਸਤਕ ਦੇ ਚੁੱਕੀਆਂ ਹਨ | ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ ਮਾਤ-ਭਾਸ਼ਾ ਵਿਚ ਜਾਣਕਾਰੀ ਉਪਲਬਧ ਹੋ ਰਹੀ ਹੈ | ਯੂ-ਟਿਊਬ 'ਤੇ ਨੌਜਵਾਨਾਂ ਨੂੰ ਅਸ਼ਲੀਲਤਾ ਪਰੋਸਣ, ਦੇਸ਼ ਦੀ ਸੁਰੱਖਿਆ ਨੂੰ ਸੇਧ ਲਗਾਉਣ, ਸਿਆਸੀ, ਰਾਜਨੀਤਕ ਤੇ ਜਾਤੀ ਟਿੱਪਣੀਆਂ ਵਾਲੀਆਂ ਵੀਡੀਓ ਵੀ ਵੇਖਣ ਨੂੰ ਮਿਲ ਜਾਂਦੀਆਂ ਹਨ | ਕੌਮੀ ਏਕਤਾ ਦੀ ਭਾਵਨਾ ਨੂੰ ਤਾਰ-ਤਾਰ ਕਰਨ ਲਈ ਯੂ-ਟਿਊਬ ਦੀ ਦੁਰਵਰਤੋਂ ਦਾ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ |
ਯੂ-ਟਿਊਬ 'ਤੇ ਸਿੱਖਿਆ, ਰਾਜਨੀਤੀ, ਵਿਗਿਆਨ, ਤਕਨਾਲੋਜੀ, ਸੰਗੀਤ ਆਦਿ ਵਿਸ਼ਿਆਂ ਨਾਲ ਸੰਬੰਧਿਤ ਹਜ਼ਾਰਾਂ ਵੀਡੀਓ ਉਪਲਬਧ ਹਨ | ਨੇਤਾਵਾਂ ਦੀਆਂ ਨੀਤੀਆਂ 'ਤੇ ਸਵਾਲ ਉਠਾਉਣ ਦੀ ਗੱਲ ਹੋਵੇ ਜਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਪੈਦਾ ਹੋਏ ਰੋਸ ਦੀ ਗੱਲ ਹੋਵੇ ਸਭਨਾਂ ਲਈ ਯੂ-ਟਿਊਬ 'ਤੇ ਬੇਸ਼ੁਮਾਰ ਵੀਡੀਓ ਉਪਲਬਧ ਹਨ |
ਕੋਈ ਦਰਸ਼ਕ ਯੂ-ਟਿਊਬ ਦੀਆਂ ਵੀਡੀਓਜ਼ ਨੂੰ ਸਿੱਧਾ ਹੀ ਵੇਖ ਸਕਦਾ ਹੈ ਪਰ ਵੀਡੀਓ ਅਪਲੋਡ ਕਰਨ ਲਈ ਇਸ 'ਤੇ ਪਹਿਲਾਂ ਰਜਿਸਟਰਡ ਹੋਣਾ ਜ਼ਰੂਰੀ ਹੈ |
ਸਮਾਰਟ ਫ਼ੋਨ 'ਚ ਯੂ-ਟਿਊਬ ਪ੍ਰੋਗਰਾਮ ਇੰਸਟਾਲ ਕਰਨ ਨਾਲ ਯੂ-ਟਿਊਬ ਦੀਆਂ ਵੀਡੀਓ ਫਾਈਲਾਂ ਨੂੰ ਖੋਲਿ੍ਹਆ ਜਾ ਸਕਦਾ ਹੈ | ਪ੍ਰੋਗਰਾਮ ਵਿਚ ਸ਼ਕਤੀਸ਼ਾਲੀ ਵੀਡੀਓ ਪਲੇਅਰ ਹੁੰਦਾ ਹੈ | ਯੂ-ਟਿਊਬ ਪਲੇਅਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ:
• ਵੀਡੀਓ ਫਾਈਲਾਂ ਦੀ ਅਦਲਾ-ਬਦਲੀ (Shuffling) ਕਰਨੀ, ਵੀਡੀਓ ਦੁਹਰਾਉਣਾ ਜਾਂ ਪਲੇਅ ਲਿਸਟ ਦੁਹਰਾਉਣਾ |
• ਵੀਡੀਓ ਨੂੰ ਪਿਛੋਕੜ 'ਚ ਚਾਲੂ ਰੱਖਣਾ |
• ਵੀਡੀਓ ਦੇ ਨਿਰਧਾਰਿਤ ਕੀਤੇ ਕਿਸੇ ਖ਼ਾਸ ਹਿੱਸੇ ਨੂੰ ਦੁਹਰਾਉਣਾ |
• ਕਿਸੇ ਵੀਡੀਓ ਸਥਿਤੀ 'ਤੇ ਬੁਕਮਾਰਕ ਨਿਰਧਾਰਿਤ ਕਰਨਾ |
• ਵੀਡੀਓ ਨੂੰ ਲੰਬਾਈ ਜਾਂ ਚੌੜਾਈ ਵਾਲੀ ਦਿਸ਼ਾ ਵਿਚ ਦੇਖਣ ਦੀ ਸੁਵਿਧਾ |
• ਵੀਡੀਓ ਗੁਣਵੱਤਾ ਨਿਯੰਤਰਣ ਕਰਨ (ਰੈਜ਼ੋਲਿਊਸ਼ਨ ਬਦਲਣ) ਦੀ ਸਹੂਲਤ |

Previous
Next Post »