ਏਟੀਐੱਮ ਰਾਹੀਂ ਹੋਣ ਵਾਲੀ ਠੱਗੀ ਤੋਂ ਕਿਵੇਂ ਬਚੀਏ?/ATM fraud prevention

07-07-2019
ਅੱਜ ਅਪਰਾਧ ਕਰਨ ਲਈ ਬੰਦੂਕ, ਤਲਵਾਰ ਜਾਂ ਕੋਈ ਹੋਰ ਘਾਤਕ ਔਜ਼ਾਰ ਦੀ ਲੋੜ ਨਹੀਂ ਸਗੋਂ ਕੰਪਿਊਟਰ ਦੇ ਮਾਊਸ ਦਾ ਇੱਕ ਕਲਿੱਕ ਹੀ ਕਾਫ਼ੀ ਹੈ। ਹੁਣ ਦੇ ਠੱਗਾਂ ਨੇ ਬੈਂਕਾਂ ਤੇ ਏਟੀਐਮ ਮਸ਼ੀਨਾਂ ਵਿੱਚ ਸੰਨ੍ਹ ਲਾਉਣ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ। ਬੇਸ਼ੱਕ ਇਨ੍ਹਾਂ ਮਸ਼ੀਨਾਂ ਨੇ ਸਾਡੀ ਜ਼ਿੰਦਗੀ ਬੇਹੱਦ ਆਸਾਨ ਬਣਾ ਦਿੱਤੀ ਹੈ ਪਰ ਇਸ ਨੂੰ ਵਰਤਣ ਵੇਲੇ ਸਾਵਧਾਨੀ ਦੀ ਲੋੜ ਹੈ। ਸਾਈਬਰ ਅਪਰਾਧੀ ਬੇਗਾਨੀ 'ਮਾਇਆ ਨੂੰ ਜੱਫਾ ਮਾਰਨ' ਲਈ ਮਸ਼ੀਨਾਂ ਵਿੱਚ ਛੇੜਛਾੜ ਕਰਦੇ ਹਨ। ਉਹ ਆਪਣਾ ਕੰਮ ਬੇਹੱਦ ਚਲਾਕੀ ਅਤੇ ਸਫ਼ਾਈ ਨਾਲ ਕਰਦੇ ਹਨ ਕਿ ਆਮ ਵਿਅਕਤੀ ਨੂੰ ਕੋਈ ਭਿਣਕ ਤੱਕ ਨਹੀਂ ਲੱਗਦੀ। 

ਏਟੀਐਮ ਰਾਹੀਂ 'ਮਾਲ' ਲੁੱਟਣ ਵਾਲੇ ਕਈ ਲੁਟੇਰੇ ਏਟੀਐਮ ਦੇ ਨਕਦੀ ਵਾਲੇ ਖ਼ਾਂਚੇ ਅੱਗੇ ਢੱਕਣ ਲਾ ਦਿੰਦੇ ਹਨ ਤੇ ਰਸੀਦ ਦੇ ਨਿਕਾਸੀ ਦੁਆਰ ਨੂੰ ਟੇਪ ਨਾਲ ਬੰਦ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਕੋਈ ਏਟੀਐੱਮ ਵਿਚੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਪੂਰੀ ਕਰ ਲੈਂਦਾ ਹੈ ਪਰ ਉਸ ਦੇ ਹੱਥ ਪੈਸੇ ਅਤੇ ਰਸੀਦ ਨਹੀਂ ਲੱਗਦੀ। ਉਹ ਇਹ ਸੋਚ ਕੇ ਵਾਪਿਸ ਚਲਾ ਜਾਂਦਾ ਹੈ ਕਿ ਇਸ ਵਿੱਚ ਨਕਦੀ ਨਹੀਂ ਹੈ। ਉਸ ਸਮੇਂ ਤੁਹਾਡੀ ਕਮਾਈ 'ਤੇ ਪਲਣ ਵਾਲਾ ਲੁਟੇਰਾ ਬਾਹਰ ਹੀ ਉਡੀਕ ਕਰ ਰਿਹਾ ਹੁੰਦਾ ਹੈ। ਉਹ ਫੁਰਤੀ ਨਾਲ ਨਕਦੀ ਵਾਲੀ ਟਰੇਅ ਦਾ ਢੱਕਣ ਖੋਲ੍ਹ ਕੇ ਰੁਪਏ ਅਤੇ ਰਸੀਦ ਆਪਣੇ ਹੱਥ ਕਰ ਲੈਂਦਾ ਹੈ। 
ਕਈ ਲੁਟੇਰੇ ਮਸ਼ੀਨ ਦੇ ਰੱਦ (cancel) ਬਟਣ ਵਿੱਚ ਮਾਚਿਸ ਦੀ ਤੀਲੀ ਫਸਾ ਕੇ ਜਾਂ ਉਸ ਵਿੱਚ ਗੂੰਦ ਪਾ ਕੇ ਜਾਮ ਕਰ ਦਿੰਦੇ ਹਨ। ਗਾਹਕ ਨੂੰ ਪੈਸੇ ਕਢਵਾਉਣ ਦੀ ਪ੍ਰਕਿਰਿਆ ਵਿੱਚ ਕੋਈ ਮੁਸ਼ਕਿਲ ਲੱਗੇ ਤਾਂ ਉਹ ਰੱਦ ਬਟਣ ਦੱਬ ਕੇ ਵਾਪਸ ਚਲਾ ਜਾਂਦਾ ਹੈ। ਅਸਲ ਵਿੱਚ ਉਸ ਸਮੇਂ ਰੱਦ ਬਟਣ ਕੰਮ ਨਹੀ ਕਰ ਰਿਹਾ ਹੁੰਦਾ। ਸਾਈਬਰ ਠੱਗ ਬੜੀ ਫੁਰਤੀ ਨਾਲ ਏਟੀਐਮ ਬੂਥ ਵਿੱਚ ਦਾਖਲ ਹੁੰਦਾ ਹੈ। ਰੱਦ ਬਟਣ ਵਿੱਚ ਫਸਾਈ ਤੀਲੀ ਨੂੰ ਬਾਹਰ ਕੱਢਦਾ ਹੈ, ਨਕਦੀ ਕਢਵਾਉਣ ਦੀ ਪ੍ਰਕਿਰਿਆ ਪੂਰੀ ਕਰਕੇ ਨਕਦੀ ਕਢਵਾਉਣ 'ਚ ਕਾਮਯਾਬ ਹੋ ਜਾਂਦਾ ਹੈ।
ਏਟੀਐੱਮ ਠੱਗਾਂ ਵੱਲੋਂ ਵਰਤਿਆ ਜਾਣ ਵਾਲਾ ਸਭ ਤੋਂ ਵੱਧ ਖ਼ਤਰਨਾਕ ਤਰੀਕਾ ਹੈ- ਸਕਿੱਮਰ (Skimmer) ਦੀ ਵਰਤੋਂ। ਸਕਿੱਮਰ ਇਕ ਇਲੈਕਟ੍ਰਾਨਿਕ ਪੁਰਜਾ ਹੈ ਜੋ ਕਾਰਡ ਸਵੈਪ ਕਰਨ ਵਾਲੇ ਖਾਂਚੇ ਵਿੱਚ ਇਸ ਤਰ੍ਹਾਂ ਫਿੱਟ ਹੋ ਜਾਂਦਾ ਹੈ ਕਿ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਜਿਓਂ ਹੀ ਕੋਈ ਗਾਹਕ ਆਪਣਾ ਕਾਰਡ ਫੇਰ ਕੇ (swipe ਕਰਕੇ) ਪੈਸੇ ਕਢਵਾਉਣ ਦੀ ਪ੍ਰਕਿਰਿਆ ਪੂਰੀ ਕਰਦਾ ਹੈ ਤਾਂ ਸਕਿੱਮਰ ਕਾਰਡ ਵਿਚਲੀ ਸਾਰੀ ਜਾਣਕਾਰੀ ਚੁਰਾ ਲੈਂਦਾ ਹੈ। ਹੁਣ ਅਪਰਾਧੀ ਚਾਹੇ ਤਾਂ ਉਸ ਕਾਰਡ ਵਰਗਾ ਹੂ-ਬ-ਹੂ ਦੂਜਾ (clone) ਕਾਰਡ ਬਣਾ ਕੇ ਏਟੀਐੱਮ ਚੋਂ ਪੈਸੇ ਖੁਰਦ ਬੁਰਦ ਕਰ ਸਕਦਾ ਹੈ ਜਾਂ ਬੈਂਕ ਵੇਰਵੇ ਰਾਹੀਂ ਕੋਈ ਹੋਰ ਢੰਗ ਅਪਣਾ ਸਕਦਾ ਹੈ। ਸਕਿੱਮਰ ਏਟੀਐੱਮ ਰਾਹੀਂ ਠੱਗੀ ਮਾਰਨ ਦਾ ਇਕ ਅਜਿਹਾ ਤਰੀਕਾ ਹੈ ਜਿਸ ਰਾਹੀਂ ਅਪਰਾਧੀ ਕਈ ਵਾਰ ਅਗਲੇ ਦੀ ਪੂਰੀ ਬੈਂਕ ਰਾਸ਼ੀ ਕਢਵਾਉਣ ਚ ਕਾਮਯਾਬ ਹੋ ਜਾਂਦੇ ਹਨ। 

ਕਈ ਜਾਲਸਾਜ਼ ਏਟੀਐੱਮ ਬੂਥ ਅੰਦਰ ਆਪਣਾ ਵੱਖਰਾ ਕੈਮਰਾ ਗੱਡ ਕੇ ਜਾਸੂਸੀ ਕਰਦੇ ਹਨ। ਇਸ ਵਿਸ਼ੇਸ਼ ਕਿਸਮ ਦੇ ਕੈਮਰੇ ਵਿੱਚ ਬੈਟਰੀ ਅਤੇ ਚਿੱਪ ਲੱਗੀ ਹੁੰਦੀ ਹੈ ਜਿਹੜਾ ਕਿ ਏਟੀਐੱਮ ਦੇ ਕੀ-ਪੈਡ ਵੱਲ ਕੇਂਦਰਤ ਹੁੰਦਾ ਹੈ। ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਪੁੱਜੇ ਵਿਅਕਤੀ ਵੱਲੋਂ ਭਰਿਆ ਗਿਆ ਪਾਸਵਰਡ ਅਤੇ ਹੋਰ ਜਾਣਕਾਰੀ ਕੈਮਰੇ ਵਿੱਚ ਰਿਕਾਰਡ ਹੋ ਜਾਂਦੀ। ਇਸ ਪ੍ਰਕਾਰ ਇਹ ਅਪਰਾਧੀ ਏਟੀਐੱਮ ਦਾ ਪਿੰਨ ਜਾਨਣ ਵਿੱਚ ਕਾਮਯਾਬ ਹੋ ਜਾਂਦੇ ਹਨ। 
ਬੈਂਕਾਂ ਵੱਲੋਂ ਵੱਖ-ਵੱਖ ਸਮੇਂ ਤੇ ਆਪਣੇ ਖਾਤਾ-ਧਾਰਕਾਂ ਨੂੰ ਸਨੇਹਾ ਭੇਜ ਕੇ ਚੌਕੰਨਾ ਕੀਤਾ ਜਾਂਦਾ ਹੈ ਕਿ ਆਪਣੇ ਬੈਂਕ ਖਾਤੇ ਅਤੇ ਏਟੀਐੱਮ ਬਾਰੇ ਜਾਣਕਾਰੀ ਕਿਸੇ ਨਾਲ ਨਾ ਸਾਂਝੀ ਕੀਤੀ ਜਾਵੇ। ਇਸ ਦੇ ਬਾਵਜੂਦ ਕਈ ਲੋਕ ਫੋਨ ਕਾਲਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਬੈਂਕ ਅਤੇ ਏਟੀਐਮ ਬਾਰੇ ਜਾਣਕਾਰੀ ਸਾਂਝੀ ਕਰ ਬੈਠਦੇ ਹਨ।
ਫੋਨ ਆਉਂਦਾ ਹੈ ਕਿ "ਮੈਂ ਬੈਂਕ ਦਾ ਮੈਨੇਜਰ ਬੋਲ ਰਿਹਾ ਹਾਂ। ਤੁਹਾਡਾ ਏਟੀਐਮ ਕਾਰਡ ਬੰਦ (block) ਹੋਣ ਜਾ ਰਿਹਾ ਹੈ। ਅਸੀਂ ਤਫ਼ਸ਼ੀਸ਼ (varification) ਕਰਨਾ ਚਾਹੁੰਦੇ ਹਾਂ।" ਇਸ ਤੋਂ ਬਾਅਦ ਉਹ ਤੁਹਾਡੇ ਕੋਲੋਂ ਕਾਰਡ ਨੰਬਰ, ਕਾਰਡ ਖਤਮ ਹੋਣ ਦੀ ਤਰੀਕ, ਸੀਵੀਸੀ ਨੰਬਰ ਅਤੇ ਓਟੀਪੀ ਜਾਨਣ ਦੀ ਕੋਸ਼ਿਸ਼ ਕਰਦਾ ਹੈ। ਕਈ ਲੋਕ ਉਨ੍ਹਾਂ ਦੇ ਲੁਭਾਉਣੀਆਂ ਪੇਸ਼ਕਸ਼ਾਂ ਜਾਂ ਕਾਰਡ ਦੇ ਬੰਦ ਹੋਣ ਦੇ ਡਰੋਂ ਇਹ ਸਭ ਕੁਝ ਦੱਸ ਦਿੰਦੇ ਹਨ ਤੇ ਕੁਝ ਹੀ ਪਲਾਂ ਵਿੱਚ ਆਪਣੇ ਖਾਤੇ ਵਿੱਚ ਪਈ ਰਾਸ਼ੀ ਖਾਲੀ ਕਰਵਾ ਬਹਿੰਦੇ ਹਨ। 
ਜੇ ਨੈੱਟ ਬੈਂਕਿੰਗ ਜਾਂ ਏਟੀਐਮ ਰਾਹੀਂ ਸਾਡੇ ਨਾਲ ਠੱਗੀ ਹੋ ਜਾਵੇ ਤਾਂ ਅਸੀਂ ਦੁਵਿਧਾ ਵਿੱਚ ਪੈ ਜਾਂਦੇ ਹਾਂ। ਬੈਂਕ ਜਾਂਦੇ ਹਾਂ ਤਾਂ ਉਹ ਥਾਣੇ ਨੂੰ ਸੂਚਿਤ ਕਰਨ ਲਈ ਕਹਿੰਦੇ ਹਨ। ਥਾਣੇ ਵਾਲੇ ਵਾਪਸ ਬੈਂਕ ਭੇਜ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਅਸੀਂ ਕੀ ਕਰੀਏ। ਅਜਿਹੀ ਸਥਿਤੀ ਨਾਲ ਨਿਪਟਣ ਲਈ ਹੇਠਾਂ ਕੁਝ ਸਿੱਕੇਬੰਦ ਨੁਕਤੇ ਦਿੱਤੇ ਗਏ ਹਨ। 
ਸਭ ਤੋਂ ਪਹਿਲਾਂ ਉਸ ਬੈਂਕ ਦੇ ਗਾਹਕ ਸੇਵਾ ਕੇਂਦਰ (Customer Care Centre) 'ਤੇ ਫੋਨ ਕਰਕੇ ਏਟੀਐਮ ਕਾਰਡ ਨੂੰ ਬੰਦ ਕਰਵਾ ਦਿਓ ਤੇ ਨਾਲ ਹੀ ਆਪਣੇ ਨਾਲ ਹੋਈ ਇਸ ਠੱਗੀ ਦੀ ਸ਼ਿਕਾਇਤ ਦਰਜ ਕਰਵਾਓ। ਸ਼ਿਕਾਇਤ ਨੰਬਰ ਪੁੱਛਣਾ ਨਾ ਭੁੱਲੋ। 
ਆਮ ਤੌਰ ਤੇ ਇਹ ਦੇਖਿਆ ਗਿਆ ਹੈ ਕਿ ਅਪਰਾਧੀ ਕਿਸੇ ਦੇ ਖਾਤੇ ਵਿੱਚੋਂ ਲੁੱਟ ਦੀ ਰਾਸ਼ੀ ਨੂੰ ਸਿੱਧਾ ਆਪਣੇ ਖਾਤੇ ਵਿਚ ਨਹੀਂ ਪਾਉਂਦਾ। ਉਹ ਇਸ ਮੰਤਵ ਲਈ ਪੇ-ਜ਼ੈਪ, ਪੇਟੀਐਮ, ਐੱਸਬੀਆਈ ਬੱਡੀ, ਵੋਡਾਫੋਨ, ਏਅਰਟੈੱਲ, ਪੇਅ-ਯੂ ਆਦਿ ਪੇਮੈਂਟ ਗੇਟ-ਵੇ ਕੰਪਨੀਆਂ ਦਾ ਸਹਾਰਾ ਲੈਂਦਾ ਹੈ। ਅਪਰਾਧੀ ਪਹਿਲਾਂ ਸ਼ਿਕਾਰ ਬਣਾਏ ਵਿਅਕਤੀ ਦੇ ਖਾਤੇ ਵਿੱਚੋਂ ਪੈਸਾ ਅਜਿਹੀਆਂ ਕੰਪਨੀਆਂ ਦੇ ਖਾਤੇ ਵਿੱਚ ਪਾਉਂਦਾ ਹੈ ਤੇ ਫਿਰ ਹੌਲੀ ਹੌਲੀ ਕਰਕੇ ਆਪਣੇ ਖਾਤੇ 'ਚ ਤਬਦੀਲ ਕਰ ਲੈਂਦਾ ਹੈ। 
ਦੂਜਾ ਕੰਮ ਈ ਮੇਲ-ਕਰਨਾ ਹੈ। ਤੁਹਾਨੂੰ ਆਪਣੇ ਬੈਂਕ, ਸਾਈਬਰ ਸੈੱਲ, ਈ-ਵਾਲੇਟ, ਪੇਮੈਂਟ ਗੇਟ-ਵੇ ਕੰਪਨੀਆਂ ਨੂੰ ਛੇਤੀ ਤੋਂ ਛੇਤੀ ਈ-ਮੇਲ ਸਨੇਹਾ ਭੇਜਣਾ ਹੋਵੇਗਾ। ਈ-ਮੇਲ ਵਿੱਚ ਏਟੀਐੱਮ ਕਾਰਡ ਦਾ ਨੰਬਰ ਜਿਸ ਵਿੱਚ ਪਹਿਲੇ 6 ਅਤੇ ਅਖੀਰਲੇ 4 ਅੰਕ ਸ਼ਾਮਿਲ ਕਰੋ। ਇਸੇ ਤਰ੍ਹਾਂ ਤਾਰੀਖ ਜਦੋਂ ਪੈਸੇ ਕਢਵਾਏ ਗਏ, ਲੈਣ-ਦੇਣ ਅੰਕ (transaction number), ਰਾਸ਼ੀ, ਸੰਪਰਕ ਅੰਕ (phone no.), ਪਛਾਣ ਪੱਤਰ ਅਤੇ ਆਧਾਰ ਪਛਾਣ ਸਮੇਤ ਆਪਣੇ ਖਾਤੇ ਦਾ ਵੇਰਵਾ ਦਿਓ। 
ਇਸ ਉਪਰੰਤ ਨੇੜਲੀ ਪੁਲਿਸ ਚੌਂਕੀ ਵਿੱਚ ਜਾ ਕੇ ਪਹਿਲੀ ਸੂਚਨਾ (FIR) ਦਰਜ ਕਰਵਾਓ ਜਾਂ ਆਮ ਸੂਚਨਾ (diary) ਕਰਵਾਓ। ਇਸ ਦੀ ਨਕਲ ਫ਼ੌਰਨ ਆਪਣੀ ਬੈਂਕ ਸ਼ਾਖਾ ਵਿੱਚ ਜਮ੍ਹਾਂ ਕਰਵਾ ਦਿਓ। 
ਵੱਖ-ਵੱਖ ਸਾਈਬਰ ਅਪਰਾਧਾਂ ਤੋਂ ਬਚਣ ਬਾਰੇ ਜਾਣਕਾਰੀ ਐੱਸਏਐੱਸ ਨਗਰ ਮੋਹਾਲੀ ਪੁਲਸ ਦੀ ਵੈੱਬਸਾਈਟ ਤੇ ਦਰਜ ਹੈ। ਆਨ-ਲਾਈਨ ਸ਼ਿਕਾਇਤ ਦਰਜ ਕਰਾਉਣ ਲਈ ਐੱਫਬੀਆਈ ਦੇ ਇੰਟਰਨੈੱਟ ਅਪਰਾਧ ਸ਼ਿਕਾਇਤ ਕੇਂਦਰ (IC3) ਦੀ ਵੈੱਬਸਾਈਟ www.ic3.gov ਦੀ ਵਰਤੋਂ ਕੀਤੀ ਜਾ ਰਹੀ ਹੈ। ਨਵੀਂ ਦਿੱਲੀ ਬਿਜਲਈ ਅਪਰਾਧ ਥਾਣੇ (Cyber Crime Police) ਦੇ ਈ-ਮੇਲ ਸਿਰਨਾਵੇਂ cbiccic@bol.net.in ਉੱਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। 
ਨੈੱਟ ਬੈਂਕਿੰਗ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੈਂਕ ਦੀ ਵੈੱਬਸਾਈਟ ਨੂੰ ਗੂਗਲ ਸਰਚ ਇੰਜਣ ਵਿੱਚ ਨਾ ਲੱਭਣ ਸਗੋਂ ਉਸ ਦਾ ਸਿਰਨਾਵਾਂ ਸਿੱਧਾ ਵੈੱਬ ਬ੍ਰਾਊਜ਼ਰ ਦੀ ਅਡਰੈੱਸ ਬਾਰ ਵਿੱਚ ਟਾਈਪ ਕਰਨ। ਵੈੱਬਸਾਈਟ ਖੁੱਲ੍ਹਣ ਉਪਰੰਤ ਵੈੱਬ ਸਿਰਨਾਵੇਂ ਦੇ ਖੱਬੇ ਹੱਥ ਐੱਚਟੀਟੀਪੀ ਦੇ ਨਾਲ 'ਐੱਸ' (Secure) ਲਿਖਿਆ ਅਤੇ ਪੱਟੀ ਦੇ ਖੱਬੇ ਹੱਥ ਹਰੇ ਰੰਗ ਦਾ ਤਾਲੇ ਦਾ ਨਿਸ਼ਾਨ ਨਜ਼ਰ ਆਉਣਾ ਚਾਹੀਦਾ ਹੈ। ਧਿਆਨ ਰੱਖੋ ਕਿ ਪਾਸਵਰਡ ਗੁੰਝਲਦਾਰ ਹੋਵੇ ਤੇ ਇਸ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ। ਜੇ ਮੋਬਾਈਲ 'ਤੇ ਨੈੱਟ ਬੈਂਕਿੰਗ ਵਰਤ ਰਹੇ ਹੋ ਤਾਂ ਪੈਟਰਨ ਲਾਕ ਲਾ ਕੇ ਰੱਖੋ ਅਤੇ ਆਪਣੇ ਕੰਪਿਊਟਰ ਵਿੱਚ ਵਧੀਆ ਐਂਟੀ-ਵਾਇਰਸ ਪਾ ਕੇ ਰੱਖੋ। ਫਾਇਰਵਾਲ, ਗੇਟ ਕੀਪਰ ਆਦਿ ਦੀ ਵਰਤੋਂ ਜ਼ਰੂਰ ਕਰੋ। 



ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
9417455614, www.cpkamboj.com
Previous
Next Post »