ਪੰਜਾਬੀ ਯੂਨੀਵਰਸਿਟੀ ਨੇ ਜਾਰੀ ਕੀਤਾ ਨਵਾਂ ਕੀ-ਬੋਰਡ ਲੇਆਊਟ/PUPKeyboardByDrCPKamboj


ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 23-05-2016


 ਪੰਜਾਬੀ ਯੂਨੀਵਰਸਿਟੀ ਆਪਣੇ ਮਨੋਰਥ ਦੀ ਪੂਰਤੀ ਲਈ ਲਗਾਤਾਰ ਕੰਮ ਕਰ ਰਹੀ ਹੈ। ਪੰਜਾਬੀ ਦੀਆਂ ਸਾ਼ਹਕਾਰ ਰਚਨਾਵਾਂ ਦਾ ਡਿਜ਼ੀਟਲੀਕਰਨ ਪੰਜਾਬੀ ਸਾਫ਼ਟਵੇਅਰਾਂ ਦਾ ਵਿਕਾਸ, ਦਫ਼ਤਰੀ ਕੰਮ-ਕਾਰ ਅਤੇ ਖੋਜ ਥੀਸਿਜ਼ ਟਾਈਪ ਕਰਨ ਲਈ ਮਿਆਰੀ ਯੂਨੀਕੋਡ ਫੌਂਟ ਦੀ ਵਰਤੋਂ, ਪੰਜਾਬੀ ਸਾਫ਼ਟਵੇਅਰਾਂ ਦੀ ਸਿਖਲਾਈ ਮਦਦ ਲਈ ਸਹਾਇਤਾ ਕੇਂਦਰ ਦੀ ਸਥਾਪਨਾ ਨਾਲ ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ।

        ਪਿਛਲੇ ਦਿਨੀਂ ਯੂਨੀਵਰਸਿਟੀ ਨੇ ਇਨਸਕਰਿਪਟ ਕੀ-ਬੋਰਡ ਲੇਆਊਟ 15.1 ਤਿਆਰ ਕਰਕੇ ਇੱਕ ਨਵਾਂ ਮਾਰਕਾ ਮਾਰਿਆ ਹੈ। ਮੌਜੂਦਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਚਿਰੋਕਣੀ ਇੱਛਾ ਸੀ ਕਿ ਪੰਜਾਬੀਆਂ ਕੋਲ ਆਪਣਾ ਮਿਆਰੀ ਕੀ-ਬੋਰਡ ਹੋਵੇ।

        ਹਾਲਾਂਕਿ ਕੀ-ਬੋਰਡ ਲੇਆਊਟ ਦੇ ਖੇਤਰ ਵਿਚ ਇਹ ਕੋਈ ਨਿਵੇਕਲਾ ਕੰਮ ਨਹੀਂ ਹੈ। ਕਈ ਵਰ੍ਹੇ ਪਹਿਲਾਂ ਕੀ-ਬੋਰਡ ਬਣਾਉਣ ਵਾਲੀ ਨਾਮੀ ਕੰਪਨੀ ਟੀਵੀ ਐੱਸ ਨੇ ਅਸੀਸ (ਰਮਿੰਗਟਨ ਆਧਾਰਿਤ) ਕੀ-ਬੋਰਡ ਬਣਾਇਆ ਸੀ।ਇਸ ਤਰ੍ਹਾਂ ਵਿਦੇਸ਼ਾਂ ਵਿਚ ਸ਼ਹੀਦ ਭਗਤ ਸਿੰਘ ਫੋਨੈਟਿਕ ਕੀ-ਬੋਰਡ (ਡੀ.ਆਰ ਚਾਤ੍ਰਿਕ ਫੌਂਟ ਆਧਾਰਿਤ) ਵੀ ਬਣਾਇਆ ਜਾ ਚੁੱਕਾ ਹੈ। ਇਹ ਦੋਹੇਂ ਭੌਤਿਕ ਕੀ-ਬੋਰਡ ਸਨ ਤੇ ਸਿਰਫ਼ ਪੰਜਾਬੀ (ਗੁਰਮੁਖੀ ਲਿਪੀ) ਟਾਈਪ ਕਰਨ ਲਈ ਬਣਾਏ ਗਏ ਸਨ।ਅੰਗਰੇਜ਼ੀ ਟਾਈਪ ਕਰਨ ਦਾ ਵਿਕਲਪ ਨਾ ਹੋਣ ਕਾਰਨ ਇਹ ਕੀ-ਬੋਰਡ ਪ੍ਰਚਲਿਤ ਨਾ ਹੋ ਸਕੇ।

        ਇਸ ਤੋਂ ਬਾਅਦ ਸਾਲ 1986 ਵਿਚ ਭਾਰਤ ਸਰਕਾਰ ਨੇ ਇੱਕ ਅਪਣਾ ਕੀ-ਬੋਰਡ ਲੇਆਊਟ ਤਿਆਰ ਕੀਤਾ, ਜਿਸ ਵਿਚ ਭਾਰਤ ਦੀਆਂ ਸਭਨਾਂ ਭਾਸ਼ਾਵਾਂ ਨੂੰ ਟਾਈਪ ਕੀਤਾ ਜਾ ਸਕਦਾ ਹੈ। ਇਸ ਵਿਚ ਸਮੇਂ-ਸਮੇਂ 'ਤੇ ਸੋਧਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਪਰ ਪੰਜਾਬੀ ਗੁਰਮੁਖੀ ਟਾਈਪ ਕਰਨ ਲਈ ਇਸ ਵਿਚ ਕੁੱਝ ਖ਼ਾਮੀਆਂ ਪਾਈਆਂ ਗਈਆਂ।

        ਪੰਜਾਬੀ ਯੂਨੀਵਰਸਿਟੀ ਇਨ੍ਹਾਂ ਖ਼ਾਮੀਆਂ ਨੂੰ ਦੂਰ ਕਰਕੇ ਸੋਧਿਆ ਹੋਇਆ ਕੀ-ਬੋਰਡ ਬਣਾਉਣ ਵਿਚ ਸਫਲ ਹੋਈ ਹੈ। ਹੁਣ ਪੰਜਾਬੀਆਂ ਕੋਲ ਆਪਣਾ ਯੋਗ ਕੀ-ਬੋਰਡ ਲੇਆਊਟ ਹੈ। ਇਸ ਰਾਹੀਂ ਭਾਰਤ ਦੀਆਂ ਹੋਰਨਾਂ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ।ਇਹ ਇੱਕ ਤਰ੍ਹਾਂ ਨਾਲ ਵਿਗਿਆਨਕ ਕੀ-ਬੋਰਡ ਹੈ।ਇਸ ਉੱਤੇ ਗੁਰਮੁਖੀ ਦੇ ਸਵਰਾਂ ਅਤੇ ਵਿਅੰਜਨਾਂ ਨੂੰ ਅੱਡ-ਅੱਡ ਰੱਖਿਆ ਗਿਆ ਹੈ। ਇਸ ਨਾਲ ਨਵੇਂ ਵਰਤੋਂ ਕਾਰਨ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਉਸ ਦੁਆਰਾ ਟਾਈਪ ਕੀਤਾ ਜਾਣ ਵਾਲਾ ਸਵਰ ਜਾਂ ਵਿਅੰਜਨ ਕਿਹੜੇ ਹਿੱਸੇ ਤੋਂ ਪਾਇਆ ਜਾਣਾ ਹੈ।

        ਭਾਰਤ ਦੀਆਂ ਬਹੁਤੀਆਂ ਭਾਸ਼ਾਵਾਂ ਧੁਨੀਆਤਮਕ ਸ਼੍ਰੇਣੀ ਵਿਚ ਆਉਂਦੀਆਂ ਹਨ। ਇਹੀ ਕਾਰਨ ਹੈ ਕਿ ਇਸ ਕੀ-ਬੋਰਡ 'ਤੇ ਕਿਸੇ ਨੂੰ ਗੁਰਮੁਖੀ ਦਾ '' ਪਾਉਣਾ ਜਾਵੇ ਤਾਂ ਉਹ ਉਸੇ ਬਟਣ ਤੋਂ ਹਿੰਦੀ ਦਾ 'ਕੈ' ਅਤੇ ਇਸੇ ਤਰ੍ਹਾਂ ਬਾਕੀ ਭਾਸ਼ਾਵਾਂ ਦਾ ਇਸੇ ਧੁਨੀ ਵਾਲਾ ਅੱਖਰ ਪਾ ਸਕਦਾ ਹੈ।

        ਇਸ ਦਾ ਇੱਕ ਲਾਭ ਇਹ ਵੀ ਹੈ ਕਿ ਇਸ ਵਿਚ ਕੰਮ ਕਰਨ ਲਈ ਕੋਈ ਵੱਖਰਾ ਸਾਫ਼ਟਵੇਅਰ ਇੰਸਟਾਲ ਕਰਨ ਦੀ ਲੋੜ ਨਹੀਂ।ਕੰਪਿਊਟਰ ਦੇ ਕੰਟਰੋਲ ਪੈਨਲ ਦੇ 'ਲੈਂਗੂਏਜ' ਵਿਕਲਪ ਵਿਚ ਜਾ ਕੇ ਇਨਸਕਰਿਪਟ ਕੀ-ਬੋਰਡ ਨੂੰ ਚਾਲੂ ਕੀਤਾ ਜਾ ਸਕਦਾ ਹੈ।

        ਇਨਸਕਰਿਪਟ ਕੀ-ਬੋਰਡ ਵਿਚ ਸੋਧ ਵਾਲਾ ਕੀ-ਬੋਰਡ ਪੰਜਾਬੀ ਮੂਲ ਦੇ ਯੂ.ਕੇ ਨਿਵਾਸੀ ਬਲਦੇਵ ਸਿੰਘ ਕੰਦੋਲਾ ਵੱਲੋਂ ਵੀ ਬਣਾਇਆ ਜਾ ਚੁੱਕਾ ਹੈ।

        ਯੂਨੀਵਰਸਿਟੀ ਦੇ ਕੀ-ਬੋਰਡ ਲੇਆਊਟ ਵਿਚ ਟਾਈਪ ਕਰਨ ਲਈ ਲੇਆਊਟ ਡਰਾਈਵਰ ਪ੍ਰੋਗਰਾਮ ਹਾਸਲ ਕਰਕੇ ਕੰਪਿਊਟਰ ਵਿਚ ਇੰਸਟਾਲ ਕਰਨ ਦੀ ਲੋੜ ਪਵੇਗੀ। ਕੀ-ਬੋਰਡ ਬਟਣਾਂ ਉੱਤੇ ਲਗਾਉਣ ਲਈ ਗੁਰਮੁਖੀ ਅੱਖਰਾਂ ਦੇ ਸਟਿੱਕਰ ਵੀ ਬਣਵਾਏ ਜਾ ਚੁੱਕੇ ਹਨ ਪਰ ਹਾਲ ਦੀ ਘੜੀ ਇਸ ਨੂੰ ਅਜ਼ਮਾਇਸ਼ ਵਜੋਂ ਯੂਨੀਵਰਸਿਟੀ ਕੈਂਪਸ ਵਿਚ ਹੀ ਵਰਤਣ ਦੀ ਯੋਜਨਾ ਬਣਾਈ ਗਈ ਹੈ।

        ਅਸਲ ਵਿਚ ਪੰਜਾਬੀ ਭਾਸ਼ਾ ਲਈ ਤਿੰਨ ਕੀ-ਬੋਰਡ ਲੇਆਊਟ - ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਪ੍ਰਚਲਿਤ ਹਨ। ਯੂਨੀਵਰਸਿਟੀ ਵੱਲੋਂ ਹੀ ਕੀਤੇ ਸਰਵੇਖਣ ਅਨੁਸਾਰ ਦੁਨੀਆ ਭਰ ਵਿਚ ਫੋਨੈਟਿਕ ਕੀ-ਬੋਰਡ (ਅਨਮੋਲ ਲਿਪੀ) ਵਰਤਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਦਾ ਇੱਕ ਕਾਰਨ ਇਸ ਦੀ ਆਸਾਨ ਵਰਤੋਂ ਹੈ। ਕਿਉਂਕਿ ਇਸ ਦੇ ਲਗਭਗ ਸਾਰੇ ਅੱਖਰ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਪੈਂਦੇ ਹਨ। ਦੂਜਾ ਰਮਿੰਗਟਨ ਕੀ-ਬੋਰਡ ਪਰੰਪਰਾਗਤ ਟਾਈਪ ਰਾਈਟਰ ਵਾਲਾ ਕੀ-ਬੋਰਡ ਹੈ। ਇਸ ਤੇ ਕੰਮ ਕਰਨ ਲਈ ਕਰੜੇ ਅਭਿਆਸ ਦੀ ਜ਼ਰੂਰਤ ਪੈਂਦੀ ਹੈ। ਇਨਸਕਰਿਪਟ ਕੀ-ਬੋਰਡ ਦਾ ਪ੍ਰਚਲਣ ਨਾ ਹੋਣਾ ਇੱਕ ਅਫ਼ਸੋਸਜਨਕ ਪਹਿਲੂ ਹੈ। ਪੰਜਾਬੀ ਯੂਨੀਵਰਸਿਟੀ ਇਸ ਕੀ-ਬੋਰਡ ਨੂੰ ਆਧਾਰ ਬਣਾ ਕੇ ਇਸ ਦੇ ਪ੍ਰਚਾਰ-ਪ੍ਰਸਾਰ ਵਿਚ ਮੋਹਰੀ ਭੂਮਿਕਾ ਨਿਭਾ ਸਕਦੀ ਹੈ।

        ਕਿਹੜਾ ਕੀ-ਬੋਰਡ ਲੇਆਊਟ ਉੱਤਮ ਹੈ ਜਾਂ ਕਿਸ ਦੀ ਵਰਤੋਂ ਕੀਤੀ ਜਾਵੇ ਇਸ ਮਾਮਲੇ ਵਿਚ ਮਾਹਿਰਾਂ ਦਰਮਿਆਨ ਕਈ ਮਤਭੇਦ ਹਨ। ਇੱਕ ਨਵੇਂ ਵਰਤੋਂ ਕਾਰ ਨੂੰ ਦੋਸਤਾਨਾ ਵਾਤਾਵਰਨ ਵਿਚ ਕੰਪਿਊਟਰ ਨਾਲ ਜੋੜਨ ਲਈ ਫੋਨੈਟਿਕ ਕੀ-ਬੋਰਡ ਦਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਮੁਕੱਰਰ ਕੀਤੇ ਮਿਆਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

        ਸਾਡੇ ਸਾਹਮਣੇ ਇੱਕ ਵੱਡੀ ਵੰਗਾਰ ਇਹ ਵੀ ਹੈ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੇ ਮਿਆਰਾਂ ਨੂੰ ਮੰਨਣ ' ਇਨਕਾਰੀ ਹੈ। ਪੰਜਾਬੀ ਸੇਵਾ ਆਯੋਗ ਵੱਲੋਂ ਕਲਰਕਾਂ ਅਤੇ ਡਾਟਾ ਐਂਟਰੀ ਅਪਰੇਟਰਾਂ ਦੇ ਟੈੱਸਟ ਲਈ ਅਸੀਸ ਫੌਂਟ ਵਿਚ ਟਾਈਪ ਕਰਨ ਦੀ ਸ਼ਰਤ ਠੋਕੀ ਗਈ ਹੈ ਜਿਹੜੀ ਕਿ ਸਰਾਂ-ਸਰ ਗ਼ਲਤ ਹੈ। ਮਹਿਕਮੇ ਦਾ ਮੰਤਵ ਟਾਈਪ ਦੀ ਰਫ਼ਤਾਰ ਜਾਂਚਣਾ ਹੈ ਨਾ ਕਿ ਕਿਸੇ ਇੱਕ ਗੈਰ-ਮਿਆਰੀ ਫੌਂਟ ਵਿਚ ਕੰਮ ਕਰਨ ਦੀ ਸ਼ਰਤ ਥੋਪਣਾ ਹੈ।

        ਭਵਿੱਖ ਵਿਚ ਘੱਟੋ-ਘੱਟ ਨਵੇਂ ਵਰਤੋਂਕਾਰ ਹੀ ਪੰਜਾਬੀ ਯੂਨੀਵਰਸਿਟੀ ਦੇ ਕੀ-ਬੋਰਡ ਲੇਆਊਟ ਨੂੰ ਵਰਤਣ ਲੱਗ ਜਾਣ ਤਾਂ ਭਵਿੱਖ ਵਿਚ ਮਿਆਰਾਂ ਦੀ ਇਕਸਾਰਤਾ ਦੀ ਆਸ ਕੀਤੀ ਜਾ ਸਕਦੀ ਹੈ।

--- 0 ---


Previous
Next Post »