ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏਆਈ ਅਧਾਰਿਤ ‘ਗਰੈਮਰ ਚੈੱਕਰ’ ਤਿਆਰ/Sudharak Punjabi Grammar Checker

ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏਆਈ ਅਧਾਰਿਤ ‘ਗਰੈਮਰ ਚੈੱਕਰ’ ਤਿਆਰ

 ਪਟਿਆਲਾ, 2 ਜੂਨ (ਪੱਤਰ ਪ੍ਰੇਰਕ):- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਗਈ ਹੈ। ਵਿਭਾਗ ਦੀ ਖੋਜਾਰਥੀ ਅਤੇ ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਯੋਗ ਨਿਗਰਾਨੀ ਹੇਠ ਆਪਣਾ ਪੀਐੱਚ-ਡੀ ਦਾ ਖੋਜ ਕਾਰਜ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਉਹਨਾਂ ਨੇ ਮਸ਼ੀਨੀ ਬੁੱਧੀ (AI) ਅਤੇ ਡੀਪ ਲਰਨਿੰਗ (Deep Learning) ਤਕਨੀਕ 'ਤੇ ਅਧਾਰਿਤ ਪੰਜਾਬੀ ਭਾਸ਼ਾ ਦਾ ਪਹਿਲੀ ‘ਸੁਧਾਰਕ’ ਨਾਮ ਦੀ ਵਿਆਕਰਨ ਸ਼ੁੱਧਤਾ ਪ੍ਰਣਾਲੀ ਵਿਕਸਿਤ ਕੀਤੀ ਹੈ।


 ਖੋਜ ਦੀ ਅਹਿਮੀਅਤ ਅਤੇ ਨਵੀਂ ਤਕਨੀਕ

ਹੁਣ ਤੱਕ ਦੁਨੀਆ ਦੀਆਂ ਵੱਡੀਆਂ ਵਿਦੇਸ਼ੀ ਭਾਸ਼ਾਵਾਂ ਲਈ ਤਾਂ ਡੀਪ ਲਰਨਿੰਗ ਅਧਾਰਿਤ ਗਰੈਮਰ ਚੈੱਕਰ ਉਪਲਬਧ ਸਨ ਪਰ ਪੰਜਾਬੀ ਭਾਸ਼ਾ ਇਸ ਖੇਤਰ ਵਿੱਚ ਪਿੱਛੇ ਸੀ। ਪਹਿਲਾਂ ਤੋਂ ਮੌਜੂਦ ਸਾਫ਼ਟਵੇਅਰ ਨਿਯਮ-ਅਧਾਰਿਤ ਜਾਂ ਅੰਕੜਾ ਅਧਾਰਿਤ ਸਨ ਜਿਨ੍ਹਾਂ ਵਿੱਚ ਗੁੰਝਲਦਾਰ ਵਾਕਾਂ ਦੀਆਂ ਵਿਆਕਰਨਿਕ ਗ਼ਲਤੀਆਂ ਫੜਨ ਦੀ ਸਮਰੱਥਾ ਨਹੀਂ ਸੀ। ਖੋਜਕਾਰ ਨੇ ਇਸ ਚੁਨੌਤੀ ਨੂੰ ਸਵੀਕਾਰ ਕਰਦਿਆਂ 'ਐੱਮਟੀ5 ਟਰਾਂਸਫ਼ਾਰਮਰ ਮਾਡਲ' ਨੂੰ ਫਾਈਨ-ਟਿਊਨ ਕਰਕੇ ਇਹ ਆਧੁਨਿਕ ਸਿਸਟਮ ਤਿਆਰ ਕੀਤਾ ਹੈ ਜੋ ਭਾਸ਼ਾ ਦੇ ਗੁੰਝਲਦਾਰ ਪੈਟਰਨਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ।
ਸੁਧਾਰਕ’ ਸਿਸਟਮ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਵਾਕ ਅਤੇ ਸ਼ਬਦ ਪੱਧਰ 'ਤੇ ਜਾਂਚ: ਇਹ ਸਿਸਟਮ ਪੂਰੇ ਵਾਕ ਦੇ ਪੱਧਰ 'ਤੇ ਵਿਆਕਰਨਿਕ ਗ਼ਲਤੀਆਂ ਅਤੇ ਸ਼ਬਦਾਂ ਦੇ ਪੱਧਰ 'ਤੇ ਸ਼ਬਦ-ਜੋੜਾਂ ਨੂੰ ਸੁਧਾਰ ਸਕਦਾ ਹੈ।
  • ਵਿਆਪਕ ਸੁਧਾਰ: ਇਹ ਵਾਕਾਂ ਵਿੱਚ ਸਹਾਇਕ ਕਿਰਿਆ, ਮੁੱਖ ਕਿਰਿਆ, ਸਬੰਧਕ, ਪੜਨਾਂਵ, ਵਿਸ਼ੇਸ਼ਣ-ਨਾਂਵ ਦੇ ਮੇਲ ਅਤੇ ਵਾਕ ਵਿੱਚ ਸ਼ਬਦਾਂ ਦੀ ਤਰਤੀਬ ਵਰਗੀਆਂ ਗ਼ਲਤੀਆਂ ਨੂੰ ਸਹੀ ਕਰ ਸਕਦਾ ਹੈ।
  • ਸਪੈੱਲ ਚੈੱਕਰ ਅਤੇ ਪੋਸਟ-ਪ੍ਰੋਸੈਸਰ: ਇਸ ਵਿੱਚ ਡੀਪ ਲਰਨਿੰਗ ਅਧਾਰਿਤ ਸਪੈੱਲ ਚੈੱਕਰ ਦੇ ਨਾਲ-ਨਾਲ ਇੱਕ ਵਿਸ਼ੇਸ਼ 'ਪੋਸਟ-ਪ੍ਰੋਸੈਸਿੰਗ ਵਿਉਂਤ' ਲਗਾਈ ਗਈ ਹੈਜੋ ਲਿੰਗ-ਵਚਨ ਅਤੇ ਕਰਤਾ-ਕਿਰਿਆ ਦੇ ਮੇਲ ਦੀਆਂ ਬਾਰੀਕੀਆਂ ਨੂੰ ਸੁਧਾਰ ਕੇ ਉਸ ਦਾ ਕਾਰਨ ਵੀ ਦੱਸਦੀ ਹੈ।
  • ਲਗਾਤਾਰਤਾ ਤੇ ਸ਼ੁੱਧਤਾ: ਇਹ ਸਿਸਟਮ ਪੰਜਾਬੀ ਦੀਆਂ ਪ੍ਰਚਲਿਤ ਲਗਾਂ-ਮਾਤਰਾਂ ਜਿਵੇਂ ਅਧਕ, ਟਿੱਪੀ, ਨੁਕਤਾ, ਹਲੰਤ ਅਤੇ ਹੋਰ ਟਾਈਪਿੰਗ ਦੀਆਂ ਗ਼ਲਤੀਆਂ ਨੂੰ ਵੀ ਸ਼ੁੱਧ ਕਰਦਾ ਹੈ।

ਚੈਟ-ਜੀਪੀਟੀ ਅਤੇ ਜੈਮਨੀ ਵਰਗੀ ਸਮਰੱਥਾ

ਇਹ ਨਵਾਂ ਏਆਈ ਮਾਡਲ ਪਹਿਲਾਂ ਤੋਂ ਮੌਜੂਦ ਨਿਯਮ ਅਧਾਰਿਤ ਸਿਸਟਮਾਂ ਨਾਲੋਂ ਕਿਤੇ ਵੱਧ ਸ਼ੁੱਧਤਾ ਦੇ ਨਤੀਜੇ ਦਿਖਾਉਂਦਾ ਹੈ। ਇਸ ਦੀ ਕਾਰਗੁਜ਼ਾਰੀ ਅਜੋਕੇ ਪ੍ਰਸਿੱਧ ਏਆਈ ਮਾਡਲਾਂ ਜਿਵੇਂ ਕਿ ਚੈਟ-ਜੀਪੀਟੀ ਅਤੇ ਜੈਮਨੀ ਦੇ ਬਰਾਬਰ ਦੀ ਹੈ। ਖੋਜਾਰਥੀ ਨੇ ਇਸ ਪ੍ਰੋਜੈਕਟ ਦੇ ਨਾਲ-ਨਾਲ ਡਾਟਾ ਸਾਫ਼ ਕਰਨ ਵਾਲਾ ‘ਟੈਕਸਟ ਕਲੀਨਿੰਗ ਟੂਲ’ ਅਤੇ ਗ਼ਲਤੀਆਂ ਪੈਦਾ ਕਰਨ ਵਾਲਾ ‘ਐਰਰ ਇੰਜੈੱਕਸ਼ਨ ਟੂਲ’ ਵੀ ਵਿਕਸਿਤ ਕੀਤਾ ਹੈ ਜੋ ਭਵਿੱਖ ਵਿੱਚ ਪੰਜਾਬੀ ਭਾਸ਼ਾ 'ਤੇ ਕੰਮ ਕਰਨ ਵਾਲੇ ਹੋਰਨਾਂ ਖੋਜਾਰਥੀਆਂ ਲਈ ਨੀਂਹ ਪੱਥਰ ਸਾਬਤ ਹੋਵੇਗਾ।

ਭਵਿੱਖ ਵਿੱਚ ਲਾਭ

ਇਸ ਮੌਕੇ ਨਿਗਰਾਨ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਹ ਖੋਜ ਕਾਰਜ ਭਵਿੱਖ ਵਿੱਚ ਭਾਸ਼ਾ ਸਿਖਲਾਈ ਸਾਫ਼ਟਵੇਅਰ, ਸਵੈ-ਲਿਖਤ ਸੁਧਾਰ ਅਤੇ ਵਿੱਦਿਅਕ ਮੁਲਾਂਕਣ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਫੈਕਲਟੀ ਮੈਂਬਰਾਂ ਨੇ ਡਾ. ਕੰਬੋਜ ਅਤੇ ਖੋਜਾਰਥੀ ਜਗਦੀਸ਼ ਕੌਰ ਨੂੰ ਇਸ ਵੱਡੀ ਵਿਗਿਆਨਕ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

 

Newest
Previous
Next Post »