ਓਸੀਆਰ ਸਾਫਟਵੇਅਰ ਰਾਹੀਂ ਬਿਨਾਂ ਟਾਈਪ ਕੀਤਿਆਂ ਕਰੋ ਟਾਈਪ /OCR: An image to text converter

ਤਸਵੀਰ ਰੂਪ ਨੂੰ ਟਾਈਪ ਰੂਪ ਵਿਚ ਬਦਲਣ ਵਾਲਾ ਸਾਫਟਵੇਅਰ


ਦੋਸਤੋ, ਕਈ ਵਾਰ ਸਾਡੀ ਕਿਸੇ ਕਿਤਾਬ, ਲੇਖ ਜਾਂ ਦਸਤਾਵੇਜ਼ ਦੀ ਸੌਫ਼ਟ-ਕਾਪੀ ਗੁੰਮ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਉਸ ਕੰਮ ਨੂੰ ਦੁਬਾਰਾ ਟਾਈਪ ਕਰਨ ਦੇ ਝੰਜਟ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੀ ਹੈ। ਅਸੀਂ ਆਪਣੇ ਪੁਰਾਣੇ ਦਸਤਾਵੇਜ਼ ਨੂੰ ਸੋਧ ਕੇ ਦੁਬਾਰਾ ਪ੍ਰਿੰਟ ਜਾਂ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਤਾਂ ਉਸ ਦਾ ਹਾਰਡ (ਛਪਿਆ) ਰੂਪ ਹੀ ਹੈ। ਇਕ ਆਮ ਪਾਠਕ ਲਈ ਇਕੋ-ਇਕ ਵਿਕਲਪ ਬਚਦਾ ਹੈ ਕਿ ਉਸ ਨੂੰ ਦੁਬਾਰਾ ਟਾਈਪ ਕਰ ਲਿਆ ਜਾਵੇ ਪਰ ਜੇਕਰ ਕੋਈ ਸੌਫ਼ਟਵੇਅਰ ਬਿਨਾਂ ਟਾਈਪ ਕੀਤਿਆਂ ਤੁਹਾਡਾ ਕੰਮ ਕਰ ਦੇਵੇ ਤਾਂ ਕਿਵੇਂ ਰਹੇਗਾ? ਚੰਗਾ ਲੱਗੇਗਾ ਨਾ!

ਦੋਸਤੋ, ਅਜਿਹਾ ਹੀ ਕ੍ਰਿਸ਼ਮਾ ਕਰ ਵਿਖਾਇਆ ਹੈ ਇਕ ਆਪਟੀਕਲ ਕਰੈਕਟਰ ਰਿਕੋਗਨੀਸ਼ਨ (OCR) ਨਾਂ ਦੇ ਸੌਫ਼ਟਵੇਅਰ ਨੇ। ਇਹ ਸੌਫ਼ਟਵੇਅਰ ਸਕੈਨ ਜਾਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਾਖ਼ੂਬੀ ਬਦਲਣ ਦੀ ਮੁਹਾਰਤ ਰੱਖਦਾ ਹੈ।

ਆਓ ਹੁਣ ਜਾਣਦੇ ਹਾਂ ਕਿ ਇਹ ਸੌਫ਼ਟਵੇਅਰ ਕਿੱਥੋਂ ਲਿਆ ਜਾਵੇ ਤੇ ਕਿਵੇਂ ਚਲਾਇਆ ਜਾਵੇ।
 ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ‘ਅੱਖਰ-2016’ ਨਾਂ ਦੇ ਵਰਡ ਪ੍ਰੋਸੈੱਸਰ ਵਿਚ ਓਸੀਆਰ ਦੀ ਸਹੂਲਤ ਹੈ। ਇਹ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਗੁਣਵੱਤਾ ਨਾਲ ਕੰਮ ਕਰ ਸਕਦਾ ਹੈ।

ਧਿਆਨ ਰਹੇ ਇਹ ਸਿਰਫ਼ ਕੰਪਿਊਟਰ ’ਤੇ ਹੀ ਚੱਲਣ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਵੈੱਬਸਾਈਟ akhariwp.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਬਿਲਕੁਲ ਮੁਫ਼ਤ ਹੈ ਤੇ ਇਸ ਰਾਹੀਂ ਤੁਸੀਂ ਵੱਡੀਆਂ-ਵੱਡੀਆਂ ਕਿਤਾਬਾਂ ਦੇ ਸਕੈਨ ਕੀਤੇ ਪੰਨਿਆਂ ਨੂੰ ਟਾਈਪ ਕਰਵਾ ਸਕਦੇ ਹੋ।

  1. ਉੱਤੇ ਦੱਸੇ ਅਨੁਸਾਰ ‘ਅੱਖਰ-2016’ ਨੂੰ ਡਾਊਨਲੋਡ ਕਰਨ ਉਪਰੰਤ ਇੰਸਟਾਲ ਕਰ ਲਓ। 
  2. ਅੱਖਰ ਦੀ ਸਕਰੀਨ ਨਵੇਂ ਐੱਮਐੱਸ ਵਰਡ ਦੀ ਤਰ੍ਹਾਂ ਖੁੱਲ੍ਹੇਗੀ। ਉਤਲੇ ਪਾਸੇ ਟੈਬ ਬਾਰ ਨਜ਼ਰ ਆਵੇਗੀ। 
  3. ਇੱਥੋਂ ਲੈਂਗੂਏਜ ਟੂਲ (Language Tool) ਦੀ ਚੋਣ ਕਰਕੇ (ਹੇਠਾਂ) ਰੀਬਨ ਤੋਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਵਾਲੇ ਬਟਣ ’ਤੇ ਕਲਿੱਕ ਕਰੋ। 
  4. ਇੱਥੇ ਗੁਰਮੁਖੀ ਤੇ ਅੰਗਰੇਜ਼ੀ ਓਸੀਆਰ ਚੁਣੋ। ਇਕ ਸਨੇਹਾ ਆਵੇਗਾ ਉਸ ਨੂੰ ਪੜ੍ਹ ਕੇ ਅੱਗੇ ਵਧੋ। 
  5. ਹੁਣ ਨਵੀਂ ਸਕਰੀਨ ਤੋਂ ‘ਐਡ ਫਾਈਲ’ (Add File) ਜਾਂ ‘ਐਡ ਫੋਲਡਰ’ ’ਤੇ ਕਲਿੱਕ ਕਰੋ। 
  6. ਧਿਆਨ ਰਹੇ ਕਿ ਜੇ ਤੁਸੀਂ ਕਈ ਪੇਜ ਇਕੱਠੇ ਸਕੈਨ ਕਰਨੇ ਹਨ ਤੇ ਉਹ ਇਕ ਹੀ ਫੋਲਡਰ ਵਿਚ ਪਏ ਹਨ ਤਾਂ ‘ਐਡ ਫੋਲਡਰ’ ਆਪਸ਼ਨ ਹੀ ਲਈ ਜਾਵੇਗੀ। 
  7. ਇਕੱਲੀ ਫਾਈਲ ਨੂੰ ਟਾਈਪ ਰੂਪ ਵਿਚ ਬਦਲਣ ਲਈ ‘ਐਡ ਫਾਈਲ’ ਚੁਣਿਆ ਜਾਵੇ।

ਹੁਣ ਇਹ ਜਾਣਨਾ ਵੀ ਬੜਾ ਜ਼ਰੂਰੀ ਹੈ ਕਿ ਓਸੀਆਰ ਚਾਲੂ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਤਿਆਰੀ ਕੀਤੀ ਜਾਵੇ। ਸਭ ਤੋਂ ਪਹਿਲਾਂ ਦਸਤਾਵੇਜ਼ ਨੂੰ ਸਕੈਨਰ ਨਾਲ ਸਕੈਨ ਕਰ ਲਿਆ ਜਾਵੇ। ਯਾਦ ਰਹੇ ਇੱਥੇ ਸਮਾਰਟ ਫੋਨ ਨਾਲ ਫੋਟੋ ਖਿੱਚ ਕੇ ਕੰਮ ਨਹੀਂ ਚਲਣਾ। ਸਕੈਨ ਕਰਨ ਸਮੇਂ ਸਕੈਨਰ ਦੀ ਸੈਟਿੰਗ 300 ਡੀਪੀਆਈ (dpi) ’ਤੇ ਰੱਖੋ। ਫ਼ਾਲਤੂ ਹਿੱਸਾ ਕਰੌਪ (crop) ਅਰਥਾਤ ਕਟ ਕਰ ਲਓ। ਇਹ ਵੀ ਧਿਔਨ ਰਹੇ ਕਿ ਮੈਟਰ ਇਕ ਹੀ ਕਾਲਮ ਵਿਚ ਹੋਣਾ ਚਾਹੀਦਾ ਹੈ। ਪੇਪਰ ਅਤੇ ਛਪਾਈ ਦੀ ਗੁਣਵੱਤਾ ਜਿੰਨੀ ਵੱਧ ਹੋਵੇਗੀ ਆਊਟਪੁਟ ’ਤੇ ਟਾਈਪ ਹੋਇਆ ਮੈਟਰ ਉਨ੍ਹਾਂ ਹੀ ਸਹੀ ਮਿਲੇਗਾ। ਪੁਰਾਣਾ ਪੀਲਾ ਪੈ ਚੁੱਕਿਆ ਪੇਪਰ, ਛਪਾਈ ਫੌਂਟ ਵਿਚ ਗੜਬੜੀ, ਮੈਟਰ ਵਿਚ ਤਸਵੀਰਾਂ ਜਾਂ ਟੇਬਲਾਂ ਦਾ ਹੋਣਾ, ਪੈੱਨ ਦੇ ਨਿਸ਼ਾਣ ਆਦਿ ਆਊਟਪੁਟ ਦੀ ਗੁਣਵੱਤਾ ਨੂੰ ਡੇਗਦੇ ਹਨ।

ਦੋਸਤੋ, ਤੁਸੀ ਦੇਖਿਆ ਹੈ ਕਿ ਫੋਟੋ ਰੂਪ (jpg ਫਾਰਮੈਟ) ਨੂੰ ਟਾਈਪ (text) ਰੂਪ ਵਿਚ ਕਿਵੇਂ ਸੌਖੇ ਤਰੀਕੇ ਰਾਹੀਂ ਬਦਲਿਆ ਜਾ ਸਕਦਾ ਹੈ ਜੋ ਸਾਡੇ ਸਮੇਂ ਤੇ ਪੈਸੇ ਦੀ ਵੱਡੀ ਬਚਤ ਕਰਦਾ ਹੈ।


Previous
Next Post »

1 comments:

Click here for comments
Friday, July 26, 2019 at 2:16:00 AM PDT ×

OCR is a kind of image to text editor.

ਪਿਆਰੇ/ਆਦਰਯੋਗ Dr. CP Kamboj ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar