ਪੰਜਾਬ ਸਿਹੁੰ ਦੀਆਂ ਡਿਜੀਟਲ ਪੈੜਾਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ | ਵਿਸ਼ੇਸ਼ ਲੇਖ | ਪੰਜਾਬੀ ਮਾਹ ’ਤੇ ਵਿਸ਼ੇਸ਼ | AI, Punjab and Punjabi University, Patiala



 

ਪੰਜਾਬ ਸਿਹੁੰ: ਸੱਥ ਤੋਂ ਏਆਈ ਵੱਲ

ਡਾ. ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬ ਦੀ ਧਰਤੀ ਨੇ ਇਤਿਹਾਸ ਦੇ ਅਨੇਕਾਂ ਦੌਰ ਵੇਖੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ (1799–1849) ਦੌਰਾਨ ਪੰਜਾਬ ਨੇ ਆਪਣੀ ਰਾਜਨੀਤਕ, ਸੱਭਿਆਚਾਰਕ ਅਤੇ ਸਮਾਜਿਕ ਪਛਾਣ ਨੂੰ ਨਵੀਆਂ ਉਚਾਈਆਂ ਦਿੱਤੀਆਂ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਸੱਥਾਂ, ਮੇਲਿਆਂ ਅਤੇ ਲੋਕ-ਮਹਿਫ਼ਿਲਾਂ ਵਿੱਚ ਪੰਜਾਬ ਦੀਆਂ ਗੱਲਾਂ ਹੁੰਦੀਆਂ ਸਨ। 'ਪੰਜਾਬ ਸਿਆਂ' ਦਾ ਸੰਬੋਧਨ ਇਸੇ ਲੋਕ-ਰੂਹ, ਆਪਣੀ ਧਰਤੀ ਨਾਲ ਮੋਹ ਅਤੇ ਪੰਜਾਬੀਅਤ ਦੇ ਅਹਿਸਾਸ ਨੂੰ ਸਾਹਿਤਕ ਰੂਪ ਵਿੱਚ ਪ੍ਰਗਟ ਕਰਦਾ ਹੈ। ਸਮੇਂ ਦੇ ਨਾਲ ਸੱਥਾਂ ਦੀਆਂ ਗੱਲਾਂ ਨੇ ਰੇਡੀਓ, ਅਖ਼ਬਾਰਾਂ, ਟੈਲੀਵਿਜ਼ਨ ਅਤੇ ਫੇਰ ਇੰਟਰਨੈੱਟ ਦਾ ਸਫ਼ਰ ਤੈਅ ਕੀਤਾ। ਅੱਜ ਉਹੀ ਪੰਜਾਬੀ ਮਹਿਫਿਲਾਂ ਡਿਜੀਟਲ ਅਤੇ ਸਾਈਬਰ ਸੱਥਾਂ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਫੈਲ ਚੁੱਕੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ 1849 ਵਿੱਚ ਬਰਤਾਨਵੀ ਕਬਜ਼ੇ ਤੱਕ ਦਾ ਇਤਿਹਾਸ ਇਸ ਤਬਦੀਲੀ ਦੀ ਇਤਿਹਾਸਕ ਪਿੱਠਭੂਮੀ ਨੂੰ ਸਮਝਣ ਵਿੱਚ ਸਹਾਇਕ ਹੈ।

ਅੱਜ ਪੰਜਾਬੀ ਬੰਦਾ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਆਦਿ ਦੇ ਭਾਵੇਂ ਕਿਸੇ ਪਿੰਡ ਵਿੱਚ ਬੈਠਾ ਹੋਵੇ ਜਾਂ ਵਿੱਚ ਵੱਸਦਾ ਹੋਵੇ, ਉਹ ਮੋਬਾਈਲ ਦੀ ਇੱਕ ਛੋਹ ਨਾਲ ਆਪਣੀ ਮਾਂ-ਬੋਲੀ, ਸਾਹਿਤ, ਸੰਗੀਤ ਅਤੇ ਸੱਭਿਆਚਾਰ ਨਾਲ ਜੁੜ ਸਕਦਾ ਹੈ। ਇਹ ਤਬਦੀਲੀ ਕੇਵਲ ਸੰਚਾਰ ਦੇ ਸਾਧਨਾਂ ਦੀ ਤਬਦੀਲੀ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਹੋਂਦ, ਪਹੁੰਚ ਅਤੇ ਭਵਿੱਖ ਨਾਲ ਜੁੜਿਆ ਇੱਕ ਵੱਡਾ ਭਾਸ਼ਾਈ ਇਨਕਲਾਬ ਹੈ।

ਇਸ ਡਿਜੀਟਲ ਇਨਕਲਾਬ ਦੇ ਸਫ਼ਰ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਯੋਗਦਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਭਾਸ਼ਾ ਦੇ ਨਾਂ ’ਤੇ ਸਥਾਪਿਤ ਇਸ ਯੂਨੀਵਰਸਿਟੀ ਨੇ ਪੰਜਾਬੀ ਨੂੰ ਕੇਵਲ ਸਾਹਿਤਕ ਅਤੇ ਅਕਾਦਮਿਕ ਵਿਸ਼ੇ ਵਜੋਂ ਹੀ ਨਹੀਂ ਸਗੋਂ ਕੰਪਿਊਟਰ ਅਤੇ ਆਧੁਨਿਕ ਤਕਨਾਲੋਜੀ ਦੀ ਭਾਸ਼ਾ ਬਣਾਉਣ ਲਈ ਵੀ ਲਗਾਤਾਰ ਯਤਨ ਕੀਤੇ ਹਨ। ਫਰਵਰੀ 2004 ਵਿੱਚ ਸਥਾਪਿਤ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਨੇ ਇਸ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਕੇਂਦਰ ਨੇ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿਚਕਾਰ ਲਿਪੀਅੰਤਰਨ, ਪੰਜਾਬੀ ਅਤੇ ਹਿੰਦੀ ਵਿਚਕਾਰ ਮਸ਼ੀਨੀ ਅਨੁਵਾਦ, ਗੁਰਮੁਖੀ ਓਸੀਆਰ, ਪੰਜਾਬੀ ਵਿਆਕਰਨ ਜਾਂਚ, ਸ਼ਬਦ-ਜੋੜ ਸੋਧ ਅਤੇ ਭਾਸ਼ਾਈ ਖੋਜ ਦੇ ਕਈ ਪ੍ਰਾਜੈਕਟ ਕੀਤੇ। ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਹੋਏ ਖੋਜ ਕਾਰਜਾਂ ਨੇ ਪੰਜਾਬੀ ਭਾਸ਼ਾ ਨੂੰ ਕੰਪਿਊਟਰੀਕਰਨ ਦੇ ਅੰਤਰਰਾਸ਼ਟਰੀ ਨਕਸ਼ੇ ’ਤੇ ਪਛਾਣ ਦਿਵਾਈ।

ਇਸ ਖੋਜ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਗੁਰਮੁਖੀ ਓਸੀਆਰ ਤਕਨਾਲੋਜੀ ਹੈ ਜਿਸ ਰਾਹੀਂ ਛਪੀ ਹੋਈ ਪੰਜਾਬੀ ਲਿਖਤ ਨੂੰ ਡਿਜੀਟਲ ਟੈਕਸਟ ਵਿੱਚ ਬਦਲਿਆ ਜਾ ਸਕਦਾ ਹੈ। ਪੁਰਾਣੀਆਂ ਪੁਸਤਕਾਂ, ਅਖ਼ਬਾਰਾਂ ਅਤੇ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਲਈ ਇਹ ਤਕਨਾਲੋਜੀ ਬੇਹੱਦ ਲਾਹੇਵੰਦ ਹੈ। ਇਸੇ ਤਰ੍ਹਾਂ ਪੰਜਾਬੀ ਟੈਕਸਟ-ਟੂ-ਸਪੀਚ ਨੇ ਲਿਖਤ ਨੂੰ ਆਵਾਜ਼ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕੀਤਾ। ਇੱਥੇ ਗੁਰਮੁਖੀ ਲਿਖਤ ਤੋਂ ਬਰੇਲ ਲਿਪੀ ਵਿਚ ਤਬਦੀਲੀ ਲਈ ਤਕਨਾਲੋਜੀ ਵੀ ਈਜ਼ਾਦ ਕੀਤੀ ਗਈ। ਇਹ ਸਹੂਲਤਾਂ ਵਿਸ਼ੇਸ਼ ਤੌਰ ’ਤੇ ਨੇਤਰਹੀਣ ਅਤੇ ਪੜ੍ਹਨ ਵਿੱਚ ਔਖ ਮਹਿਸੂਸ ਕਰਨ ਵਾਲੇ ਵਿਅਕਤੀਆਂ ਲਈ ਮਹੱਤਵਪੂਰਨ ਹੈ। ਪੰਜਾਬੀ ਵਿਆਕਰਨ ਜਾਂਚਕ, ਲਿਖਤ ਸੰਖੇਪਣ, ਪੰਜਾਬੀ ਖੋਜ ਇੰਜਣ ਅਤੇ ਮਸ਼ੀਨੀ ਅਨੁਵਾਦ ਵਰਗੇ ਸੰਦਾਂ ਨੇ ਭਾਸ਼ਾ ਦੀ ਵਰਤੋਂ ਨੂੰ ਹੋਰ ਸੁਖਾਲਾ ਬਣਾਇਆ। ਡਾ. ਲਹਿਲ ਦੀ ਅਗਵਾਈ ਹੇਠ ਤਿਆਰ ਕੀਤੇ ਪੰਜਾਬੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਵਰਡ ਪ੍ਰੋਸੈੱਸਰ ‘ਅੱਖਰ-2021’ ਦੀ ਨਿਹਮਤ ਦਾ ਪੂਰੀ ਦੁਨੀਆ ਲਾਹਾ ਲੈ ਰਹੀ ਹੈ। www.akhariwp.com ‘ਤੇ ਉਪਲਬਧ ਇਸ ਸਾਫਟਵੇਅਰ ਵਿਚ ਪੰਜਾਬੀ ਗੁਰਮੁਖੀ ਨੂੰ ਮਿਆਰੀ ਯੂਨੀਕੋਡ ਵਿਚ ਵੱਖ-ਵੱਖ ਕੀਬੋਰਡ ਲੇਆਊਟਾਂ ਰਾਹੀਂ ਟਾਈਪ ਕਰਨ ਦੀ ਸਹੂਲਤ ਹੈ। ਇਸ ਵਿਚ ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰੈਮਰ ਚੈੱਕਰ, ਅਨੁਵਾਦ, ਲਿਪੀਅੰਤਰਨ, ਓਸੀਆਰ, ਅੰਗਰੇਜੀ-ਪੰਜਾਬੀ ਕੋਸ਼, ਸਮਆਰਥਕ ਕੋਸ਼ ਅਤੇ ਅਗੇਤਰ-ਪਿਛੇਤਰ ਸਰਚ ਟੂਲ ਸਮੇਤ ਕਈ ਵਿਸ਼ੇਸ਼ਤਾਵਾਂ ਸ਼ੁਮਾਰ ਹਨ।

ਪੰਜਾਬੀ ਕੰਪਿਊਟਰਕਾਰੀ ਦਾ ਇੱਕ ਹੋਰ ਅਹਿਮ ਪੱਖ ਫੌਂਟ ਤਕਨਾਲੋਜੀ ਹੈ। ਅਨਮੋਲ ਲਿਪੀ, ਅਸੀਸ ਅਤੇ ਸਤਲੁਜ ਵਰਗੇ ਪੁਰਾਣੇ ਫੌਂਟਾਂ ਵਿੱਚ ਤਿਆਰ ਸਮੱਗਰੀ ਨੂੰ ਯੂਨੀਕੋਡ ਵਿੱਚ ਤਬਦੀਲ ਕਰਨ ਲਈ ਫੌਂਟ ਕਨਵਰਟਰ ਵਿਕਸਤ ਕੀਤੇ ਗਏ। ਇਸ ਨਾਲ ਪੁਰਾਣੇ ਸਾਹਿਤਕ ਅਤੇ ਦਫ਼ਤਰੀ ਰਿਕਾਰਡ ਨੂੰ ਨਵੇਂ ਕੰਪਿਊਟਰਾਂ, ਮੋਬਾਈਲਾਂ ਅਤੇ ਇੰਟਰਨੈੱਟ ’ਤੇ ਪੜ੍ਹਨਾ ਸੰਭਵ ਹੋਇਆ। ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਉਪਲਬਧ ‘ਗੁਰਮੁਖੀ ਫੌਂਟਕਨਵਰਟਰ’ ਇਸ ਦਿਸ਼ਾ ਵਿੱਚ ਇੱਕ ਜਾਣਿਆ-ਪਛਾਣਿਆ ਸਾਧਨ ਹੈ। ਇਸ ਤੋਂ ਇਲਾਵਾ, ਰੈਮਿੰਗਟਨ, ਫੋਨੈਟਿਕ, ਇਨਸਕ੍ਰਿਪਟ ਅਤੇ ਹੋਰ ਕੀਬੋਰਡ ਲੇਆਊਟਾਂ ਨੇ ਵੱਖ-ਵੱਖ ਪਿਛੋਕੜ ਵਾਲੇ ਵਰਤੋਂਕਾਰਾਂ ਲਈ ਪੰਜਾਬੀ ਟਾਈਪਿੰਗ ਨੂੰ ਸੌਖਾ ਬਣਾਇਆ।

ਇਸੇ ਲੜੀ ਵਿੱਚ ਲੇਖਕ ਵੱਲੋਂ ਪੰਜਾਬੀ ਕੰਪਿਊਟਰਕਾਰੀ (Dr. C P Kamboj)ਦੇ ਖੇਤਰ ਵਿੱਚ ਕੀਤੇ ਕਾਰਜ ਜ਼ਿਕਰ ਦੇ ਹੱਕਦਾਰ ਹਨ। 15 ਕੁ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਜੋ ਪੰਜਾਬੀ ਵਰਤੋਂਕਾਰਾਂ ਨੂੰ ਕੰਪਿਊਟਰ ਅਤੇ ਸਮਾਰਟਫ਼ੋਨ ਦੀ ਵਰਤੋਂ ਸਬੰਧੀ ਤਕਨੀਕੀ ਸਹਾਇਤਾ ਦੇ ਰਿਹਾ ਹੈ। ਇਸ ਕੇਂਦਰ ਨੇ ਸਿਖਲਾਈ, ਤਕਨੀਕੀ ਜਾਣਕਾਰੀ, ਪੰਜਾਬੀ ਟਾਈਪਿੰਗ ਅਤੇ ਸਾਫ਼ਟਵੇਅਰਾਂ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਲੇਖਕ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਵਿਕਸਤ ਕੀਤੇ ਸੰਦਾਂ ਵਿੱਚ ਪਲਟਾਵਾ ਫੌਂਟ ਕਨਵਰਟਰ ਐਪ, ਪੀ-ਬੋਰਡ ਪੰਜਾਬੀ ਕੀਬੋਰਡ ਐਪ, ਅੰਗਰੇਜੀ-ਪੰਜਾਬੀ ਕੋਸ਼ ਐਪ ਅਤੇ ਲਿਖਦਾ ਪੰਜਾਬ ਟਾਈਪਿੰਗ ਟਿਊਟਰ ਐਪ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਵੱਲੋਂ ਪੰਜਾਬੀ ਫੌਂਟਾਂ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਨਾਨਕ ਲਿਪੀ ਫੌਂਟ ਪਰਿਵਾਰ ਇਸ ਦੀ ਉੱਘੜਵੀਂ ਮਿਸਾਲ ਹੈ। ਇਸ ਪਰਿਵਾਰ ਵਿੱਚ ਨਾਨਕ ਲਿਪੀ, ਨਾਨਕ ਲਿਪੀ ਉਭਾਰੀ, ਨਾਨਕ ਦਰਬਾਰੀ, ਨਾਨਕ ਪੱਟੀ ਅਤੇ ਨਾਨਕ ਨਾਦ ਵਰਗੇ ਪੰਜ ਫੌਂਟ ਸ਼ਾਮਲ ਹਨ। ਇਨ੍ਹਾਂ ਵਿੱਚ ਛਪਾਈ, ਹੱਥ-ਲਿਖਤ ਅਤੇ ਗੁਰਬਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਕਨੀਕੀ ਪ੍ਰਬੰਧ ਕੀਤੇ ਗਏ ਹਨ।

ਇਸ ਖੇਤਰ ਵਿੱਚ ਉਨ੍ਹਾਂ ਦੀਆਂ ਪੰਜਾਬੀ ਵਿੱਚ ਲਿਖੀਆਂ ਕੰਪਿਊਟਰ ਅਤੇ ਸੂਚਨਾ ਤਕਨਾਲੋਜੀ ਸਬੰਧੀ ਪੁਸਤਕਾਂ ਅਤੇ ਅਖ਼ਬਾਰਾਂ ਵਿੱਚ ਛਪਦੇ ਲੇਖਾਂ ਨੇ ਵੀ ਆਮ ਪਾਠਕ ਨੂੰ ਤਕਨਾਲੋਜੀ ਨਾਲ ਜੋੜਿਆ ਹੈ। ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦਾ ਪੋਰਟਲ ਅਤੇ punjabicomputer.com ਵਰਗੇ ਸਰੋਤ ਪੰਜਾਬੀ ਵਿੱਚ ਕੰਪਿਊਟਰ ਸਿੱਖਣ ਵਾਲਿਆਂ ਲਈ ਲਾਭਕਾਰੀ ਹਨ।

ਡਾ. ਰਾਜਵਿੰਦਰ ਸਿੰਘ, ਡਾ. ਚਰਨਜੀਵ ਸਿੰਘ ਅਤੇ ਲੇਖਕ ਦੇ ਸਾਂਝੇ ਯਤਨਾਂ ਨਾਲ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਪੀਡੀਆ ਪ੍ਰਾਜੈਕਟ ਇਸ ਡਿਜੀਟਲ ਸਫ਼ਰ ਦਾ ਇੱਕ ਮੀਲ ਪੱਥਰ ਹੈ। 26 ਫਰਵਰੀ 2014 ਨੂੰ ਸ਼ੁਰੂ ਹੋਏ ਇਸ ਆਨਲਾਈਨ ਗਿਆਨ-ਕੋਸ਼ ਦਾ ਉਦੇਸ਼ ਪੰਜਾਬੀ ਭਾਸ਼ਾ, ਇਤਿਹਾਸ, ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਜਾਣਕਾਰੀ ਨੂੰ ਇੱਕ ਸਾਂਝੇ ਡਿਜੀਟਲ ਮੰਚ ’ਤੇ ਉਪਲਬਧ ਕਰਵਾਉਣਾ ਹੈ।

ਅੱਜ ਵੱਖ-ਵੱਖ ਮੋਬਾਈਲ ਐਪਸ, ਗੂਗਲ ਲੈਂਜ਼, ਅਨੁਵਾਦ ਸੰਦ, ਪੰਜਾਬੀ ਡਿਕਸ਼ਨਰੀਆਂ, ਵੌਇਸ ਟਾਈਪਿੰਗ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਸਾਧਨ ਪੰਜਾਬੀ ਵਰਤੋਂਕਾਰਾਂ ਲਈ ਨਵੇਂ ਰਾਹ ਖੋਲ੍ਹ ਰਹੇ ਹਨ। ਇਸ ਦੇ ਨਾਲ ਹੀ ਲਿਖਤ ਤੋਂ ਬੋਲ ਅਤੇ ਬੋਲ ਤੋਂ ਲਿਖਤ ਵਿੱਚ ਤਬਦੀਲੀ, ਅਨੁਵਾਦ, ਸਪੈਲ ਚੈੱਕਰ ਅਤੇ ਗਰੈਮਰ ਚੈੱਕਰ ਵਰਗੇ ਸੰਦਾਂ ਦਾ ਹੋਰ ਵਿਕਾਸ ਪੰਜਾਬੀ ਕੰਪਿਊਟਰਕਾਰੀ ਦੀ ਅਗਲੀ ਵੱਡੀ ਲੋੜ ਹੈ। ਡਾ. ਵਿਸ਼ਾਲ ਗੋਇਲ ਅਤੇ ਡਾ. ਗੁਰਪ੍ਰੀਤ ਸਿੰਘ ਜੋਸਨ ਦੇ ਯਤਨਾਂ ਕਾਰਨ ਪੰਜਾਬੀ-ਹਿੰਦੀ ਅਨੁਵਾਦ ਅਤੇ ਗੁਰਮੁਖੀ-ਦੇਵਨਾਗਰੀ ਲਿਪੀਅੰਤਰਨ ਤਕਨਾਲੋਜੀ ਹੋਂਦ ‘ਚ ਆਈ। ਡਾ. ਲਹਿਲ ਦੀ ਅਗਵਾਈ ਹੇਠ ਡਾ. ਤੇਜਿੰਦਰ ਸਿੰਘ ਅਤੇ ਡਾ. ਅੰਕੁਰ ਰਾਣਾ ਦੀ ਅਗਵਾਈ ਹੇਠ ਤਿਆਰ ਕੀਤੇ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਨ ਸਾਫਟਵੇਅਰ ‘ਸੰਗਮ’, ਓਸੀਆਰ ਪ੍ਰਣਾਲੀ, ਆਨਲਾਈਨ ਟਾਈਪਿੰਗ ਸੁਵਿਧਾ, ਆਨਲਾਈਨ ਸਪੈੱਲ ਚੈੱਕਰ ‘ਸੋਧਕ’, www.elearnpunjabi.com ‘ਤੇ ਪੰਜਾਬੀ ਸਿੱਖਣ ਲਈ ਵੀਡੀਓ ਪਾਠ ਆਦਿ ਸ੍ਰੋਤ ਪੰਜਾਬੀ ਪਿਆਰਿਆਂ ਲਈ ਮਦਦਗਾਰ ਸਾਬਤ ਹੋ ਰਹੇ ਹਨ।

ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਡਿਜੀਟਲ ਸਫ਼ਰ ਦੀਆਂ ਕੁਝ ਵੰਗਾਰਾਂ ਵੀ ਹਨ। ਪੰਜਾਬੀ ਵਿੱਚ ਉੱਚ-ਗੁਣਵੱਤਾ ਵਾਲੀ ਡਿਜੀਟਲ ਸਮੱਗਰੀ ਦੀ ਘਾਟ, ਸੋਹਣੀ ਦਿੱਖ ਵਾਲੇ ਯੂਨੀਕੋਡ ਫੌਂਟਾਂ ਦੀ ਤੋਟ, ਪੁਰਾਣੇ ਸਾਹਿਤ ਦੀ ਅਧੂਰੀ ਡਿਜੀਟਾਈਜ਼ੇਸ਼ਨ ਅਤੇ ਆਧੁਨਿਕ ਏਆਈ ਮਾਡਲਾਂ ਵਿੱਚ ਪੰਜਾਬੀ ਦੀ ਸੀਮਤ ਨੁਮਾਇੰਦਗੀ ਗੰਭੀਰ ਮਸਲੇ ਹਨ। ਸੋਸ਼ਲ ਮੀਡੀਆ ’ਤੇ ਗ਼ਲਤ ਜਾਣਕਾਰੀ, ਭਾਸ਼ਾਈ ਅਸ਼ੁੱਧਤਾ, ਅੰਗਰੇਜ਼ੀ ਦੀ ਬੇਲੋੜੀ ਮਿਲਾਵਟ ਅਤੇ ਪੰਜਾਬੀ ਲਿਖਣ ਦੀ ਥਾਂ ਰੋਮਨ ਲਿਪੀ ਦੀ ਵਧਦੀ ਵਰਤੋਂ ਵੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਡਿਜੀਟਲ ਸਾਖਰਤਾ ਦੀ ਘਾਟ, ਸਾਈਬਰ ਧੋਖਾਧੜੀ, ਨਿੱਜਤਾ ਦੀ ਉਲੰਘਣਾ ਅਤੇ ਤਕਨਾਲੋਜੀ ਤੱਕ ਪਹੁੰਚ ਨਾ ਹੋਣਾ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆਈਆਂ ਹਨ। ਡਿਜੀਟਲ ਸੱਥਾਂ ਨੇ ਜਿੱਥੇ ਸੰਵਾਦ ਦੇ ਮੌਕੇ ਵਧਾਏ ਹਨ ਉੱਥੇ ਆਹਮੋ-ਸਾਹਮਣੇ ਬੈਠ ਕੇ ਵਿਚਾਰ-ਵਟਾਂਦਰਾ ਕਰਨ, ਸੁਣਨ ਅਤੇ ਸਾਂਝ ਪਾਉਣ ਵਾਲੀ ਰਵਾਇਤੀ ਸੱਥ ਦੀ ਪਿਰਤ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਇਸ ਸੰਦਰਭ ਵਿੱਚ ਨਵੰਬਰ ਮਹੀਨੇ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਪਹਿਲੀ ਨਵੰਬਰ 1966 ਨੂੰ ਭਾਸ਼ਾਈ ਆਧਾਰ ’ਤੇ ਮੌਜੂਦਾ ਪੰਜਾਬੀ ਸੂਬੇ ਦਾ ਪੁਨਰਗਠਨ ਹੋਇਆ। ਭਾਸ਼ਾ ਵਿਭਾਗ, ਪੰਜਾਬ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਪਹਿਲੀ ਤੋਂ ਤੀਹ ਨਵੰਬਰ ਤੱਕ ਪੰਜਾਬੀ ਮਾਂ-ਬੋਲੀ ਮਹੀਨਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਹਿਤਕ ਸਮਾਗਮਾਂ ਦੇ ਨਾਲ-ਨਾਲ ਪੰਜਾਬੀ ਨੂੰ ਤਕਨਾਲੋਜੀ, ਸਿੱਖਿਆ, ਪ੍ਰਸ਼ਾਸਨ, ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣ ਬਾਰੇ ਵੀ ਗੰਭੀਰ ਵਿਚਾਰ-ਚਰਚਾ ਅਤੇ ਅਮਲ ਹੋਣਾ ਚਾਹੀਦਾ ਹੈ।

ਅੱਜ ਲੋੜ ਹੈ ਕਿ ਪੰਜਾਬੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਲਈ ਖੋਜ, ਨਵੀਆਂ ਐਪਲੀਕੇਸ਼ਨਾਂ, ਭਾਸ਼ਾਈ ਡਾਟਾਬੇਸ, ਏਆਈ ਮਾਡਲਾਂ ਅਤੇ ਨਵੀਂ ਪੀੜ੍ਹੀ ਦੀ ਸਿਖਲਾਈ ਨੂੰ ਹੋਰ ਮਜ਼ਬੂਤ ਕਰਨ। ਸਰਕਾਰ, ਯੂਨੀਵਰਸਿਟੀਆਂ, ਤਕਨੀਕੀ ਮਾਹਿਰਾਂ, ਲੇਖਕਾਂ ਅਤੇ ਪਰਵਾਸੀ ਪੰਜਾਬੀਆਂ ਨੂੰ ਇਸ ਕਾਰਜ ਵਿੱਚ ਸਾਂਝੀ ਭੂਮਿਕਾ ਨਿਭਾਉਣੀ ਪਵੇਗੀ। ਪੰਜਾਬੀ ਨੂੰ ਸਿਰਫ਼ ਸੋਸ਼ਲ ਮੀਡੀਆ ’ਤੇ ਸੁਨੇਹੇ ਭੇਜਣ ਦੀ ਭਾਸ਼ਾ ਨਹੀਂ, ਸਗੋਂ ਗਿਆਨ, ਖੋਜ, ਨਵੀਨਤਾ ਅਤੇ ਆਰਥਿਕ ਵਿਕਾਸ ਦੀ ਭਾਸ਼ਾ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ।

ਅਸਲ ਵਿੱਚ, ਪੰਜਾਬ ਦੀ ਸੱਥ ਅੱਜ ਸਾਈਬਰ ਸੱਥ ਬਣ ਗਈ ਹੈ। ਪਹਿਲਾਂ ਪੰਜਾਬ ਸਿਆਂ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਸਨ, ਅੱਜ ਉਹੀ ਗੱਲਾਂ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀਆਂ ਦੀਆਂ ਡਿਜੀਟਲ ਮਹਿਫ਼ਲਾਂ ਵਿੱਚ ਗੂੰਜ ਰਹੀਆਂ ਹਨ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤਕਨਾਲੋਜੀ ਦੀ ਤੇਜ਼ ਰਫ਼ਤਾਰ ਵਿੱਚ ਪੰਜਾਬੀ ਦੀ ਮੌਲਿਕਤਾ, ਮਿਠਾਸ ਅਤੇ ਸੱਭਿਆਚਾਰਕ ਪਛਾਣ ਕਾਇਮ ਰਹੇ। ਪੰਜਾਬ ਦੀਆਂ ਇਹ ਡਿਜੀਟਲ ਪੈੜਾਂ ਕੇਵਲ ਤਕਨੀਕੀ ਤਰੱਕੀ ਦਾ ਪ੍ਰਤੀਕ ਨਾ ਬਣਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬੀ ਭਾਸ਼ਾ ਦੇ ਸੁਨਹਿਰੀ ਭਵਿੱਖ ਦਾ ਰਾਹ ਵੀ ਪੱਧਰਾ ਕਰਨ। ਸੱਥ ਤੋਂ ਸਾਈਬਰ ਸੱਥ ਅਤੇ ਹੁਣ ਏਆਈ ਤੱਕ ਦਾ ਇਹ ਸਫ਼ਰ ਪੰਜਾਬੀਅਤ ਦੀ ਨਵੀਂ ਇਬਾਰਤ ਲਿਖਣ ਦੀ ਸਮਰੱਥਾ ਰੱਖਦਾ ਹੈ।

 https://www.facebook.com/share/p/1FTNESDg3u/

Punjabi Language, Artificial Intelligence, Digital Transformation, Punjabi Computing, Language Technology, Gurmukhi OCR, Machine Translation, Speech Technology, Digital Preservation, Punjabi Culture, Punjab Singh, Dr. C P Kamboj, Punjabi Computer Help Centre, Punjabi University Patiala


 

Newest
Previous
Next Post »