ਗੂਗਲ ਦੀਆਂ ਕਾਢਾਂ ਤੇ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ

ਗੂਗਲ ਆਏ ਦਿਨ ਨਵੀਆਂ ਤਕਨੀਕੀ ਕਾਢਾਂ ਕੱਢ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਗੂਗਲ ਦੀ ‘ਗੂਗਲ ਲੈਂਜ਼’ ਐਪ ਕਾਫ਼ੀ ਚਰਚਾ ਵਿੱਚ ਹੈ। ‘ਗੂਗਲ ਲੈਂਜ਼’ ਇਕ ਅਜਿਹੀ ਐਪ ਹੈ, ਜੋ ਚੀਜ਼ਾਂ ਦੀ ਪਛਾਣ ਕਰਕੇ ਉਸ ਦੀ ਲਾਈਵ ਸਰਚ  ਕਰ ਸਕਦੀ ਹੈ। ਇਸ ਨੂੰ ਗੂਗਲ ਫੋਟੋ ਅਤੇ ਗੂਗਲ ਅਸਿਸਟੈਂਟ ਨਾਮ ਦੀਆਂ ਐਪਜ਼ ਨਾਲ ਜੋੜਿਆ ਗਿਆ ਹੈ। ਜਿਉਂ ਹੀ ਕਿਸੇ ਵਸਤੂ ’ਤੇ ਕੈਮਰਾ ਫੋਕਸ ਕੀਤਾ ਜਾਂਦਾ ਹੈ ਤਾਂ ਇਹ ਉਸ ਦਾ ਵਿਸ਼ਲੇਸ਼ਣ ਕਰਕੇ ਇੰਟਰਨੈੱਟ ’ਤੇ ਸਰਚ ਕਰਦੀ ਹੈ ਤੇ ਢੁਕਵੀਂ ਜਾਣਕਾਰੀ ਦਿੰਦੀ ਹੈ। ਉਂਜ ਇਹ ਐਪ ਗੂਗਲ ਦੇ ਆਪਣੇ ‘ਗੂਗਲ ਗੌਗਲਜ਼’ ਦੀ ਤਰ੍ਹਾਂ ਹੈ, ਪਰ ਗੂਗਲ ਲੈਂਜ਼ ਵਿੱਚ ਉਤਮ ਦਰਜੇ ਦੀ ਤਕਨੀਕ ਵਰਤੀ ਗਈ ਹੈ।
ਇਸ ਐਪ ਰਾਹੀਂ ਚੀਜ਼ਾਂ ਦੇ ਬਾਰ ਕੋਡ ਦੀ ਫੋਟੋ ਖਿੱਚਣ ’ਤੇ ਅੱਖ ਝਪਕਦਿਆਂ ਹੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਇਹ ਕਿਤਾਬਾਂ ਜਾਂ ਸੰਗੀਤਕ ਡਿਸਕਾਂ ਦੇ ਕਵਰ ਨੂੰ ਗੂਗਲ ਸਰਚ ਰਾਹੀਂ ਪਛਾਣ ਕੇ ਵੈੱਬ ਖ਼ਜ਼ਾਨੇ ’ਚੋਂ ਜਾਣਕਾਰੀ ਕੱਢ ਲਿਆਉਂਦੀ ਹੈ। ਇਹ ਕਿਸੇ ਲੈਂਡਮਾਰਕ ਜਿਵੇਂ ਮਾਰਗ ਦਰਸ਼ਨ ਚਿੰਨ੍ਹ ਜਾਂ ਮੀਲ ਪੱਥਰ ਨੂੰ ਪਛਾਣ ਕੇ ਉਸ ਦੀ ਗੂਗਲ ਮੈਪ ’ਤੇ ਸਥਿਤੀ ਦੱਸ ਸਕਦੀ ਹੈ। ਇਸ ਐਪ ਵਾਲੇ ਮੋਬਾਈਲ ਦੇ ਕੈਮਰੇ ਨੂੰ ਵਾਈ-ਫਾਈ ਲੇਬਲ ਜਿੱਥੇ ਨੈੱਟਵਰਕ ਦਾ ਨਾਂ ਤੇ ਪਾਸਵਰਡ ਲਿਖਿਆ ਹੋਵੇ, ਉੱਤੇ ਫੋਕਸ ਕਰਨ ਨਾਲ ਫੋਨ ਆਪਣੇ-ਆਪ ਨੈੱਟਵਰਕ ਨਾਲ ਜੁੜ ਜਾਂਦਾ ਹੈ। ਗੂਗਲ ਪਲੇਅ ਸਟੋਰ ’ਤੇ ਇਕ ਐਨਾਲਾਈਸਿਸ ਟੂਲ ਸੈੱਟ ਨਾਂ ਦੀ ਐਪ ਵੀ ਮਿਲ ਜਾਂਦੀ ਹੈ, ਜਿਸ ਦਾ ਕੰਮ ਵੀ ਗੂਗਲ ਲੈਂਜ਼ ਵਰਗਾ ਹੀ ਹੈ। ਦੱਸਣਯੋਗ ਹੈ ਕਿ ਗੂਗਲ ਨੇ ਇਹ ਐਪ 4 ਅਕਤੂਬਰ 2017 ਨੂੰ ਜਾਰੀ ਕੀਤੇ ਓਰੀਓ ਐਂਡਰਾਇਡ 8.1 ਸੰਸਕਰਨ ਵਾਲੇ ਪਿਕਸਲ ਲੜੀ ਦੇ ਸਮਾਰਟ ਫੋਨਾਂ ਵਿੱਚ ਮੁਫ਼ਤ ਦਿੱਤੀ ਸੀ। ਹੁਣ ਗੂਗਲ ਨੇ 2 ਮਾਰਚ 2018 ਨੂੰ ਇਸ ਐਪ ਨੂੰ ਬਾਕੀ ਫੋਨਾਂ ਲਈ ਲਾਂਚ ਕਰ ਦਿੱਤਾ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪੁਰਾਣੇ ਐਂਡਰਾਇਡ ਸੰਸਕਰਨਾਂ ਵਿੱਚ ਇਹ ਕਦੋਂ ਤੋਂ ਡਾਊਨਲੋਡ ਹੋ ਸਕੇਗੀ।
ਡਾ. ਸੀ ਪੀ ਕੰਬੋਜ
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਡੇਟਾ ਦੀ ਚੋਰੀ ਦਾ ਮਾਮਲਾ ਕਾਫੀ ਤੂਲ ਫੜ ਚੁੱਕਾ ਹੈ। ਲੋਕ ਆਪਣੇ ਬਾਰੇ ਨਿੱਜੀ ਜਾਣਕਾਰੀ ਨੂੰ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਗੂਗਲ ਆਦਿ ’ਤੇ ਸਾਂਝਾ ਕਰਨ ’ਚੋਂ ਸੰਕੋਚ ਕਰ ਰਹੇ ਹਨ। ਦੂਜੇ ਪਾਸੇ ਸਬੰਧਤ ਕੰਪਨੀਆਂ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਲੀਕ ਕਰਕੇ ਮੋਟੀ ਕਮਾਈ ਕਰ ਰਹੀਆਂ ਹਨ। ਸਾਈਬਰ ਕੰਪਨੀਆਂ ਦੀ ਮਨਮਾਨੀ ਰੋਕਣ ਲਈ ਯੂਰੋਪੀ ਮੁਲਕਾਂ ਵਿੱਚ ਕੰਮ ਕਰ ਰਹੀ ‘ਨੋਏਬ’ ਨਾਂ ਦੀ ਐੱਨਜੀਓ ਨੇ ਸਖ਼ਤ ਕਾਨੂੰਨ ਲਾਗੂ ਕੀਤਾ ਹੈ। ਇਹ ਸੰਸਥਾ ਯੂਰੋਪ ਵਿੱਚ ‘ਯੂਰੋਪੀਅਨ ਸੈਂਟਰ ਫਾਰ ਡਿਜੀਟਲ ਰਾਈਟਸ’ ਵਜੋਂ ਕੰਮ ਕਰ ਰਹੀ ਹੈ। ਵਰਤੋਂਕਾਰਾਂ ਦੀਆਂ ਡੇਟਾ ਲੀਕ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਸ ਸੰਸਥਾ ਨੇ ਇਸੇ ਵਰ੍ਹੇ ਅਪਰੈਲ ਵਿੱਚ ਇਕ ਅਹਿਮ ਕਾਨੂੰਨ ਘੜਿਆ ਹੈ। 25 ਮਈ 2018 ਨੂੰ ਇਸ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਨੂੰ ਲਾਗੂ ਕਰ ਦਿੱਤਾ ਗਿਆ। ਇਸ ਕਾਨੂੰਨ ਤਹਿਤ ਵਰਤੋਂਕਾਰਾਂ ਨੂੰ ਪੂਰਾ ਅਧਿਕਾਰ ਹੋਵੇਗਾ ਕਿ ਉਹ ਵੈੱਬਸਾਈਟ ਉੱਤੇ ਕਿਹੜੀ ਜਾਣਕਾਰੀ ਪਾਉਣਾ ਜਾਂ ਹਟਾਉਣਾ ਚਾਹੁੰਦੇ ਹਨ। ਸਾਈਬਰ ਕੰਪਨੀਆਂ ਨੂੰ ਨਿੱਜੀ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਨ ਦਾ ਹੱਕ ਨਹੀਂ  ਹੋਵੇਗਾ। ਸੋਸ਼ਲ ਮੀਡੀਆ ਕੰਪਨੀਆਂ ’ਤੇ ਲਗਾਤਾਰ ਦੋਸ਼ ਲੱਗਦੇ ਆ ਰਹੇ ਹਨ ਕਿ ਕੰਪਨੀਆਂ ਵੱਲੋਂ ਵਰਤੋਂਕਾਰਾਂ ’ਤੇ ‘ਅਕਸੈਪਟ’ ਦੀਆਂ ਸ਼ਰਤਾਂ ਥੋਪੀਆਂ ਜਾਂਦੀਆਂ ਹਨ, ਜਿੱਥੇ ਅੱਗੇ ਵਧਣ ਲਈ ਰਿਜੈਕਟ ਕਰਨ ਵਾਲਾ ਕੋਈ ਆਪਸ਼ਨ ਨਹੀਂ ਹੁੰਦਾ। ਜੇ ਉਹ ਪ੍ਰਵਾਨ ਨਹੀਂ ਕਰਦਾ ਤਾਂ ਉਸ ਦਾ ਖਾਤਾ ਜਬਰੀ ਬੰਦ ਕਰ ਦਿੱਤਾ ਜਾਂਦਾ ਹੈ।

Previous
Next Post »