ਪੰਜਾਬੀ ਨੂੰ ਕੰਪਿਊਟਰ ਰਾਹੀਂ ਵਿਕਸਿਤ ਕਰਨ ਦਾ ਮੌਕਾ/development-punjabi-through-computer-by-DrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/ 11-03-2016
 ਪੂਰੀ ਦੁਨੀਆ ਬਹੁਭਾਸ਼ੀ ਸੰਸਾਰ ਵਿਚ ਬਦਲ ਰਹੀ ਹੈ। ਚੀਨ ਜਿਹੇ ਭਾਸ਼ਾਈ ਸਮਾਜ ਨੇ ਕੁੱਝ ਹੀ ਸਾਲ ਪਹਿਲਾਂ ਆਪਣੇ ਨਾਗਰਿਕਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਸਿਖਾਉਣ ਦੀ ਯੋਜਨਾ ਬਣਾਈ ਹੈ। ਸਾਨੂੰ ਬਾਜ਼ਾਰ ਦੇ ਅਜਿਹੇ ਮੌਕਿਆਂ ਦੀ ਖੋਜ ਕਰਨੀ ਪਵੇਗੀ ਜਿਨ੍ਹਾਂ ਸਦਕਾ ਪੰਜਾਬੀ ਸਿੱਖਣਾ ਅਜਿਹੇ ਮੁਲਕਾਂ ਦੀ ਲੋੜ ਬਣ ਜਾਵੇ। ਇਸ ਨਾਲ ਪੰਜਾਬੀ ਨੂੰ ਬਾਜ਼ਾਰ ਦੀ ਭਾਸ਼ਾ ਬਣਾਉਣ ਦਾ ਸੁਪਨਾ ਸਾਕਾਰ ਹੋ ਜਾਵੇਗਾ।
 ਪੰਜਾਬੀ ਸਾਫਟਵੇਅਰ ਵਿਕਾਸ ਦੇ ਲਈ ਕਈ ਪੱਖਾਂ 'ਚ ਅਸੀਂ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਕਾਫੀ ਅੱਗੇ ਹਾਂ। ਕਿਸੇ ਭਾਸ਼ਾ ਜਾਂ ਲਿਪੀ ਦੇ ਕੰਪਿਊਟਰੀਕਰਨ ਦੇ ਪੈਮਾਨੇ ਨੂੰ ਉਸ ਭਾਸ਼ਾ ਜਾਂ ਲਿਪੀ ਦੇ ਫੌਂਟਾਂ ਅਤੇ ਕੀ-ਬੋਰਡਾਂ ਦੇ ਮਿਆਰ ਤੋਂ ਮਾਪਿਆ ਜਾ ਸਕਦਾ ਹੈ। ਗੁਰਮੁਖੀ ਲਿਪੀ ਦੇ 500 ਤੋਂ ਵੱਧ ਗੈਰ-ਮਿਆਰੀ (ਰਵਾਇਤੀ) ਫੌਂਟ ਅਤੇ ਅੱਧੀ ਦਰਜਨ ਦੇ ਕਰੀਬ ਕੀ-ਬੋਰਡ ਖ਼ਾਕੇ (ਲੇਆਊਟ) ਤਿਆਰ ਹੋ ਚੁਕੇ ਹਨ। ਸਿੱਟੇ ਵਜੋਂ ਕਿਸੇ ਕੰਪਿਊਟਰ 'ਤੇ ਇਕ ਫੌਂਟ 'ਚ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ ਤੇ ਜਾ ਕੇ ਬਦਲ ਜਾਂਦਾ ਹੈ। ਇਨ੍ਹਾਂ ਰਵਾਇਤੀ ਫੌਂਟਾਂ ਦਾ ਇੰਟਰਨੈੱਟ 'ਤੇ ਵੀ ਕੋਈ ਵਜੂਦ ਨਹੀਂ ਹੈ। ਪਰ ਜਾਣਕਾਰੀ ਦੀ ਘਾਟ ਅਤੇ ਢੁਕਵੀਂ ਸਿਖਲਾਈ ਨਾ ਹੋਣ ਕਾਰਨ ਲੋਕ ਇਨ੍ਹਾਂ ਨੂੰ ਛੱਡਣ ਨੂੰ ਤਿਆਰ ਨਹੀਂ।
 ਭਾਰਤ ਸਰਕਾਰ ਅਤੇ ਕੰਪਿਊਟਰ ਖੋਜਕਾਰਾਂ ਨੇ ਉਕਤ ਦੋਹਾਂ ਮਸਲਿਆਂ ਨੂੰ ਸੁਲਝਾਅ ਕੇ ਇਕ ਮਿਆਰ ਕਾਇਮ ਕਰ ਦਿੱਤਾ ਹੈ। ਯੂਨੀਕੋਡ ਪ੍ਰਣਾਲੀ (ਰਾਵੀ ਫੌਂਟ) ਅਤੇ ਇਨਸਕਰਿਪਟ ਕੀ-ਬੋਰਡ ਖ਼ਾਕੇ ਨੂੰ ਮਿਆਰੀ ਦਰਜਾ ਹਾਸਲ ਹੋ ਚੁੱਕਾ ਹੈ।
 ਦੁਨੀਆਂ ਭਰ ਦੀਆਂ ਖੇਤਰੀ ਜ਼ੁਬਾਨਾਂ ਨੂੰ ਸੂਚਨਾ ਤਕਨੀਕ ਦੇ ਹਾਣ ਦਾ ਬਣਾਉਣ ਲਈ ਯੂਨੀਕੋਡ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੁਆਰਾ ਯੂਨੀਵਰਸਿਟੀ ਦੇ ਮੁਲਾਜ਼ਮਾਂ ਲਈ ਆਯੋਜਿਤ ਕੀਤੇ ਪ੍ਰੋਗਰਾਮਾਂ ਸਦਕਾ ਸਾਰਾ ਕੰਮ-ਕਾਜ ਯੂਨੀਕੋਡ ਪ੍ਰਣਾਲੀ 'ਚ ਹੋਣ ਲੱਗ ਪਿਆ ਹੈ। ਯੂਨੀਵਰਸਿਟੀ, ਹੋਰਨਾਂ ਖੋਜ ਅਦਾਰਿਆਂ ਅਤੇ ਕਈ ਕੰਪਿਊਟਰ ਮਾਹਿਰਾਂ ਨੇ ਨਿੱਜੀ ਦਿਲਚਸਪੀ ਲੈ ਕੇ ਅਨੇਕਾਂ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਹੈ। ਪਰ ਅਫਸੋਸ ਕਿ ਪੰਜਾਬ ਸਰਕਾਰ ਪਹਿਲਾਂ ਤੋਂ ਮੁਕੱਰਰ ਤਕਨੀਕੀ ਮਿਆਰ ਨੂੰ ਲਾਗੂ ਕਰਵਾਉਣ ਦੀ ਥਾਂ 'ਤੇ ਮੁਲਾਜ਼ਮਾਂ ਦੀ ਭਰਤੀ ਸਮੇਂ ਲਏ ਜਾਂਦੇ ਟਾਈਪਿੰਗ ਟੈਸਟਾਂ ਲਈ ਗੈਰ-ਮਿਆਰੀ ਅਸੀਸ ਫੌਂਟ ਦੀ ਮੰਗ ਕਰ ਰਹੀ ਹੈ।
ਪੰਜਾਬੀ ਸਿੱਖਣ ਲਈ ਕਈ ਸਾਫਟਵੇਅਰ ਤਿਆਰ ਹੋ ਚੁੱਕੇ ਹਨ। ਇਨ੍ਹਾਂ 'ਚ ਪੰਜਾਬੀ ਪੀਡੀਆ (punjabipedia.org), ਆਨ-ਲਾਈਨ ਪੰਜਾਬੀ ਅਧਿਆਪਨ (learnpunjabi.org), ਸ਼ਬਦ ਕੋਸ਼ (punjabiuniversity.ac.in/e2p), ਭਾਸ਼ਾ ਵਿਗਿਆਨਕ ਸ੍ਰੋਤ (learnpunjabi.org, punjabi.aglsoft.com), ਆਨ-ਲਾਈਨ ਵੀਡੀਓ ਪਾਠ (pt.learnpunjabi.org), ਗੁਰਮਤਿ ਗਿਆਨ ਡਿਜੀਟਲ ਲਾਇਬਰੇਰੀ (gurmatgyanonlinepup.com) ਆਦਿ ਮਹੱਤਵਪੂਰਨ ਸਾਫ਼ਟਵੇਅਰ ਹਨ।
ਪੰਜਾਬੀ ਦੇ ਫੌਂਟਾਂ ਅਤੇ ਕੀ-ਬੋਰਡ ਪ੍ਰੋਗਰਾਮਾਂ ਦੀ ਕੋਈ ਘਾਟ ਨਹੀਂ। ਲੋੜ ਸਿਰਫ ਉੱਚਿਤ ਮਿਆਰ ਅਪਣਾਉਣ ਦੀ ਹੈ। ਰਵਾਇਤੀ ਫੌਂਟ, ਯੂਨੀਕੋਡ ਆਧਾਰਿਤ ਫੌਂਟ, ਕੀ-ਬੋਰਡ ਡਰਾਈਵਰ, ਯੂਨੀਕੋਡ ਟਾਈਪਿੰਗ ਕੀ-ਬੋਰਡ ਉਤਾਰਨ ਲਈ sikhnet.com, punjabicomputer.com, gurbanifiles.org ਅਤੇ learnpunjabi.org ਆਦਿ  ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੰਗਰੇਜ਼ੀ-ਪੰਜਾਬੀ ਕੋਸ਼ ਅਤੇ ਪੰਜਾਬੀ ਦੇ 20 ਸਾਫ਼ਟਵੇਅਰਾਂ ਦੀ ਸੀਡੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਕਿਤਾਬ ਘਰ ਤੋਂ ਹਾਸਲ ਕੀਤਾ ਜਾ ਸਕਦਾ ਹੈ।
ਪੰਜਾਬੀ ਭਾਸ਼ਾ ਲਈ ਮਾਈਕਰੋਸਾਫਟ ਵਰਡ ਵਰਗੇ ਵਰਡ ਪ੍ਰੋਸੈੱਸਰ ਅਤੇ ਹੋਰ ਟਾਈਪਿੰਗ ਜੁਗਤਾਂ ਦਾ ਵਿਕਾਸ ਹੋ ਚੁੱਕਾ ਹੈ ਜਿਨ੍ਹਾਂ 'ਚ 'ਅੱਖਰ' ਵਰਡ ਪ੍ਰੋਸੈੱਸਰ (jattsite.com, punjabicomputer.com), ਫੌਂਟ ਕਨਵਰਟਰ (gurmukhifontconverter.com), ਪੰਜਾਬੀ ਵਿਆਕਰਣ ਨਿਰੀਖਕ (learnpunjabi.org, punjabi.aglsoft.com), ਗੂਗਲ ਟਾਈਪਿੰਗ ਟੂਲ (google.co.in/inputtools/try) ਆਦਿ ਦਾ ਨਾਂ ਜ਼ਿਕਰਯੋਗ ਹੈ।
ਇਕ ਲਿਪੀ ਤੋਂ ਦੂਜੀ ਲਿਪੀ 'ਚ ਤਬਾਦਲਾ ਕਰਨ ਕਈ ਸਾਫਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ। ਗੁਰਮੁਖੀ ਤੋਂ ਸ਼ਾਹਮੁਖੀ (g2s.learnpunjabi.org), ਗੁਰਮੁਖੀ ਤੋਂ ਦੇਵਨਾਗਰੀ (s2g.learnpunjabi.org), ਦੇਵਨਾਗਰੀ ਤੋਂ ਗੁਰਮੁਖੀ (h2p.learnpunjabi.org), ਗੁਰਮੁਖੀ ਤੋਂ ਦੇਵਨਾਗਰੀ (learnpunjabi.org/p2h), ਉਰਦੂ ਤੋਂ ਦੇਵਨਾਗਰੀ (uh.learnpunjabi.org), ਦੇਵਨਾਗਰੀ ਤੋਂ ਉਰਦੂ (uh.learnpunjabi.org), ਰੋਮਨ ਤੋਂ ਗੁਰਮੁਖੀ (google.co.in/inputtools/try) ਲਿਪੀਅੰਤਰਣ ਲਈ ਕੰਪਿਊਟਰ ਸਾਡੇ ਲਈ ਵਰਦਾਨ ਸਿੱਧ ਹੋਇਆ ਹੈ।
ਕੰਪਿਊਟਰ ਸਾਫਟਵੇਅਰਾਂ ਨੇ ਭਾਸ਼ਾ ਦੇ ਨਾਂ 'ਤੇ ਉਸਰੀਆਂ ਕੰਧਾਂ ਨੂੰ ਅਨੁਵਾਦ ਪ੍ਰੋਗਰਾਮਾਂ ਰਾਹੀਂ ਢਹਿ-ਢੇਰੀ ਕਰ ਦਿੱਤਾ ਹੈ। ਇਨ੍ਹਾਂ ਪ੍ਰੋਗਰਾਮਾਂ 'ਚੋਂ ਪੰਜਾਬੀ ਤੋਂ ਹਿੰਦੀ (learnpunjabi.org/p2h), ਹਿੰਦੀ ਤੋਂ ਪੰਜਾਬੀ (h2p.learnpunjabi.org), ਅੰਗਰੇਜ਼ੀ ਤੋਂ ਪੰਜਾਬੀ (tdil-dc.in/, translate.google.co.in), ਅੰਗਰੇਜ਼ੀ ਤੋਂ ਹਿੰਦੀ (tdil-dc.in/, translate.google.co.in), ਇੱਕ ਭਾਰਤੀ ਭਾਸ਼ਾ ਤੋਂ ਦੂਜੀ 'ਚ ਅਨੁਵਾਦ (translate.google.co.in) ਦਾ ਨਾਂ ਜ਼ਿਕਰਯੋਗ ਹੈ।
ਸਾਡੇ ਕੋਲ ਸਾਡੀ ਆਪਣੀ ਜ਼ੁਬਾਨ 'ਚ ਕੰਮ ਕਰਨ ਵਾਲੀ ਸੰਚਾਲਣ ਪ੍ਰਣਾਲੀ (ਓਪਰੇਟਿੰਗ ਸਿਸਟਮ) ਅਤੇ ਭਾਸ਼ਾਈ ਪੈਕ ਹੈ। ਭਾਰਤ ਓਪਰੇਟਿੰਗ ਸਿਸਟਮ ਸਲਿਊਸ਼ਨ (bosslinux.in) ਅਤੇ ਵਿੰਡੋਜ਼ ਅੰਤਰ-ਭਾਸ਼ਾਈ ਪੈਕ (microsoft.com) ਨੂੰ ਮੁਫਤ 'ਚ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ।
ਗੂਗਲ (google.co.in) ਤੋ ਬਾਅਦ ਜੇ ਕਿਸੇ ਸਰਚ ਇੰਜਣ ਰਾਹੀਂ ਅਸੀਂ ਗੁਰਮੁਖੀ, ਦੇਵਨਾਗਰੀ ਅਤੇ ਸ਼ਾਹਮੁਖੀ ਦੇ ਵੈੱਬ ਪੰਨਿਆਂ ਤੋਂ ਜਾਣਕਾਰੀ ਲੱਭ ਸਕਦੇ ਹਾਂ ਤਾਂ ਉਹ ਹੈ- ਪੰਜਾਬੀ ਖੋਜ (punjabikhoj.learnpunjabi.org)।  ਇਸੇ ਤਰ੍ਹਾਂ ਈਸ਼ਰ ਮਾੲਕਰੋਮੀਡੀਆ (ik13.com) ਗੁਰਬਾਣੀ ਦਾ ਸ਼ਕਤੀਸ਼ਾਲੀ ਸਰਚ ਇੰਜਣ ਹੈ।
ਅਜੌਕੀ ਨੌਜਵਾਨ ਪੀੜ੍ਹੀ ਆਪਣੇ ਸਮਾਰਟ ਫੋਨ 'ਚ ਭਾਸ਼ਾਈ ਐਪਜ਼ ਦੀ ਮੰਗ ਕਰ ਰਹੀ ਹੈ। ਇਸ ਖੇਤਰ 'ਚ ਕੁੱਝ ਐਪਜ਼ ਜਿਵੇਂ ਕਿ ਪੰਜਾਬੀ ਕੀ-ਬੋਰਡ, ਟਾਈਪਿੰਗ ਪੈਡ, ਅੰਗਰੇਜ਼ੀ-ਪੰਜਾਬੀ ਕੋਸ਼ (punjabicomputer.com, play.google.com), ਪੰਜਾਬੀ/ਗੁਰਬਾਣੀ ਅਧਿਐਨ ਐਪਜ਼ (play.google.com) ਦਾ ਵਿਕਾਸ ਹੋਇਆ ਹੈ ਪਰ ਇਸ ਖੇਤਰ 'ਚ ਕੰਮ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ।
ਪੰਜਾਬੀ ਭਾਸ਼ਾ ਲਈ ਕਈ ਸਾਫ਼ਟਵੇਅਰਾਂ ਦਾ ਵਿਕਾਸ ਹੋ ਚੁਕਾ ਹੈ ਪਰ ਲੋੜੀਂਦੀ ਜਾਣਕਾਰੀ ਅਤੇ ਸਿਖਲਾਈ ਦੀ ਘਾਟ ਕਾਰਨ ਲੋਕ ਇਨ੍ਹਾਂ ਦਾ ਪੂਰਾ ਲਾਭ ਨਹੀਂ ਉਠਾ ਰਹੇ। ਢੁਕਵੇਂ ਸਾਫ਼ਟਵੇਅਰ, ਆਧਾਰ ਅਤੇ ਪ੍ਰਚਾਰ-ਪ੍ਰਸਾਰ ਸਮਗਰੀ ਦੇ ਵਿਕਾਸ ਲਈ ਕਦਮ ਚੁੱਕਣੇ ਚਾਹੀਦੇ ਹਨ।
ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਫ਼ਟਵੇਅਰਾਂ ਦਾ ਵਿਕਾਸ ਹੋਣਾ ਚਾਹੀਦਾ ਹੈ। ਮੋਬਾਈਲ ਤਕਨਾਲੋਜੀ, ਉਚਾਰਣ ਤਕਨਾਲੋਜੀ, ਆਵਾਜ਼ ਪਛਾਣ ਤਕਨਾਲੋਜੀ, ਯੂਨੀਕੋਡ ਫੌਂਟ ਤਕਨਾਲੋਜੀ, ਵਿਆਕਰਣ ਨਿਰੀਖਕ ਅਤੇ ਮਸ਼ੀਨੀ ਅਨੁਵਾਦ ਪ੍ਰਣਾਲੀ ਦੇ ਵਿਕਾਸ ਲਈ ਵਿਆਪਕ ਯੋਜਨਾ ਬਣਾਉਣ ਦੀ ਲੋੜ ਹੈ।
ਕਿਸੇ ਭਾਸ਼ਾ ਦੇ ਕੰਪਿਊਟਰੀਕਰਣ ਲਈ ਕੋਸ਼ਗਤ ਸਰੋਤ ਜਿਵੇਂ ਕਿ ਸਮ-ਅਰਥੀ ਕੋਸ਼, ਉਲਟ-ਭਾਵੀ ਕੋਸ਼ ਅਤੇ ਤਕਨੀਕੀ ਵਿਸ਼ਾ ਕੋਸ਼ ਆਦਿ ਆਧਾਰ ਸਮਗਰੀ ਦਾ ਕੰਮ ਕਰਦੇ ਹਨ। ਇਸ ਖੇਤਰ 'ਚ ਵਿਕਾਸ ਦੀਆਂ ਅਨੇਕਾਂ ਸੰਭਾਵਨਾਵਾਂ ਹਨ।
ਪੰਜਾਬੀ ਸਾਫ਼ਟਵੇਅਰਾਂ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਲਈ ਲੋੜੀਂਦੀ ਅਧਿਐਨ ਸਮਗਰੀ ਜਿਵੇਂ ਕਿ ਕਿਤਾਬਚੇ, ਕਿਤਾਬਾਂ, ਮੈਨੂਅਲ ਆਦਿ ਪ੍ਰਕਾਸ਼ਿਤ ਕਰਨ ਦੀ ਲੋੜ ਹੈ। ਇਸ ਮੰਤਵ ਲਈ ਪੰਜਾਬੀ ਵਿਚ ਕੰਪਿਊਟਰ ਸਿਖਾਉਣ ਵਾਲੇ ਵੀਡੀਓ ਲੈਕਚਰਾਂ ਦੀ ਸੀਡੀ/ਡੀਵੀਡੀ ਵੀ ਤਿਆਰ ਕੀਤੀਆਂ ਜਾ ਸਕਦੀਆਂ ਹਨ। ਪ੍ਰਸਾਰ ਸਮਗਰੀ ਦੇ ਵਿਕਾਸ ਲਈ ਸਰਕਾਰ ਵਿਸ਼ੇਸ਼ ਰਾਸ਼ੀ ਰਾਖਵਾਂ ਕਰੇ ਤੇ ਕੰਪਿਊਟਰ ਸਾਫ਼ਟਵੇਅਰ ਵਿਕਾਸਕਾਰਾਂ, ਕੋਸ਼ਕਾਰੀ ਮਾਹਿਰਾਂ ਤੇ ਲੇਖਕਾਂ ਦੀਆਂ ਸੇਵਾਵਾਂ ਲਈਆਂ ਜਾਣ।
ਪੰਜਾਬੀ ਭਾਸ਼ਾ ਦੇ ਕੰਪਿਊਟਰ ਰਾਹੀਂ ਪ੍ਰਚਾਰ-ਪ੍ਰਸਾਰ ਲਈ ਵੱਧ ਤੋਂ ਵੱਧ ਸਿਖਲਾਈ ਪ੍ਰਬੰਧ ਕੀਤੇ ਜਾਣ। 'ਪੰਜਾਬੀ ਕੰਪਿਊਟਰ' ਨੂੰ ਵੱਖ-ਵੱਖ ਕੋਰਸਾਂ/ਕਲਾਸਾਂ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ ਤੇ ਵਰਤੋਂਕਾਰਾਂ ਦੀ ਮਦਦ ਲਈ ਸਹਾਇਤਾ/ਪ੍ਰਸਾਰ ਕੇਂਦਰ ਖੋਲ੍ਹੇ ਜਾਣ।
ਉਪਲਭਧ ਸਾਫ਼ਟਵੇਅਰਾਂ ਦੀ ਸੁਚੱਜੀ ਵਰਤੋਂ ਲਈ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਰਾਹੀਂ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇ। ਮਿਸਾਲ ਵਜੋਂ ਸਕੂਲ ਅਧਿਆਪਕ ਨੈਸ਼ਨਲ ਕਾਊਂਸਲ ਫ਼ਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐਨਸੀਈਆਰਟੀ) ਰਾਹੀਂ ਅਤੇ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ (ਪਿਕਟਸ) ਰਾਹੀਂ ਸਿੱਖਿਅਤ ਕੀਤਾ ਜਾ ਸਕਦਾ ਹੈ।
ਦਸਵੀਂ ਤੋਂ ਬਾਰ੍ਹਵੀਂ ਤੱਕ ਪਿਕਟਸ ਰਾਹੀਂ ਪੜ੍ਹਾਏ ਜਾਂਦੇ 'ਕੰਪਿਊਟਰ ਵਿਗਿਆਨ' ਵਿਸ਼ੇ ਦੇ ਪਾਠਕ੍ਰਮ ਵਿਚ ਪੰਜਾਬੀ ਕੰਪਿਊਟਰ ਬਾਰੇ ਅਧਿਆਇ ਸ਼ਾਮਿਲ ਕੀਤੇ ਜਾਣ। ਇਸ ਤਕਨੀਕੀ ਵਿਸ਼ੇ ਨੂੰ ਵੋਕੇਸ਼ਨਲ ਐਜੂਕੇਸ਼ਨ ਦਾ ਹਿੱਸਾ ਬਣਾਇਆ ਜਾਵੇ। ਉਦਯੋਗਿਕ ਸਿਖਲਾਈ ਕੇਂਦਰਾਂ (ਆਈਟੀਆਈਜ਼) 'ਚ ਪੰਜਾਬੀ ਕੰਪਿਊਟਿੰਗ ਦੀ ਨਵੀਂ ਟਰੇਡ ਸ਼ੁਰੂ ਕੀਤੀ ਜਾਵੇ। ਬਹੁਤਕਨੀਕੀ (ਪੋਲੀਟੈਕਨਿਕ) ਅਤੇ ਡਿਗਰੀ ਕਾਲਜਾਂ ਵਿਚ 'ਪੰਜਾਬੀ ਕੰਪਿਊਟਿੰਗ' ਦਾ ਵੱਖਰਾ ਵਿਸ਼ਾ ਸ਼ੁਰੂ ਕੀਤਾ ਜਾਵੇ। ਇਹ ਸਭ ਕੁੱਝ ਕਰਨ ਲਈ ਨਿੱਜੀ ਅਤੇ ਸਮੂਹਿਕ ਇਛਾ ਸ਼ਕਤੀ ਮੁੱਢਲੀ ਲੋੜ ਹੈ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 11-03-2016
Previous
Next Post »