2016-08-30

ਪੰਜਾਬੀ ਦੇ ਤਕਨੀਕੀ ਵਿਕਾਸ ਦੇ ਅੰਬਰ ਦਾ ਧਰੂ ਤਾਰਾ : ਅੱਖਰ ਸਾਫਟਵੇਅਰ/akhar-cpkamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 28-07-2016
ਇੰਡੀਕ ਵਰਡ ਪ੍ਰੋਸੈੱਸਰ 'ਅੱਖਰ-2016' ਭਾਰਤੀ ਭਾਸ਼ਾਵਾਂ ਲਈ ਇਕ ਵਰਦਾਨ ਸਾਬਤ ਹੋਵੇਗਾ ਹੈ | ਇਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਦੇ ਡਾਇਰੈਕਟਰ ਤੇ ਉੱਘੇ ਕੰਪਿਊਟਰ ਵਿਗਿਆਨੀ ਡਾ: ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ | ਇਹ ਸਾਫ਼ਟਵੇਅਰ ਯੂਨੀਕੋਡ ਪ੍ਰਣਾਲੀ ਵਿਚ ਕੰਮ ਕਰਨ ਦੇ ਸਮਰੱਥ ਹੈ | ਪੰਜਾਬੀ, ਸ਼ਾਹਮੁਖੀ (ਪੰਜਾਬੀ), ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕਿ੍ਤ ਭਾਸ਼ਾਵਾਂ ਵਿਚ ਕੰਮ ਕਰਨ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ | ਇਸ ਸਾਫ਼ਟਵੇਅਰ ਦਾ ਰਸਮੀ ਲੋਕ ਅਰਪਣ 9 ਸਤੰਬਰ ਨੂੰ ਕੀਤਾ ਜਾ ਰਿਹਾ ਹੈ | ਅੱਖਰ ਵਿਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿੱਪੀਆਂ ਅਤੇ ਉਨ੍ਹਾਂ ਦੇ ਕੀ-ਬੋਰਡ ਲੇਆਊਟ ਚੁਣਨ ਦੀ ਸੁਵਿਧਾ ਹੈ | ਮਿਸਾਲ ਵਜੋਂ ਤੁਸੀਂ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ ਲਿੱਪੀ ਵਿਚ ਲਿਖਣ ਲਈ ਆਪਣੀ ਪਸੰਦ ਦਾ ਕੀ-ਬੋਰਡ ਲੇਆਊਟ ਵਰਤ ਸਕਦੇ ਹੋ | ਅੱਖਰ-2016 ਵਿਚ ਰੋਮਨ ਵਿਧੀ ਰਾਹੀਂ ਟਾਈਪ ਕਰਨ ਦੀ ਸ਼ਕਤੀਸ਼ਾਲੀ ਸੁਵਿਧਾ ਹੈ | ਇਸ ਵਿਚ ਰਵਾਇਤੀ/ਗੈਰ-ਮਿਆਰੀ ਫੌਾਟਾਂ ਨੂੰ ਯੂਨੀਕੋਡ ਵਿਚ ਕਨਵਰਟ ਕਰਨ ਦੀ ਦਮਦਾਰ ਸੁਵਿਧਾ ਹੈ | ਅੱਖਰ ਵਿਚ ਸ਼ਕਤੀਸ਼ਾਲੀ ਸਪੈੱਲ ਚੈੱਕਰ ਹੈ, ਜੋ ਗ਼ਲਤ ਅੱਖਰ-ਜੋੜ ਵਾਲੇ ਸ਼ਬਦਾਂ ਨੂੰ ਇਕ-ਇਕ ਕਰਕੇ ਲੱਭਦਾ ਹੈ ਤੇ ਉਨ੍ਹਾਂ ਨੂੰ ਠੀਕ ਕਰਨ ਲਈ ਸਹੀ ਸ਼ਬਦਾਂ ਨੂੰ ਸੁਝਾਅ ਵਜੋਂ ਪੇਸ਼ ਕਰਦਾ ਹੈ | ਅੱਖਰ ਰਾਹੀਂ ਲਿੱਪੀ ਦੇ ਨਾਂਅ 'ਤੇ ਉਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਲਈ ਗੁਰਮੁਖੀ-ਸ਼ਾਹਮੁਖੀ, ਉਰਦੂ-ਪੰਜਾਬੀ ਸਮੇਤ 11 ਲਿੱਪੀ ਜੋੜਿਆਂ ਨੂੰ ਆਪਸ ਵਿਚ ਬਦਲਣ ਦੀ ਸੁਵਿਧਾ ਹੈ | ਇਸ ਵਿਚ ਗਰੈਮਰ ਚੈੱਕਰ ਅਤੇ ਭਾਸ਼ਾ ਅਨੁਵਾਦ ਦੀ ਸੁਵਿਧਾ ਵੀ ਹੈ | ਓ.ਸੀ.ਆਰ. ਅੱਖਰ ਦਾ ਇਕ ਤਾਕਤਵਰ ਟੂਲ ਹੈ, ਜੋ ਫ਼ੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਣ ਦਾ ਕੰਮ ਕਰਦਾ ਹੈ | ਇਸ ਵਿਚ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਕੋਸ਼ ਦੀ ਸੁਵਿਧਾ ਦਰਜ ਹੈ | ਸ਼ਬਦ ਉੱਤੇ ਡਬਲ ਕਲਿੱਕ ਰਾਹੀਂ ਵੀ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਵੇਖੇ ਜਾ ਸਕਦੇ ਹਨ | ਅੱਖਰ ਦਾ ਇਕ ਵਿਸ਼ੇਸ਼ ਟੂਲ ਲਿਖੇ ਹੋਏ ਅੰਗਰੇਜ਼ੀ ਦੇ ਪਾਠ ਨੂੰ ਬੋਲ ਕੇ ਸੁਣਾਉਣ ਦੀ ਸਮਰੱਥਾ ਰੱਖਦਾ ਹੈ | ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਬਾਬਾ ਬੋਹੜ ਡਾ: ਲਹਿਲ ਅਨੁਸਾਰ ਇਸ ਸਾਫਟਵੇਅਰ ਦਾ ਵਿਕਾਸ ਸ੍ਰੀ ਅੰਕੁਰ ਰਾਣਾ, ਡਾ: ਤੇਜਿੰਦਰ ਸਿੰਘ ਸਮੇਤ 20 ਖੋਜਕਾਰਾਂ ਦੀ ਟੀਮ ਦੀ ਕਈ ਵਰਿ੍ਹਆਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ | ਉਨ੍ਹਾਂ ਕਿਹਾ ਕਿ ਇਹ ਸਾਫਟਵੇਅਰ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਦੀ ਵਰਤੋਂ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰੇਗਾ ਤੇ ਇਸ ਨਾਲ ਪੇਸ਼ੇਵਾਰ ਭਾਸ਼ਾ ਅਨੁਵਾਦਕਾਂ, ਕਲੈਰੀਕਲ ਸਟਾਫ਼, ਡਾਟਾ ਐਾਟਰੀ ਓਪਰੇਟਰਾਂ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ, ਭਾਸ਼ਾ ਵਿਗਿਆਨੀਆਂ ਤੇ ਭਾਸ਼ਾ ਸਿਖਾਂਦਰੂਆਂ ਨੂੰ ਲਾਭ ਹੋਵੇਗਾ |
* 9 ਸਤੰਬਰ ਨੂੰ ਕੀਤਾ ਜਾਵੇਗਾ ਲੋਕ-ਅਰਪਣ
* ਪੰਜਾਬੀ, ਸ਼ਾਹਮੁਖੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਵਿਚ ਕੰਮ ਕਰਨ ਦੇ ਸਮਰੱਥ
* ਪੰਜਾਬੀ ਵਿਚ ਟਾਈਪ ਕਰਨ ਲਈ ਇਕ ਦਰਜਨ ਕੀ-ਬੋਰਡ ਖਾਕੇ ਉਪਲਬਧ
* ਪੰਜਾਬੀ ਵਿਚ ਰੋਮਨਾਇਜ਼ਡ ਟਾਈਪਿੰਗ ਦੀ ਦਮਦਾਰ ਸੁਵਿਧਾ
* ਅੱਖਰ ਦੇ ਸੂਝਵਾਨ ਤੇ ਸ਼ਕਤੀਸ਼ਾਲੀ ਫੌਂਟ ਕਨਵਰਟਰ ਰਾਹੀਂ ਅਗਿਆਤ ਫੌਂਟਾਂ ਵਾਲੀ ਫਾਈਲ ਨੂੰ ਪਲਟਾਉਣ ਦੀ ਵਿਸ਼ੇਸ਼ਤਾ
* ਸਪੈੱਲ ਅਤੇ ਗਰੈਮਰ ਚੈੱਕਰ ਦੀ ਸਹੂਲਤ
* ਗੁਰਮੁਖੀ-ਸ਼ਾਹਮੁਖੀ, ਉਰਦੂ-ਪੰਜਾਬੀ ਸਮੇਤ 11 ਲਿਪੀ ਜੋੜਿਆਂ ਨੂੰ ਆਪਸ ਵਿਚ ਬਦਲਣ ਦੀ ਸੁਵਿਧਾ
* ਓਪਰੀਆਂ ਭਾਸ਼ਾਵਾਂ ਨੂੰ ਆਪਣੀ ਜ਼ੁਬਾਨ ਵਿਚ ਬਦਲ ਕੇ ਪੜ੍ਹਨ ਦੀ ਸਹੂਲਤ
* ਫ਼ੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਣ ਲਈ ਆਲਾ ਦਰਜੇ ਦਾ ਓ.ਸੀ.ਆਰ.
* ਖੁੱਲ੍ਹੀ ਹੋਈ ਫਾਈਲ ਦੇ ਸ਼ਬਦਾਂ 'ਤੇ ਡਬਲ ਕਲਿੱਕ ਰਾਹੀਂ ਅਰਥ ਜਾਂ ਵਿਆਕਰਨ ਬਾਰੇ ਜਾਣਕਾਰੀ ਹਾਸਲ ਕਰਨ ਦੀ ਸਹੂਲਤ
* 'ਅੱਖਰ' ਦੇਵੇਗਾ ਸਰਕਾਰੀ ਦਫ਼ਤਰਾਂ ਵਿਚ ਪੰਜਾਬੀ ਦੀ ਵਰਤੋਂ ਨੂੰ ਹੁਲਾਰਾ।
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 28-07-2016

2016-08-24

ਕਿਵੇਂ ਕਰੀਏ ਗੂਗਲ ਦੀ ਸਹੀ ਵਰਤੋਂ/Google-by-cp-kamboj


ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  19-08-2016

ਅੱਜ ਗੂਗਲ ਖੋਜ ਦਾ ਜਾਦੂ ਸਮੁੱਚੇ ਕੰਪਿਊਟਰ ਜਗਤ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕੁਝ ਵੀ ਚੇਤੇ ਰੱਖਣ ਦੀ ਥਾਂ ’ਤੇ ਉਸ ਨੂੰ ਗੂਗਲ ਤੋਂ ਲੱਭਣ ਨੂੰ ਤਰਜੀਹ ਦਿੰਦੀ ਹੈ। ਇਸ ਰਾਹੀਂ ਦੁਨੀਆਂ ਦੇ ਲੱਖਾਂ ਅੰਤਰਜਾਲਾਂ ਦੇ ਡੂੰਘੇ ਸਮੁੰਦਰ ਵਿੱਚੋਂ ਪਲਾਂ ਵਿੱਚ ਹੀ ਆਪਣੇ ਕੰਮ ਦੀ ਜਾਣਕਾਰੀ ਲੱਭੀ ਜਾ ਸਕਦੀ ਹੈ। ਅਸਲ ਵਿੱਚ ਇਹ ਕੰਪਿਊਟਰ ਦੀ ਨਾਮਵਰ ਕੰਪਨੀ ‘ਗੂਗਲ’ ਦਾ ਮਹੱਤਵਪੂਰਨ ਉਤਪਾਦ ਹੈ। ਇਸ ਬਾਰੇ ਤਕਨੀਕੀ ਖੋਜ ਲਾਰੀ ਪੇਜ (Larry Page) ਅਤੇ ਸਰਜੀ ਬਰਿਨ (Sergey Brin) ਨੇ 1997 ਵਿੱਚ ਕੀਤੀ।
 ਗੂਗਲ ਖੋਜ ਪ੍ਰਮੁੱਖ ਖੇਤਰੀ ਬੋਲੀਆਂ ’ਚ ਕਰਨੀ ਸੰਭਵ ਹੈ। ਯੂਨੀਕੋਡ ਪ੍ਰਣਾਲੀ ਦੀ ਖੋਜ ਨਾਲ ਖੇਤਰੀ ਭਾਸ਼ਾਵਾਂ ਵਿੱਚ ਜਾਲ-ਟਿਕਾਣੇ ਬਣਾਉਣ ਅਤੇ ‘ਗੂਗਲ’ ਰਾਹੀਂ ਖੋਜ ਕਰਨ ਦੇ ਕੰਮ ਨੂੰ ਹੁਲਾਰਾ ਮਿਲਿਆ ਹੈ। ਗੂਗਲ ਖੋਜ ਵਰਤੋਂਕਾਰ ਦੀਆਂ ਖੋਜ ਆਦਤਾਂ ਨੂੰ ਧਿਆਨ ’ਚ ਰੱਖ ਕੇ ਨਤੀਜੇ ਦਿੰਦੀ ਹੈ। ਗੂਗਲ ਖੋਜ ਬਕਸੇ ਦੇ ਹੇਠਾਂ ਕੁਝ ਅੱਖਰ ਟਾਈਪ ਕਰਨ ਉਪਰੰਤ ਸੁਝਾਅ ਸੂਚੀ ਨਜ਼ਰ ਆਉਂਦੀ ਹੈ। ਇਸ ਨਾਲ ਖੋਜ ਕੀਤਾ ਜਾਣ ਵਾਲਾ ਵਾਕਾਂਸ਼ ਪੂਰਾ ਟਾਈਪ ਕਰਨ ਦੀ ਲੋੜ ਨਹੀਂ ਪੈਂਦੀ ਤੇ ਸਮੇਂ ਦੀ ਬੱਚਤ ਹੁੰਦੀ ਹੈ। ਗੂਗਲ ਖੋਜ ਕੀਤੇ ਜਾਣ ਵਾਲੇ ਸ਼ਬਦਾਂ ਤੇ ਵਾਕਾਂਸ਼ਾਂ ਆਦਿ ਨਾਲ ਸਬੰਧਿਤ ਜਾਲ-ਪੰਨਿਆਂ ਦੀ ਸੂਚੀ ਜਾਰੀ ਕਰਦੀ ਹੈ। ਇਸ ਸੂਚੀ ਦਾ ਇੱਕ ਵਿਸ਼ੇਸ਼ ਕ੍ਰਮ ਹੁੰਦਾ ਹੈ ਜਿਸ ਨੂੰ ‘ਪੇਜ ਰੈਂਕ’ ਕਿਹਾ ਜਾਂਦਾ ਹੈ। ਇਹ ਢੰਗ ਤਕਨੀਕ ਲੱਭੇ ਜਾਣ ਵਾਲੇ ਸ਼ਬਦ ਨੂੰ ਨਿਸ਼ਾਨਾ ਬਣਾ ਕੇ ਅੰਤਰਜਾਲਾਂ ਦੀ ਸੂਚੀ ’ਚ ਸਭ ਤੋਂ ਢੁਕਵਾ ਅੰਤਰਜਾਲ ਸਿਖ਼ਰ ’ਤੇ ਦਿਖਾਉਂਦੀ ਹੈ।
 ਵਿਸ਼ੇਸ਼ਤਾਵਾਂ:
 * ਗੂਗਲ ਖੋਜ ਵਿੱਚ ਜੂਨ 2011 ਤੋਂ ਲਗਾਤਾਰ ਆਵਾਜ਼-ਖੋਜ ਦੀ ਸਹੂਲਤ ਉਪਲਭਧ ਹੈ।
 * ਗਿਆਨ ਗਰਾਫ ਭੂ-ਖੋਜ ਦੀ ਸਹੂਲਤ ਰਾਹੀਂ ਖੋਜ ਰੁਝਾਨਾਂ ਅਤੇ ਖੋਜ ਨਾਲ ਸਬੰਧਿਤ ਭੂਗੋਲਿਕ ਜਾਂ ਕਿਸੇ ਹੋਰ ਆਧਾਰ ’ਤੇ ਅੰਕੜੇ ਇਕੱਤਰ ਕੀਤੇ ਜਾ ਸਕਦੇ ਹਨ।
 * ਗੂਗਲ ਤਕਨੀਕ ਖੋਜ ਲਈ ਟਾਈਪ ਕੀਤੇ ਵਾਕਾਂਸ਼ ਨੂੰ ਸ਼ਬਦਾਂ ਵਿੱਚ ਤੋੜ ਕੇ ਬੂੱਲੀਅਨ ਓਪਰੇਟਰਾਂ ਦੀ ਮਦਦ ਨਾਲ ਖੋਜ ਕਰਦੀ ਹੈ। ਇਸ ਨਾਲ ਵੱਡੀ ਗਿਣਤੀ ’ਚ ਖੋਜ ਨਤੀਜੇ ਪ੍ਰਾਪਤ ਹੁੰਦੇ ਹਨ।
 * ਗੂਗਲ ਖੋਜ ਵਿੱਚ ਗੂਗਲ ਡੂਡਲਸ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਵਿਸ਼ੇਸ਼ਤਾ ਦਾ ਮੰਤਵ ਵਰਤੋਂਕਾਰਾਂ ਦਾ ਇਕੱਲਾ ਮਨ-ਪਰਚਾਵਾ ਕਰਨਾ ਹੀ ਨਹੀਂ ਸਗੋਂ ਮਹਾਨ ਵਿਗਿਆਨੀਆਂ, ਮਹੱਤਵਪੂਰਨ ਵਰ੍ਹੇ ਗੰਢਾਂ, ਜਸ਼ਨਾਂ, ਤਿਉਹਾਰਾਂ ਆਦਿ ਦੀ ਯਾਦ ਦਿਵਾਉਣਾ ਵੀ ਹੈ।
 * ਗੂਗਲ ਖੋਜ ਬਕਸੇ ਵਿੱਚ ਟਾਈਪ ਕੀਤੇ ਸ਼ਬਦ/ਅੱਖਰ ਦੇ ਆਧਾਰ ’ਤੇ ਕੁਝ ਸ਼ਬਦ/ਵਾਕਾਂਸ਼ ਸੁਝਾਅ ਸੂਚੀ ’ਚ ਦਿਖਾਏ ਜਾਂਦੇ ਹਨ। ਇਹ ਖੋਜ ਕਰਨ ’ਚ ਵਰਤੋਂਕਾਰ ਦੀ ਮਦਦ ਕਰਦੇ ਹਨ। ਇਸ ਵਿਸ਼ੇਸ਼ ਤਕਨੀਕ ਨੂੰ ‘ਇੰਸਟੈਂਟ ਸਰਚ’ (ਚੁਟਕੀ ਲੱਭਤ) ਦਾ ਨਾਂ ਦਿੱਤਾ ਜਾਂਦਾ ਹੈ। ਇਹ ਤਕਨੀਕ ਗੂਗਲ ਨੇ ਸਭ ਤੋਂ ਪਹਿਲਾਂ 8 ਸਤੰਬਰ 2010 ਨੂੰ ਅਮਰੀਕਾ ਵਿੱਚ ਚਾਲੂ ਕੀਤੀ।
11808CD _CUSTOM_GOOGLE_SEARCH* ਗੂਗਲ ਰਾਹੀਂ ਬਿਨਾਂ ਕਿਸੇ ਵਾਧੂ ਟਿਕਾਣਿਆਂ ਦੀ ਫਰੋਲਾ-ਫਰੋਲੀ ਦੇ ਸਿੱਧਾ ਟੀਚੇ ’ਤੇ ਪਹੁੰਚਣਾ ਇੱਕ ਵਿਸ਼ੇਸ਼ ਤਕਨੀਕ ਜਾਂ ਤਜਰਬੇ ਦੀ ਮੰਗ ਕਰਦਾ ਹੈ। ਜੇ ਪਹਿਲੀ ਕੋਸ਼ਿਸ਼ ’ਚ ਤੁਹਾਨੂੰ ਲੱਭੇ ਜਾ ਰਹੇ ਵਾਕਾਂਸ਼ ਦਾ ਸਹੀ ਸੁਮੇਲ ਮਿਲ ਜਾਂਦਾ ਹੈ ਤਾਂ ਗੂਗਲ I’m Feeling Lucky’’ ਦਾ ਸਨੇਹਾ ਪੇਸ਼ ਕਰਦਾ ਹੈ।
 ਗੂਗਲ ਖੋਜ ਲਈ ਨੁਸਖੇ: ਗੂਗਲ ਖੋਜ ਇੱਕ ਸ਼ਕਤੀਸ਼ਾਲੀ ਖੋਜ ਇੰਜਣ ਹੈ। ਗੂਗਲ ਰਾਹੀਂ ਸਵਾਲਾਂ ਦੇ ਜਵਾਬ ਲੱਭਣ ਲਈ ਅਨੇਕਾਂ ਵਿਸ਼ੇਸ਼ਤਾਵਾਂ ਹਨ ਪਰ ਆਮ ਵਰਤੋਂਕਾਰ ਇਨ੍ਹਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਆਪਣੇ ਖੋਜ ਦੇ ਖੇਤਰ ਨੂੰ ਵਿਸ਼ੇ ’ਤੇ ਕੇਂਦਰਿਤ ਕਰਨ ਲਈ ਕਈ ‘ਕੁੰਜੀ-ਸ਼ਬਦ (Key word)’ ਵਰਤੇ ਜਾਂਦੇ ਹਨ। ਆਓ ਇਨ੍ਹਾਂ ਬਾਰੇ ਜਾਣੀਏ:
 ਟਾਈਮ:
ਇਸ ਦੀ ਵਰਤੋਂ ਕਿਸੇ ਦੇਸ਼ ਜਾਂ ਸਥਾਨ ਦਾ ਸਮਾਂ ਦੇਖਣ ਲਈ ਕੀਤੀ ਜਾਂਦੀ ਹੈ। ਉਦਾਹਰਣ: Time USA
 ਟਾਈਮਰ:
ਇਹ ਲਹਿੰਦੇ ਕ੍ਰਮ ’ਚ ਸਮੇਂ ਦੀ ਗਿਣਤੀ ਕਰਨ ਵਾਲਾ (Count Down) ਟਾਈਮਰ ਹੈ। ਉਦਾਹਰਣ: Timer
 ਸਕੋਰ:
ਦੁਨੀਆਂ/ਦੇਸ਼ ’ਚ ਖੇਡੇ ਜਾ ਰਹੇ ਕਿਸੇ ਮਹੱਤਵਪੂਰਨ ਮੈਚ ਦਾ ਨਤੀਜਾ ਦੇਖਣ ਲਈ। ਉਦਾਹਰਣ: Scores
 ਪੈਮਾਇਸ਼:
ਗਿਣਤੀ/ਮਿਣਤੀ ਦੀਆਂ ਇਕਾਈਆਂ ਦੇ ਰੂਪਾਂਤਰਣ ਲਈ। ਉਦਾਹਰਣ: 10.5 cm in inches, ਇਹ 10.5 ਸੈਂਟੀਮੀਟਰ ਨੂੰ ਇੰਚਾਂ ਵਿੱਚ ਦਿਖਾਵੇਗਾ।
 ਕਰੰਸੀ:
ਕਰੰਸੀ/ਮੁਦਰਾ ਦੇ ਤਬਾਦਲੇ ਲਈ। ਉਦਾਹਰਣ: 17 rupes in dollar, ਇਹ ਰੁਪਏ ਨੂੰ ਡਾਲਰ ’ਚ ਬਦਲ ਕੇ ਦਿਖਾਵੇਗਾ।
 ਕੈਲਕੂਲੇਟਰ:
ਗਣਨਾਵਾਂ ਕਰਨ ਲਈ।
 ਸ਼ਬਦ ਵਿਆਖਿਆ:
ਕਿਸੇ ਸ਼ਬਦ ਦੀ ਸੰਖੇਪ ਵਿਆਖਿਆ ਜਾਣਨ ਲਈ। ਉਦਾਹਰਣ: Define: Computer
 ਨਕਸ਼ੇ:
ਕਿਸੇ ਦੇਸ਼, ਸ਼ਹਿਰ, ਕਸਬੇ ਤੇ ਪਿੰਡ ਆਦਿ ਦਾ ਨਕਸ਼ਾ ਵੇਖਣ ਲਈ। ਉਦਾਹਰਣ: Punjab Map
 ਚਲ-ਚਿਤਰ:
ਸਿਨੇਮੇ ’ਚ ਲੱਗੀਆਂ ਫ਼ਿਲਮਾਂ ਦਾ ਵੇਰਵਾ। ਉਦਾਹਰਣ: Movie
 ਆਬਾਦੀ:
ਕਿਸੇ ਦੇਸ਼/ਸ਼ਹਿਰ ਦੀ ਅਬਾਦੀ ਨੂੰ ਚਿਤਰਮਈ/ਅੰਕੜਾ ਚਿੱਤਰ ਰੂਪ ’ਚ ਦੇਖਣ ਲਈ। ਉਦਹਾਰਣ: Population India
 ਟਾਇਲਡ/ਘੁੰਡੀ ਚਿੰਨ੍ਹ:
ਕਿਸੇ ਸ਼ਬਦ ਦੇ ਸਮਰੂਪ ਮਿਲਦੇ-ਜੁਲਦੇ ਸ਼ਬਦ ਲੱਭਣ ਲਈ। ਉਦਾਹਰਣ: ~ਪਾਣੀ, ਇਹ ਜਲ ਤੇ ਨੀਰ ਆਦਿ ਸ਼ਬਦਾਂ ਨੂੰ ਵੀ ਖੋਜ ਲਈ ਵਿਚਾਰੇਗਾ।
 ਮਨਫ਼ੀ ਦਾ ਚਿੰਨ੍ਹ:
ਇਹ ਚਿੰਨ੍ਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਕਿਸੇ ਮੁੱਖ ਸ਼ਬਦ ਨਾਲੋਂ ਦੂਜੇ ਸ਼ਬਦ ਨੂੰ ਨਿਖੇੜਨਾ ਹੋਵੇ ਤੇ ਨਿਖੇੜੇ ਸ਼ਬਦ ਨੂੰ ਖੋਜ ’ਚ ਨਜ਼ਰ ਅੰਦਾਜ਼ ਕਰਨਾ ਹੋਵੇ। ਉਦਾਹਰਣ: apple-tree, ਇਸ ਨਾਲ ਗੂਗਲ ਇਕੱਲੇ apple ਦੀ ਖੋਜ ਕਰੇਗਾ ਨਾ ਕਿ apple tree ਦੀ।
 ਵਾਈਲਡ ਕਾਰਡ:
ਗੂਗਲ ਖੋਜ ਵਿੱਚ ਡੌਸ ਵਾਂਗ ਅਟਕਲ-ਪੱਤਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਸ਼ਬਦਾਂ ਨੂੰ ਵੀ ਲੱਭਿਆ ਜਾ ਸਕਦਾ ਹੈ ਜਿਨ੍ਹਾਂ ਦੇ ਸ਼ੁਰੂਆਤੀ ਕੁਝ ਅੱਖਰ ਯਾਦ ਨਾ ਆ ਰਹੇ ਹੋਣ। ਉਦਾਹਰਣ: *jabi, ਇਸ ਰਾਹੀਂ Punjabi ਸਮੇਤ jabi ਪਿਛੇਤਰ ਵਾਲੇ ਹੋਰ ਸ਼ਬਦ ਵੀ ਖੋਜ ਪਕੜ ’ਚ ਆ ਜਾਣਗੇ।
 ਟਿਕਾਣਾ:
ਸਿੱਧਾ ਅੰਤਰਜਾਲਾਂ ’ਤੇ ਜਾਣ ਲਈ। ਉਦਾਹਰਣ: Site: ***.google.com
 ਸੰਜੁਕਤ ਸਿਰਲੇਖ ਖੋਜ:
ਜੇ ਤੁਸੀਂ ਚਾਹੁੰਦੇ ਹੋ ਕਿ ਖੋੋਜਿਆ ਗਿਆ ਪਹਿਲਾ ਸ਼ਬਦ ਜਾਲ-ਟਿਕਾਣੇ ਦੇ ਸਿਰਲੇਖ ਤੋਂ ਅਤੇ ਦੂਜਾ ਸ਼ਬਦ ਜਾਲ-ਪੰਨੇ ਤੋਂ ਲੱਭਿਆ ਜਾਵੇ ਤਾਂ intitle ਇਸਤੇਮਾਲ ਕਰੋ। ਉਦਾਹਰਣ: intitle : Punjabi computer, ਇਸ ਨਾਲ ਉਹ ਵੈੱਬ-ਟਿਕਾਣੇ ਜਾਰੀ ਹੋਣਗੇ ਜਿਨ੍ਹਾਂ ਦੇ ਸਿਰਲੇਖ ’ਚ ਸ਼ਬਦ ‘computer’ ਅਤੇ ਕਿਧਰੇ ਹੋਰ ਸ਼ਬਦ ‘computer’ ਲਿਖਿਆ ਹੋਇਆ ਹੈ।
 ਜਾਲ-ਨਾਮ:
allinurl ਸ਼ਬਦ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਦੋਂ ਸ਼ਬਦ/ਸ਼ਬਦਾਂ ਨੂੰ ਸਿਰਫ਼ ਅੰਤਰਜਾਲ ਦੇ ਨਾਂ ਅਰਥਾਤ ਯੂਆਰਐੱਲ (”RL) ’ਚ ਲੱਭਣਾ ਹੋਵੇ। ਉਦਾਹਰਣ: allinurl Punjabi, ਇਸ ਨਾਲ ’ਪੰਜਾਬੀ’ ਸ਼ਬਦ ਵਾਲੇ ਨਾਵਾਂ ਵਾਲੇ ਜਾਲ-ਟਿਕਾਣਿਆਂ ਦੀ ਸੂਚੀ ਮਿਲੇਗੀ।
 ਮਿਸਲ ਕਿਸਮ:
ਖੋਜ ਦੌਰਾਨ ਲੋੜੀਂਦੀਆਂ ਮਿਸਲਾਂ ਦਾ ਰੂਪ ਵੀ ਦੱਸ ਦਿੱਤਾ ਜਾਵੇ ਤਾਂ ਕੰਮ ਹੋਰ ਆਸਾਨ ਹੋ ਜਾਂਦਾ ਹੈ। ਉਦਾਹਰਣ: Punjabi Language filetype :pdf, ਇਸ ਨਾਲ Punjabi Language ਸ਼ਬਦਾਂ ਵਾਲੇ ਸਿਰਫ਼ ਉੱਚਾਵਾਂ-ਮਿਸਲ-ਸਾਂਚੇ (Pdf) ਵਾਲੀਆਂ ਮਿਸਲਾ ਦਿਸਣਗੀਆਂ।
 ਔਰ:
ਜੇ ਤੁਸੀਂ ਕੁਝ ਅਜਿਹੇ ਵੈੱਬ ਪੰਨਿਆਂ ਨੂੰ ਫਰੋਲਣਾ ਚਾਹੁੰਦੇ ਹੋ ਜਿਨ੍ਹਾਂ ਵਿੱਚ (ਕੀ-ਵਰਡ ਵਜੋਂ) ਦਿੱਤੇ ਕੁੰਜੀ ਸ਼ਬਦਾਂ ਵਿੱਚੋਂ ਕੋਈ ਇੱਕ ਸ਼ਬਦ ਉਪਲਭਧ ਹੋਵੇ। ਉਦਾਹਰਣ: ਪੰਜਾਬੀ ਕਾਨਫ਼ਰੰਸ 2013 OR 2014, ਇਹ ਵੱਖ-ਵੱਖ ਵੈੱਬ ਪੰਨਿਆਂ ’ਚ ‘ਪੰਜਾਬੀ ਕਾਨਫਰੰਸ 2013’ ਜਾਂ ‘ਪੰਜਾਬੀ ਕਾਨਫਰੰਸ 2014’ ਲੱਭੇਗਾ।
 ਮੋਬਾਈਲ ਲਈ ਗੂਗਲ ਆਦੇਸ਼ਕਾਰੀ:
ਐਂਡਰਾਇਡ ਫੋਨ ਲਈ ਸਭ ਤੋਂ ਪਹਿਲੀ ਗੂਗਲ ਖੋਜ ਆਦੇਸ਼ਕਾਰੀ ਵਰ੍ਹਾ 2007 ਵਿੱਚ ਤਿਆਰ ਕੀਤੀ ਗਈ। ਅੱਜ ਐਂਡਰਾਇਡ, ਝਰੋਖਾ, ਆਈਫੋਨ ਅਤੇ ਹੋਰਨਾਂ ਫੋਨਾਂ ਲਈ ਕਈ ਆਦੇਸ਼ਕਾਰੀਆਂ ਉਪਲਭਧ ਹਨ।
 ਗੂਗਲ ਨਾਓ:
ਇਹ ਆਦੇਸ਼ਕਾਰੀ ਜੈਲੀ ਬੀਨ ਸੰਸਕਰਣ ਲਈ ਹੈ ਤੇ ਇਸ      ਵਿੱਚ ਆਵਾਜ਼-ਖੋਜ ਦੀ ਸਹੂਲਤ ਵੀ ਉਪਲਭਧ ਹੈ।
 ਗੂਗਲ ਨਾਓ ਲਾਂਚਰ:
ਇਹ ਵੀ ਗੂਗਲ ਲਈ ਇੱਕ ਮਹੱਤਵਪੂਰਨ ਆਦੇਸ਼ਕਾਰੀ ਹੈ।
 ਓਪਨ ਮਿਕ ਪਲੱਸ ਫਾਰ ਗੂਗਲ ਨਾਓ:
ਇਹ ਸਫ਼ਰ ਕਰਨ ਵਾਲੇ/ਗੱਡੀ ਚਾਲਕਾਂ ਲਈ ਮਹੱਤਵਪੂਰਨ ਆਦੇਸ਼ਕਾਰੀ ਹੈ। ‘ਓਕੇ ਗੂਗਲ’ ਬੋਲ ਕੇ, ਹੱਥ ਹਿਲਾ ਕੇ ਜਾਂ ਫਿਰ ਫੋਨ ਹਿਲਾ ਕੇ ਗੂਗਲ ਖੋਜ ਚਾਲੂ ਕੀਤੀ ਜਾ ਸਕਦੀ ਹੈ।
 ਕਮਾਂਡਰ ਫਾਰ ਗੂਗਲ:
ਇਹ ਇੱਕ ਤੀਜੀ ਧਿਰ (“hird Party) ਦੀ ਆਦੇਸ਼ਕਾਰੀ ਹੈ ਜੋ ਗੂਗਲ ਨਾਲ ਜੁੜ ਕੇ ਉਪਯੋਗੀ ਕਾਰਜ ਕਰਦੀ ਹੈ।
 ਗੂਗਲ ਗੂਗਲਜ਼ (google googles):
ਇਹ ਆਦੇਸ਼ਕਾਰੀ ਚਿਤਰ ਦੇ ਆਧਾਰ ’ਤੇ ਖੋਜ ਕਰਨ ਲਈ ਵਰਤੀ ਜਾਂਦੀ ਹੈ।
 ਤਕਨੀਕੀ ਸ਼ਬਦਾਵਲੀ:
ਥੰਮ੍ਹ: column (ਕਾਲਮ); ਥਰਥਰਾਉਣਾ, ਥਰਥਰਾਹਟ, ਥੱਰਾਉਣਾ, ਥੱਰਾਹਟ: Vibrate (ਵਾਈਬਰੇਟ); ਦਸਤਕ-ਘੰਟੀ: Phone call (ਫੋਨ ਕਾਲ); ਦੱਬਣਾ: click (ਕਲਿੱਕ); ਦਰਸ਼ਨੀ: Video (ਵੀਡੀਓ); ਦਰਸ਼ਨੀ-ਚਾਲਕ : Video Player (ਵੀਡੀਓ ਪਲੇਅਰ); ਦਰਸਾਊ, ਦਰਸਾਵਾ: Vieuer (ਵੀਊਅਰ); ਦਰਜ-ਕਰਨਾ: Register (ਰਜਿਸਟਰ); ਦਰਜਾਵਾਰੀ-ਅੰਕ: Serial Number (ਸੀਰੀਅਲ ਨੰਬਰ); ਦਰਾਮਦ: import (ਇੰਪੋਰਟ); ਦਰੀਚਾ: window (ਵਿੰਡੋ); ਦਾਅਵਤ: Offer (ਆਫਰ)ਂ
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  19-08-2016

2016-08-19

ਅਜੋਕਾ ਫੋਨ ਸੰਸਾਰ

http://kitabgah.blogspot.in/2016/08/blog-post.html
VPP ਰਾਹੀਂ ਪੁਸਤਕ ਮੰਗਵਾਉਣ ਲਈ ਲਈ ਆਪਣਾ ਪੂਰਾ ਡਾਕ ਪਤਾ ਭੇਜੋ; ਪੁਸਤਕ ਦੀ ਕੀਮਤ ਡਾਕ ਖਰਚ ਸਮੇਤ 150/-

ਪੰਜਾਬੀ ਟ੍ਰਿਬਿਊਨ/20-08-2016


2016-08-11

ਜੜੀਕਰਣ ਰਾਹੀਂ ਮਾਣੋ ਵਾਧੂ ਸਹੂਲਤਾਂ/RootingbyDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  05-08-2016
ਜੜੀਕਰਣ (Rooting) ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਆਧੁਨਿਕ ਮੋਬਾਈਲ ਦੇ ਵਰਤੋਂਕਾਰ ਨੂੰ ਵੱਖ ਵੱਖ ਵਿਸ਼ੇਸ਼ਤਾਵਾਂ ਵਰਤਣ ਦੇ ਵੱਧ ਅਧਿਕਾਰ ਮਿਲ ਜਾਂਦੇ ਹਨ। ਜੜੀਕਰਣ ਰਾਹੀਂ ਫੋਨ ਦੀ ਸੰਚਾਲਨ ਪ੍ਰਣਾਲੀ (ਐਂਡਰਾਇਡ) ਨੂੰ ਸੰਨ੍ਹ ਲਾ ਕੇ ਸੂਪਰ ਯੂਜ਼ਰ ਅਰਥਾਤ ਖ਼ਾਸ ਵਰਤੋਂਕਾਰ ਬਣਿਆ ਜਾ ਸਕਦਾ ਹੈ। ਇਸ ਨਾਲ ਫੋਨ ਦੀਆਂ ਉਨ੍ਹਾਂ ਸਹੂਲਤਾਂ ਨੂੰ ਵਰਤਿਆ ਜਾ ਸਕਦਾ ਹੈ ਜਿਹੜੀਆਂ ਆਮ ਫੋਨ ਵਿੱਚ ਬੰਦ ਜਾਂ ਛੁਪਾਈਆਂ ਹੁੰਦੀਆਂ ਹਨ।
ਐਂਡਰਾਇਡ ਦੀ ਜੜੀਕਰਣ ਨੂੰ ਆਈ ਫੋਨ ਦੀ ਦੁਨੀਆਂ ਵਿੱਚ ‘ਬੰਧਨ ਤੋੜੂ’ (Jailbreaking) ਕਿਹਾ ਜਾਂਦਾ ਹੈ। ਜੜੀਕਰਣ ਇੱਕ ਔਖਾ ਕੰਮ ਹੈ। ਇਸ ਨਾਲ ਸਾਡਾ ਫੋਨ ਕਬਾੜ ਬਣ ਸਕਦਾ ਹੈ। ਜੇ ਜੜੀਕਰਣ ਸਫਲਤਾਪੂਰਵਕ ਨੇਪਰੇ ਨਾ ਚੜ੍ਹੇ ਤਾਂ ਫੋਨ ਨਕਾਰਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਫੋਨ ਨੂੰ ਅਣ-ਜੜ (Unroot) ਕਰਨਾ ਲਗਪਗ ਅਸੰਭਵ ਹੁੰਦਾ ਹੈ।

ਜੜੀਕਰਣ ਦੇ ਲਾਭ:
* ਇਸ ਨਾਲ ਪ੍ਰਕਿਰਿਆ-ਜੰਤਰ (ਪ੍ਰੋਸੈਸਰ) ਦੀ ਚਾਲ ਵਧਾਈ ਜਾ ਸਕਦੀ ਹੈ।
* ਜੜੀਕਰਣ ਰਾਹੀਂ ਫੋਨ ’ਚ ਪੰਜਾਬੀ ਫੌਂਟ ਪਾਏ ਜਾ ਸਕਦੇ ਹਨ।
* ਕਸਟਮ ਰੋਮ (ਰੀਡ ਓਨਲੀ ਮੈਮਰੀ) ਰਾਹੀਂ ਐਂਡਰਾਇਡ ਦਾ ਸਭ ਤੋਂ ਨਵਾਂ ਸੰਸਕਰਣ ਲਾਗੂ ਕੀਤਾ ਜਾ ਸਕਦਾ ਹੈ।
* ਐਂਡਰਾਇਡ ਨਾਲ ਪਹਿਲਾਂ ਤੋਂ ਆਪਣੇ-ਆਪ ਲਾਗੂ ਹੋਈਆਂ ਫ਼ਾਲਤੂ ਆਦੇਸ਼ਕਾਰੀਆਂ ਨੂੰ ਹਟਾਇਆ ਜਾ ਸਕਦਾ ਹੈ।
* ਯਾਦ-ਪ੍ਰਬੰਧਕ (Memory Manager) ਅਤੇ ਘੰਟੀ ਰੋਕੂ ਦਾ ਜੜੀਕਰਣ ਕਰਕੇ   ਉਸ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਿਆ ਜਾ ਸਕਦਾ ਹੈ।
* ਵਾਧੂ ਆਦੇਸ਼ਕਾਰੀਆਂ ਨੂੰ ਬੰਦ ਕਰਕੇ ਊਰਜਾ ਜੰਤਰ ਦੀ ਉਮਰ ਵਧਾਈ ਜਾ ਸਕਦੀ ਹੈ।
* ਐਂਡਰਾਇਡ ਦੇ ਮੂਲ ਸੰਸਕਰਣ ਨੂੰ ਉੱਨਤ ਕੀਤਾ ਜਾ ਸਕਦਾ ਹੈ।
ਜੜੀਕਰਨ ਦੀਆਂ ਹਾਨੀਆਂ:
* ਜੜੀਕਰਣ ਦੇ ਬੁਰੇ ਪ੍ਰਭਾਵ ਕਾਰਨ ਤੁਹਾਡਾ ਫੋਨ ਨਕਾਰਾ ਹੋ ਸਕਦਾ ਹੈ।
* ਇਸ ਨਾਲ ਫੋਨ ਦੀ ਵਾਰੰਟੀ ਖ਼ਤਮ ਹੋ ਜਾਂਦੀ ਹੈ।
* ਜੜੀਕਰਣ ਰਾਹੀਂ ਪ੍ਰਕਿਰਿਆ-ਜੰਤਰ ਨੂੰ ਤੇਜ਼ ਕਰਨ ਨਾਲ ਊਰਜਾ-ਜੰਤਰ ਦੀ ਕਾਰਗੁਜ਼ਾਰੀ ਮਾੜੀ ਹੋ ਸਕਦੀ ਹੈ।
* ਜੜੀਕਰਣ ਦੇ ਸਿੱਟੇ ਵਜੋਂ ਫੋਨ ਦੀ ਅੰਦਰੂਨੀ ਭਾਸ਼ਾ-ਸੰਕੇਤਾਵਲੀ ਗੜਬੜਾ ਸਕਦੀ ਹੈ।
* ਜੜੀਕਰਣ ਦੇ ਹਾਨੀਕਾਰਕ ਪ੍ਰਭਾਵ ਤੋਂ ਛੁਟਕਾਰਾ ਪਾਉਣ ਲਈ ਫੋਨ ਨੂੰ ਅਣ-ਜੜ ਕੀਤਾ ਜਾ ਸਕਦਾ ਹੈ ਪਰ ਇਹ ਪ੍ਰਕਿਰਿਆ ਬਹੁਤ ਹੀ ਘੱਟ ਹਾਲਤਾਂ ’ਚ ਸਫਲ ਹੁੰਦੀ ਹੈ।

ਸਾਵਧਾਨੀਆਂ:
* ਆਪਣੇ ਫੋਨ ਨੂੰ ਜੜੀਕਰਣ ਕਰਨ ਤੋਂ ਪਹਿਲਾਂ ਇਸ ਦੇ ਸਮੁੱਚੇ ਅੰਕੜਿਆਂ ਦਾ ਆਪਣੇ ਯਾਦ-ਪੱਤੇ ਅਤੇ ਪੀਸੀ ਵਿੱਚ ਉਤਾਰਾ-ਸੰਭਾਲ ਕਰ ਲਓ।
* ਟਾਈਟੇਨੀਅਮ ਬੈਕ-ਅਪ ਜਾਂ ਕਿਸੇ ਹੋਰ ਉਤਾਰਾ-ਸੰਭਾਂਲ ਆਦੇਸ਼ਕਾਰੀ ਰਾਹੀਂ ਮੋਬਾਈਲ ਦੇ ਅੰਕੜੇ ਅਤੇ ਆਦੇਸ਼ਕਾਰੀਆਂ ਦਾ ਉਤਾਰਾ-ਸੰਭਾਲ ਕੀਤਾ ਜਾ ਸਕਦਾ ਹੈ।
* ਜੜੀਕਰਣ ਸਮੇਂ ਆਪਣਾ (ਬਾਹਰੀ) ਯਾਦ-ਪੱਤਾ ਫੋਨ ਤੋਂ ਬਾਹਰ ਕੱਢ ਲਓ।
ਜੜੀਕਰਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ਼ ਭਰੋਸੇਯੋਗ ਜੜੀਕਰਨ ਆਦੇਸ਼ਕਾਰੀ ਦੀ ਹੀ ਵਰਤੋਂ ਕਰੋ।
* ਜੜੀਕਰਣ ਦੇ ਕਦਮ ਚੰਗੀ ਤਰ੍ਹਾਂ ਸਮਝ ਲਓ। ਜੜੀਕਰਣ ਸਮੇਂ ਪ੍ਰਣਾਲੀ ਆਦੇਸ਼ਕਾਰੀਆਂ (System 1pps) ਜਿਵੇਂ ਕਿ ਲਾਂਚਰ, ਸਟੇਟਸ ਪੱਟੀ ਆਦਿ ਨੂੰ ਹਟਾਉਣ ਜਾਂ ਛੇੜਨ ਦੀ ਗ਼ਲਤੀ ਨਾ ਕਰੋ।
* ਜੜੀਕਰਣ ਤੋਂ ਪਹਿਲਾਂ ਆਪਣੇ ਫੋਨ ਨੂੰ ਚੰਗੀ ਤਰ੍ਹਾਂ ਊਰਜਾਅ ਲਓ।ਫੋਨ ਰੂਟ ਕਰਨ ਦੇ ਕਦਮ:
* ਜੜੀਕਰਣ ਲਈ ਕਈ ਆਦੇਸ਼ਕਾਰੀਆਂ ਉਪਲਭਧ ਹਨ ਜਿਵੇਂ ਕਿ- ਕਿੰਗੋ ਰੂਟ, ਸੁਪਰ ਸਿੰਗਲ-ਟੱਚ, ਅਨਮੋਲ ਰੂਟ ਪਰੋ ਆਦਿ।
ਕਿੰਗੋ ਰੂਟ ਰਾਹੀਂ ਰੂਟ ਕਰਨ ਦੇ ਕਦਮ ਹਨ:
* ਆਪਣੇ ਕੰਪਿਊਟਰ ਵਿੱਚ ਕਿੰਗੋ ਐਂਡਰਾਇਡ ਰੂਟ (Kingo 1ndroid Root) ਨਾਂ ਦੀ ਆਦੇਸ਼ਕਾਰੀ ਨੂੰ ਲਾਗੂ ਕਰ ਲਓ।
* ਆਪਣੇ ਮੋਬਾਈਲ ਨੂੰ ਸਰਬ-ਕ੍ਰਮ-ਚਾਲਕ (USB) ਤਾਰ ਰਾਹੀਂ ਕੰਪਿਊਟਰ ਨਾਲ ਜੋੜੋ।
* ‘ਸੈਟਿੰਗ’ ਉੱਤੇ ਛੂਹ ਕੇ ‘ਡਿਵੈਲਪਰ ਆਪਸ਼ਨਜ਼’ ਨੂੰ ਖੋਲ੍ਹੋ। ਸਿਖਰ ਤੋਂ ਡਿਵੈਲਪਰ ਵਿਕਲਪ ‘ਚਾਲੂ’ ਕਰ ਲਓ।
* ਸਰਬ-ਕ੍ਰਮ-ਚਾਲਕ ਡੀਬੱਗਿੰਗ ਨੂੰ ਸਾਹਮਣੇ ਬਣੇ ਬਕਸੇ ਵਿੱਚ ਛੂਹ ਕੇ ‘ਚਾਲੂ’ ਕਰੋ।
* ਹੁਣ ਆਪਣੇ ਕੰਪਿਊਟਰ ’ਤੇ ਜੜੀਕਰਣ ਵਾਲੀ ਆਦੇਸ਼ਕਾਰੀ (ਕਿੰਗੋ ਰੂਟ) ਚਲਾਓ।
* ‘ਕਿੰਗੋ ਰੂਟ’ ਦੀ ਪਹਿਲੀ ਸਤਹਿ ਖੁੱਲ੍ਹੇਗੀ। ਇੱਥੋਂ ‘ਰੂਟ’ ਬਟਣ ’ਤੇ ਦਾਬ ਕਰੋ। ਹੁਣ ਤੁਹਾਨੂੰ ਅਗਲੇ ਪੜਾਅ ’ਤੇ ਜਾਣ ਲਈ 1-2 ਮਿੰਟ ਉਡੀਕ ਕਰਨੀ ਪਵੇਗੀ।
* ਪ੍ਰਕਿਰਿਆ ਪੂਰੀ ਹੋਣ ਉਪਰੰਤ ਕੰਪਿਊਟਰ ਆਪਣੇ-ਆਪ ਬੰਦ ਹੋ ਕੇ ਮੁੜ ਚਾਲੂ ਹੋਵੇਗਾ।
* ਹੁਣ ਜੜੀਕਰਣ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਵਿੱਚ ਤੁਸੀਂ ਆਪਣੀ ਮਰਜ਼ੀ ਦੀਆਂ ਤਬਦੀਲੀਆਂ ਕਰ ਸਕਦੇ ਹੋ। ਕਸਟਮ ਰੋਮ ਅਤੇ ਅਣ-ਜੜ ਕਰਨ ਲਈ ਐੱਕਸਡੀਏ ਡਿਵੈਲਪਰ ਫੌਰਮ (XDA Developer Form)) ਦੀ ਸਹਾਇਤਾ ਲਈ ਜਾ ਸਕਦੀ ਹੈ।

ਤਕਨੀਕੀ ਸ਼ਬਦਾਵਲੀ:

ਮਿਸਲ-ਪਟਾਰਾ: Folder (ਫੋਲਡਰ); ਮਿਸਲ-ਭੰਡਾਰ: File Storage (ਫਾਈਲ ਸਟੋਰੇਜ); ਮਿਸਲ-ਰੂਪ: File Format (ਫਾਈਲ ਫਾਰਮੈਟ); ਮੁੱਖ-ਸਤਹਿ: Home Screen (ਹੋਮ ਸਕਰੀਨ); ਮੁੱਖ-ਪੰਨਾ: Home Page (ਹੋਮ ਪੇਜ); ਮੁੱਢ: Source (ਸੋਰਸ); ਮੂਲਕਰਣ: Rooting (ਰੂਟਿੰਗ); ਮੇਲ, ਜੋੜ:  Konnection (ਕਨੈਕਸ਼ਨ); ਮੇਲ-ਜੰਤਰ: Modem (ਮੌਡਮ); ਮੋਟਾ: bold (ਬੋਲਡ); ਮੋੜਵਾਂ-ਸੁਨੇਹਾ: Feedback Message (ਫੀਡਬੈਕ ਮੈਸੇਜ); ਮੌਜੂਦ (-ਕਰਨਾ): install (ਇੰਸਟਾਲ).

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  05-08-2016

ਐਂਡਰਾਇਡ ਆਦੇਸ਼ਕਾਰੀ ਨਾਮ-ਸੂਚੀ/androidDiryDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  12-08-2016
ਸਚਿੱਤਰ ਚਾਲਕ (Video Player):
ਐੱਮਐੱਕਸ ਪਲੇਅਰ, ਬੀਐੱਸ ਪਲੇਅਰ, ਵੀ ਪਲੇਅਰ, ਮੋਬੋ ਪਲੇਅਰ, ਵੀਐੱਲਸੀ ਬੀਟਾ, ਰੌਕ ਪਲੇਅਰ, ਜੀ ਪਲੇਅਰ, ਡਾਇਸ ਪਲੇਅਰ, ਐੱਮ ਵੀਡੀਓ ਪਲੇਅਰ ਅਤੇ ਆਰਕੋਜ਼ ਵੀਡੀਓ ਪਲੇਅਰ।
 ਚਿੱਤਰਕਸ਼ੀ ਅਤੇ ਚਿੱਤਰ ਸੰਪਾਦਨ (Photography and Photo 5diting):
ਵੀਐੱਸਸੀਓ ਕੈਮਰਾ, ਅਡੋਬ ਫੋਟੋਸ਼ਾਪ ਐਕਸਪ੍ਰੈੱਸ, ਅਡੋਬ ਫੋਟੋਸ਼ਾਪ ਟੱਚ, ਸਨੈਪ ਸੀਡ ਮੋਬਾਈਲ, ਆਫਟਰ ਲਾਈਟ, ਫਿਲਟਰ ਸਟੌਰਮ, ਫ਼ੇਸ ਟਿਊਨ, ਫੋਟੋ ਐਡੀਟਰ ਬਾਈ ਆਵੇਰੀ, ਪਿਕ ਲੈਬ ਅਤੇ ਪਿਕਸ ਆਰਟ।
 ਸਰੀਰਕ ਤੰਦਰੁਸਤੀ:
ਵਰਕਆਊਟ ਟਰੇਨਰ, ਜੇਈਐੱਫਆਈਟੀ ਐਪ, ਜੌਨ੍ਹਸਨ ਐਂਡ ਜੌਨ੍ਹਸਨ ਐਪ, ਸਵੌਰਕਿਟ, ਰਨਟੈਸਟਿਕ, ਫਿਟ ਸਟਾਰ ਤੇ ਰੀਅਲ ਬਲੱਡ ਪ੍ਰੈਸ਼ਰ ਕੈਲਕੂਲੇਟਰ।
 ਸਫ਼ਰ/ਯਾਤਰਾ ਅਤੇ ਭੂਗੋਲਿਕ ਸਥਿਤੀ:
ਰਨ ਕੀਪਰ, ਰਨ ਟੇਸਟਿਕ, ਏਂਡਓਮੌਂਡੋ, ਨਾਈਕ+ਰਨਿੰਗ, ਸਟਰਾਵਾ ਰਨਿੰਗ, ਆਈ ਸਮੂਥ ਰਨ, ਇੰਡੀਅਨ ਰੇਲ ਟਰੇਨ, ਜੀਪੀਐੱਸ ਨੈਵੀਗੇਟਰ, ਮੇਕ ਮਾਈ ਟਰਿਪ, ਆਸਕ-ਮੀ, ਯਾਤਰਾ ਡੌਟ ਕੌਮ, ਇੰਡੀਅਨ ਟਰੇਨ ਸਟੇਟਸ, ਰੇਲ ਕਾਲ, ਇੰਡੀਆ ਰੇਲ ਇਨਕੁਆਰੀ, ਲਾਈਵ ਟਰੇਨ ਸਟੇਟਸ, ਜੀਪੀਐੱਸ ਡਰਾਈਵਿੰਗ, ਜੈੱਟ ਏਅਰਵੇਜ਼ ਤੇ ਟਿਕਟ ਬੁਕਿੰਗ ਐਂਡ ਰੀਚਾਰਜ।
 ਦਿਮਾਗੀ ਕਸਰਤ:
ਦਿਮਾਗੀ ਕਸਰਤ ਲਈ ਅੱਗੇ ਦਿੱਤੀਆਂ ਖੇਡਾਂ/ ਆਦੇਸ਼ਕਾਰੀਆਂ ਵਰਤੀਆਂ ਜਾ ਸਕਦੀਆਂ ਹਨ: ਲੂਮੋਸਿਟੀ, ਫਿਟ ਬ੍ਰੇਨਜ਼ ਟਰੇਨਰ, ਈਆਈ-ਡੇਟਿਕ, ਕੌਗਨੀ ਫਿਟ, ਹੈਪੀਫਾਈ, ਪਰਸਨਲ ਜ਼ਿੱਨ, ਬਰੇਨ ਸਕੂਲ ਟਰੇਨਿੰਗ ਤੇ ਕਲਾਕ ਵਰਕ ਬਰੇਨ।
 ਪੁਸਤਕਾਂ ਅਤੇ ਹਵਾਲੇ:
ਆਕਸਫੋਰਡ ਡਿਕਸ਼ਨਰੀ ਆਫ ਇੰਗਲਿਸ਼, ਹਿਨ-ਖੋਜ: ਅੰਗਰੇਜ਼ੀ ਹਿੰਦੀ ਸ਼ਬਦ-ਕੋਸ਼, ਇੰਗਲਿਸ਼ ਸ਼ਬਦ-ਕੋਸ਼, ਇੰਗਲਿਸ਼ ਟੂ ਹਿੰਦੀ ਕੋਸ਼, ਡਿਕਸ਼ਨਰੀ ਡਾਟ ਕੌਮ, ਹਿੰਦੀ ਇੰਗਲਿਸ਼ ਸ਼ਬਦ-ਕੋਸ਼ ਤੇ ਵਿਕੀਪੀਡੀਆ ਤੇ ਵਰਲਡ ਵੈੱਬ ਡਿਕਸ਼ਨਰੀ।
 ਵਪਾਰਕ:
ਸਾਫਟਵੇਅਰ ਡਾਟਾ, ਵਾਲਟ ਹਾਈਡ ਐੱਸਐੱਮਐੱਸ, ਫਾਈਲ ਮੈਨੇਜਰ, ਬਲਯੂਪੀਐੱਸ ਆਫਿਸ, ਨੌਕਰੀ ਡਾਟ ਕੌਮ ਜਾਬਸ, ਆਫਿਸ ਸੁਇਟ-7, ਜੌਬ ਸਰਚ ਤੇ ਆਟੋਮੈਟਿਕ ਕਾਲ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 12-08-2016

2016-08-02

ਗੁਰ-ਟਾਈਪ: ਪੰਜਾਬੀ ਮੋਬਾਈਲ ਟਾਈਪਿੰਗ ਪੈਡ/GurTypeDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  28-07-2016

ਪੰਜਾਬੀ ਮੋਬਾਈਲ ਟਾਈਪਿੰਗ ਪੈਡ ਟਾਈਪ ਕੀਤੇ ਜਾਣ ਵਾਲੇ ਸ਼ਬਦ ਦੇ ਪਹਿਲੇ ਕੁਝ ਅੱਖਰ ਪਾਉਣ ਉਪਰੰਤ ਸੁਝਾਅ ਪੱਟੀ ’ਚ ਢੁਕਵਾਂ ਸ਼ਬਦ ਸੁਮੇਲ ਦਿੰਦੀ ਹੈ। ਇਸ ਸਹੂਲਤ ਲਈ ਆਦੇਸ਼ਕਾਰੀ ਨੂੰ ਪੰਜਾਬੀ ਦੇ ਵੱਧ ਵਰਤੋਂ ਵਾਲੇ ਲਗਪਗ 5000 ਸ਼ਬਦਾਂ ਦੇ ਅੰਕੜਾ ਆਧਾਰ ਨਾਲ ਜੋੜਿਆ ਗਿਆ ਹੈ। ਕੀ-ਬੋਰਡ ਖਾਕੇ ਲਈ ਵਿਸ਼ੇਸ਼ ਕਿਸਮ ਦੀ ਮਿਸ਼ਰਿਤ (ਫੋਨੈਟਿਕ+ਅੱਖਰ ਕ੍ਰਮ) ਰੂਪ-ਰੇਖਾ ਤਿਆਰ ਕੀਤੀ ਗਈ ਹੈ। ਪੈਡ ਵਿੱਚ ਐੱਸਐੱਮਐੱਸ ਅਤੇ ਬਿਜ-ਡਾਕ (5-Mail) ਕਰਨ ਦੀ ਸਹੂਲਤ ਹੈ। ਪੈਡ ’ਤੇ ਸਹੀ ਸ਼ਬਦ ਜੋੜ ਟਾਈਪ ਕਰਨ ਦੇ ਨਿਯਮ ਪਾਏ ਗਏ ਹਨ। ਟਾਈਪ ਕੀਤੇ ਅੱਖਰ/ਸ਼ਬਦ ਨੂੰ ਅੰਕੜਾ ਆਧਾਰ ’ਚ ਲੱਭਣ ਲਈ ਦੋ-ਅੰਕੀ-ਖੋਜ ਅਤੇ ਤੀਹਰਾ ਢਾਂਚਾ ਖੋਜ ਅਤੇ ਟਰਾਈ ਸਟਰਕਚਰ ਅਪਣਾਇਆ ਗਿਆ ਹੈ।
 ਕਾਰਜ-ਵਿਧੀ: ਪੰਜਾਬੀ ਮੋਬਾਈਲ ਟਾਈਪਿੰਗ ਪੈਡ (ਗੁਰ-ਟਾਈਪ) ਉੱਤੇ ਜਦੋਂ ਕੋਈ ਅੱਖਰ ਟਾਈਪ ਕੀਤਾ ਜਾਂਦਾ ਹੈ ਤਾਂ ਆਦੇਸ਼ਕਾਰੀ ਅੱਖਰਾਂ/ਸ਼ਬਦਾਂ ਦੇ ਆਗਤ ਕ੍ਰਮ ਦੀ ਜਾਂਚ ਕਰਦੀ ਹੈ। ਪੂਰਬ-ਲਿਖਤ (ਅਗੇਤਰ ਅੱਖਰਾਂ/ਸ਼ਬਦਾਂ ਅਤੇ ਵੱਧ ਵਰਤੋਂ ਦੇ ਆਧਾਰ ’ਤੇ ਸ਼ਬਦ ਸੂਚੀ ਜਾਰੀ ਕਰਨ ਵਾਲੀ) ਵਿਸ਼ੇਸ਼ਤਾ ਕਿਰਿਆਸ਼ੀਲ ਹੋ ਜਾਂਦੀ ਹੈ। ਇਹ ਕੀ-ਪੈਡ ਪੂਰੀ ਤਰ੍ਹਾਂ ਦੋ-ਬਟਣ ਪ੍ਰਣਾਲੀ ’ਤੇ ਕੰਮ ਕਰਦਾ ਹੈ। ਫੋਨ ਯਾਦਦਾਸ਼ਤ ’ਚ ਉਪਲਭਧ ਸ਼ਬਦ ਸੂਚੀ ਤੇ ਆਵ੍ਰਿਤੀ ਵਿੱਚੋਂ ਟਾਈਪ ਕੀਤੇ ਅੱਖਰ/ ਅੱਖਰਾਂ ਨੂੰ ਦੋ-ਅੰਕੀ ਖੋਜ ਰਾਹੀਂ ਲੱਭਿਆ ਜਾਂਦਾ ਹੈ। ਅਗੇਤਰ ਅੱਖਰ/ਅੱਖਰਾਂ ਦੇ ਆਧਾਰ ’ਤੇ ਚੁਣੇ ਸ਼ਬਦਾਂ ਨੂੰ ਇੱਕ ਵੱਖਰੀ ਸਾਰਣੀਸ਼ਾਲਾ (1rray) ਵਿੱਚ ਰੱਖ ਕੇ ਆਵ੍ਰਿਤੀ ਦੇ ਆਧਾਰ ’ਤੇ ਘਟਦੇ ਕ੍ਰਮ ’ਚ ਲਗਾਇਆ ਜਾਂਦਾ ਹੈ ਤੇ ਵੱਧ ਆਵ੍ਰਿਤੀ ਵਾਲੇ ਪਹਿਲੇ 5 ਸ਼ਬਦਾਂ ਨੂੰ ਸੁਝਾਅ ਸੂਚੀ ’ਚ ਦਿਖਾ ਦਿੱਤਾ ਜਾਂਦਾ ਹੈ। ਵਰਤੋਂਕਾਰ ਜਦੋਂ ਸ਼ਬਦ-ਸੂਚੀ ਤੋਂ ਬਾਹਰ ਕਿਸੇ ਨਵੇਂ ਸ਼ਬਦ ਨੂੰ 5 ਜਾਂ ਇਸ ਤੋਂ ਵੱਧ ਵਾਰ ਵਰਤ ਲੈਂਦਾ ਹੈ ਤਾਂ ਇਹ ਸ਼ਬਦ ਅਗਲੀ ਵਾਰ ਆਪਣੇ-ਆਪ ਫੋਨ ਯਾਦਦਾਸ਼ਤ (ਸ਼ਬਦ ਸੂਚੀ) ’ਚ ਸ਼ਾਮਿਲ ਹੋ ਜਾਂਦਾ ਹੈ। ਨਵੇਂ ਸ਼ਬਦ ਦੇ ਆਗਮਨ ਨਾਲ ਸੂਚੀ ਵਿੱਚੋਂ ਸਭ ਤੋਂ ਘੱਟ ਆਵ੍ਰਿਤੀ ਵਾਲਾ ਸ਼ਬਦ ਬਾਹਰ ਚਲਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ-ਸੂਚੀ ਦਾ ਆਕਾਰ ਹਮੇਸ਼ਾ ਸਥਿਰ ਰਹਿੰਦਾ ਹੈ। ਕੁਝ ਦਿਨ ਇਸ ਟਾਈਪਿੰਗ ਪੈਡ ਦੀ ਵਰਤੋਂ ਕਰਨ ਨਾਲ ਵਰਤੋਂਕਾਰ ਆਪਣੇ ਵਿਲੱਖਣ (ਨਿੱਜੀ) ਸੰਗ੍ਰਹਿਣ ਦੀ ਸਿਰਜਨਾ ਕਰ ਸਕਦਾ ਹੈ। ਟਾਈਪਿੰਗ ਪੈਡ ਵਿੱਚ ਟਾਈਪ ਕੀਤੇ ਸਨੇਹੇ ਨੂੰ ਬਿਜ-ਡਾਕ ਅਤੇ ਐੱਸਐੱਮਐੱਸ ਵਜੋਂ ਭੇਜਣ ਦੀ ਸ਼ਕਤੀਸ਼ਾਲੀ ਸਹੂਲਤ ਹੈ।

 ਪ੍ਰਮਾਣਿਕ ਸ਼ਬਦ-ਜੋੜ ਨਿਯਮ

ਪੰਜਾਬੀ ਟਾਈਪ ਕਰਦੇ ਸਮੇਂ ਵਰਤੋਂਕਾਰ ਤੋਂ ਕਈ ਵਾਰ ਸ਼ਬਦ ਜੋੜਾਂ ਦੀਆਂ ਗ਼ਲਤੀਆਂ ਹੋ ਜਾਂਦੀਆਂ ਹਨ। ਇਨ੍ਹਾਂ ਗ਼ਲਤੀਆਂ ਤੋਂ ਛੁਟਕਾਰਾ ਪਾਉਣ ਲਈ ਟਾਈਪਿੰਗ ਪੈਡ ਵਿੱਚ 275 ਨਿਯਮ ਪਾਏ ਗਏ ਹਨ। ਇਹ ਨਿਯਮ ਵਰਤੋਂਕਾਰ ਨੂੰ ਗ਼ਲਤ ਸ਼ਬਦ-ਜੋੜ ਪਾਉਣ ਤੋਂ ਰੋਕਦੇ ਹਨ। ਇਨ੍ਹਾਂ ਨਿਯਮਾਂ ਨੂੰ ਹੇਠਾਂ ਲਿਖੇ ਅਨੁਸਾਰ ਕੁੱਲ 16 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਪੈਰੀਂ ਰਾਰਾ ਨਿਯਮ; ਪੈਰੀਂ ਰਾਰਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਪੈਰੀਂ ਹਾਹਾ ਨਿਯਮ; ਪੈਰੀਂ ਹਾਹਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਪੈਰੀਂ ਵਾਵਾ ਨਿਯਮ; ਪੈਰੀਂ ਵਾਵਾ ਤੋਂ ਬਾਅਦ ਪੈਣ ਵਾਲੀਆਂ ਲਗਾਂ-ਮਾਤਰਾਵਾਂ ਨਿਯਮ; ਬਿੰਦੀ ਨਿਯਮ; ਟਿੱਪੀ ਨਿਯਮ; ਅੱਧਕ ਨਿਯਮ; ਪੈਰ ਬਿੰਦੀ ਨਿਯਮ; ਸਵੈ-ਸੋਧ ਨਿਯਮ; ਦੂਹਰੀ ਮਾਤਰਾ ਨਿਯਮ; ਵਿਸ਼ੇਸ਼ ਸਿਹਾਰੀ ਨਿਯਮ; ੳ ਨਿਯਮ; ਅ ਨਿਯਮ; ੲ ਨਿਯਮ।
 ਪੰਜਾਬੀ ਟਾਈਪਿੰਗ ਪੈਡ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
 •  * ਹੋਰਨਾਂ ਕੀ-ਬੋਰਡਾਂ ਨਾਲੋਂ ਸਭ ਤੋਂ ਘੱਟ ਬਟਣ-ਛੂਹ ਪ੍ਰਤੀ ਸ਼ਬਦ
 •  * ਆਧੁਨਿਕ (ਬਾਇਨਰੀ) ਖੋਜ ਵਿਧੀ ਰਾਹੀਂ ਉੱਚ ਚਾਲ ਸ਼ਬਦ ਖੋਜ ਸਹੂਲਤ
 •  * ਕਸਟਮ ਖਾਕਾ (ਫੋਨੈਟਿਕ+ਗੁਰਮੁਖੀ ਕ੍ਰਮਾਂਕ)
 •  * ਪੂਰਬ-ਲਿਖਤ ਸਹੂਲਤ: ਵੱਧ ਪ੍ਰਚਲਿਤ ਪਹਿਲੇ 5 ਸ਼ਬਦਾਂ ਨੂੰ ਸੁਝਾਅ ਪੈਨਲ ’ਚ ਦਿਖਾਉਣ ਦੀ ਯੋਗਤਾ
 •  * ਸੁਝਾਅ ਪੈਨਲ ਵਿੱਚੋਂ ਇਕਹਿਰੀ ਦਾਬ ਰਾਹੀਂ ਸ਼ਬਦ ਚੋਣ
 •  * ਇੱਕ ਕਰੋੜ ਸ਼ਬਦਾਂ ਦੇ ਸੰਗ੍ਰਹਿਣ ਵਿੱਚੋਂ ਵੱਧ ਵਰਤੋਂ ਵਾਲੇ ਲਗਪਗ 5000 ਸ਼ਬਦਾਂ ਦਾ ਅੰਕੜਾ-ਆਧਾਰ (Data Base)
 •  * ਵਰਤੋਂਕਾਰ ਵੱਲੋਂ ਵੱਧ ਵਰਤੋਂ ਵਾਲੇ ਨਵੇਂ ਸ਼ਬਦਾਂ ਨੂੰ ਅੰਕੜਾ ਆਧਾਰ ਵਿੱਚ ਸ਼ਾਮਿਲ ਕਰਨ ਅਤੇ ਘੱਟ ਜਾਂ ਨਾ-ਵਰਤੋਂ ਵਾਲੇ ਸ਼ਬਦਾਂ ਨੂੰ ਬਾਹਰ ਕੱਢਣ ਦੀ ਸ਼ਕਤੀਸ਼ਾਲੀ ਵਿਸ਼ੇਸ਼ਤਾ।
 •  * ਯੂਨੀਕੋਡ ਨਤੀਜਾ, ਐਂਡਰਾਇਡ ਆਧਾਰਿਤ ਕਿਸੇ ਵੀ ਫੋਨ ਜਾਂ ਵੈੱਬ ਜਾਲ-ਖੋਜਕ (Web Browser) ’ਤੇ ਪੜ੍ਹਨੀ ਸੌਖੀ।
 •  * ਟਾਈਪ ਕੀਤੇ ਸਨੇਹੇ ਨੂੰ ਐੱਸਐੱਮਐੱਸ ਜਾਂ ਬਿਜ-ਡਾਕ ਵਜੋਂ ਭੇਜਣ ਦੀ ਸਹੂਲਤ।
 •  * ਆਦੇਸ਼ਕਾਰੀ ਵਿੱਚ ਮੋਬਾਈਲ ਫੋਨ ਜਾਂ ਟੈਬਲਟ ਪੀਸੀ ਦੀ ਸਤਹਿ ਦੇ (ਆਕਾਰ ਦੇ) ਆਧਾਰ ’ਤੇ ਆਪਣੇ-ਆਪ ਛੋਟਾ ਜਾਂ ਵੱਡਾ ਕਰਕੇ ਦਿਖਾਉਣ ਦੀ ਯੋਗਤਾ।
 •  * ਐੱਸਐੱਮਐੱਸ ਭੇਜਣ ਲਈ ਫੋਨ ਦੀ ਸਿਰਨਾਵਾਂ ਸੂਚੀ ਵਿੱਚੋਂ ਅੰਕ ਚੁਣਨ ਦੀ ਸਹੂਲਤ।
 •  * ਟਾਈਪ ਕਰਨ ਸਮੇਂ ਪੰਜਾਬੀ ਦੀਆਂ ਵਿਭਿੰਨ 16 ਸ਼੍ਰੇਣੀਆਂ ਦੇ ਕੁੱਲ 275 ਸ਼ਬਦ ਜੋੜ ਨਿਯਮਾਂ ਨੂੰ ਲਾਗੂ ਕਰਵਾਉਣ ਦੀ ਵਿਵਸਥਾ।
 •  * ਗ਼ਲਤ ਲਗਾਂ-ਮਾਤਰਾਵਾਂ ਨੂੰ ਸਵੈ-ਸੋਧ ਰਾਹੀਂ ਠੀਕ ਕਰਨ ਦੀ ਵਿਸ਼ੇਸ਼ਤਾ।

 ਤਕਨੀਕੀ ਸ਼ਬਦਾਵਲੀ

 • ਯਾਦ: Memory (ਮੈਮਰੀ)
 • ਯਾਦ-ਸਮਰੱਥਾ: Memory Space (ਮੈਮਰੀ ਸਪੇਸ)
 • ਯਾਦਦਾਸ਼ਤ: Memory (ਮੈਮਰੀ)
 • ਯਾਦਦਾਸ਼ਤ (ਯਾਦ-) -ਪੱਤਾ: Memory card (ਮੈਮਰੀ ਕਾਰਡ)
 • ਯਾਦ-ਪ੍ਰਬੰਧਕ: Memory Manager (ਮੈਮਰੀ ਮੈਨੇਜਰ)
 • ਯੋਜਨਾ: Project (ਪ੍ਰੋਜੈਕਟ)
 • ਰੱਖਣਾ: Paste (ਪੇਸਟ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  28-07-2016