ਏਆਈ ਦੇ ਦੌਰ 'ਚ ਚੌਕੰਨੇ ਰਹਿਣ ਦੀ ਲੋੜ/The need to be vigilant in the era of AI


ਅੱਜ (6 ਫ਼ਰਵਰੀ) ਇੰਟਰਨੈੱਟ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼

ਸਾਈਬਰ ਸੁਰੱਖਿਆ ਦੇ ਨਿਘਾਰ ਦੀ ਭਵਿੱਖਬਾਣੀ ਤੇ ਹੱਲ

: ਡਾ. ਸੀ ਪੀ ਕੰਬੋਜ

ਆਨਲਾਈਨ ਵਿਹਾਰ ’ਤੇ ਕਰੋ ਵਿਚਾਰ, ਸਾਇਬਰ ਖ਼ਤਰਿਆਂ ਤੋਂ ਹੋਵੋ ਹੁਸ਼ਿਆਰ।
ਸਾਈਬਰ ਖ਼ਤਰਿਆਂ ਦੇ ਸਫ਼ਲ ਖਿਡਾਰੀ ਬਣਨ ਲਈ ਚੁਕੰਨਾ ਹੋਣ ਦੀ ਲੋੜ।
ਸੁਚੱਜੇ ਸਾਇਬਰ ਨਾਗਰਿਕ ਬਣਨ ਲਈ ਵਰਤੋਂ ਤੋਂ ਪਹਿਲਾਂ ਗਿਆਨ ਜ਼ਰੂਰੀ।

 

ਇੰਟਰਨੈੱਟ ਸੁਰੱਖਿਆ ਦਿਹਾੜਾ

ਇੰਟਰਨੈੱਟ ਸੁਰੱਖਿਆ ਦਿਹਾੜਾ ਹਰ ਵਰ੍ਹੇ ਫਰਵਰੀ ਦੇ ਦੂਜੇ ਹਫ਼ਤੇ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ ਤੇ ਇਸ ਵਰ੍ਹੇ ਇਹ 6 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇੰਟਰਨੈੱਟ ਸੁਰੱਖਿਅਤ ਦਿਹਾੜੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ 2004 ਵਿੱਚ ਯੂਰਪੀਅਨ ਸੇਫ਼ ਬਾਰਡਰ ਪ੍ਰੋਜੈਕਟ ਤਹਿਤ ਹੋਈ। ਮਗਰੋਂ ਇਸ ਨੂੰ ਇਸੇਫ ਨੈੱਟਵਰਕ ਵੱਲੋਂ ਅਪਣਾ ਲਿਆ ਗਿਆ। ਇਹ ਹੁਣ ਉੱਥੋਂ ਦੀਆਂ ਸਥਾਨਕ ਵਲਗਣਾਂ ਨੂੰ ਪਾਰ ਕਰਦਿਆਂ ਪੂਰੀ ਦੁਨੀਆ ਦੇ ਲਗਭਗ 180 ਮੁਲਕਾਂ ਵਿੱਚ ਮਨਾਇਆ ਜਾਂਦਾ ਹੈ। ਹਰੇਕ ਵਰ੍ਹੇ ਇਸ ਲਈ ਨਵਾਂ ਵਿਸ਼ਾ ਚੁਣਿਆ ਜਾਂਦਾ ਹੈ। ਇਹ ਵਰ੍ਹਾ ਡਿਜੀਟਲ ਸੰਸਾਰ ਵਿੱਚ ਬਦਲਾਅ ਦੀ ਮੁਹਿੰਮ ਨੂੰ ਕੇਂਦਰਤਿ ਕੀਤਾ ਗਿਆ ਹੈ। ਇਸ ਦਿਨ ਨੂੰ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਅਦਾਰਿਆਂ, ਯੂਨੀਵਰਸਿਟੀਆਂ ਤੇ ਖੋਜ ਸੰਸਥਾਨਾਂ ਵਿੱਚ ਇਕੱਤਰਤਾਵਾਂ, ਆਨਲਾਈਨ ਮਿਲਣੀਆਂ, ਗੋਸ਼ਟੀਆਂ ਆਦਿ ਦਾ ਆਯੋਜਨ ਕਰਕੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ।


ਮੰਤਵ 


 
ਇਸ ਦਿਨ ਦਾ ਮੰਤਵ ਕੰਪਿਊਟਰ ਅਤੇ ਇੰਟਰਨੈੱਟ ਦੇ ਵਰਤੋਂਕਾਰਾਂ ਵਿੱਚ ਤਕਨਾਲੋਜੀ ਨੂੰ ਜ਼ਿੰਮੇਵਾਰੀ ਨਾਲ ਵਰਤਣ ਦੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਦਿਹਾੜਾ ਸਾਨੂੰ ਆਨਲਾਈਨ ਵਿਹਾਰ ਉੱਤੇ ਵਿਚਾਰ ਕਰਨ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਦਾ ਚੇਤਾ ਕਰਵਾਉਂਦਾ ਹੈ। ਇਸ ਮੌਕੇ ਸਾਨੂੰ ਸਾਈਬਰ ਖ਼ਤਰਿਆਂ ਦੇ ਸਫਲ ਖਿਡਾਰੀ ਬਣਨ ਅਤੇ ਆਨਲਾਈਨ ਖ਼ਤਰਿਆਂ ਤੋਂ ਬਚਣ ਦੀ ਪ੍ਰੇਰਨਾ ਮਿਲਦੀ ਹੈ। ਇਸ ਦਿਹਾੜੇ ਅੰਤਰਰਾਸ਼ਟਰੀ ਆਨਲਾਈਨ ਮੰਚਾਂ ਰਾਹੀਂ ਡਿਜੀਟਲ ਚੌਗਿਰਦਾ ਸਿਰਜ ਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕਮਮ ਕੀਤਾ ਜਾਂਦਾ ਹੈ।

 AI (Artificial Intelligence- ਮਸ਼ੀਨੀ ਸਿਆਣਪ)


ਅਸੀਂ ਕੰਪਿਊਟਰ, ਇੰਟਰਨੈੱਟ, ਸਮਾਰਟ ਫ਼ੋਨ, ਮਸ਼ੀਨੀ ਸਿਆਣਪ (ਏਆਈ) ਆਦਿ ਤਕਨੀਕਾਂ ਦੀ ਵਰਤੋਂ ਰੋਜ਼ ਮਰਹਾ ਦੀ ਜ਼ਿੰਦਗੀ ਵਿੱਚ ਕਰਦੇ ਹਾਂ। ਨਵੀਂ ਤਕਨਾਲੋਜੀ ਨਾਲ ਸਾਡੀਆਂ ਸੁਖ ਸੁਵਿਧਾਵਾਂ ਵਿੱਚ ਵਾਧਾ ਹੋਇਆ ਹੈ ਤੇ ਅਸੀਂ ਗਲੋਬਲੀ ਸੰਸਾਰ ਨੂੰ ਇੱਕ ਛੋਟਾ ਡਿਜੀਟਲ ਪਿੰਡ ਬਣਾਉਣ ਵਿੱਚ ਸਫਲ ਹੋਏ ਹਾਂ। ਸੋਸ਼ਲ ਮੀਡੀਆ ਰਾਹੀਂ ਦੇਸ਼-ਵਿਦੇਸ਼ ਦੇ ਅਨੇਕਾਂ ਵਿਸ਼ਿਆਂ ਬਾਰੇ ਸਾਨੂੰ ਘਰ ਬੈਠਿਆਂ ਜਾਣਕਾਰੀ ਹਾਸਲ ਹੋ ਰਹੀ ਹੈ। ਪਰ ਇਸ ਦੇ ਦੂਜੇ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਇੰਟਰਨੈੱਟ ਰਾਹੀਂ ਸਾਡੀ ਸਿਹਤ ਤੇ ਮਾੜਾ ਅਸਰ



‘ਯੂਕੇ ਸੇਫ਼ਰ ਇੰਟਰਨੈੱਟ ਸੈਂਟਰ’ ਦੀ ਰਿਪੋਰਟ ਮੁਤਾਬਕ ਅਜੋਕੇ ਨੌਜਵਾਨ ਸਾਈਬਰ ਮੀਡੀਆ ਉੱਤੇ ਗੁਮਰਾਹਕੁੰਨ ਸਮਗਰੀ ਦੇ ਕਲਾਵੇ ਵਿੱਚ ਫਸ ਰਹੇ ਹਨ ਜਿਸ ਕਾਰਨ ਉਹਨਾਂ ਦੀ ਮਾਨਸਿਕ ਸਿਹਤ ਤੇ ਭੈੜਾ ਅਸਰ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਚਿਲਡਰਨਸ ਫ਼ੰਡ (ਯੂਨੀਸੇਫ) ਨੇ ਬੱਚਿਆਂ ਦੀ ਆਨਲਾਈਨ ਭਾਗੀਦਾਰੀ ਤੇ ਚਿੰਤਾ ਪ੍ਰਗਟਾਈ ਹੈ। ਸਾਈਬਰ ਧੱਕੇਸ਼ਾਹੀ, ਸਾਈਬਰ ਸੁਰੱਖਿਆ, ਨਿੱਜੀ ਲੁਕਾਅ ਤੇ ਪਛਾਣ ਆਦਿ ਕੁਝ ਅਜਿਹੇ ਪਹਿਲੂ ਹਨ ਜਿਨ੍ਹਾਂ ਬਾਰੇ ਬੱਚਿਆਂ, ਨੌਜਵਾਨਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਡੀਪ ਫੇਕ (Deep Fake)


ਮਸ਼ੀਨੀ ਸਿਆਣਪ (ਏਆਈ) ਆਧਾਰਤ ਚੈਟ-ਜੀਪੀਟੀ ਵਰਗੇ ਚੈਟਬੌਟ ਅਤੇ ਹੋਰ ਚਲਾਕ-ਮਜਾਜ਼ੀ ਸਾਫ਼ਟਵੇਅਰ ਵਿਕਸਿਤ ਹੋਣ ਨਾਲ ਮਨੁੱਖ ਵੱਲੋਂ ਨਵੀਂ ਕਿਸਮ ਦੇ ਅਪਰਾਧਾਂ ਦੀ ਗ੍ਰਿਫ਼ਤ ਵਿੱਚ ਆਉਣ ਦੀਆਂ ਕਿਆਸ-ਆਰਾਈਆਂ ਲਾਈਆਂ ਜਾ ਰਹੀਆਂ ਹਨ। ਸਾਨੂੰ ਘੋਰ-ਕਪਟ (ਡੀਪ ਫੇਕ) ਰਾਹੀਂ ਜਾਹਲੀ ਆਡੀਓ ਤੇ ਵੀਡੀਓ ਕਲਿੱਪ ਆਉਂਦੇ ਹਨ ਜੋ ਕਿਸੇ ਦੀ ਹੂ-ਬ-ਹੂ ਨਕਲ ਕਰਦੇ ਹਨ। ਇਹ ਲੋਕਾਂ ਨੂੰ ਬਦਨਾਮ ਕਰਨ, ਨੁਕਸਾਨ ਪਹੁੰਚਾਉਣ, ਠੱਗੀ-ਠੋਰੀ ਕਰਨ ਤੇ ਜ਼ਬਰਦਸਤੀ ਕਰਨ ਲਈ ਵਰਤੇ ਜਾਂਦੇ ਹਨ। 

ਚਾਲਕ-ਰਹਿਤ ਗੱਡੀਆਂ
ਕਈ ਸਾਈਬਰ ਅਪਰਾਧੀ ਚਾਲਕ-ਰਹਿਤ ਗੱਡੀਆਂ ਨੂੰ ਹਥਿਆਰ ਵਜੋਂ ਵਰਤਦੇ ਹਨ। ਇਹ ਮਸ਼ੀਨੀ ਸਿਆਣਪ ਆਧਾਰਤ ਅਜਿਹੇ ਵਾਹਨ ਹਨ ਜੋ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧੀਆਂ ਵੱਲੋਂ ਕਾਬੂ ਕੀਵਰਤੇ ਜਾਂਦੇ ਹਨ।

ਏਆਈ ਅਧਾਰਤ ਸੁਨੇਹੇ (AI generated Message)
ਮਸ਼ੀਨੀ ਸਿਆਣਪ ਤਕਨੀਕ ਰਾਹੀਂ ਬਾਖੂਬੀ ਬਣਾਏ ਸੁਨੇਹੇ ਸਾਨੂੰ ਭਰੋਸੇਮੰਦ ਤੇ ਤਸੱਲੀਬਖ਼ਸ਼ ਲੱਗਦੇ ਹਨ। ਇਹ ਸੁਨੇਹੇ ਬਣਾ ਕੇ ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਕਦਰ ਭੇਜੇ ਜਾਂਦੇ ਹਨ ਕਿ ਅਗਲਾ ਅਸਲ-ਨਕਲ ਵਿਚਲਾ ਫ਼ਰਕ ਲੱਭਣ ਦੇ ਅਸਮਰੱਥ ਹੋ ਜਾਂਦਾ ਹੈ।

ਅਸੁਰੱਖਿਅਤ ਲਿੰਕ
ਕਈ ਲਿੰਕ ਸਾਨੂੰ ਕਲਿੱਕ ਕਰਨ ’ਤੇ ਮਜਬੂਰ ਕਰਦੇ ਹਨ ਤੇ ਅਸੀਂ ਕਿਸੇ ਸੁਰੱਖਿਅਤ ਤੇ ਲੋਟੂ ਵੈੱਬਸਾਈਟ ਦੇ ਦਰਵਾਜ਼ੇ ਤੇ ਬਿਨਾਂ ਬੁਲਾਏ ਮਹਿਮਾਨ ਵਾਂਗ ਦਸਤਕ ਦੇਣ ਚਲੇ ਜਾਂਦੇ ਹਾਂ।

ਮਸ਼ੀਨੀ ਸਿਆਣਪ ਆਧਾਰਤ ਮਸ਼ੀਨਾਂ ਤੋਂ ਖਤਰਾ
ਮਸ਼ੀਨੀ ਸਿਆਣਪ ਆਧਾਰਤ ਆਵਾਜਾਈ ਪ੍ਰਣਾਲੀ, ਚਾਲਕ ਰਹਿਤ ਗੱਡੀਆਂ, ਗੱਡੀ ਠਹਿਰਾ ਵਿਵਸਥਾ, ਡਾਕਟਰੀ ਮਸ਼ੀਨਾਂ, ਚੋਟਬੌਟਾਂ ਲਈ ਖ਼ੁੱਦ ਮਸ਼ੀਨੀ ਸਿਆਣਪ ਹੀ ਖ਼ਤਰੇ ਦੀ ਘੰਟੀ ਸਾਬਤ ਹੋ ਸਕਦੀ ਹੈ। ਸਾਇਬਰ ਅਪਰਾਧੀ ਜੇਕਰ ਮਸ਼ੀਨੀ ਸਿਆਣਪ ਆਧਾਰਤ ਮਸ਼ੀਨਾਂ ਨੂੰ ਨਿਸ਼ਾਨਾ ਬਣਾ ਬਣਾਉਂਦੇ ਹਨ ਤਾਂ ਇਸ ਦੇ ਬੜੇ ਭਿਆਨਕ ਸਿੱਟੇ ਨਿਕਲਣਗੇ।

ਡਾਟੇ ਦੀ ਦੁਰਵਰਤੋਂ
ਸਾਇਬਰ ਅਪਰਾਧੀ, ਮਸ਼ੀਨੀ ਸਿਆਣਪ ਨੂੰ ਆਧਾਰ ਬਣਾ ਕੇ ਵਰਤੋਂਕਾਰਾਂ ਦੇ ਡਾਟੇ ਦਾ ਵੱਡਾ ਜ਼ਖ਼ੀਰਾ ਇਕੱਠਾ ਕਰ ਸਕਦੇ ਹਨ ਤੇ ਫਿਰ ਉਸ ਦਾ ਵਿਸ਼ਲੇਸ਼ਣ ਕਰਕੇ ਫਿਰੌਤੀ ਮੰਗਣ ਤੇ ਡਾਟੇ ਦੀ ਦੁਰਵਰਤੋਂ ਕਰਨ ਵਾਲੇ ਪ੍ਰੋਗਰਾਮ ਬਣਾ ਸਕਦੇ ਹਨ।

ਏਆਈ ਅਧਾਰਤ ਲੇਖਕ
ਮਸ਼ੀਨੀ ਸਿਆਣਪ ਨਾਲ ਲੈਸ ਮਸ਼ੀਨੀ ਲੇਖਕ ਅਜਿਹੀਆਂ ਜਾਅਲੀ ਖ਼ਬਰਾਂ ਲਿਖ ਸਕਦੇ ਹਨ ਜੋ ਮੌਜੂਦਾ ਹਾਲਾਤ ਵਿੱਚ ਆਮ ਬੰਦੇ ਲਈ ਬਿਲਕੁਲ ਅਸਲ ਲੱਗ ਸਕਦੀਆਂ ਹਨ। ਇਸ ਕਦਰ ਕੀਤੇ ਮਸ਼ੀਨੀ ਸਿਆਣਪ ਅਧਾਰਤ ਕੂੜ-ਪ੍ਰਚਾਰ ਰਾਹੀਂ ਅਸਲ ਤੇ ਨਕਲ ਵਿਚਲੇ ਭੇਦ ਨੂੰ ਜਾਣਨ ਵਿੱਚ ਵੱਡੀ ਔਖ ਪੈਦਾ ਹੋਵੇਗੀ।

ਅਗਾਮੀ ਅੰਦਾਜ਼ਾ ਲਾਉਣਾ ਔਖਾ
ਮਸ਼ੀਨੀ ਸਿਆਣਪ ਪ੍ਰਤੀ ਅਗਾਮੀ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਪਰ ਸਾਨੂੰ ਇਸ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਹੁਣ ਤੋਂ ਸੁਚੇਤ ਹੋਣਾ ਪਵੇਗਾ ਤੇ ਇੱਥੇ ਦਿੱਤੇ ਕੁਝ ਨੁਕਤੇ ਧਿਆਨ ਵਿੱਚ ਰੱਖਣੇ ਪੈਣਗੇ:

  1. ਪਾਸਵਰਡ ਤਾਕਤਵਰ ਰੱਖੋ, ਸਮੇਂ-ਸਮੇਂ ’ਤੇ ਇਸ ਨੂੰ ਬਦਲਦੇ ਰਹੋ। ਇਸ ਨੂੰ ਲੁਕਾ ਕੇ ਰੱਖੋ। ਪਾਸਵਰਡ ਮੈਨੇਜਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਹੜਾ ਪਾਸਵਰਡ ਬਣਾਉਣ ਅਤੇ ਉਸ ਨੂੰ ਸਾਂਭਣ ਦੇ ਕੰਮ ਆਉਂਦਾ ਹੈ।
  2. ਆਪਣੇ ਖਾਤੇ ਉੱਤੇ ਬਹੁ-ਪਰਤੀ ਪ੍ਰਮਾਣਿਕਤਾ (ਟੂ-ਸਟੈੱਪ ਅਥੈਂਟੀਕੇਸ਼ਨ) ਲਗਾ ਕੇ ਰੱਖੋ। ਇਹ ਇੱਕ ਅੱਡ ਕੋਡ ਜਾਂ ਫ਼ੋਨ ਰਾਹੀਂ ਲੋਗਨ ਕਰਨ ਲਈ ਸੁਰੱਖਿਆ ਦੀ ਵਾਧੂ ਪਰਤ ਦਿੰਦੀ ਹੈ।
  3. ਆਨਲਾਈਨ ਬੈਂਕਿੰਗ ਜਾਂ ਖ਼ਰੀਦਦਾਰੀ ਸਮੇਂ ਸੁਰੱਖਿਅਤ ਨੈੱਟਵਰਕ ਕਨੈਕਸ਼ਨ ਅਤੇ ਵੀਪੀਐੱਨ ਦੀ ਵਰਤੋਂ ਕਰੋ। ਜਨਤਕ ਵਾਈ-ਫਾਈ ਦੀ ਵਰਤੋਂ ਤੋਂ ਕੁਰੇਜ ਕਰੋ।
  4. ਸੁਰੱਖਿਅਤ ਤੇ ਸਹੀ ਵੈੱਬਸਾਈਟਾਂ ਹੀ ਖੋਲ੍ਹੋ।
  5. ਸਿਰਨਾਵਾਂ ਪੱਟੀ ਉੱਤੇ ਐਚਟੀਟੀਪੀਐੱਸ ਪ੍ਰੋਟੋਕਾਲ ਅਤੇ ਤਾਲੇ ਦੇ ਚਿੰਨ੍ਹ ਨੂੰ ਯਕੀਨੀ ਬਣਾਓ।
  6. ਓਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ਼, ਐਂਡਰਾਇਡ ਆਦਿ ਨੂੰ ਸਮੇਂ-ਸਮੇਂ ’ਤੇ ਤਰੋ-ਤਾਜ਼ਾ (ਅੱਪਡੇਟ) ਕਰਦੇ ਰਹੋ।
  7. ਹਮੇਸ਼ਾਂ ਖ਼ਰੀਦੇ ਹੋਏ ਸਾਫ਼ਟਵੇਅਰਾਂ ਨੂੰ ਹੀ ਤਰਜੀਹ ਦਿਓ। ਕਰੈਕ ਸੰਸਕਰਨ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ।
  8. ਲੁਕਾਅ (ਪ੍ਰਾਈਵੇਸੀ) ਸਬੰਧੀ ਸਥਾਪਨਾਵਾਂ ਅਤੇ ਨੀਤੀਆਂ ਨੂੰ ਪੜ੍ਹ-ਸਮਝ ਕੇ ਹੀ ਪ੍ਰਵਾਨ ਕਰੋ।
  9. ਅਣਪਛਾਤੀਆਂ ਵੈੱਬਸਾਈਟਾਂ ਸਾਨੂੰ ਅਸੁਰੱਖਿਅਤ ਥਾਵਾਂ ’ਤੇ ਲੈ ਜਾ ਸਕਦੀਆਂ ਹਨ। ਇਸ ਕਾਰਨ ਇਹਨਾਂ ਤੇ ਕਲਿੱਕ ਨਾ ਕਰੋ।
  10. ਬੈਂਕਾਂ ਅਤੇ ਖ਼ਰੀਦਦਾਰੀ ਵਾਲੀਆਂ ਵੈੱਬਸਾਈਟਾਂ ਦੇ ਨਾਂ ਸਿਰਨਾਵਾਂ ਪੱਟੀ ਤੇ ਸਿੱਧੇ ਭਰ ਕੇ ਖੋਲ੍ਹੋ। ਗੂਗਲ ਰਾਹੀਂ ਖੋਜਣ ਉਪਰੰਤ ਜ਼ਰੂਰੀ ਨਹੀਂ ਕਿ ਤੁਹਾਡੇ ਵੱਲੋਂ ਕਲਿੱਕ ਕੀਤਾ ਗਿਆ ਲਿੰਕ ਸਹੀ ਨਿਕਲੇ। ਕਈ ਲੋਕ ਨਕਲੀ ਵੈੱਬਸਾਈਟਾਂ ਤੇ ਆਪਣਾ ਪਾਸਵਰਡ ਦਸ ਬਹਿੰਦੇ ਹਨ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਬੈਂਕਾਂ ਦੀਆਂ ਅਸਲ ਵਾਂਗ ਨਜ਼ਰ ਆਉਣ ਵਾਲੀਆਂ ਵੈੱਬਸਾਈਟਾਂ ‘ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
  11. ਡਾਊਨਲੋਡ ਕਰਨ ਸਮੇਂ ਸਾਵਧਾਨ ਰਹੋ। ਸਾਈਬਰ ਅਪਰਾਧੀ ਬੜੀ ਚਲਾਕੀ ਨਾਲ ਤੁਹਾਨੂੰ ਖ਼ਤਰਨਾਕ ਪ੍ਰੋਗਰਾਮ ਡਾਊਨਲੋਡ ਕਰਵਾ ਸਕਦੇ ਹਨ ਜਿਸ ਵਿਚਲਾ ਖ਼ਤਰਨਾਕ ਸਾਫ਼ਟਵੇਅਰ (ਮਾਲਵੇਅਰ) ਸਾਡੇ ਕੰਪਿਊਟਰ ਵਿਚਲੀ ਜਾਣਕਾਰੀ ਚੁਰਾ ਲੈਂਦਾ ਹੈ।
  12. ਆਨਲਾਈਨ ਖ਼ਰੀਦਦਾਰੀ ਸਿਰਫ਼ ਨਾਮੀ ਕੰਪਨੀਆਂ ਤੋਂ ਹੀ ਕਰੋ।
  13. ਇੰਟਰਨੈੱਟ ਉੱਤੇ ਜਾਣਕਾਰੀ ਸੋਚ-ਸਮਝ ਕੇ ਪਾਓ। ਇਕ ਵਾਰ ਸਾਂਝੀ ਕੀਤੀ ਜਾਣਕਾਰੀ ਨੂੰ ਹਟਾਉਣ ਦਾ ਕੋਈ ਬਟਨ ਨਹੀਂ।
  14. ਪਹਿਲੀ ਵਾਰ ਸਿੱਧਾ ਆਨਲਾਈਨ ਮਿਲਣ ਵਾਲੇ ਦੋਸਤਾਂ ਤੇ ਭਰੋਸਾ ਨਾ ਕਰੋ। ਜ਼ਰੂਰੀ ਨਹੀਂ ਕਿ ਆਨਲਾਈਨ ਮਿਲਣ ਵਾਲਾ ਵਿਅਕਤੀ ਉਹੀ ਹੈ ਜਿਸ ਦੀ ਉਸ ਨੇ ਪ੍ਰੋਫਾਈਲ ਜਾਂ ਦਿੱਖਾਵਟੀ ਤਸਵੀਰ (ਡੀਪੀ) ਲਾਈ ਹੋਈ ਹੈ। ਸੋਸ਼ਲ ਮੀਡੀਆ ਉੱਤੇ ਕਈ ਮੁੰਡੇ-ਕੁੜੀਆਂ ਆਪਣਾ ਨਾਮ, ਲਿੰਗ ਤੇ ਹੁਲੀਆ ਬਦਲ ਕੇ ਖਾਤਾ ਚਲਾ ਰਹੇ ਹਨ।
  15. ਆਪਣੇ ਕੰਪਿਊਟਰ ਵਿੱਚ ਇੱਕ ਤਸੱਲੀਬਖ਼ਸ਼ ਐਂਟੀਵਾਇਰਸ ਪਾ ਕੇ ਰੱਖੋ ਤੇ ਸਮੇਂ-ਸਮੇਂ ’ਤੇ ਉਸ ਨੂੰ ਤਰੋ-ਤਾਜ਼ਾ ਕਰਦੇ ਰਹੋ।
  16. ਕਈ ਬ੍ਰਾਊਜ਼ਰ ਜਿਵੇਂ ਕਿ ਮੌਜ਼ੀਲਾ ਫਾਇਰਫੌਕਸ ਆਦਿ ਸਾਨੂੰ ਮਾਸਟਰ ਪਾਸਵਰਡ ਰੱਖਣ ਦੀ ਸਹੂਲਤ ਦਿੰਦੇ ਹਨ। ਇਹ ਸੁਰੱਖਿਅਤ ਹੁੰਦਾ ਹੈ ਤੇ ਇਸ ਨੂੰ ਵਰਤਣ ਨਾਲ ਸਾਡਾ ਵੱਖ-ਵੱਖ ਖਾਤਿਆਂ ਦੇ ਪਾਸਵਰਡ ਯਾਦ ਰੱਖਣ ਦਾ ਮਸਲਾ ਹੱਲ ਹੋ ਜਾਂਦਾ ਹੈ।
  17. ਕਦੇ ਵੀ ਡਾਰਕ ਵੈੱਬ ਤੇ ਨਾ ਜਾਓ। ਇਹ ਸਾਡੇ ਨਿੱਜੀ ਲੁਕਾਅ ਅਤੇ ਸੁਰੱਖਿਆ ਲਈ ਖ਼ਤਰਾ ਸਾਬਤ ਹੋ ਸਕਦੀ ਹੈ।
  18. ਪੈੱਨ ਡਰਾਈਵ ਜਾਂ ਹੋਰ ਸਟੋਰੇਜ ਯੰਤਰਾਂ ਨੂੰ ਕੰਪਿਊਟਰ ਵਿੱਚ ਵਰਤਣ ਤੋਂ ਪਹਿਲਾਂ ਐਂਟੀਵਾਇਰਸ ਸਾਫ਼ਟਵੇਅਰ ਰਾਹੀਂ ਸਕੈਨ ਕਰ ਲਓ।
  19. ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਕੈਮਰੇ ਤੇ ਮਾਈਕ ਨੂੰ ਬੰਦ ਕਰਕੇ ਜਾਂ ਢੱਕ ਕੇ ਰੱਖੋ ਤੇ ਲੋੜ ਪੈਣ ’ਤੇ ਹੀ ਇਨ੍ਹਾਂ ਨੂੰ ਚਾਲੂ ਕਰੋ। ਸਾਈਬਰ ਸੁਰੱਖਿਆ ਅਤੇ ਅਪਰਾਧਾਂ ਦੇ ਨਵੇਂ ਰੁਝਾਨਾਂ ਬਾਰੇ ਲਗਾਤਾਰ ਖ਼ਬਰਾਂ ਪੜ੍ਹਦੇ ਰਹੋ।
  20. ਸੁਰੱਖਿਆ ਲਈ ਮਸ਼ੀਨੀ ਸਿਆਣਪ ਆਧਾਰਤ ਸਾਫ਼ਟਵੇਅਰਾਂ ਦੀ ਵਰਤੋਂ ਕਰੋ।


ਏਆਈ ਸਾਫ਼ਟਵੇਅਰਾਂ ਦਾ ਵਿਕਾਸ ਔਖੇਰਾ
ਮਸ਼ੀਨੀ ਸਿਆਣਪ ਵਾਲੇ ਸਾਫ਼ਟਵੇਅਰਾਂ ਦੇ ਵਿਕਾਸ ਲਈ ਵੱਡਾ ਭਾਸ਼ਾਈ ਮਾਡਲ ਐਲਐਲਐਮ ਅਤੇ ਉਸ ਦੀ ਸਿਖਲਾਈ ਲਈ ਵੱਡੀ ਮਾਤਰਾ ਵਿੱਚ ਡਾਟਾ ਲੋੜੀਂਦਾ ਹੈ। ਅਜਿਹੇ ਮੰਤਵ ਲਈ ਉਚੇਰੀ ਸਮਰੱਥਾ ਵਾਲੇ ਕੰਪਿਊਟਰਾਂ ਤੇ ਹੋਰ ਸਾਜੋ-ਸਮਾਨ ’ਤੇ ਵੱਡਾ ਖ਼ਰਚ ਹੁੰਦਾ ਹੈ। ਇਸ ਖੇਤਰ ਵਿੱਚ ਖੋਜ ਕਰਨ ਲਈ ਸਰਕਾਰਾਂ ਨੂੰ ਵੱਡਾ ਖ਼ਰਚ ਕਰਨਾ ਚਾਹੀਦਾ ਹੈ।

ਸਿੱਟਾ
ਅੰਤ ਵਿਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਨਸਾਨੀ ਸੁੱਖ-ਸੁਵਿਧਾ ਲਈ ਵਿਕਸਿਤ ਕੀਤੀ ਹਰੇਕ ਤਕਨਾਲੋਜੀ ਬਿਪਤਾਵਾਂ ਦਾ ਬਾਇਸ ਵੀ ਬਣਦੀ ਹੈ। ਮਸ਼ੀਨੀ ਸਿਆਣਪ, ਮਨੁੱਖੀ ਭਾਸ਼ਾ ਪ੍ਰਕਿਰਿਆ (ਐੱਨਐੱਲਪੀ), ਡੀਪ ਲਰਨਿੰਗ ਆਦਿ ਰਾਹੀਂ ਵਿਗਿਆਨੀ ਜਿਹੜੇ ਬਦਲਾਅ ਦੀ ਗੱਲ ਕਰਦੇ ਹਨ ਕਿ ਇਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਠੱਲ੍ਹ ਪਵੇਗੀ। ਕੀ ਨਵੀਂ ਤਕਨਾਲੋਜੀ ਇਨਸਾਨ ਉੱਤੇ ਸਾਈਬਰ ਸੰਸਾਰ ਨਾਲ ਜੁੜਨ ਕਾਰਨ ਪੈ ਰਹੇ ਮਾਨਸਿਕ ਦਬਾਅ ਨੂੰ ਘਟਾਏਗੀ। ਕੀ ਮਸ਼ੀਨੀ ਸਿਆਣਪ ਪੰਜਾਬ ਦੇ ਹੇਠਾਂ ਨਿੱਘਰੇ ਪਾਣੀ ਦੇ ਤਲ਼ ਨੂੰ ਉਤਾਂਹ ਚੁੱਕਣ ’ਚ ਮਦਦ ਕਰੇਗੀ। ਕੀ ਇਹ ਸਾਨੂੰ ਪਲੀਤ ਹੋ ਰਹੇ ਚੌਗਿਰਦੇ ਨੂੰ ਹਰਿਆ-ਭਰਿਆ ਤੇ ਸਵੱਛ ਬਣਾਉਣ ‘ਚ ਕੋਈ ਭੂਮਿਕਾ ਨਿਭਾਏਗੀ। ਇਹ ਸਾਨੂੰ ਸੰਤੁਲਿਤ ਤੇ ਕੁਦਰਤੀ ਖ਼ੁਰਾਕ ਦੇਣ ’ਚ ਕੀ ਮਾਰਕਾ ਮਾਰੇਗੀ। ਸਾਨੂੰ ਕੰਪਿਊਟਰੀ ਦੁਨੀਆ ਦੇ ਸੋਹਲੇ ਗਾਉਣ ਦੇ ਨਾਲ-ਨਾਲ ਇਸ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਅੱਜ ਤੋਂ ਹੀ ਚੇਤੰਨ ਹੋਣਾ ਪਵੇਗਾ।

ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
cpk@pbi.ac.in
cpkamboj.com



The need to be vigilant in the era of AI
Internet Security Day (February 6)
Internet Safety Day
Internet Security Day is celebrated every year on the second day of the second week of February and this year it is being celebrated on 6th February. Safer Internet Day was first launched in 2004 under the European Safe Borders project. Later it was adopted by ISEF Network. It is now celebrated in about 180 countries across the world, transcending local traditions. Every year a new topic is chosen for this. This year the campaign for change in the digital world is focused. This day is celebrated on a large scale by organizing gatherings, online meetings, conferences etc. in various institutions, universities and research institutes of different countries.

Dr. C P Kamboj

Assistant Professor
Punjabi Computer Help Centre
Punjabi University, Patiala

Previous
Next Post »