ਮਸ਼ੀਨੀ ਸੁਖ ਸਾਧਨਾਂ ਤੋਂ ਉਪਜਿਆ ਮਨੁੱਖੀ ਨਿਘਾਰ/robotics-by-dr-cp-kamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  02-03-2017

ਰੋਬੋਟ ਇੱਕ ਤਰ੍ਹਾਂ ਦਾ ਮਸ਼ੀਨੀ ਜਾਂ ਯੰਤਰਿਕ ਮਨੁੱਖ ਹੈ। ਇਹ ਮਨੁੱਖ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਉਨ੍ਹਾਂ ਥਾਵਾਂ ਜਾਂ ਹਾਲਾਤ ਵਿੱਚ ਕੰਮ ਕਰ ਸਕਦਾ ਹੈ ਜਿੱਥੇ ਮਨੁੱਖ ਵੱਲੋਂ ਕੰਮ ਕਰਨਾ ਸੰਭਵ ਨਹੀਂ। ਰੋਬੋਟ ਤਕਨੀਕ ਕਾਫ਼ੀ ਅੱਗੇ ਨਿਕਲ ਚੁੱਕੀ ਹੈ। ਹੁਣ ਵਿਕਸਿਤ ਦੇਸ਼ਾਂ ਵਿੱਚ ਇਕੱਲੇਪਣ ਨੂੰ ਦੂਰ ਕਰਨ ਲਈ ਰੋਬੋਟ ਦਾ ਸਹਾਰਾ ਲਿਆ ਜਾ ਰਿਹਾ ਹੈ। ਰੋਬੋਟ ਬਣਾਉਣ ਵਾਲੇ ਇਸ ਨੂੰ ਅਜਿਹੇ ਤਰੀਕੇ ਨਾਲ ਬਣਾ ਰਹੇ ਹਨ ਕਿ ਇਸ ਦੀ ਵਰਤੋਂ ਜੀਵਨ ਸਾਥੀ ਜਾਂ ਜੀਵਨ ਸਾਥਣ ਵਜੋਂ ਕੀਤੀ ਜਾ ਸਕੇ।
ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਊਂਦਾ-ਜਾਗਦਾ ਮਨੁੱਖ ਇਸ ਮਸ਼ੀਨ ਨਾਲ ਵਿਆਹ ਰਚਾ ਸਕੇਗਾ। ਕਈ ਦੇਸ਼ਾਂ ਵਿੱਚ ਰੋਬੋਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ 2050 ਤਕ ਕਾਨੂੰਨ ਪਾਸ ਹੋ ਜਾਵੇਗਾ। ਇੱਕ ਹੋਰ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਅਗਲੇ 25-30 ਸਾਲਾਂ ਵਿੱਚ ਇਨਸਾਨਾਂ ਨਾਲੋਂ ਮਸ਼ੀਨਾਂ ਨਾਲ ਸਾਂਝ ਬਣਾਉਣ ਦਾ ਰੁਝਾਨ ਵੱਧ ਪ੍ਰਚੱਲਿਤ ਹੋਵੇਗਾ ਤੇ ਅਜਿਹੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲ ਜਾਵੇਗੀ। ਪਰ ਸਵਾਲ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਰੋਬੋਟ ਵਰਗੀਆਂ ਮਸ਼ੀਨਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਮਸਲੇ ਨੂੰ ਸਮਾਜ ਕਿੰਨੀ ਕੁ ਮਾਨਤਾ ਦੇਵੇਗਾ? ਸਾਡੇ ਲਈ ਇਹ ਖ਼ਬਰ ਬੜੀ ਅਟਪਟੀ ਹੈ ਕਿ ਕਈ ਮੁਲਕਾਂ ਵਿੱਚ ਜਿਨਸੀ ਸਬੰਧ ਦਾ ਸੁੱਖ ਲੈਣ ਲਈ ਕਈ ਪ੍ਰਕਾਰ ਦੇ ਰੋਬੋਟ ਤੇ ਜਿਨਸੀ ਗੁੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਪਾਨ, ਚੀਨ ਜਿਹੇ ਮੁਲਕਾਂ ਵਿੱਚ ਜਿਨਸੀ ਭੁੱਖ ਦੀ ਤ੍ਰਿਪਤੀ ਲਈ ਔਰਤ ਅਤੇ ਆਦਮੀ ਦੇ ਸਰੀਰ ਵਾਲੇ ਰੋਬੋਟ ਅਤੇ ਜਿਨਸੀ ਖਿਡੌਣੇ ਮਿਲ ਜਾਂਦੇ ਹਨ।
ਮਨੁੱਖ ਜੀਵਨ ਸਾਥੀ ਦੀ ਥਾਂ ਮਸ਼ੀਨ (Robot) ਨੂੰ ਕਿਉਂ ਚੁਣੇ? ਇਹ ਗੰਭੀਰ ਮਸਲਾ ਹੈ। ਵੱਖ ਵੱਖ ਮੁਲਕਾਂ ਵਿੱਚ ਹੋਈਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਜਿਨਸੀ ਸਬੰਧਾਂ ਲਈ ਬੇਜਾਨ ਮਸ਼ੀਨਾਂ ਨਾਲ ਸਾਂਝ ਪਾਉਣ ਦੇ  ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਪਹਿਲਾ ਕਾਰਨ ਹੈ ਜ਼ਿੰਦਗੀ ਦੀ ਦੌੜ-ਭੱਜ। ਪੈਸਾ ਕਮਾਉਣ ਜਾਂ ਵੱਧ ਤੋਂ ਵੱਧ ਪੜ੍ਹਨ ਦੀ ਹੋੜ ਵਿੱਚ ਵਿਕਸਿਤ ਦੇਸ਼ਾਂ ਦੇ ਮੁੰਡੇ-ਕੁੜੀਆਂ ਆਪਣੇ ਵਿਆਹ ਦੀ ਉਮਰ ਟਪਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਕੋਈ ਮਨਪਸੰਦ ਰਿਸ਼ਤਾ ਨਹੀਂ ਮਿਲਦਾ। ਇੱਕ ਰਿਪੋਰਟ ਮੁਤਾਬਿਕ ਪੰਜ ਵਿੱਚੋਂ ਇੱਕ ਜਾਪਾਨੀ ਮਰਦ 50 ਸਾਲ ਦੀ ਉਮਰ ਤਕ ਵਿਆਹ ਨਹੀਂ ਕਰਵਾਉਂਦਾ। ਇਸ ਪੜਾਅ ’ਤੇ ਜਾ ਕੇ ਇਹ ਲੋਕ ਮਹਿੰਗੇ ਭਾਅ ਦੇ ਰੋਬੋਟ ਨੂੰ ਆਪਣੇ ਬੈੱਡ ਰੂਮ ਦਾ ਸ਼ਿੰਗਾਰ ਬਣਾ ਲੈਂਦੇ ਹਨ। ਦੂਜਾ ਕਾਰਨ, ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਰੇੜਾਂ ਦੱਸਿਆ ਜਾਂਦਾ ਹੈ। ਕੁਝ ਮੁਲਕਾਂ ਵਿੱਚ ਆਪਣੇ ਜੀਵਨ ਸਾਥੀ ਤੋਂ ਮਨ ਭਰ ਜਾਣ ਦੀ ਹਾਲਤ ਵਿੱਚ ਨਵਾਂ ਵਿਆਹ ਕਰਾਉਣਾ ਆਮ ਜਿਹੀ ਗੱਲ ਹੈ। ਪਤੀ-ਪਤਨੀ ਦੇ ਰਿਸ਼ਤੇ ਬਾਰੇ ਸੰਭਾਵੀ ਕੁੜੱਤਣ ਤੋਂ ਡਰਦਿਆਂ ਕਈ ਲੋਕ ਵਿਆਹ ਤੋਂ ਪਾਸਾ ਵੱਟ ਕੇ ਜਿਨਸੀ ਤ੍ਰਿਪਤੀ ਲਈ ਅਜਿਹੀਆਂ ਮਸ਼ੀਨਾਂ ਨੂੰ ਹਮਦਮ ਬਣਾ ਰਹੇ ਹਨ। ਇਕਲਾਪੇ ਦਾ ਉਦਰੇਵਾਂ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਨਵੀਂ ਪੀੜ੍ਹੀ ਬਿਰਹਾ ਦੀ ਸਥਿਤੀ ਨਾਲ ਨਿਪਟਣ ਲਈ ਜਿਨਸੀ ਰੋਬੋਟਾਂ ਨੂੰ ਅਪਣਾ ਰਹੀ ਹੈ।
ਨਿੱਤ-ਨਿੱਤ ਸਾਇੰਸ ਕਈ ਕਾਢਾਂ ਕੱਢ ਰਹੀ ਹੈ ਪਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੇ ਜਿਨਸੀ ਰੋਬੋਟ ਦੀ ਕਾਢ ਕਈ ਸਵਾਲ ਪੈਦਾ ਕਰਦੀ ਹੈ। ਕੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਭਾਵਨਾਤਮਕ ਪ੍ਰੇਰਣਾ ਵੀ ਦੇ ਪਾਉਣਗੇ? ਕੀ ਇਹ ਰੋਬੋਟ ਆਦਮੀ ਦੀ ਤਰੱਕੀ ਪਿੱਛੇ ਔਰਤ ਦਾ ਹੱਥ ਹੋਣ ਵਾਲੀ ਲੋਕ ਸੱਚਾਈ ਨੂੰ ਝੁਠਲਾ ਦੇਣਗੇ? 1980 ਵਿੱਚ ਵਿਗਿਆਨਕ ਗਲਪ ਆਧਾਰਿਤ ਇੱਕ ਫਿਲਮ ਫਾਈ ਵਿੱਚ ਅਜਿਹੇ ਰੋਬੋਟ ਦੀ ਕਲਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਐਕਸ-ਮਸ਼ੀਨਾ (Ex-Machina) ਅਤੇ ਵੈਸਟਵਰਡ (Westworld) ਨਾਂ ਦੀਆਂ ਫ਼ਿਲਮਾਂ ਵੀ ਇਸੇ ਵਿਸ਼ੇ ’ਤੇ ਕੇਂਦਰਿਤ ਹਨ।
ਪਿਛਲੇ ਡੇਢ ਕੁ ਸਾਲ ਤੋਂ ਅਜਿਹੇ ਰੋਬੋਟ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇੱਕ ਅਮਰੀਕੀ ਰਿਪੋਰਟ ਮੁਤਾਬਿਕ ਰੋਬੋਟ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣਾ ਸਾਰਾ ਧਿਆਨ ਅਜਿਹੇ ਖ਼ਾਸ ਕਿਸਮ ਦੇ ਰੋਬੋਟ ਬਣਾਉਣ ਵੱਲ ਕੇਂਦਰਿਤ ਕਰ ਲਿਆ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਨਸਾਨ ਵੀ ਅਜਿਹੇ ਮਸ਼ੀਨੀ ਸਾਥੀਆਂ ਵੱਲ ਆਕਰਸ਼ਿਤ ਹੋਣ ਲੱਗ ਪਏ ਹਨ। ਪਿਛਲੇ ਵਰ੍ਹੇ ਲੰਡਨ ਦੀ ਗੋਲਡ ਸਮਿਥ ਯੂਨੀਵਰਸਿਟੀ ਵਿਖੇ ਰੋਬੋਟ ਨਾਲ ਪਿਆਰ ਅਤੇ ਜਿਨਸੀ ਸਬੰਧਾਂ ਬਾਰੇ ਹੋਈ ਇੱਕ ਕਾਨਫਰੰਸ ਵਿੱਚ ਰੋਬੋਟ ਮਾਹਿਰ ਡੇਵਿਡ ਲੇਵੀ ਨੇ ਕਿਹਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਰੋਬੋਟ ਵਿੱਚ ਇਨਸਾਨ ਦੀ ਤਰ੍ਹਾਂ ਨਕਲੀ ਬੁੱਧੀ ਇਸ ਹੱਦ ਤਕ ਭਰ ਦਿੱਤੀ ਜਾਵੇਗੀ ਕਿ ਇਸ ਦੇ ਇਨਸਾਨਾਂ ਨਾਲ ਸੁਖਾਵੇਂ ਤੇ ਪ੍ਰੇਮਮਈ ਸਬੰਧ ਬਣਾਉਣੇ ਸੌਖੇ ਹੋ ਜਾਣਗੇ। ਯੂਨੀਵਰਸਿਟੀ ਆਫ ਮਾਓਸਟ੍ਰਿਚ ਦੇ ਰੋਬੋਟ ਵਿਗਿਆਨੀ ਡੇਵਿਡ ਲੇਵੀ ਇਸ ਵਿਸ਼ੇ ’ਤੇ ਇੱਕ ਕਿਤਾਬ ਵੀ ਲਿਖ ਚੁੱਕੇ ਹਨ। ਕਾਨਫਰੰਸ ਵਿੱਚ ਉਨ੍ਹਾਂ ਇਹ ਨਾਰਾਜ਼ਗੀ ਵੀ ਜ਼ਹਿਰ ਕੀਤੀ ਕਿ ਅਮਰੀਕਾ ਦੇ ਗਿਰਜਾ ਘਰ ਅਜਿਹੇ ਰੋਬੋਟਾਂ ਦੇ ਵਿਕਾਸ ’ਚ ਰੋੜਾ ਬਣ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਗ੍ਰੰਥਾਂ ਮਸ਼ੀਨੀ ਵਿਆਹ ’ਤੇ ਕੋਈ ਰੋਕ ਨਹੀਂ ਲਾਈ ਗਈ।
ਦੂਜੇ ਪਾਸੇ, ਅਮਰੀਕਾ ਦੇ ਕਈ ਰੋਬੋਟ ਮਾਹਿਰਾਂ ਨੇ ਅਜਿਹੇ ਖ਼ਾਸ ਤਰ੍ਹਾਂ ਦੇ ਰੋਬੋਟਾਂ ’ਤੇ ਰੋਕ ਲਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਲਿਸੈਸਟਰ ਦੀ ਡੀ ਮੌਂਟਫੋਰਟ ਯੂਨੀਵਰਸਿਟੀ ਦੇ ਵਿਗਿਆਨੀ ਡਾ. ਕੇਥਲੀਨ ਰਿਚਰਡਸਨ ਦਾ ਮੰਨਣਾ ਹੈ ਕਿ ਅਜਿਹੇ ਰੋਬੋਟ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ’ਤੇ ਮਾੜਾ ਅਸਰ ਪਾਉਣਗੇ। ਅਮਰੀਕਾ ਦੀ ‘ਰੀਅਲ ਡੌਲ’ ਨਾਂ ਦੀ ਕੰਪਨੀ ਦੇ ਮੁਖੀ ਮੈਟਮੈਕ ਮੂਲਿਨ ਦਾ ਕਹਿਣਾ ਹੈ ਕਿ ਉਹ ਅਜਿਹੇ ਖ਼ਾਸ ਮਕਸਦ ਲਈ ਨਵੇਂ ਖਿਡੌਣੇ ਬਣਾ ਰਹੇ ਹਨ। ਇਹ ਇਨਸਾਨ ਦੀ ਤਰ੍ਹਾਂ ਅੱਖਾਂ ਝਪਕਦੇ ਹਨ, ਮੂੰਹ ਖੋਲ੍ਹ ਸਕਦੇ ਹਨ ਤੇ ਸਾਡੇ ਨਾਲ ਗੱਲਾਂ ਕਰ ਸਕਦੇ ਹਨ।
ਲੋਵੋਟਿਕਸ (Lovotics) ਵਿਗਿਆਨ ਦੀ ਇੱਕ ਅਜਿਹੀ ਸਾਖ਼ਾ ਹੈ ਜਿਸ ਵਿੱਚ ਮਨੁੱਖ ਅਤੇ ਰੋਬੋਟ ਦੇ ਰਿਸ਼ਤਿਆਂ ਬਾਰੇ ਖੋਜਾਂ ਕੀਤੀਆਂ ਜਾਂਦੀਆਂ ਹਨ। ਵਿਗਿਆਨੀਆਂ ਨੇ ਸਮਾਰਟ ਫੋਨ ਨਾਲ ਚੱਲਣ ਵਾਲਾ ਇੱਕ ਅਜਿਹਾ (ਰੋਬੋਟਨੁਮਾ) ਗੈਜਟ ਤਿਆਰ ਕੀਤਾ ਹੈ ਜਿਸ ਰਾਹੀਂ ਚੁੰਮ ਕੇ ਆਪਣੇ ਦੂਰ ਬੈਠੇ ਸਾਥੀ ਨੂੰ ਪਿਆਰ, ਸਤਿਕਾਰ, ਸੁਆਗਤ, ਅਲਵਿਦਾ, ਸ਼ੁੱਭ ਇੱਛਾਵਾਂ, ਰੁਮਾਂਸ ਤੇ ਭਾਵੁਕਤਾ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਇਸ ਗੈਜਟ ਨੂੰ ਕਿਸੈਂਜਰ (Kissenger) ਦਾ ਨਾਮ ਦਿੱਤਾ ਗਿਆ ਹੈ। ਇਸ ਟੈਲੀ-ਚੁੰਮ ਜੰਤਰ ਰਾਹੀਂ ਨਕਲੀ ਮੂੰਹ ਰਾਹੀਂ ਅਸਲੀ ਚੁੰਮਣ ਦਾ ਅਹਿਸਾਸ ਹੁੰਦਾ ਹੈ। ਮੈਕ ਮੂਲਿਨ 1996 ਤੋਂ ਰੋਬੋਟਾਂ ਦੇ ਵਪਾਰ ਨਾਲ ਜੁੜੇ ਹੋਏ ਹਨ ਤੇ ਹੁਣ ਤਕ ਉਹ ਅਜਿਹੇ 5000 ਰੋਬੋਟ ਵੇਚ ਚੁੱਕੇ ਹਨ। ਇਨ੍ਹਾਂ ਰੋਬੋਟਾਂ ਦੀ ਕੀਮਤ ਕਰੀਬ 3 ਤੋਂ 8 ਲੱਖ ਰੁਪਏ (5 ਤੋਂ 10 ਹਜ਼ਾਰ ਡਾਲਰ) ਦੱਸੀ ਜਾਂਦੀ ਹੈ। ਇਸ ਰੋਬੋਟ ਮਾਹਿਰ ਦਾ ਕਹਿਣਾ ਹੈ ਕਿ ਰੋਬੋਟ ਤਕਨਾਲੋਜੀ ਵਿੱਚ ਇੰਨੀ ਤਰੱਕੀ ਹੋ ਚੁੱਕੀ ਹੈ ਕਿ ਗਾਹਕ ਦੀ ਮਰਜ਼ੀ ਮੁਤਾਬਿਕ ਰੋਬੋਟ ਦਾ ਸਰੀਰ ਬਦਲਿਆ ਜਾ ਸਕਦਾ ਹੈ।
ਸਵਾਲ ਇਹ ਹੈ ਕਿ ਇਸ ਦਾ ਸਾਡੇ ਸਮਾਜ ’ਤੇ ਕੀ ਅਸਰ ਪਵੇਗਾ? ਇਸ ਤਕਨੀਕ ਦੇ ਸਾਡੇ ਸਮਾਜ ’ਤੇ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਪੈਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਰੋਬੋਟਾਂ ਨਾਲ ਮਨੁੱਖ ਦੀ ਇਕੱਲੇਪਣ ਦੀ ਸਮੱਸਿਆ ਖ਼ਤਮ ਹੋਵੇਗੀ। ਇਸ ਨਾਲ ਵਧਦੀ ਹੋਈ ਆਬਾਦੀ ਅਤੇ ਭਰੂਣ ਹੱਤਿਆ ’ਤੇ ਰੋਕ ਲੱਗ ਸਕਦੀ ਹੈ। ਅਜਿਹੀਆਂ ਮਸ਼ੀਨਾਂ ਦੇ ਪ੍ਰਚੱਲਣ ਨਾਲ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਵਧੇਗੀ। ਗੁਪਤ ਰੋਗਾਂ ਤੋਂ ਰਾਹਤ ਮਿਲੇਗੀ ਅਤੇ ਇਹ ਡਾਕਟਰੀ ਸਲਾਹ ਮੁਤਾਬਿਕ ਜੋੜਿਆਂ ਲਈ ਲਾਹੇਵੰਦ ਹੋਣਗੇ। ਨਸਲੀ ਭੇਦ-ਭਾਵ ਵਾਲੇ ਮੁਲਕਾਂ ਵਿੱਚ ਵਿਆਹ ਦੀ ਵੱਡੀ ਸਮੱਸਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮੁਲਕਾਂ ਵਿੱਚ ਇਹ ਰੋਬੋਟ ਲਾਭਕਾਰੀ ਸਾਬਤ ਹੋਣਗੇ। ਇਨਸਾਨੀ ਵਿਆਹ ਦੇ ਸਿਰੇ ਨਾ ਚੜ੍ਹਨ ਜਾਂ ਤਲਾਕ ਦੀ ਹਾਲਤ ਵਿੱਚ ਇਹ ਮਸ਼ੀਨਾਂ ਮਨੁੱਖ ਦਾ ਸਹਾਰਾ ਬਣਨਗੀਆਂ।
ਪਰ ਜੇ ਦੂਜਾ ਪਾਸਾ ਦੇਖੀਏ ਤਾਂ ਇਸ ਕਾਢ ਨਾਲ ਸਮਾਜ ਵਿੱਚ ਇਕੱਲੇ ਰਹਿਣ ਦਾ ਰੁਝਾਨ ਵਧ ਸਕਦਾ ਹੈ ਜਿਸ ਨਾਲ ਹੋਰ ਸਮੱਸਿਆਵਾਂ ਪੈਦਾ ਹੋਣਗੀਆਂ। ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦਾ ਸਨਮਾਨ ਘਟੇਗਾ। ਇਸ ਖੋਜ ਨਾਲ ਮਨੁੱਖ ਨੂੰ ਕਈ ਅਣ-ਕਿਆਸੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਹ ਧੰਦਾ ਵਿਗਿਆਨ ਨੂੰ ਧਨਾਢ ਲੋਕਾਂ ਦੁਆਰਾ ਵਰਤਣ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਸਾਰੀ ਖੋਜ ਵਿੱਚ ਕੰਮ ਵਿਗਿਆਨੀਆਂ ਨੇ ਕਰਨਾ ਹੈ ਪਰ ਉਸ ਨੂੰ ਤੋਂ ਮੁਨਾਫ਼ਾ ਕਾਰਪੋਰੇਟ ਘਰਾਣੇ ਕਮਾਉਣਗੇ। ਇਸ ਨਾਲ ਸਮਾਜ ਦਾ ਘਾਣ ਹੋਵੇਗਾ ਜਾਂ ਫ਼ਾਇਦਾ, ਸੂਝਵਾਨ ਤਬਕਾ ਇਸ ਨੂੰ ਲੈ ਕੇ ਫ਼ਿਕਰਮੰਦ ਹੈ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  02-03-2017
Previous
Next Post »