2015-10-30

ਇੰਜ ਕਰੋ ਆਨ-ਲਾਈਨ (ਜਾਲ-ਸਬੰਧ) ਖ਼ਰੀਦਦਾਰੀ

30-10-2015       
   ਅੰਤਰਜਾਲ (Internet) ਦੇ ਆਉਣ ਨਾਲ ਖ਼ਰੀਦਦਾਰੀ ਦਾ ਇੱਕ ਨਿਵੇਕਲਾ ਵਿਕਲਪ ਸਾਹਮਣੇ ਆਇਆ ਹੈ। ਅੰਤਰਜਾਲ ਦੀ ਬਦੌਲਤ ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦੀ ਮੰਗ ਕੀਤੀ ਜਾ ਸਕਦੀ ਹੈ। 'ਜਾਲ-ਸਬੰਧ' (Online) ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ 'ਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ।
          ਅੱਜ ਆਈ ਫੋਨ, ਐਂਡਰਾਇਡ, ਝਰੋਖਾ ਆਦਿ ਸਮੇਤ ਤਕਰੀਬਨ ਸਾਰੇ ਮੋਬਾਈਲ ਸੈੱਟਾਂ ਲਈ ਅਜਿਹੀਆਂ ਆਦੇਸ਼ਕਾਰੀਆਂ (Apps) ਦਾ ਵਿਕਾਸ ਹੋ ਚੁੱਕਾ ਹੈ ਜਿਨ੍ਹਾਂ ਰਾਹੀਂ ਜਾਲ-ਸਬੰਧ ਖਰੀਦ-ਵੇਚ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਆਨ-ਲਾਈਨ ਸ਼ਾਪਿੰਗ ਇੰਡੀਆ (Online shopping India) ਨਾਂ ਦੀ ਆਦੇਸ਼ਕਾਰੀ ਰਾਹੀ  ਖ਼ਰੀਦਦਾਰੀ ਕਰਨ ਵਾਲੇ ਚੋਟੀ ਦੇ 100 ਜਾਲ-ਟਿਕਾਣਿਆਂ (Websites) ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਜਾਲ-ਟਿਕਾਣੇ ਹਨ:
 • ਫਲਿਪਕਾਰਟ (Flipkart)
 • ਏਬੇਅ (ebay)
 • ਅਮੇਜ਼ਨ ((Amazon)
 • ਸਨੈਪਡੀਲ (Snapdeal)
 • ਮਿੰਤਰਾ (Myntra)
 • ਪੇਅਟਾਈਮ (Paytm)
 • ਮੋਬਿਕਵਿਕ (Mobikwik)
 • ਬੁੱਕਮਾਈਸ਼ੋ (Bookmyshow)
 • ਮੇਕਮਾਈਟਰਿਪ (Makemytrip)
 • ਰੈਡਬੱਸ (Redbus)
 • ਰੈਡਿਫ ਸ਼ਾਪਿੰਗ (Rediff Shopping)
 • ਇੰਡੀਆ ਟਾਈਮਜ਼ ਸ਼ਾਪਿੰਗ (India times Shopping)
 • ਯੇਭੀ (Yebhi)
 • ਹੋਮਸ਼ਾਪ (Homeshope)
 • ਜਾਬੋਂਗ (Jabong)
 • ਨਾਪਤੋਲ (Naaptol)

ਉਕਤ ਜਾਲ-ਟਿਕਾਣਿਆਂ ਵਿਚੋਂ ਹਰੇਕ ਦੀ ਵੱਖਰੀ ਆਦੇਸ਼ਕਾਰੀ ਵੀ ਉਪਲਭਧ ਹੈ ਜਿਸ ਨੂੰ ਐਪ ਸਟੋਰ ਤੋਂ ਉਤਾਰ ਕੇ ਲਾਗੂ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਿਚੋਂ ਕਈ ਵੈੱਬ-ਟਿਕਾਣੇ ਨਿਰੋਲ ਖ਼ਰੀਦਦਾਰੀ ਲਈ ਸੇਵਾਵਾਂ ਜੁਟਾ ਰਹੇ ਹਨ ਤੇ ਕਈਆਂ 'ਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਭਧ ਹੈ। ਵਸਤੂ ਦੀ ਮੰਗ ਦੇਣ ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ। ਇਹਨਾਂ ਜਾਲ-ਟਿਕਾਣਿਆਂ ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ। ਜਾਲ-ਸਬੰਧ ਸਹੂਲਤ ਦੀ ਬਦੌਲਤ ਕੰਪਿਊਟਰ ਦਾ ਸਮਾਨ, ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤਾਂ ਆਦਿ ਸਾਡੀ ਉਂਗਲੀ ਦੀ ਇੱਕ ਛੋਹ ਦੀ ਦੂਰੀ 'ਤੇ ਪਈਆਂ ਜਾਪਦੀਆਂ ਹਨ।
ਆਓ 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ:
ਫਲਿਪਕਾਰਟ (Flipkart)
ਫਲਿਪਕਾਰਟ ਇੱਕ ਜਾਲ-ਸਬੰਧ ਸਟੋਰ ਹੈ ਜਿੱਥੋਂ ਵਸਤਾਂ ਖ਼ਰੀਦਣ ਲਈ ਜਾਲ-ਸਬੰਧ ਮੰਗ ਦਿੱਤੀ ਦਿੱਤਾ ਜਾ ਸਕਦੀ ਹੈ। ਇਸ ਦੀਆ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
 • ਇਸ ਰਾਹੀਂ ਵਸਤਾਂ ਦੀ ਖਰੀਦ-ਵੇਚ ਪਹਿਲਾਂ ਤੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੀਤੀ ਜਾਂਦੀ ਹੈ।
 • ਇਸ ਰਾਹੀਂ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਭੁਗਤਾਨ ਦੀ ਸਹੂਲਤ ਉਪਲਭਧ ਹੈ। ਉਂਝ ਗਾਹਕ ਚਾਹੇ ਤਾਂ ਵਸਤੂ ਦੀ ਪ੍ਰਾਪਤੀ ਸਮੇਂ ਵੀ ਭੁਗਤਾਨ ਕਰ ਸਕਦਾ ਹੈ।
 • ਵੱਖ-ਵੱਖ ਵਸਤਾਂ ਨੂੰ ਲੱਭਣ ਲਈ ਪਾਠ ਅਤੇ ਆਵਾਜ਼ ਆਦਿ ਰਾਹੀਂ ਚੁਸਤ ਖੋਜ ਦੀ ਸਹੂਲਤ ਵੀ ਉਪਲਭਧ ਹੈ।
 • ਇਸ ਵਿਚ ਆਪਣੀ ਮਨਭਾਉਂਦੀ ਵਸਤੂ ਨੂੰ ਉਂਗਲੀ ਦੀ ਛੋਹ ਰਾਹੀਂ ਨੇੜਿਓਂ ਵੇਖਣ, ਮਹਿਸੂਸ ਕਰਨ ਦੀ ਸਹੂਲਤ ਹੈ। ਵਸਤਾਂ ਨੂੰ ਸੂਚੀ, ਗਰਿੱਡ ਅਤੇ ਪੂਰੀ ਸਤਹ (Screen) ਦੇ ਰੂਪ 'ਚ ਵੇਖਿਆ ਜਾ ਸਕਦਾ ਹੈ।
 • ਪੁਣ-ਛਾਣ ਵਿਸ਼ੇਸ਼ਤਾ ਰਾਹੀਂ ਕਿਸੇ ਵਸਤੂ ਦੇ ਗੁਣਾਂ ਨੂੰ ਬਾਰੀਕੀ ਨਾਲ ਜਾਣਿਆ ਜਾ ਸਕਦਾ ਹੈ।
 • ਇਹ ਆਦੇਸ਼ਕਾਰੀ ਗਾਹਕ ਦੇ ਖ਼ਰੀਦ ਇਤਿਹਾਸ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਢੁੱਕਵਾਂ ਸੁਝਾਅ ਦਿੰਦੀ ਹੈ ਜਿਸ ਨਾਲ ਉਸ ਨੂੰ ਖਰੀਦ ਸਮੇਂ ਮਦਦ ਮਿਲਦੀ ਹੈ।
 • ਐਪ ਸਟੋਰ 'ਚ ਚੋਣਵੀਂ ਵਸਤੂ ਦੇ ਟਿਕਾਣੇ ਦੀ ਕੜੀ ਜਾਂ ਚਿਤਰ ਆਦਿ ਨੂੰ ਆਪਣੇ ਮੋਬਾਈਲ 'ਚ ਸੁਰੱਖਿਅਤ ਕਰਨ ਅਤੇ ਆਪਣੇ ਮਿੱਤਰਾਂ ਨਾਲ ਸਾਂਝਾ ਕਰਨ ਦੀ ਵਿਸ਼ੇਸ਼ਤਾ ਹੈ।
 • ਉਂਗਲੀ ਦੀ ਛੂਹ ਰਾਹੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ 'ਇੱਛਾ ਸੂਚੀ'(Wishlist) 'ਚ ਜੋੜਿਆ ਜਾ ਸਕਦਾ ਹੈ।
 • ਇਸ 'ਤੇ ਵਿਭਿੰਨ ਉਤਪਾਦਾਂ ਦੀਆਂ ਕੀਮਤਾਂ ਦੇ ਤੁਲਨਾਤਮਕ ਅਧਿਐਨ ਦੀ ਸਹੂਲਤ ਵੀ ਹੈ।
 • ਆਦੇਸ਼ਕਾਰੀ ਸਾਨੂੰ ਕੁੱਝ ਖ਼ਾਸ ਚੀਜ਼ਾਂ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਵਿਸ਼ੇਸ਼ ਪੇਸ਼ਕਸ਼ਾਂ (Offers) ਸਮੇਂ ਚੇਤਾਵਨੀ ਸਨੇਹਾ ਜਾਰੀ ਕਰਦੀ ਹੈ।

ਏਬੇਅ (ebay)
ਏਬੇਅ ਇੱਕ ਮਹੱਤਵਪੂਰਨ ਜਾਲ-ਸਬੰਧ (Online) ਖਰੀਦ-ਵੇਚ ਭੰਡਾਰ ਹੈ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
 • ਇਸ 'ਤੇ ਵਸਤਾਂ ਖ਼ਰੀਦਣ ਦੇ ਨਾਲ-ਨਾਲ ਵੇਚਣ ਦੀ ਸਹੂਲਤ ਵੀ ਉਪਲਭਧ ਹੈ।
 • ਇਸ 'ਤੇ ਇੱਕ ਤੋਂ ਵੱਧ ਵਸਤਾਂ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਉਨ੍ਹਾਂ ਨੂੰ ਵੇਚਣ ਲਈ ਰੱਖਿਆ ਜਾ ਸਕਦਾ ਹੈ।
 • ਇਸ 'ਤੇ ਵਸਤਾਂ ਲੱਭਣ ਲਈ ਲਕੀਰੀ-ਸੰਕੇਤ-ਪ੍ਰਤੀਬਿੰਬਕ-ਜੰਤਰ (Bar Code Scanner) ਦੀ ਵਰਤੋਂ ਕੀਤੀ ਜਾ ਸਕਦੀ ਹੈ।
 • ਇਸ ਰਾਹੀਂ ਕੰਪਣੀ ਵੱਲੋਂ ਵਿਸ਼ੇਸ਼ ਮੌਕਿਆਂ 'ਤੇ ਕੀਤੀ ਪੇਸ਼ਕਸ਼ ਦੀ ਸੂਚਨਾ ਸਾਨੂੰ ਚੇਤਾਵਨੀ ਸਨੇਹਿਆਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ।
 • ਇਸ ਰਾਹੀਂ ਅਸੀਂ ਮੰਗੇ ਹੋਏ ਸਮਾਨ ਦੀ ਪਹੁੰਚ ਬਾਰੇ ਪੜਾਅ ਵਾਰ ਜਾਣਕਾਰੀ ਹਾਸਲ ਕਰ ਸਕਦੇ ਹਾਂ।
 • ਇਸ 'ਤੇ ਪਰਤਵਾਂ ਸਨੇਹਾ ਭੇਜਣ ਅਤੇ ਏਬੇਅ ਦੇ ਸਵਾਲਾਂ ਦਾ ਜਵਾਬ ਭੇਜਣ ਦੀ ਵਿਸ਼ੇਸ਼ਤਾ ਵੀ ਉਪਲਭਧ ਹੈ।
 • ਇਸ 'ਤੇ ਤੁਹਾਡੇ ਵੱਲੋਂ ਲੱਭੀਆਂ ਮਹੱਤਵਪੂਰਨ ਵਸਤਾਂ ਦੇ ਖੋਜ ਨਤੀਜਿਆਂ ਨੂੰ ਸੁਰੱਖਿਅਤ ਰੱਖਣ ਦਾ ਮਹੱਤਵਪੂਰਨ ਗੁਣ ਹੈ।

ਤਕਨੀਕੀ ਸ਼ਬਦਾਵਲੀ  
 • ਸਚਿਤਰ-ਖੇਡਾਂ: Video Games (ਵੀਡੀਓ ਗੇਮਜ਼)
 • ਸਚਿਤਰ-ਗੱਲਬਾਤ: Video Conference (ਵੀਡੀਓ ਕਾਨਫਰੰਸ)
 • ਸਚਿਤਰ-ਚਾਲਕ: Video Player (ਵੀਡੀਓ ਪਲੇਅਰ)
 • ਸਚਿਤਰ-ਬੈਠਕ: Video Conference (ਵੀਡੀਓ ਕਾਨਫਰੰਸ)
 • ਸੱਚੇ: Templates (ਟੈਂਪਲੇਟਸ)
 • ਸ਼ਜਰਾ: Chart (ਚਾਰਟ)
 • ਸਜਿੰਦ, ਸਜੀਵ: Live (ਲਾਈਵ)
 • ਸਤਹ: Screen (ਸਕਰੀਨ)
 • ਸਤਹ-(-ਬਚਾਅ) ਸੁਰੱਖਿਆ : Screen Security (ਸਕਰੀਨ ਸਿਕਉਰਿਟੀ)
 • ਸਤਹਾਂ: Screens (ਸਕਰੀਨਾਂ)
 • ਸਤਹੀ: On-Screen (ਆਨ-ਸਕਰੀਨ)
 • ਸਤਹੀ-ਕੀ-ਬੋਰਡ: Soft Keyboard (ਸਾਫਟ ਕੀ-ਬੋਰਡ)2015-10-26

ਕੰਪਿਊਟਰ ਸਿਖਾਉਣ ਦੀ ਨਵੀਂ ਯੋਜਨਾ

25-10-2015

ਭਾਰਤ ਸਰਕਾਰ ਨੇ ਕੰਪਿਊਟਰ ਸਿੱਖਣ ਵਾਲਿਆਂ ਲਈ ਇਕ ਨਵੀ ਯੋਜਨਾ ਤਿਆਰ ਕੀਤੀ ਹੈ | ਇਸ ਯੋਜਨਾ ਤਹਿਤ ਹੁਣ ਕੰਪਿਊਟਰ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਅਧਿਆਪਕ ਦੀ ਲੋੜ ਨਹੀਂ ਪਵੇਗੀ | ਆਈ.ਸੀ.ਟੀ. ਐੱਮ.ਐੱਚ.ਆਰ.ਡੀ. ਵੱਲੋਂ 'ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ' ਦੀ ਮਦਦ ਨਾਲ ਪੂਰੇ ਮੁਲਕ ਦੀਆਂ ਯੂਨੀਵਰਸਿਟੀਆਂ ਨੂੰ ਇਕ ਸਾਫ਼ਟਵੇਅਰ ਨਾਲ ਜੋੜਿਆ ਜਾਵੇਗਾ | ਇਸ ਆਨ-ਲਾਈਨ ਸਾਫ਼ਟਵੇਅਰ ਨੂੰ ਵੈੱਬਸਾਈਟ www.spoken-tutorial.org ਤੋਂ ਵਰਤ ਕੇ ਵਿਦਿਆਰਥੀ ਕਿਸੇ ਸਾਫ਼ਟਵੇਅਰ, ਪ੍ਰੋਗਰਾਮਿੰਗ ਭਾਸ਼ਾ ਆਦਿ ਬਾਰੇ ਵੀਡੀਓ ਟਟੋਰੀਅਲ ਵੇਖ ਸਕਦੇ ਹਨ | ਇਸ ਵੈੱਬਸਾਈਟ 'ਤੇ ਪੰਜਾਬੀ 'ਚ 200 ਤੋਂ ਵੱਧ ਵੀਡੀਓ ਪਾਠ ਉਪਲਬਧ ਹਨ |
ਸਟੇਟ ਬੈਂਕ ਆਫ਼ ਪਟਿਆਲਾ ਦੀ ਨਵੀਂ ਸੇਵਾ 
ਅਜੋਕੇ ਸੂਚਨਾ ਤਕਨਾਲੋਜੀ ਦੇ ਦੌਰ 'ਚ ਬੈਂਕ ਆਪਣੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਸਮਾਰਟ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਪਿੱਛੇ ਜਿਹੇ ਸਟੇਟ ਬੈਂਕ ਆਫ਼ ਪਟਿਆਲਾ ਨੇ ਐੱਸ.ਬੀ.ਪੀ. ਕੁਇੱਕ, ਨਾਂਅ ਦੀ ਨਵੀਂ ਸੇਵਾ ਸ਼ੁਰੂ ਕੀਤੀ ਹੈ | ਇਸ ਸੇਵਾ ਰਾਹੀਂ ਗਾਹਕ ਕਿਸੇ ਹੰਗਾਮੀ ਹਾਲਤ ਵਿਚ ਬੈਂਕ ਨਾਲ ਸੰਪਰਕ ਕਰ ਸਕਦਾ ਹੈ, ਬਕਾਇਆ ਰਾਸ਼ੀ ਦਾ ਵੇਰਵਾ ਜਾਣ ਸਕਦਾ ਹੈ ਅਤੇ ਹੋਰਨਾਂ ਮਸਲਿਆਂ ਬਾਰੇ ਪੁੱਛ-ਗਿੱਛ ਕਰ ਸਕਦਾ ਹੈ |
ਇਸ ਸੇਵਾ ਰਾਹੀਂ ਸਟੇਟਮੈਂਟ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਲੋੜ ਪੈਣ 'ਤੇ ਏ.ਟੀ.ਐਮ. ਬਲੌਕ ਕਰਵਾਇਆ ਜਾ ਸਕਦਾ ਹੈ | ਇਸ ਸੇਵਾ ਲਈ ਪਹਿਲੀ ਵਾਰ ਰਜਿਸਟਰੇਸ਼ਨ ਕਰਵਾਉਣ ਦੀ ਲੋੜ ਪੈਂਦੀ ਹੈ | ਰਜਿਸਟਰ ਹੋਣ ਲਈ ਗਾਹਕ ਆਪਣੇ ਫੋਨ ਤੋਂ ਆਰ.ਈ.ਜੀ.ਐੱਸ.ਬੀ.ਪੀ. ਅਤੇ ਖਾਤਾ ਨੰਬਰ ਟਾਈਪ ਕਰਕੇ 09223488888 'ਤੇ ਭੇਜ ਸਕਦਾ ਹੈ | ਸਹਾਇਤਾ ਸਬੰਧੀ ਵੱਖ-ਵੱਖ ਵਿਕਲਪਾਂ ਬਾਰੇ ਜਾਣਕਾਰੀ ਲੈਣ ਲਈ ਹੈਲਪ ਲਿਖ ਕੇ ਫੋਨ ਨੰਬਰ 09223588888 'ਤੇ ਸੰਦੇਸ਼ ਭੇਜਿਆ ਜਾ ਸਕਦਾ ਹੈ | ਬਕਾਇਆ ਰਾਸ਼ੀ ਦਾ ਵੇਰਵਾ ਜਾਣਨ ਲਈ ਫੋਨ ਨੰਬਰ 09223766666 'ਤੇ ਮਿਸ ਕਾਲ ਮਾਰੀ ਜਾ ਸਕਦੀ ਹੈ ਜਾਂ ਫਿਰ 'ਬੀ.ਏ.ਐਲ.' ਲਿਖ ਕੇ ਸੰਦੇਸ਼ ਭੇਜਿਆ ਜਾ ਸਕਦਾ ਹੈ | ਇਸੇ ਤਰ੍ਹਾਂ 'ਐਮ.ਐਸ.ਟੀ.ਐਮ.ਟੀ.' ਲਿਖ ਕੇ ਸੰਦੇਸ਼ ਨੂੰ 09223866666 'ਤੇ 'ਐੱਸ.ਐੱਮ.ਐੱਸ.' ਕਰਨ ਜਾਂ ਮਿਸ ਕਾਲ ਕਰਨ ਨਾਲ ਪਿਛਲੀਆਂ 5 ਸਟੇਟਮੈਂਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਏਟੀਐਮ ਕਾਰਡ ਨੂੰ ਬਲੌਕ ਕਰਵਾਉਣ ਲਈ ਮੈਸੇਜ 'ਚ 'ਬਲੌਕ' ਲਿਖ ਕੇ ਵਿੱਥ ਛੱਡ ਕੇ ਤੇ ਫਿਰ ਆਪਣੇ ਏ.ਟੀ.ਐਮ. ਕਾਰਡ ਦੇ ਅਖੀਰਲੇ ਚਾਰ ਅੱਖਰ ਲਿਖ ਕੇ 567676 'ਤੇ ਐੱਸ.ਐੱਮ.ਐੱਸ. ਕੀਤਾ ਜਾ ਸਕਦਾ ਹੈ |
ਚੰਡੀਗੜ੍ਹ ਟ੍ਰੈਫਿਕ ਪੁਲਿਸ ਲਈ ਮਦਦਗਾਰ ਸਾਬਤ ਹੋਈ ਵਟਸਐਪ 
ਪਿੱਛੇ ਜਿਹੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਪਣੇ ਫੋਨ ਨੰਬਰ 9779580985 'ਤੇ ਵੱਟਸਐਪ ਸੇਵਾ ਸ਼ੁਰੂ ਕੀਤੀ | ਇਸ ਨਿਵੇਕਲੀ ਸੇਵਾ ਦਾ ਮੁੱਖ ਮੰਤਵ ਆਮ ਨਾਗਰਿਕਾਂ ਦੇ ਸਹਿਯੋਗ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣਾ ਹੈ | ਇਸ ਐਪ ਰਾਹੀਂ ਸ਼ਹਿਰ ਦੇ ਨਾਗਰਿਕ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਬਾਰੇ ਸੁਝਾਅ, ਭੀੜ-ਭੜੱਕੇ ਵਾਲੀ ਥਾਂ ਅਤੇ ਦੁਰਘਟਨਾ ਦੀ ਜਾਣਕਾਰੀ ਤਾਂ ਦੇ ਹੀ ਰਹੇ ਹਨ, ਨਾਲ ਸੜਕ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵਿਅਕਤੀ ਦੀ ਫੋਟੋ ਖਿੱਚ ਕੇ ਵੀ ਸਾਂਝੀ ਕਰ ਰਹੇ ਹਨ | ਵੱਟਸਐਪ ਦੀ ਇਹ ਸੇਵਾ ਚਾਲੂ ਕੀਤਿਆਂ ਹਾਲੇ ਥੋੜ੍ਹਾ ਵਕਤ ਹੀ ਹੋਇਆ ਹੈ ਕਿ ਇਸ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ |
ਪੁਲਿਸ ਦੁਆਰਾ ਨੰਬਰ ਜਾਰੀ ਕਰਨ ਤੋਂ ਕੁੱਝ ਹੀ ਦਿਨ ਬਾਅਦ ਤੋਂ ਸ਼ਿਕਾਇਤਾਂ ਦੀ ਲੰਬੀ ਸੂਚੀ ਪ੍ਰਾਪਤ ਹੋਣ ਲੱਗ ਪਈ ਹੈ | ਇਸ ਐਪ ਨਾਲ ਹੁਣ ਤੱਕ 2444 ਲੋਕ ਜੁੜ ਚੁੱਕੇ ਹਨ | ਇਸ ਐਪ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਜ਼ਾਰਾ ਲੋਕਾਂ ਦੀਆਂ ਫ਼ੋਟੋਆਂ ਅੱਪਲੋਡ ਕੀਤੀਆਂ ਜਾ ਚੁੱਕੀਆਂ ਹਨ | ਟ੍ਰੈਫਿਕ ਪੁਲਿਸ ਦੇ ਡੀ.ਐੱਸ.ਪੀ. ਅਨੁਸਾਰ ਨਿਯਮਾਂ ਦੀ ਉਲੰਘਣਾ ਦੇ 300 ਮਾਮਲਿਆਂ ਵਿਚ ਫੋਟੋਆਂ ਸਪਸ਼ਟ ਸੰਕੇਤ ਕਰਦੀਆਂ ਹਨ ਤੇ ਇਨ੍ਹਾਂ ਵਿਚੋਂ 154 ਲੋਕਾਂ ਨੂੰ ਚਲਾਨ ਵੀ ਭੇਜੇ ਜਾ ਚੁੱਕੇ ਹਨ | ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਟ੍ਰੈਫਿਕ ਵਿਵਸਥਾ 'ਚ ਸੁਧਾਰ ਲਿਆਉਣ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਨੂੰ ਯਕੀਨੀ ਬਣਾਉਣਾ ਪਵੇਗਾ |
-ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
www.cpkamboj.com

ਫੋਨ ਘੰਟੀਆਂ ਦਾ ਵੇਰਵਾ ਜਾਣਨ ਲਈ 'ਇੰਡੀਅਨ ਕਾਲਰ ਇਨਫੋ'

23-10-2015
          ਫੋਨ ਘੰਟੀਆਂ ਦਾ ਵੇਰਵਾ ਜਾਣਨ ਲਈ ਪਲੇਅ ਸਟੋਰ 'ਤੇ 'ਇੰਡੀਅਨ ਕਾਲਰ ਇਨਫੋ' (Indian Caller Info) ਨਾਂ ਦੀ ਇੱਕ ਮਹੱਤਵਪੂਰਨ ਆਦੇਸ਼ਕਾਰੀ ਉਪਲਭਧ ਹੈ। ਇਸ ਆਦੇਸ਼ਕਾਰੀ ਨੂੰ ਆਪਣੇ  ਮੋਬਾਈਲ ਵਿਚ ਲਾਗੂ ਕਰਕੇ ਤੁਸੀਂ ਬਾਹਰੋਂ ਆਈਆਂ ਅਤੇ ਕੀਤੀਆਂ ਗਈਆਂ ਫੋਨ ਘੰਟੀਆਂ (Phone Calls) ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
          ਅਣਪਛਾਤੇ ਮੋਬਾਈਲ ਅੰਕਾਂ ਤੋਂ ਬੇਲੋੜੀਆਂ ਤੇ ਇਤਰਾਜ਼ਯੋਗ ਫੋਨ ਘੰਟੀਆਂ ਸਾਡਾ ਸਮਾਂ ਤਾਂ ਬਰਬਾਦ ਕਰਦੀਆਂ ਹੀ ਹਨ ਨਾਲ ਲੜਕੀਆਂ ਦੇ ਮਾਮਲੇ 'ਚ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਖ਼ਤਰਨਾਕ ਸਮਝੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਜੇਕਰ ਸਾਡੇ ਫੋਨ ਵਿਚ ਕੋਈ ਫੋਨ ਆਦੇਸ਼ਕਾਰੀ (App) ਹੋਵੇ ਤਾਂ ਅਸੀਂ ਗੱਲਬਾਤ ਕਰਨ ਵਾਲੇ ਬਾਰੇ ਪੂਰੀ ਜਾਣਕਾਰੀ ਹਾਸਲ ਸਕਦੇ ਹਾਂ।
          ਇਹ ਆਦੇਸ਼ਕਾਰੀ ਗੱਲਬਾਤ ਕਰਨ ਵਾਲੇ ਦਾ ਨਾਮ, ਅੰਕ, ਜਗ੍ਹਾ ਅਤੇ ਸੰਚਾਲਕ (ਜਿਵੇਂ ਕਿ ਬੀਐੱਸਐੱਨਐੱਲ, ਏਅਰਟੈੱਲ, ਆਈਡੀਆ ਆਦਿ) ਬਾਰੇ ਜਾਣਕਾਰੀ ਪ੍ਰਦਾਨ ਕਰਵਾਉਂਦੀ ਹੈ।ਇਹ ਆਦੇਸ਼ਕਾਰੀ ਤੁਹਾਡੇ ਵੱਲੋਂ ਜਵਾਬ (Attend) ਕੀਤੀ ਜਾਣ ਵਾਲੀ ਗੱਲਬਾਤ ਬਾਰੇ ਤੁਰੰਤ ਦੱਸ ਦਿੰਦੀ ਹੈ ਕਿ ਇਹ ਭਾਰਤ ਦੇ ਕਿਹੜੇ ਰਾਜ ਤੋਂ ਆਈ ਹੈ। ਇਹ ਕਿਸੇ ਜ਼ਮੀਨੀ-ਦੂਰਭਾਸ਼-ਜੰਤਰ (Landline Phone) ਤੋਂ ਪ੍ਰਾਪਤ ਹੋਈ ਗੱਲਬਾਤ ਦੇ ਸਬੰਧ ਵਿਚ ਪ੍ਰਾਂਤ, ਸ਼ਹਿਰ, ਜ਼ਿਲ੍ਹਾ ਅਤੇ ਸੰਚਾਲਕ ਬਾਰੇ ਜਾਣਕਾਰੀ ਦੇ ਸਕਦੀ ਹੈ।ਇਹ ਆਦੇਸ਼ਕਾਰੀ ਸਿਰਫ਼ ਭਾਰਤ ਵਿਚ ਹੀ ਵਰਤੋਂਯੋਗ ਹੈ। ਇਹ ਆਦੇਸ਼ਕਾਰੀ ਘੰਟੀਆਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਦਾ ਪਿਛੋਕੜ ਦੱਸਣ ਦੇ ਸਮਰੱਥ ਹੈ। ਇਸ ਰਾਹੀਂ ਕਿਸੇ ਅਣਪਛਾਤੇ ਅੰਕ ਤੋਂ ਆਉਣ ਵਾਲੀਆਂ ਘੰਟੀਆਂ ਦੀ ਘੰਟੀ-ਸੂਚੀ (Call Log) ਬਣਾਈ ਜਾ ਸਕਦੀ ਹੈ।
          ਲਾਗੂ ਕਰਨ ਉਪਰੰਤ ਆਦੇਸ਼ਕਾਰੀ ਨੂੰ ਯਾਦ-ਪੱਤਾ ਜਾਂ ਵਾਪਸ ਫੋਨ ਵਿਚ ਤਬਦੀਲ ਕਰਨ ਦੀ ਸਹੂਲਤ ਹੈ। ਆਦੇਸ਼ਕਾਰੀ ਨੂੰ ਚੁਸਤ ਅਤੇ ਕਾਰਜਸ਼ੀਲ ਰੱਖਣ ਲਈ ਸਮੇਂ-ਸਮੇਂ 'ਤੇ ਜਾਲ (Net) ਰਾਹੀਂ ਉੱਨਤ (Update) ਕਰਨਾ ਜ਼ਰੂਰੀ ਹੈ।
          ਕਿਸੇ ਵਿਸ਼ੇਸ਼ ਵਿਅਕਤੀ ਦਾ ਗੱਲਬਾਤ ਵੇਰਵਾ ਵੇਖਣ ਸਮੇਂ ਇਹ ਆਦੇਸ਼ਕਾਰੀ ਘੰਟੀਆਂ ਦੀ ਕੁੱਲ ਗਿਣਤੀ, ਪ੍ਰਾਪਤ ਘੰਟੀਆਂ, ਕੀਤੀਆਂ ਗਈਆਂ ਘੰਟੀਆਂ ਅਤੇ ਬੇਜਵਾਬ-ਘੰਟੀਆਂ (Missed Calls) ਆਦਿ ਬਾਰੇ ਜਾਣਕਾਰੀ ਗੁਲਾਈ ਗਰਾਫ਼ (Pi Chart) ਰਾਹੀਂ ਦਰਸਾਉਂਦੀ ਹੈ।
          ਇਹ ਆਦੇਸ਼ਕਾਰੀ ਸਭ ਤੋਂ ਪਹਿਲੀ ਗੱਲਬਾਤ ਅਤੇ ਹੁਣੇ-ਹੁਣੇ ਕੀਤੀ ਗੱਲਬਾਤ ਦੇ ਸਮੇਂ ਅਤੇ ਤਾਰੀਖ਼ ਬਾਰੇ ਵੀ ਜਾਣਕਾਰੀ ਦਿੰਦੀ ਹੈ। ਇਸ ਰਾਹੀਂ ਆਉਣ ਅਤੇ ਜਾਣ ਵਾਲੀਆ ਘੰਟੀਆਂ ਦਾ ਕੁੱਲ ਸਮਾਂ ਅਤੇ ਸਭ ਤੋਂ ਲੰਬੀ ਗੱਲਬਾਤ ਦੇ ਸਮੇਂ ਦੀ ਜਾਣਕਾਰੀ ਵੇਖੀ ਜਾ ਸਕਦੀ ਹੈ।
ਤਕਨੀਕੀ ਸ਼ਬਦਾਵਲੀ  
 • ਸਤਰ: Row (ਰੋਅ)
 • ਸਤਰ-ਦੂਰੀ: Line Spacing (ਲਾਈਨ ਸਪੇਸਿੰਗ)
 • ਸਥਿਰ: Static (ਸਟੈਟਿਕ)
 • ਸੱਦ: Call (ਕਾਲ)
 • ਸੱਦ: Phone Call (ਫੋਨ ਕਾਲ)
 • ਸੱਦ-ਸੂਚੀ: Call Log (ਕਾਲ ਲੌਗ)
 • ਸੰਦ-ਬਕਸਾ: Tool Box (ਟੂਲ ਬਾਕਸ)
 • ਸੱਦਾ: Call (ਕਾਲ)
 • ਸੱਦਾ-ਘੰਟੀ: Phone Call (ਫੋਨ ਕਾਲ)
 • ਸੰਨ੍ਹਮਾਰ: Hacker (ਹੈਕਰ)
 • ਸੰਨ੍ਹ-ਮਾਰਨਾ: Hack (ਹੈਕ)
 • ਸੰਪਰਕ: Contacts (ਕਾਨਟੈਕਟਸ)


ਪੰਜਾਬੀ ਸਿੱਖਣ ਲਈ ਵੀਡੀਓ ਸਬਕ

18-10-2015
ਜੇ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਹ ਘੱਟ ਸਮੇਂ ਵਿਚ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਜਾਣਨਾ ਚਾਹੁੰਦਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਵੈੱਬਸਾਈਟ ਨੂੰ ਵਰਤਿਆ ਜਾ ਸਕਦਾ ਹੈ | ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵੱਲੋਂ ਪੂਰਾ ਕੀਤਾ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਵੀਡੀਓ ਸਬਕਾਂ 'ਤੇ ਆਧਾਰਿਤ ਹੈ | ਪੰਜਾਬੀ ਭਾਸ਼ਾ ਬਾਰੇ ਗਿਆਨ ਹਾਸਲ ਕਰਨ ਵਾਲੇ ਵਰਤੋਂਕਾਰ ਕੇਂਦਰ ਦੀ ਵੈੱਬਸਾਈਟ www.pt.learnpunjabi.org ਤੋਂ ਵੀਡੀਓ ਸਬਕ ਵੇਖਣ ਦੇ ਨਾ
ਲ-ਨਾਲ ਮਲਟੀ-ਮੀਡੀਆ ਆਧਾਰਿਤ ਈ-ਪੁਸਤਕਾਂ ਵੀ ਪੜ੍ਹ ਸਕਦੇ ਹਨ |
ਸੋਸ਼ਲ ਮੀਡੀਆ ਬਾਰੇ ਨਵੀਂ ਨੀਤੀ
ਸੋਸ਼ਲ ਮੀਡੀਆ ਜਿਵੇਂ ਕਿ ਵੱਟਸਐਪ, ਫੇਸਬੁਕ, ਟਵੀਟਰ ਆਦਿ ਅਜੋਕੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਹੈ | ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਬਹੁ-ਗਿਣਤੀ ਵਰਤੋਂਕਾਰ ਕਿਸੇ ਸੋਸ਼ਲ ਮੀਡੀਆ ਸਾਫ਼ਟਵੇਅਰ ਨਾਲ ਜੁੜੇ ਹੋਏ ਹਨ | ਸ਼ੁਰੂ ਤੋਂ ਹੀ ਭਾਰਤੀ ਵਰਤੋਂਕਾਰ ਸੋਸ਼ਲ ਮੀਡੀਆ ਦੀ ਆਜ਼ਾਦ ਫ਼ਿਜ਼ਾ ਦਾ ਅਨੰਦ ਮਾਣਦੇ ਰਹੇ ਹਨ | ਨੇਤਾਵਾਂ 'ਤੇ ਰਾਜਸੀ ਚੋਟ ਕਰਨੀ ਹੋਵੇ, ਮਾੜੀ ਵਿਵਸਥਾ ਦੀ ਗੱਲ ਹੋਵੇ ਜਾਂ ਕਿਸੇ ਹੈਰਾਨੀਜਨਕ, ਦਿਲ ਕੰਬਾਊ ਘਟਨਾ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਵੇ, ਹਰ ਥਾਂ 'ਤੇ ਸੋਸ਼ਲ ਮੀਡੀਆ ਸਾਡਾ ਸਾਥ ਨਿਭਾਉਂਦਾ ਆ ਰਿਹਾ ਹੈ |
ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਸਾਈਟਸ ਸੰਚਾਲਕਾਂ ਨੂੰ ਹਰੇਕ ਪੋਸਟ ਦੀ ਘੋਖ-ਪੜਤਾਲ ਕਰਨ ਅਤੇ ਇਤਰਾਜ਼ਯੋਗ ਪੋਸਟਾਂ ਦਾ ਬਿਊਰਾ ਇਕੱਠਾ ਕਰਨ ਦੇ ਹੁਕਮ ਦਿੱਤੇ ਸਨ | ਪਰ ਹੁਣ ਲੋਕਾਂ ਦੇ ਕਰੜੇ ਵਿਰੋਧ ਮਗਰੋਂ ਸਰਕਾਰ ਨੇ ਆਪਣੀ ਨਵੀ ਇੰਸਕਿ੍ਪਸ਼ਨ ਡਰਾਫ਼ਟ ਪਾਲਸੀ ਵਾਪਿਸ ਲੈ ਲਈ ਹੈ | ਹੁਣ ਨਵੇਂ ਡਰਾਫ਼ਟ ਅਨੁਸਾਰ ਸੋਸ਼ਲ ਮੀਡੀਆ ਚਲਾਉਣ ਵਾਲੀ ਹਰੇਕ ਕੰਪਨੀ ਨੂੰ ਹਰੇਕ ਸੰਦੇਸ਼ ਦੀ ਪੜਤਾਲ ਕਰਨ ਦੀ ਬਜਾਏ ਸਿਰਫ 90 ਦਿਨਾਂ ਦੇ ਸੁਨੇਹੇ ਹੀ ਸੰਭਾਲ ਕੇ ਰੱਖਣੇ ਹੋਣਗੇ | 
ਟਵੀਟਰ ਰਾਹੀਂ ਭੇਜੇ ਲੰਬੇ ਸਨੇਹੇ 
ਮਾਈਕਰੋ ਬਲੌਗਿੰਗ ਵੈੱਬਸਾਈਟ ਟਵੀਟਰ ਨੇ ਭੇਜੇ ਜਾਣ ਵਾਲੇ ਸੁਨੇਹਿਆਂ ਦੇ ਅੱਖਰਾਂ ਦੀ ਸੀਮਾ ਵਿਚ ਵਾਧਾ ਕਰ ਦਿੱਤਾ ਹੈ | ਹੁਣ ਇਸ ਰਾਹੀ 140 ਦੀ ਥਾਂ 'ਤੇ 10 ਹਜ਼ਾਰ ਅੱਖਰਾਂ ਦੇ ਸੁਨੇਹੇ ਨੂੰ ਸਿਧਾ ਭੇਜਿਆ ਜਾ ਸਕਦਾ ਹੈ | ਟਵੀਟਰ ਨੇ ਅੱਖਰ ਸੀਮਾ ਦਾ ਵਾਧਾ ਵਰਤੋਕਾਰਾਂ ਦੀ ਵਧਦੀ ਹੋਈ ਮੰਗ ਨੂੰ ਧਿਆਨ 'ਚ ਰੱਖ ਕੇ ਕੀਤਾ ਹੈ | 
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
www.cpkamboj.com

2015-10-15

ਆਪਣੇ ਆਧੁਨਿਕ ਮੋਬਾਈਲ ਰਾਹੀਂ ਦਿਓ ਛਪਾਈ-ਹੁਕਮ

16-10-15
ਛਾਪੇ ਦੀ ਦੁਨੀਆ 'ਚ ਬੇਮਿਸਾਲ ਤਰੱਕੀ ਹੋਈ ਹੈ। ਆਲ੍ਹਾ ਦਰਜੇ ਦੀ ਸਿਆਹੀ-ਫੁਹਾਰ (Inkjet) ਅਤੇ ਲੇਜ਼ਰ-ਕਿਰਣ (Laser) ਤਕਨੀਕ ਨੇ ਸਸਤੀ ਤੇ ਬਿਹਤਰੀਨ ਮਿਆਰ ਵਾਲੀ
ਛਪਾਈ ਦੇ ਮੌਕੇ ਪ੍ਰਦਾਨ ਕੀਤੇ ਹਨ। ਕਾਗ਼ਜ਼ ਦੇ ਦੋਹਾਂ ਪਾਸੇ ਛਪਾਈ ਵਾਲੇ ਦੂਹਰੇ ਛਾਪੇ ਵਾਲੇ ਛਾਪਕ-ਯੰਤਰਾਂ ਅਤੇ ਦੀਰਘ-ਪ੍ਰਦਾਨੀ ਜਾਲਕ੍ਰਮ (Wifi Network) ਰਾਹੀਂ ਛਾਪਾ-ਸੰਕੇਤ (Print Command) ਲੈਣ ਵਾਲੇ ਬਹੁ-ਪ੍ਰਭਾਵੀ-ਛਾਪਾ-ਯੰਤਰਾਂ ਨੇ ਨਵੇਂ ਦਿਸਹੱਦੇ ਪਾਰ ਕੀਤੇ ਹਨ।
ਦੀਰਘ-ਪ੍ਰਦਾਨੀ ਜਾਲਕ੍ਰਮ ਅਤੇ ਡਾਰ ਤਕਨੀਕ (Cloud Technique) ਨੂੰ ਆਧੁਨਿਕ ਫੋਨ ਨਾਲ ਜੋੜਨ ਲਈ ਵਿਗਿਆਨੀਆਂ ਨੇ ਕਈ ਆਦੇਸ਼ਕਾਰੀਆਂ ਤਿਆਰ ਕੀਤੀਆਂ ਹਨ। ਇਹਨਾਂ ਆਦੇਸ਼ਕਾਰੀਆਂ ਰਾਹੀਂ ਤੁਸੀਂ ਆਪਣੇ ਦੀਰਘ-ਪ੍ਰਦਾਨੀ-ਜਾਲਕ੍ਰਮ ਦੇ ਘੇਰੇ 'ਚ ਰੱਖੇ ਦੀਰਘ-ਪ੍ਰਦਾਨੀ  ਆਧਾਰਿਤ ਛਾਪਾ-ਯੰਤਰ ਨੂੰ ਚਲਾ ਸਕਦੇ ਹੋ। ਆਪਣੇ ਗਲਿਆਰੇ 'ਚ ਸਾਂਭੇ ਚਿਤਰਾਂ, ਮਿੱਤਰਾਂ-ਸਬੰਧੀਆਂ ਦੇ ਸੁਨੇਹਿਆਂ, ਅੰਤਰਜਾਲ 'ਤੇ ਖੋਲ੍ਹੇ ਜਾਲ ਪੰਨਿਆਂ ਨੂੰ ਮਿੰਟਾਂ-ਸਕਿੰਟਾਂ 'ਚ ਛਾਪ ਸਕਦੇ ਹੋ। ਇਸ ਮੰਤਵ ਲਈ ਅਲੱਗ-ਅਲੱਗ ਕੰਪਣੀਆਂ ਦੇ ਛਾਪਾ-ਜੰਤਰਾਂ ਦੀਆਂ ਆਦੇਸ਼ਕਾਰੀਆਂ ਵਿਕਸਿਤ ਹੋ ਚੁਕੀਆਂ ਹਨ ਜੋ ਕਿ ਐਪ ਸਟੋਰ 'ਤੇ ਮੁਫ਼ਤ ਉਪਲਭਧ ਹਨ।
ਮੋਬਾਈਲ ਰਾਹੀਂ ਛਾਪਣ ਸਮੇਂ ਇਹ ਯਕੀਨੀ ਬਣਾਓ ਕਿ ਤੁਸੀਂ ਉਸੇ ਦੀਰਘ-ਪ੍ਰਦਾਨੀ-ਜਾਲਕ੍ਰਮ 'ਚ ਹੋ ਜਿਸ ਵਿਚ ਤੁਹਾਡਾ ਛਾਪਕ-ਜੰਤਰ ਪਿਆ ਹੈ। ਕੰਪਿਊਟਰ ਦੀ ਤਰ੍ਹਾਂ ਮੋਬਾਈਲ 'ਚ ਵੀ ਛਾਪ-ਸਥਿਤੀਆਂ ਖੋਲ੍ਹਣ/ਬਦਲਣ ਦੀ ਸਹੂਲਤ ਮੌਜੂਦ ਹੈ। ਰੰਗ, ਨਕਲਾਂ ਦੀ ਗਿਣਤੀ, ਕਾਗਜ਼ ਦੀ ਕਿਸਮ ਆਦਿ ਦੀ ਤਬਦੀਲੀ ਕਰਨ ਉਪਰੰਤ ਤੁਸੀਂ ਆਪਣੇ ਮੋਬਾਈਲ ਤੋਂ ਹੀ ਛਾਪਾ-ਸੰਕੇਤ ਦੇ ਸਕਦੇ ਹੋ।
ਛਪਾਈ ਆਦੇਸ਼ਕਾਰੀਆਂ ਇੱਕ ਤਰ੍ਹਾਂ ਦੀਆਂ ਜੜ੍ਹਨ-ਯੋਗ ਹਨ ਜੋ ਤੁਹਾਡੇ ਆਧੁਨਿਕ ਫੋਨ ਦੀ ਸੰਚਾਲਨ ਪ੍ਰਣਾਲੀ 'ਤੇ ਅਸਾਨੀ ਨਾਲ ਚੜ੍ਹ ਜਾਂਦੀਆਂ ਹਨ। ਇਨ੍ਹਾਂ ਆਦੇਸ਼ਕਾਰੀਆਂ ਦੇ ਉੱਨਤ ਰੂਪ (Update) ਉਪਲਭਧ ਹੋਣ ਦੀ ਸੂਰਤ 'ਚ ਸਾਡੀ ਸਤਹ 'ਤੇ ਸੰਖੇਪ-ਸੂਚਨਾ (Notification) ਆਉਂਦੀ ਹੈ। ਅਸੀਂ ਆਪਣੇ ਮੋਬਾਈਲ 'ਤੇ ਆਪਣੇ-ਆਪ ਤਰੋਤਾਜ਼ਾ (Auto Update) ਦਾ ਵਿਕਲਪ ਵੀ ਦੇ ਕੇ ਰੱਖ ਸਕਦੇ ਹਾਂ।
ਪਲੇਅ ਸਟੋਰ 'ਤੇ ਐੱਚਪੀ, ਸੈਮਸੰਗ ਸਮੇਤ ਹੋਰਨਾਂ ਨਾਮੀ ਕੰਪਣੀਆਂ ਦੇ ਛਾਪਾ-ਜੰਤਰਾਂ ਦੀਆਂ ਆਦੇਸ਼ਕਾਰੀਆਂ ਵੀ ਮੌਜੂਦ ਹਨ। ਇਨ੍ਹਾਂ ਆਦੇਸ਼ਕਾਰੀਆਂ ਰਾਹੀਂ ਉਸ ਕੰਪਣੀ ਦੇ ਕੁੱਝ ਚੋਣਵੇਂ (ਨਮੂਨਾ ਨੰਬਰ ਵਾਲੇ) ਛਾਪਾ-ਜੰਤਰਾਂ ਨਾਲ ਹੀ ਜੁੜਿਆ ਜਾ ਸਕਦਾ ਹੈ ਜਿਨ੍ਹਾਂ ਦੀ ਸੂਚੀ ਐਪ ਸਟੋਰ ਦੇ ਸਬੰਧਿਤ ਪੰਨਿਆਂ 'ਤੇ ਪਾਈ ਗਈ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇਕਰ ਤੁਹਾਡੇ ਕੋਲ ਮੋਬਾਈਲ ਦਾ ਕਿਟ-ਕੈਟ (4.4) ਸੰਸਕਰਣ ਹੈ ਤਾਂ ਤੁਸੀਂ ਬਿਜ-ਛਾਪ (E-Print) ਦਾ ਵਾਧੂ ਲਾਭ ਉਠਾ ਸਕਦੇ ਹੋ।
ਡਾਰ-ਛਾਪਾ (Cloud Print) ਇੱਕ ਨਵੀਂ ਧਾਰਨਾ ਹੈ। ਐਂਡਰਾਇਡ ਲਈ ਡਾਰ-ਛਾਪਾ-ਆਦੇਸ਼ਕਾਰੀ ਉਪਲਭਧ ਹੈ। ਇਸ ਰਾਹੀਂ ਇੱਕ ਢੁਕਵੇਂ ਐਂਡਰਾਇਡ ਫੋਨ ਰਾਹੀਂ ਗੂਗਲ ਡਾਰ ਵਾਲੇ ਛਾਪਾ-ਜੰਤਰ ਨਾਲ ਜੁੜ ਕੇ ਦਸਤਾਵੇਜ਼ ਦੀ ਛਪਾਈ ਕੀਤੀ ਜਾ ਸਕਦੀ ਹੈ। ਡਾਰ-ਛਾਪ ਰਾਹੀਂ ਆਪਣੇ ਚਿਤਰ-ਗਲਿਆਰੇ ਵਿਚਲੇ ਚਿਤਰਾਂ ਨੂੰ ਸਾਂਝਾ ਕਰਕੇ ਛਾਪਾ ਕਰਵਾਇਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਨੂੰ ਐਂਡਰਾਇਡ ਦੇ ਕਿਟ-ਕੈਟ ਸੰਸਕਰਣ 'ਤੇ ਸਫਲਤਾ ਪੂਰਵਕ ਚਲਾਇਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ  

 • ਸੰਗ੍ਰਹਿ-ਡੱਬਾ: Drop Box (ਡਰੌਪ ਬਾਕਸ)
 • ਸੰਗ੍ਰਹਿਣ: Corpus (ਕਾਰਪਸ)
 • ਸੰਗ੍ਰਹਿਣ-ਜੰਤਰ: Storage Device (ਸਟੋਰੇਜ ਡਿਵਾਈਸ)
 • ਸੰਗ੍ਰਹਿਦਸਤਾ, ਸੰਗ੍ਰਹਿ (-ਦਾਨ) -ਬਕਸਾ: Drop Box (ਡਰੌਪ ਬਾਕਸ)
 • ਸੰਗੀਤ-ਸੂਚੀ: Playlist (ਪਲੇਅ ਲਿਸਟ)
 • ਸੰਗੀਤ-ਚਾਲਕ: Music Player (ਮਿਊਜ਼ਿਕ ਪਲੇਅਰ)
 • ਸੰਚਾਲਕ: Operator (ਓਪਰੇਟਰ)
 • ਸੰਚਾਲਨ-ਪ੍ਰਣਾਲੀ: Operating System (ਓਪਰੇਟਿੰਗ ਸਿਸਟਮ)
 • ਸਚਿਤਰ: Video (ਵੀਡੀਓ)
 • ਸਚਿਤਰ (ਚਲ-ਚਿਤਰ-, ਦਰਸ਼ਨੀ-) ਸੱਦ, ਸਚਿਤਰ (ਚਲ-ਚਿਤਰ-, ਦਰਸ਼ਨੀ-) ਗੱਲਬਾਤ: Video Call (ਵੀਡੀਓ ਕਾਲ)
 • ਸਚਿਤਰ-ਉਤਾਰੂ-ਆਦੇਸ਼ਕਾਰੀ: Video Downloader App (ਵੀਡੀਓ ਡਾਊਨਲੋਡਰ ਐਪ)
 • ਸਚਿਤਰ-ਸਾਂਝ-ਜਾਲ-ਟਿਕਾਣਾ: Video Sharing Website (ਵੀਡੀਓ ਸ਼ੇਅਰਿੰਗ ਵੈੱਬਸਾਈਟ)

2015-10-13

ਕੰਪਿਊਟਰ ਸਵਾਲਨਾਮਾ-I

14-10-2015
1.    ਕੰਪਿਊਟਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ?
ਚਾਰਲਸ ਬਾਬੇਜ ਨੂੰ
2.    ਦੁਨੀਆ ਦੇ ਪਹਿਲੇ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਦਾ ਨਾਂ ਕੀ ਹੈ?
ਐਨੀਐਕ
3.   ਭਾਰਤ ਵਿਚ ਵਿਕਸਿਤ ਪਹਿਲੇ ਕੰਪਿਊਟਰ ਦਾ ਨਾਂ ਕੀ ਹੈ?
ਸਿਧਾਰਥ
4.   ਭਾਰਤ ਦਾ ਸਭ ਤੋਂ ਪਹਿਲਾ ਕੰਪਿਊਟਰ ਕਿੱਥੇ ਲਗਾਇਆ ਗਿਆ ?
ਬੰਗਲੌਰ ਦੇ ਮੁੱਖ ਡਾਕਘਰ ਵਿਚ
5.   ਕੰਪਿਊਟਰ ਵਿਚ ਵਰਤੀ ਜਾਣ ਵਾਲੀ ਆਈਸੀ ਚਿੱਪ ਕਿਸ ਦੀ ਬਣੀ ਹੁੰਦੀ ਹੈ ?
ਸਿਲੀਕਾਨ  ਦੀ
6.   ਆਈਸੀ ਦਾ ਪੂਰਾ ਨਾਂ ਕੀ ਹੈ ?
ਇੰਟੇਗ੍ਰੇਟਿਡ ਸਰਕਟ
7.   ਭਾਰਤ ਦੇ ਪਹਿਲੇ ਕੰਪਿਊਟਰ ਰਸਾਲੇ ਦਾ ਨਾਮ ਕੀ ਸੀ?
ਡਾਟਾ ਕਵੈਸਟ
8.   ਦੁਨੀਆ ਦੀ ਪਹਿਲੀ ਕੰਪਨੀ ਜਿਸ ਨੇ ਕੰਪਿਊਟਰ ਵੇਚਣ ਲਈ ਬਣਾਇਆ ਸੀ ?
ਰਮਿੰਗਟਨ ਹੈਂਡ ਕਾਰਪੋਰੇਸ਼ਨ      
9.   ਭਾਰਤ ਦੀ ਸਿਲੀਕਾਨ ਵੈਲੀ ਕਿੱਥੇ ਹੈ ?
ਬੰਗਲੌਰ ਵਿਚ
10. ਆਈਬੀਐੱਮ ਦਾ ਪੂਰਾ ਨਾਂ ਕੀ ਹੈ?
ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ
11.  ਕੰਪਿਊਟਰ ਸਾਫ਼ਟਵੇਅਰ ਵਿਕਾਸਕਰਤਾ ਕੰਪਨੀ ਮਾਈਕਰੋਸਾਫ਼ਟ ਦਾ ਮਾਲਕ ਕੋਣ ਹੈ ?
ਬਿਲ ਗੇਟਸ
12.  ਕੰਪਿਊਟਰ ਵਿਗਿਆਨ ਵਿਚ ਪੀ-ਐੱਚਡੀ ਕਰਨ ਵਾਲਾ ਪਹਿਲਾ ਭਾਰਤੀ ਕੋਣ ਸੀ?
ਡਾ. ਰਾਜਰੈਡੀ
13. ਕੰਪਿਊਟਰ ਦੇ ਪ੍ਰੋਗਰਾਮ ਲਿਖਣ ਲਈ ਵਿਕਸਿਤ ਕੀਤੀ ਪਹਿਲੀ ਭਾਸ਼ਾ ਕਿਹੜੀ ਸੀ ?
ਫੋਰਟਰਾਨ
14. ਪਰਸਨਲ ਕੰਪਿਊਟਰ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਨੇ ਬਣਾਇਆ ?
ਆਈਬੀਐੱਮ ਨੇ
15. ਪਾਕਿਸਤਾਨੀ ਭਰਾਵਾਂ ਵੱਲੋਂ ਵਿਕਸਿਤ ਕੀਤੇ ਪਹਿਲੇ ਕੰਪਿਊਟਰ ਵਾਇਰਸ ਦਾ ਨਾਂ ਕੀ ਸੀ ?
ਬਰੇਨ ਵਾਈਰਸ
16. ਅਪੰਗ ਵਿਅਕਤੀਆਂ ਲਈ ਬਣੇ ਵਿਸ਼ੇਸ਼ ਕੰਪਿਊਟਰ ਦਾ ਕੀ ਨਾਮ ਹੈ ?
ਆਲ ਰਾਈਟ
17. ਆਪਣਾ ਵੈੱਬ ਪੋਰਟਲ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਪਹਿਲੀ ਰਾਜਨੀਤਕ ਪਾਰਟੀ ਕਿਹੜੀ ਹੈ।
ਭਾਰਤੀ ਜਨਤਾ ਪਾਰਟੀ
18. ਇੰਟਰਨੈੱਟ ਨਾਲ ਜੁੜਨ ਵਾਲਾ ਸਭ ਤੋਂ ਪਹਿਲਾ ਤੀਰਥ ਸਥਾਨ ਕਿਹੜਾ ਹੈ?
ਵੈਸ਼ਨੋ ਦੇਵੀ ਮੰਦਿਰ
19. ਦੁਨੀਆ ਦੀ ਪਹਿਲੀ ਮਹਿਲਾ ਕੰਪਿਊਟਰ ਪ੍ਰੋਗਰਾਮਰ ਕੌਣ ਸੀ?
ਏਡਾ ਆਗਸਟਾ 
20.ਇੰਟਰਨੈੱਟ 'ਤੇ ਟੈਲੀਫ਼ੋਨ ਡਾਇਰੈਕਟਰੀ ਉਪਲਬਧ ਕਰਵਾਉਣ ਵਾਲਾ ਸਭ ਤੋਂ ਪਹਿਲਾ ਰਾਜ ਕਿਹੜਾ ਹੈ?
ਸਿੱਕਮ
21.  ਇੰਟਰਨੈੱਟ 'ਤੇ ਦੁਨੀਆ ਦਾ ਸਭ ਤੋਂ ਪਹਿਲਾ ਉਪਨਿਆਸ ਕਿਸ ਨੇ ਲਿਖਿਆ?
ਸਟਿੱਫਲ ਕਿੰਗ (ਰਾਈਡਿੰਗ ਦਾ ਬੁਲੇਟ) ਨੇ
22. ਦੁਨੀਆ ਦੀ ਸਭ ਤੋਂ ਪ੍ਰਸਿੱਧ ਸਾਫ਼ਟਵੇਅਰ ਕੰਪਨੀ ਦਾ ਨਾਂ ਕੀ ਹੈ ?
ਮਾਈਕਰੋਸਾਫ਼ਟ
23. ਕੰਪਿਊਟਰ ਵਿਚ ਸਿਫ਼ਰ ਜਾਂ ਇਕ ਅੰਕ ਨੂੰ ਕੀ ਕਿਹਾ ਜਾਂਦਾ ਹੈ ?
ਬਿੱਟ
24. ਕੇਬੀ (KB) ਦਾ ਪੂਰਾ ਨਾਂ ਕੀ ਹੈ ?
ਕਿੱਲੋ ਬਾਈਟਸ
25. ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਕਿਹੜਾ ਹੈ ?
ਚੀਨ ਦੁਆਰਾ ਤਿਆਰ ਕੀਤਾ ਤਿਆਨਹੇ-2 (Tianhe) ਸੁਪਰ ਕੰਪਿਊਟਰ
26.ਮਿਲੇਨੀਅਮ ਤੋਂ ਕੀ ਭਾਵ ਹੈ ?
1000  ਸਾਲ
27. ਕੰਪਿਊਟਰ ਦੀ ਭੌਤਿਕ ਰਚਨਾ ਨੂੰ ਕੀ ਕਹਿੰਦੇ ਹਨ ?
ਹਾਰਡਵੇਅਰ
28. ਫਲੌਪੀ ਡਿਸਕ ਕਿਹੜੇ-ਕਿਹੜੇ ਆਕਾਰਾਂ 'ਚ ਉਪਲਬਧ ਸੀ ?
ਦੋ ਅਕਾਰਾਂ ਸਾਢੇ ਤਿੰਨ ਇੰਚ ਅਤੇ ਸਵਾ ਪੰਜ ਇੰਚ
29.ਫਲੌਪੀ ਡਿਸਕ ਦੀ ਧਾਰਨ ਸਮਰੱਥਾ ਕਿੰਨੀ ਹੁੰਦੀ ਹੈ?
720 ਕੇਬੀ (KB) ਅਤੇ 1.44 ਐੱਮਬੀ (MB)
30.               ਇਕ ਬਾਈਟ ਕਿੰਨੀਆਂ ਬਿੱਟਸ ਦੇ ਬਰਾਬਰ ਹੁੰਦਾ ਹੈ?
8 ਬਿੱਟਸ
31. ਕੰਪਿਊਟਰ ਦੇ ਦਿਮਾਗ਼ ਨੂੰ ਕੀ ਕਿਹਾ ਜਾਂਦਾ ਹੈ ?
ਸੀਪੀਯੂ
32. ਮੈਗਾਬਾਈਟ ਵਿਚ ਕਿਸ ਨੂੰ ਮਾਪਿਆ ਜਾਂਦਾ ਹੈ ?
ਕੰਪਿਊਟਰ ਦੀ ਯਾਦਦਾਸ਼ਤ ਨੂੰ
33.ਐੱਸਐੱਮਐੱਸ ਦਾ ਪੂਰਾ ਨਾਂ ਕੀ ਹੈ ?
ਸ਼ਾਰਟ ਮੈਸੇਜਿੰਗ ਸਰਵਿਸ
34.ਭਾਰਤ ਵਿਚ ਇੰਟਰਨੈੱਟ ਦੀ ਸ਼ੁਰੂਆਤ ਕਦੋਂ ਹੋਈ ?
1995 ਵਿਚ
35.ਭਾਰਤ ਵਿਚ ਸਭ ਤੋਂ ਪਹਿਲਾਂ ਇੰਟਰਨੈੱਟ ਦੀ ਸੇਵਾ ਕਿਸ ਕੰਪਣੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ?
ਵੀਐੱਸਐੱਨਐੱਲ (ਵਿਦੇਸ਼ ਸੰਚਾਰ ਨਿਗਮ ਲਿਮਟਿਡ)


ਮੋਬਾਈਲ ਆਫ਼ਿਸ

       9 ਅਕਤੂਬਰ, 2015
ਆਧੁਨਿਕ ਮੋਬਾਈਲ 'ਤੇ ਸ਼ਬਦ-ਆਦੇਸ਼ਕਾਰੀ (Word Processor), ਵਿਸਥਾਰੀ-ਤਲ-ਆਦੇਸ਼ਕਾਰੀ (Spreadsheet Program), ਪੇਸ਼ਕਸ਼-ਆਦੇਸ਼ਕਾਰੀ (Presentation Program),  ਆਦਿ ਦੀਆਂ ਸਹੂਲਤਾਂ ਮਾਣਨ ਲਈ ਕਈ ਆਦੇਸ਼ਕਾਰੀਆਂ ਤਿਆਰ ਹੋ ਚੁੱਕੀਆਂ ਹਨ। ਇਹਨਾਂ ਵਿਚੋਂ ਪ੍ਰਮੁੱਖ ਹਨ- ਮਾਈਕਰੋਸਾਫ਼ਟ ਆਫ਼ਿਸ ਮੋਬਾਈਲ, ਆਫ਼ਿਸ ਸੂਟ-7 ਪ੍ਰੋ, ਆਫ਼ਿਸ ਸੂਟ-5 ਫਰੀ, ਕਿੰਗ ਸਾਫ਼ਟ ਆਫ਼ਿਸ ਆਦਿ।
     ਇਨ੍ਹਾਂ ਆਦੇਸ਼ਕਾਰੀਆਂ 'ਚ ਮਾਈਕਰੋਸਾਫ਼ਟ ਆਫ਼ਿਸ ਵਾਂਗ ਦਸਤਾਵੇਜ਼ ਨੂੰ ਖੋਲ੍ਹਣ, ਨਵਾਂ ਦਸਤਾਵੇਜ਼ ਬਣਾਉਣ, ਦਸਤਾਵੇਜ਼ ਦੀ ਕਾਂਟ-ਛਾਂਟ ਕਰਨ ਅਤੇ ਦਸਤਾਵੇਜ਼ ਨੂੰ ਸੋਹਣਾ ਬਣਾ ਕੇ ਭੇਜਣ ਦੀ ਸਹੂਲਤ ਹੈ।
     ਵੱਖ-ਵੱਖ ਆਦੇਸ਼ਕਾਰੀਆਂ ਦੀਆਂ ਸਾਂਝੀਆਂ ਤੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
ਵਰਡ, ਐਕਸੇਲ, ਪਾਵਰ ਪੁਆਇੰਟ, ਓਪਨ ਵਰਡ, ਐਕਸੇਲ ਆਦਿ ਆਦੇਸ਼ਕਾਰੀ 'ਤੇ ਪੀਪੀਟੀ, ਉੱਚਾਵਾਂ-ਮਿਸਲ-ਸਾਂਚਾ,  ਆਰਟੀਐੱਫ, ਟੈਕਸਟ,  ਸੀਐੱਸਵੀ ਆਦਿ ਮਿਸਲ ਰੂਪਾਂ ਨੂੰ ਭਰਵਾਂ ਹੁੰਗਾਰਾ।
ਹਟਾ (Cut), ਉਤਾਰਾ (Copy), ਚੰਮੇੜ (Paste) ਸਮੇਤ ਸੰਪਾਦਨਾ ਦੀਆਂ ਢੇਰਾਂ ਖ਼ੂਬੀਆਂ।
ਸ਼ਬਦ-ਜੋੜ-ਜਾਂਚਕ (Spell Checker) ਅਤੇ ਪੂਰਬ-ਲਿਖਤ (Predictive Typing) ਟਾਈਪਿੰਗ ਦੀਆਂ ਸਹੂਲਤਾਂ।
ਪਾਠ ਨੂੰ ਮੋਟਾ, ਸਤਰਾਂਕਿਤ (Underline), ਟੇਢਾ, ਵਿਵਸਥਿਤ (Allign) ਕਰਨ ਤੋਂ ਲੈ ਕੇ, ਸਤਰ ਦੂਰੀ (Line Spacing), ਗੋਲੇ ਲਗਾਉਣਾ (Bulleting), ਅੰਕ ਲਗਾਉਣਾ (Numbering), ਰੰਗ ਆਦਿ ਬਦਲਣ ਦੀ ਸਹੂਲਤ।
ਮੋਬਾਈਲ ਦੀ ਯਾਦਦਾਸ਼ਤ 'ਚ ਸਾਂਭੀਆਂ ਮਿਸਲਾਂ ਨੂੰ ਖੋਲ੍ਹਣ ਦੇ ਨਾਲ-ਨਾਲ ਦੂਰ ਪਈਆਂ ਬਿਜ-ਲਾਣਵੀਂ ਮਿਸਲਾਂ (Electronic Files) ਤੱਕ ਪਹੁੰਚ ਕਰਨ ਦੀ ਸ਼ਕਤੀਸ਼ਾਲੀ ਸਹੂਲਤ।
ਡਾਰ (Cloud) ਵਿਧੀ ਰਾਹੀਂ ਮਿਸਲਾਂ ਨੂੰ ਮਾਈਕਰੋਸਾਫ਼ਟ ਵਨ-ਡਰਾਈਵ ਆਦਿ ਜਾਲ-ਸਬੰਧ ਭੰਡਾਰਣ (Online) ਟਿਕਾਣਿਆਂ 'ਤੇ ਸਾਂਭਣਾ ਸੰਭਵ।
ਡਾਰ ਰਾਹੀਂ ਕੰਪਿਊਟਰ ਵਿਚ ਤਿਆਰ ਕੀਤੀਆਂ ਮਿਸਲਾਂ ਨੂੰ ਮੋਬਾਈਲ 'ਤੇ ਸੰਪਾਦਨਾ ਕਰਨਾ ਸੰਭਵ।
ਨਵੀਆਂ ਮਿਸਲਾਂ ਨੂੰ ਲੱਭਣ ਲਈ 'ਰੀਸੈਂਟ ਫਾਈਲ ਮੈਨੇਜਰ' ਦੀ ਸਹੂਲਤ। ਇਹ ਫਾਈਲ ਮੈਨੇਜਰ ਆਦੇਸ਼ਕਾਰੀ ਦੀ ਸ਼ੁਰੂਆਤੀ ਸਤਹ 'ਤੇ ਹੈ ਜਿਸ ਵਿਚ ਸੱਜਰੀਆਂ ਮਿਸਲਾਂ ਨੂੰ ਚੁਣ ਕੇ ਖੋਲ੍ਹਿਆ ਜਾ ਸਕਦਾ ਹੈ।
ਵਿਭਿੰਨ ਭਾਸ਼ਾਵਾਂ ਅਤੇ ਫੌਂਟਾਂ ਦੀ ਪੂਰੀ ਸਹੂਲਤ।
ਮੋਬਾਈਲ 'ਤੇ ਪੜ੍ਹੀ ਗਈ ਮਿਸਲ ਨੂੰ 'ਰਿਜ਼ੀਊਮ ਰੀਡਿੰਗ' ਸਹੂਲਤ ਰਾਹੀਂ ਦੁਬਾਰਾ ਖੋਲ੍ਹਣ ਉਪਰੰਤ ਉਸ ਪੰਨੇ 'ਤੇ ਸਿੱਧਾ ਪਹੁੰਚਣ ਦੀ ਵਿਸ਼ੇਸ਼ਤਾ, ਜਿੱਥੋਂ ਵਰਤੋਂਕਾਰ ਨੇ ਪਿਛਲੀ ਵਾਰ ਪੜ੍ਹਨਾ ਛੱਡਿਆ ਸੀ।
ਮਿਸਲ ਸੁਰੱਖਿਆ ਲਈ ਪਛਾਣ-ਸ਼ਬਦ (Password) ਅਤੇ ਹੋਰ ਸਹੂਲਤਾਂ।
ਉੱਚਾਵਾਂ-ਮਿਸਲ-ਸਾਂਚਾ (PDF) ਨੂੰ ਵਰਡ, ਐਕਸੇਲ ਅਤੇ ਪਾਵਰ-ਪੁਆਇੰਟ 'ਚ ਅਤੇ ਇਸ ਦੇ ਉਲਟ ਬਦਲਣ ਦੀ ਸਹੂਲਤ ।
ਐਕਸੇਲ ਅਤੇ ਪਾਵਰ-ਪੁਆਇੰਟ ਦੀਆਂ ਆਧੁਨਿਕ ਵਿਸ਼ੇਸ਼ਤਾਵਾਂ ਜਿਵੇਂ ਕਿ ਪੋਣੀ (Filter), ਸ਼ਰਤੀਆ-ਦਿੱਖ (Conditional Formatting), ਸੰਪਾਦਨਾ, ਸਰਕਵਾਂ-ਬਦਲਾਅ (Slide Transition) ਆਦਿ ਦੀ ਵਿਸ਼ੇਸ਼ਤਾ।
ਐਕਸੇਲ 'ਚ ਬਣੀ ਸੰਪਰਕ ਸੂਚੀ ਨੂੰ  ਸੀਐੱਸਵੀ ਰੂਪ 'ਚ ਬਦਲਣ ਦੀ ਵਿਸ਼ੇਸ਼ਤਾ।
     ਆਫ਼ਿਸ ਮੋਬਾਈਲ ਐਪ ਵਿਚ ਤਿਆਰ ਕੀਤੀਆਂ ਮਿਸਲਾਂ ਨੂੰ ਜਾਲ-ਸਬੰਧ ਭੰਡਾਰਣ ਸਥਾਨ (Cloud) 'ਤੇ ਰੱਖਿਆ ਜਾ ਸਕਦਾ ਹੈ। ਇਸ ਦਾ ਲਾਭ ਇਹ ਹੈ ਕਿ ਤੁਹਾਨੂੰ ਆਪਣਾ ਦਸਤਾਵੇਜ਼ ਯਾਦ-ਪੱਤਾ, ਅੰਕੜਾ-ਕਿੱਲੀ ਆਦਿ ਵਿਚ ਨਾਲ ਲੈ ਕੇ ਨਹੀਂ ਚੱਲਣਾ ਪੈਂਦਾ। ਦਸਤਾਵੇਜ਼ ਨੂੰ ਆਪਣੀ ਸਹੂਲਤ ਅਨੁਸਾਰ ਕਿਸੇ ਹੋਰ ਫੋਨ, ਟੈਬਲੈਟ ਜਾਂ ਪੀਸੀ ਤੋਂ ਹੀ ਖੋਲ੍ਹ ਕੇ ਉਸ ਵਿਚ ਕੰਮ ਕੀਤਾ ਜਾ ਸਕਦਾ ਹੈ।
       ਮਾਇਕਰੋਸਾਫ਼ਟ ਆਫ਼ਿਸ ਆਦੇਸ਼ਕਾਰੀ ਨਾਲ ਅਜਿਹੀ ਸਹੂਲਤ ਜੋੜਨ ਲਈ 'ਆਫ਼ਿਸ 365 ਐਂਡ ਕਲਾਊਡ ਸਟੋਰੇਜ ਇੰਟੈਗ੍ਰੇਸ਼ਨ' ਨਾਂ ਦੇ ਵਾਧੂ ਪੈਕ ਦੀ ਲੋੜ ਪੈਂਦੀ ਹੈ ਜੋ ਕਿ ਗੂਗਲ ਐਪ ਸਟੋਰ 'ਤੇ ਮੁਫ਼ਤ ਉਪਲਭਧ ਹੈ।
ਤਕਨੀਕੀ ਸ਼ਬਦਾਵਲੀ  
ਇੰਦਰਾਜ-ਕਰਨਾ: Register (ਰਜਿਸਟਰ)
ਸਹਿਮਤ: OK (ਓਕੇ)
ਸਹੂਲਤ: Option (ਆਪਸ਼ਨ)
ਸਹੇਜਣਾ: Save (ਸੇਵ)
ਸੰਕੇਤ: Codes (ਕੋਡਜ਼)
ਸੰਕੇਤਾਵਲੀ: Codes (ਕੋਡਜ਼)
ਸਖਤ-ਤਵਾ: Hard Disk (ਹਾਰਡ ਡਿਸਕ)
ਸੰਖਿਆ-ਅੰਕ: Serial Number (ਸੀਰੀਅਲ ਨੰਬਰ)
ਸੰਖੇਪ-ਸਨੇਹਾ-ਸੇਵਾ: SMS (ਐਸਐਮਐਸ)
ਸੰਖੇਪ-ਸੂਚਨਾ: Notification (ਨੋਟੀਫਿਕੇਸ਼ਨ)
ਸੰਗ੍ਰਹਿ: Store (ਸਟੋਰ)

ਸੰਗ੍ਰਹਿ: Corpus (ਕਾਰਪਸ)