ਆਨ-ਲਾਈਨ ਕਲਾਸਾਂ ਲਈ ਜ਼ੂਮ ਐਪ ਚਲਾਉਣਾ ਸਿੱਖੋ/HOW TO USE ZOOM APP FOR ONLINE CLASSES





ਕੋਰੋਨਾ ਦੀ ਕਰੋਪੀ ਕਾਰਨ ਪੜ੍ਹਨ-ਪੜ੍ਹਾਉਣ ਦਾ ਤਰੀਕਾ ਬਿਲਕੁਲ ਬਦਲ ਚੁੱਕਾ ਹੈ। ਆਨ-ਲਾਈਨ ਕਲਾਸਾਂ ਲਾਉਣ ਦੇ ਸਾਫ਼ਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਵੱਡਾ ਮੁਨਾਫ਼ਾ ਕਮਾ ਰਹੀਆਂ ਹਨ। ਅਧਿਆਪਕ ਸੁਰੱਖਿਆ ਸੂਤਰਾਂ ਦੀ ਘੋਖ ਪੜਤਾਲ ਕੀਤੇ ਬਿਨਾਂ ਹੀ ਆਪਣੇ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੀ ਐਪ ਇੰਸਟਾਲ ਕਾਰਨ ਦੇ ਹੁਕਮ ਚਾੜ੍ਹ ਰਹੇ ਹਨ। 

ਕਈ ਲੋਕ ਤਕਨੀਕੀ ਤਜ਼ਰਬੇ ਦੀ ਘਾਟ ਕਾਰਨ ਇਨ੍ਹਾਂ ਐਪਜ਼ ਰਾਹੀਂ ਸਾਈਬਰ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਫਿਰੌਤੀਆਂ ਤੇ ਪਲਨ ਵਾਲੇ ਸਾਈਬਰ ਅਪਰਾਧੀ ਸਰਗਰਮ ਹੋ ਚੁੱਕੇ ਹਨ।
ਵੀਡੀਓ ਕਾਨਫਰੰਸਿੰਗ ਲਈ ਜ਼ੂਮ ਐਪ ਦਾ ਇਸਤੇਮਾਲ ਸਭ ਤੋਂ ਵੱਧ ਹੋ ਰਿਹਾ ਹੈ। ਪਿਛਲੀ ਦਿਨੀਂ ਜ਼ੂਮ ਦੀ ਸੁਰੱਖਿਆ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। 

ਕਈਆਂ ਨੇ ਇਸ ਦਾ ਬਦਲ ਫ਼ਰੀ ਕਾਨਫਰੰਸ ਕਾਲ, ਗੂਗਲ ਹੈਂਗਆਊਟ, ਗੂਗਲ ਮੀਟ, ਗੋ-ਟੂ ਮੀਟਿੰਗ, ਮਾਈਕਰੋਸਾਫ਼ਟ ਟੀਮ, ਸਕਾਇਪ, ਸਿਸਕੋ ਆਦਿ ਦੇ ਰੂਪ ਵਿੱਚ ਲੱਭ ਲਿਆ ਹੈ ਪਰ ਜ਼ਿਆਦਾਤਰ ਲੋਕ ਅੱਜ ਵੀ ਜ਼ੂਮ ਦੀਆਂ ਸੁਰੱਖਿਆ ਸੈਟਿੰਗਜ਼ ਨੂੰ ਅਣਦੇਖਿਆ ਕਰਕੇ ਇਸ ਦੀ ਵਰਤੋਂ ਲਗਾਤਾਰ ਕਰ ਰਹੇ ਹਨ।
ਜੂਮ ਆਡੀਓ-ਵੀਡੀਓ ਸੰਚਾਰ, ਆਨ-ਲਾਈਨ ਮਿਲਣੀ ਤੇ ਚੈਟਿੰਗ ਦੀ ਦੁਨੀਆ ਦੀ ਇੱਕ ਸ਼੍ਰੋਮਣੀ ਐਪ ਹੈ। ਤਕਨੀਕੀ ਠੱਗ ਜ਼ੂਮ ਨੂੰ ਜ਼ਰੀਆ ਬਣਾ ਕੇ ਕੰਪਿਊਟਰ ਜਾਂ ਸਮਾਰਟ ਫ਼ੋਨ ਵਿੱਚ ਸਾਂਭੀ ਨਿੱਜੀ ਜਾਣਕਾਰੀ ਹਥਿਆਉਣ ‘ਚ ਲੱਗੇ ਹੋਏ ਹਨ।
 ਪਿਛਲੇ ਦਿਨੀਂ ਭਾਰਤ ਸਰਕਾਰ ਨੇ ਵੀ ਜ਼ੂਮ ਨੂੰ ਅਸੁਰੱਖਿਅਤ ਐਪ ਐਲਾਨ ਦਿੱਤਾ ਹੈ। ਫਿਰ ਵੀ ਲੋਕ ਆਸਾਨ ਵਰਤੋਂ ਅਤੇ ਮੁਫ਼ਤ ਹੋਣ ਕਾਰਨ ਇਸ ਦਾ ਤਿਆਗ ਨਹੀਂ ਕਰ ਰਹੇ। 

ਸੁਰੱਖਿਆ ਲਈ ਨੁਕਤੇ

  1. ਸਮਾਰਟ ਫੋਨ ਦੀ ਬਜਾਏ ਕੰਪਿਊਟਰ ਐਪ ਦੀ ਵਰਤੋਂ ਕਰੋ। ਜੇਕਰ ਸੰਭਵ ਨਾ ਹੋਵੇ ਤਾਂ ਕੰਪਿਊਟਰ ਜਾਂ ਸਮਾਰਟ ਫੋਨ ‘ਤੇ ਬ੍ਰਾਊਜ਼ਰ ਰਾਹੀਂ ਐਪ ਵਰਤੋ। ਸਮਾਰਟ ਫੋਨ ‘ਤੇ ਐਪ ਦੀ ਵਰਤੋਂ ਘੱਟ ਤੋਂ ਘੱਟ ਕਰੋ।
  2. ਹਰੇਕ ਮੀਟਿੰਗ ਜਾਂ ਮਿਲਣੀ ਦਾ ਵੱਖਰਾ ਯੂਜ਼ਰ ਆਈਡੀ ਅਤੇ ਪਾਸਵਰਡ ਸੈੱਟ ਕਰੋ।
  3. “ਵੇਟਿੰਗ ਰੂਮ” ਦਾ ਵਿਕਲਪ ਚਾਲੂ ਰੱਖੋ। ਅਣਪਛਾਤੇ ਵਿਦਿਆਰਥੀਆਂ ਨੂੰ ਕਲਾਸ ਵਿੱਚ ਦਾਖਲ ਨਾ ਕਰੋ। ਮੀਟਿੰਗ ਤੋਂ ਪਹਿਲਾਂ ਦਾਖਲਾ ਬੰਦ ਕਰ ਦਿਓ ਯਾਨੀਕਿ ਜਦੋਂ ਸਾਰੇ ਹਾਜ਼ਰ ਹੋ ਜਾਣ ਤਾਂ ਮੀਟਿੰਗ ਵਿੱਚ ਦਾਖ਼ਲੇ ‘ਤੇ ਪੱਕੀ ਰੋਕ ਲਾ ਦਿਓ।
  4. “ਜਾਇਨ ਬਿਫੋਰ ਹੌਸਟ” ਵਿਕਲਪ ਬੰਦ ਕਰ ਦਿਓ।
  5. ਮੀਟਿੰਗ/ਕਲਾਸ ਦਾ ਸੱਦਾ ਸਿਰਫ ਚੋਣਵੇਂ ਲੋਕਾਂ ਨੂੰ ਦਿਓ। ਪਾਸਵਰਡ ਵੱਖਰੇ ਤੌਰ ‘ਤੇ ਭੇਜੋ।
  6. ‘ਸਕਰੀਨ ਸ਼ੇਅਰ’ ਦੀ ਵਰਤੋਂ ਸਿਰਫ਼ ਮੇਜ਼ਬਾਨ/ਅਧਿਆਪਕ ਹੀ ਕਰਨ।
  7. ਫਾਈਲਾਂ ਦਾ ਆਦਾਨ-ਪ੍ਰਦਾਨ ਅਤੇ ਰਿਕਾਰਡਿੰਗ ਸਿਰਫ਼ ਜ਼ਰੂਰੀ ਹਾਲਤਾਂ ਵਿਚ ਹੀ ਕੀਤੀ ਜਾਵੇ। ਰਿਕਾਰਡਿੰਗ ਨੂੰ ਸਿੱਧਾ ਸਰਵਰ ‘ਤੇ ਪਾਉਣ ਦੀ ਬਜਾਏ ਲੋਕਲ ਕੰਪਿਊਟਰ ਵਿਚ ਸੇਵ ਕਰੋ।
  8. ਕਲਾਸ ਦੇ ਅਖੀਰ ਵਿਚ “ਲੀਵ ਮੀਟਿੰਗ” ਦੀ ਥਾਂ ‘ਤੇ “ਏਂਡ ਮੀਟਿੰਗ” ‘ਤੇ ਕਲਿੱਕ ਕਰੋ।
  9. “ਜ਼ੂਮ” ਨੂੰ ਵੈੱਬ ਬ੍ਰਾਊਜ਼ਰ ਵਿਚ ਖੋਲ੍ਹਣ ਦੀ ਥਾਂ ‘ਤੇ ਵੱਖਰੀ ਐਪ ਦੇ ਰੂਪ ਵਿਚ ਵਰਤੋ।
  10. ਆਵਾਜ਼ ਜਾਂ ਆਡੀਓ ਦੀ ਕਿਸਮ (ਟੈਲੀਫ਼ੋਨ, ਕੰਪਿਊਟਰ ਜਾਂ ਦੋਹਾਂ) ਦਾ ਚੁਣਾਵ ਪਹਿਲਾਂ ਹੀ ਕਰਕੇ ਰੱਖੋ।
  11. ਹੋਸਟ/ਅਧਿਆਪਕ ਦੇ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੇ ਆਪ ਸ਼ਾਮਿਲ ਹੋਣ ਦਾ ਵਿਕਲਪ ਬੰਦ ਕਰ ਦਿਓ। ਦਾਖ਼ਲੇ ਮੌਕੇ ਵਿਦਿਆਰਥੀਆਂ ਦੀ “ਮਿਊਟ” ਵਾਲੀ ਆਪਸ਼ਨ ਚਾਲੂ ਕਰ ਦਿਓ।
  12. ਚੈਟ ਸੁਨੇਹੇ ਸੇਵ ਕਰਨ ਦੀ ਮਨਾਹੀ ਵਾਲਾ ਵਿਕਲਪ ਚਾਲੂ ਕਰ ਦਿਓ।
  13. ਵਾਈਟ ਬੋਰਡ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ। 
  14. ਕਲਾਸ ਵਿੱਚੋਂ ਕੱਢੇ ਗਏ ਵਿਦਿਆਰਥੀਆਂ ਨੂੰ ਦੁਬਾਰਾ ਸ਼ਾਮਲ ਨਾ ਕਰਨ ਦਾ ਵਿਕਲਪ ਚਾਲੂ ਕਰ ਦਿਓ।
  15. ਵਿਦਿਆਰਥੀਆਂ ਨੂੰ ਆਪਣੀ ਤਸਵੀਰ ਅਤੇ ਡਿਸਪਲੇ ਨੇਮ ਬਦਲਣ ਲਈ ਕਹੋ ਤਾਂ ਜੋ ਤੁਹਾਨੂੰ ਉਨ੍ਹਾਂ ਦੀ ਪਛਾਣ ਹੋ ਸਕੇ।
  16. ਐਪ ਨੂੰ ਲਗਾਤਾਰ ਅੱਪਡੇਟ ਕਰਦੇ ਰਹੋ।
  17. “ਆਲਵੇਜ ਡਿਸਪਲੇ ਪਾਰਟੀਸਪੈਟ ਨੇਮ” ਵਾਲਾ ਵਿਕਲਪ ਚਾਲੂ ਕਰ ਦਿਓ। ਇਸ ਨਾਲ ਤੁਹਾਨੂੰ ਵੀਡੀਓ ਦੌਰਾਨ ਭਾਗੀਦਾਰ ਦਾ ਨਾਂ ਪਛਾਣਨ ‘ਚ ਮਦਦ ਮਿਲੇਗੀ।
  18. ਨਵੀਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ “ਕਲਿੱਕ-ਟੂ-ਵਿਊ ਡਿਟੇਲ” ਵਾਲੇ ਵਿਕਲਪ ਵਿੱਚ ਜਾਹ ਕੇ ਆਈਡੀ ਬਦਲ ਦਿਓ ਤਾਂ ਜੋ ਕਲਾਸ ਦੌਰਾਨ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ।
****************
Importans links 



ਪੰਜਾਬੀ ਯੂਨੀਵਰਸਿਟੀ, ਪਟਿਆਲਾ
www.cpkamboj.com


Previous
Next Post »