ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-10 (2014-12-07)

ਇਧਰ ਵੀ ਧਿਆਨ ਦਿਓ

ਕੰਪਿਊਟਰ ਦਾ ਪ੍ਰਯੋਗ ਕਰਨਾ ਹਰੇਕ ਨੂੰ ਆਉਂਦਾ ਹੈ ਪਰ ਇਸ ਦਾ ਸਾਵਧਾਨੀ ਜਾਂ ਸੁਰੱਖਿਆ ਨਾਲ ਪ੍ਰਯੋਗ ਕਰਨਾ ਕਿਸੇ-ਕਿਸੇ ਨੂੰ ਆਉਂਦਾ ਹੈ | ਕਈ ਲੋਕ ਕੰਪਿਊਟਰ ਦੀ ਸਾਫ਼-ਸਫ਼ਾਈ ਨਹੀਂ ਕਰਦੇ ਅਤੇ ਕੰਮ ਕਰਨ ਲਈ ਸਹੀ ਮੇਜ਼-ਕੁਰਸੀ ਦਾ ਇਸਤੇਮਾਲ ਨਹੀਂ ਕਰਦੇ | ਇਸ ਨਾਲ ਉਨ੍ਹਾਂ ਦੇ ਕੰਪਿਊਟਰ ਵਿਚ ਖ਼ਰਾਬੀ ਆ ਸਕਦੀ ਹੈ ਤੇ ਉਨ੍ਹਾਂ ਦੀ ਸਿਹਤ ਵਿਚ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਸਕਦੇ ਹਨ | ਕੰਪਿਊਟਰ ਦੀ ਸੁਚੱਜੀ ਵਰਤੋਂ ਲਈ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ: 

 • ਕੰਪਿਊਟਰ ਵਾਲਾ ਕਮਰਾ ਸਾਫ਼-ਸੁਥਰਾ, ਹਵਾਦਾਰ, ਮਿੱਟੀ-ਘੱਟੇ, ਸਲ੍ਹਾਬ ਅਤੇ ਸਿੱਧੀ ਸੂਰਜੀ ਰੌਸ਼ਨੀ ਤੋਂ ਮੁਕਤ ਹੋਣਾ ਚਾਹੀਦਾ ਹੈ |
 • ਕੰਪਿਊਟਰ ਦੀ ਬਾਹਰਲੀ ਸਫ਼ਾਈ ਦੇ ਨਾਲ-ਨਾਲ ਸੀਪੀਯੂ ਦੀ ਕੈਬਨਿਟ ਨੂੰ ਖੋਲ੍ਹ ਕੇ ਅੰਦਰੂਨੀ ਸਫ਼ਾਈ ਵੀ ਕਰਦੇ ਰਹਿਣਾ ਚਾਹੀਦਾ ਹੈ |
 • ਕੀ-ਬੋਰਡ ਨੂੰ ਸਾਫ਼ਟ ਬੁਰਸ਼ ਨਾਲ ਸਾਫ਼ ਕਰੋ |
 • ਮੌਨੀਟਰ ਨੂੰ ਸਾਫ਼ ਕਰਨ ਲਈ ਵਿਸ਼ੇਸ਼ ਕਿਸਮ ਦੀ ਸਪਰੇਅ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |
 • ਕੰਪਿਊਟਰ ਜਾਂ ਲੈਪਟਾਪ ਨੂੰ ਇੱਧਰ-ਉੱਧਰ ਲੈ ਜਾਣ ਸਮੇਂ ਝਟਕੇ ਤੋਂ ਬਚਾਅ ਕੇ ਰੱਖੋ, ਕਿਉਂਕਿ ਕੰਪਿਊਟਰ ਦੀ ਹਾਰਡ ਡਿਸਕ ਛੋਟੇ ਜਿਹੇ ਝਟਕੇ ਨਾਲ ਵੀ ਖ਼ਰਾਬ ਹੋ ਸਕਦੀ ਹੈ ਤੇ ਇਸ ਵਿਚ ਬੈਡ ਸੈਕਟਰ ਆ ਸਕਦੇ ਹਨ |
 • ਪੈੱਨ ਡਰਾਈਵ ਦੀ ਘੱਟ ਤੋਂ ਘੱਟ ਵਰਤੋਂ ਕਰੋ | ਇਸ ਨੂੰ ਪਰਮਾਨੈਂਟ ਸਟੋਰੇਜ਼ ਵਜੋਂ ਨਾ ਵਰਤੋਂ | ਇਹ ਇਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਡਾਟਾ ਸਥਾਨਾਂਤਰਨ ਦਾ ਸਾਧਨ ਹੈ | ਇਸ ਨੂੰ ਸਮੇਂ-ਸਮੇਂ 'ਤੇ ਫਾਰਮੈਟ (ਸਾਫ਼) ਕਰਦੇ ਰਹੋ | ਕੰਪਿਊਟਰ ਦੀ ਸੁਰੱਖਿਆ ਲਈ ਪੈੱਨ ਡਰਾਈਵ ਖੋਲ੍ਹਣ ਲਈ ਪਾਸਵਰਡ ਵੀ ਲਗਾਇਆ ਜਾ ਸਕਦਾ ਹੈ |
 • ਜੇਕਰ ਕੰਪਿਊਟਰ ਦੀ ਰਫ਼ਤਾਰ ਮੱਧਮ ਪੈ ਜਾਵੇ ਤਾਂ ਰੀਸਾਈਕਲ ਬਿਨ ਵਿਚਲੀਆਂ ਫਾਈਲਾਂ ਡਿਲੀਟ ਕਰ ਦਿਓ | ਡੈਸਕਟਾਪ 'ਤੇ ਫਾਈਲਾਂ ਨੂੰ ਕਿਸੇ ਡਰਾਈਵ 'ਚ ਸੇਵ ਕਰ ਲਓ | ਟੈਂਪਰੇਰੀ (ਆਰਜ਼ੀ) ਫਾਈਲਾਂ ਅਤੇ ਫ਼ਾਲਤੂ ਸਾਫਟਵੇਅਰਾਂ ਨੂੰ ਸਮੇਂ-ਸਮੇਂ ਹਟਾਉਂਦੇ ਰਹੋ | 
 • ਪਿ੍ੰਟਰ ਵਿਚ ਸਾਫ਼-ਸੁਥਰਾ ਤੇ ਖ਼ੁਸ਼ਕ ਕਾਗ਼ਜ਼ ਵਰਤੋ | ਰਫ਼ ਅਤੇ ਸਲ੍ਹਾਬ ਵਾਲਾ ਕਾਗ਼ਜ਼ ਵਰਤਣ ਨਾਲ ਪਿ੍ੰਟ ਹੈੱਡ ਅਤੇ ਰੋਲਰ 'ਤੇ ਮਾੜਾ ਅਸਰ ਪੈਂਦਾ ਹੈ |
 • ਕੰਪਿਊਟਰ ਦੀ ਸੁਰੱਖਿਆ ਲਈ ਪਾਵਰ-ਆਨ ਅਤੇ ਸਕਰੀਨ ਸੇਵਰ ਪਾਸਵਰਡ ਦੀ ਵਰਤੋਂ ਯਕੀਨੀ ਬਣਾਓ |
 • ਡਾਟਾ, ਹਾਰਡਵੇਅਰ ਅਤੇ ਵਿੰਡੋਜ਼ ਦੀ ਸੁਰੱਖਿਆ ਲਈ ਯੂਪੀਐੱਸ ਦਾ ਇਸਤੇਮਾਲ ਜ਼ਰੂਰ ਕਰੋ | ਅੱਜਕੱਲ੍ਹ ਬਾਜ਼ਾਰ 'ਚ ਯੂਪੀਐੱਸ ਦੀ ਸੁਵਿਧਾ ਵਾਲੇ ਇਨਵਰਟਰ ਵੀ ਉਪਲਬਧ ਹਨ |
 • ਉਚਿੱਤ ਆਕਾਰ ਅਤੇ ਉਚਾਈ ਵਾਲੇ ਮੇਜ਼-ਕੁਰਸੀ ਦੀ ਵਰਤੋਂ ਕਰੋ | ਮੇਜ਼ ਜਾਂ ਕੀ-ਬੋਰਡ ਰੱਖਣ ਵਾਲੀ ਦਰਾਜ਼ ਦੀ ਉਚਾਈ ਤੁਹਾਡੀਆਂ ਕੂਹਣੀਆਂ ਦੇ ਬਰਾਬਰ ਹੋਣੀ ਚਾਹੀਦੀ ਹੈ | ਮੌਨੀਟਰ ਤੁਹਾਡੀਆਂ ਅੱਖਾਂ ਦੀ ਸੇਧ 'ਚ ਘੱਟੋ-ਘੱਟ 2 ਫੁੱਟ ਦੀ ਦੂਰੀ 'ਤੇ ਹੋਵੇ |
 • ਬਲਬ, ਟਿਊਬ ਆਦਿ ਪ੍ਰਕਾਸ਼ ਸਰੋਤ ਮੌਨੀਟਰ ਦੀ ਸਕਰੀਨ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ | ਅਜਿਹੀ ਸਥਿਤੀ ਵਿਚ ਪ੍ਰਕਾਸ਼ ਸਰੋਤ ਦਾ ਪ੍ਰਕਾਸ਼ ਮੌਨੀਟਰ ਦੀ ਸਕਰੀਨ ਨਾਲ ਪਰਿਵਰਤਿਤ ਹੋ ਕੇ ਤੁਹਾਡੀਆਂ ਅੱਖਾਂ 'ਤੇ ਮਾੜਾ ਅਸਰ ਕਰ ਸਕਦਾ ਹੈ | ਕੋਸ਼ਿਸ਼ ਕਰੋ ਕਿ ਲੈਂਪ, ਟਿਊਬ ਆਦਿ ਤੁਹਾਡੇ ਖੱਬੇ ਹੱਥ ਹੋਵੇ |
 • ਕੰਪਿਊਟਰ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ | ਵਿੱਚੋਂ-ਵਿੱਚੋਂ ਬੈਠਕ ਬਦਲਦੇ ਰਹਿਣਾ ਚਾਹੀਦਾ ਹੈ | ਕੰਪਿਊਟਰ ਦੀ ਲਗਾਤਾਰ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਅੱਖਾਂ, ਹਥੇਲੀਆਂ, ਗਰਦਨ, ਉਂਗਲਾਂ, ਪਿੱਠ ਅਤੇ ਦਿਮਾਗ਼ 'ਤੇ ਮਾੜਾ ਅਸਰ ਹੋ ਸਕਦਾ ਹੈ | ਗਰਦਨ ਵਿਚ ਅਕੜਾਹਟ, ਸਰਵਾਈਕਲ, ਹਥੇਲੀਆਂ 'ਚ ਸੋਜ਼ਸ਼ ਅਤੇ ਮਾਨਸਿਕ ਬੋਝ ਕੰਪਿਊਟਰ ਦੀ ਵੱਧ ਵਰਤੋਂ ਦਾ ਸਿੱਟਾ ਹਨ |
Previous
Next Post »