ਪੰਜਾਬੀ ਕੰਪਿਊਟਰ ਨੇ ਸਿਰਜਿਆ ਨਵਾਂ ਇਤਿਹਾਸ (ਨਵਾਂ ਜ਼ਮਾਨਾ/20150114)

ਬੀਤੇ ਵਰ੍ਹੇ ਦੇ ਪੰਜਾਬੀ ਕੰਪਿਊਟਰ ਦਾ ਲੇਖਾ-ਜੋਖਾ
ਬੀਤੇ ਵਰ੍ਹੇ ਪੰਜਾਬੀ ਕੰਪਿਊਟਰ ਖੋਜਕਾਰਾਂ ਵੱਲੋਂ ਇੱਕ ਦਰਜਨ ਪੰਜਾਬੀ ਸਾਫਟਵੇਅਰਾਂ ਦਾ ਵਿਕਾਸ ਕੀਤਾ ਗਿਆ। ਇਨ੍ਹਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਦੇ 'ਪੰਜਾਬੀ ਪੀਡੀਆ'  ਸਮੇਤ 'ਸੋਧਕ', 'ਯੂਨੀ-ਟਾਈਪ', 'ਜੀ-ਲਿਪੀਕਾ', 'ਸਾਫ਼ਟਵੇਅਰ ਸੀਡੀ' ਅਤੇ 'ਵਰਡ ਪੰਜਾਬੀ ਪਲੱਗ-ਇਨ' ਦਾ ਨਾਂ ਜ਼ਿਕਰਯੋਗ ਹੈ।
ਪੰਜਾਬੀ ਪੀਡੀਆ ਇੱਕ ਆਨ-ਲਾਈਨ ਵਿਸ਼ਵਕੋਸ਼ ਹੈ। ਇਸ ਦਾ ਵਿਕਾਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਨਿੱਜੀ ਦਿਲਚਸਪੀ ਸਦਕਾ ਵਿੱਕੀਪੀਡੀਆ ਦੀ ਤਰਜ਼ 'ਤੇ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਇਸ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਦੀਆਂ ਅਤੇ ਬਾਹਰਲੀਆਂ ਚੋਣਵੀਂਆਂ ਲਿਖਤਾਂ, ਸੰਦਰਭ ਕੋਸ਼ਾਂ, ਪਰਿਭਾਸ਼ਿਕ ਸ਼ਬਦਾਵਲੀਆਂ ਆਦਿ ਨੂੰ ਵੈੱਬਸਾਈਟ www.punjabipedia.org 'ਤੇ ਇੰਦਰਾਜ ਰੂਪ ਵਿਚ ਪਾਉਣ ਦਾ ਕੰਮ ਨਿਰੰਤਰ ਜਾਰੀ ਹੈ। ਪੰਜਾਬੀ ਪੀਡੀਆ 'ਤੇ ਹੁਣ ਤੱਕ ਕਰੀਬ ਡੇਢ ਲੱਖ ਇੰਦਰਾਜ ਉਪਲਬਧ ਹਨ ਜਿਨ੍ਹਾਂ ਦਾ ਪੰਜਾਬੀ ਪਾਠਕਾਂ ਅਤੇ ਖ਼ਾਸ ਤੌਰ 'ਤੇ ਖੋਜਾਰਥੀਆਂ, ਅਧਿਆਪਕਾਂ ਅਤੇ ਲੇਖਕਾਂ ਨੂੰ ਵੱਡਾ ਫ਼ਾਇਦਾ ਹੋ ਰਿਹਾ ਹੈ।
ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ ਦੁਆਰਾ ਪੰਜਾਬੀ ਕੰਪਿਊਟਰ ਦੀ ਸਿਖਲਾਈ ਅਤੇ ਪ੍ਰਚਾਰ-ਪ੍ਰਸਾਰ ਦੇ ਮੰਤਵ ਨਾਲ ਸ਼ੁਰੂ ਕੀਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਕਰੀਬ 20 ਸਾਫਟਵੇਅਰਾਂ ਦੀ ਸੀਡੀ ਅਤੇ ਅੱਧੀ ਦਰਜਨ ਰੰਗਦਾਰ ਪੋਸਟਰ ਜਾਰੀ ਕੀਤੇ ਗਏ। ਸੀਡੀ ਵਿਚ ਦਰਜ ਸਾਫ਼ਟਵੇਅਰ ਪੰਜਾਬੀ ਫੌਂਟਾਂ, ਫੌਂਟ ਕਨਵਰਟਰ ਪ੍ਰੋਗਰਾਮ, ਗੁਰਬਾਣੀ ਸਰਚ ਇੰਜਣ, ਯੂਨੀਕੋਡ ਕੀ-ਬੋਰਡ ਲੇਆਉਟ ਆਦਿ ਨਾਲ ਸਬੰਧਿਤ ਹਨ। ਇਨ੍ਹਾਂ ਨੂੰ ਕੇਂਦਰ ਦੀ ਵੈੱਬਸਾਈਟ www.punjabicomputer.com ਜਾਂ ਯੂਨੀਵਰਸਿਟੀ ਦੇ ਕਿਤਾਬ ਘਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਵੱਲੋਂ 'ਸੋਧਕ' ਨਾਂ ਦਾ ਆਨ-ਲਾਈਨ ਪ੍ਰੋਗਰਾਮ ਤਿਆਰ ਕੀਤਾ ਗਿਆ। 'ਸੋਧਕ' ਯੂਨੀਕੋਡ ਫੌਂਟ ਪਲਟਾਊ ਅਤੇ ਪੰਜਾਬੀ ਸਪੈੱਲ ਚੈੱਕਰ ਦਾ ਸੁਮੇਲ ਹੈ। ਇਸ ਵਿਲੱਖਣ ਫੌਂਟ ਕਨਵਰਟਰ ਰਾਹੀਂ ਪੰਜਾਬੀ ਦੇ ਕਿਸੇ ਅਗਿਆਤ ਫੌਂਟ 'ਚ ਸੰਜੋਈ ਸਾਮੱਗਰੀ ਦਾ ਯੂਨੀਕੋਡ ਪਰਿਵਰਤਨ ਕਰਨਾ ਸੰਭਵ ਹੈ। ਇਹ ਪ੍ਰੋਗਰਾਮ ਪੰਜਾਬੀ ਦੇ ਸ਼ਬਦ ਜੋੜਾਂ ਦੀ ਜਾਂਚ ਕਰਦਾ ਹੈ ਤੇ ਗ਼ਲਤ ਸ਼ਬਦਾਂ ਦੇ ਸਹੀ ਸ਼ਬਦ-ਜੋੜ ਸੁਝਾਉਂਦਾ ਹੋਇਆ ਸ਼ੁੱਧ ਪੰਜਾਬੀ ਲਿਖਣ 'ਚ ਮਦਦ ਕਰਦਾ ਹੈ। ਯੂਨੀਵਰਸਿਟੀ ਦੇ ਉੱਚਤਮ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਡਾ. ਤੇਜਿੰਦਰ ਸਿੰਘ ਵੱਲੋਂ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ www.punjabicomputer.com ਤੋਂ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ।
ਵੱਖ-ਵੱਖ ਕੀ-ਬੋਰਡ ਲੇਆਉਟ ਵਰਤ ਕੇ ਪੰਜਾਬੀ ਦੇ ਮਿਆਰੀ ਫੌਂਟ ਰਾਵੀ (ਯੂਨੀਕੋਡ) 'ਚ ਟਾਈਪ ਕਰਨ ਲਈ ਭਾਵੇਂ ਪਹਿਲਾਂ ਹੀ ਕਈ ਤਰਕੀਬਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਬੀਤੇ ਵਰ੍ਹੇ ਪਹਿਲਾਂ ਸਿਹਾਰੀ ਪਾਉਣ ਅਤੇ ਇੱਕ ਤੋਂ ਵੱਧ ਪ੍ਰਚਲਿਤ ਪੰਜਾਬੀ ਕੀ-ਬੋਰਡਾਂ ਨੂੰ ਵਰਤਣ ਦੇ ਮਸਲੇ ਨੂੰ ਲੈ ਕੇ ਦੋ ਵੱਖ-ਵੱਖ ਪ੍ਰੋਗਰਾਮ ਵਿਕਸਿਤ ਹੋਏ। ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਅਤੇ ਡਾ. ਚਰਨਜੀਤ ਸਿੰਘ ਦੁਆਰਾ ਵਿਕਸਿਤ ਕੀਤੇ 'ਜੀ-ਲਿਪੀਕਾ' ਪ੍ਰੋਗਰਾਮ 'ਚ ਵੱਖ-ਵੱਖ ਕੀ-ਬੋਰਡਾਂ ਰਾਹੀਂ ਯੂਨੀਕੋਡ 'ਚ ਲਿਖਣ ਦੀ ਵਿਵਸਥਾ ਦੇ ਨਾਲ-ਨਾਲ ਸਤਲੁਜ ਫੌਂਟ 'ਚ ਟਾਈਪ ਕਰਨ ਦੀ ਸਮੱਸਿਆ ਦਾ ਹੱਲ ਕੱਢਿਆ ਗਿਆ ਹੈ। ਇਸ ਪ੍ਰੋਗਰਾਮ ਰਾਹੀਂ ਅਸੀਸ ਜਾਂ ਅਨਮੋਲ ਲਿਪੀ ਰਾਹੀਂ ਸਤਲੁਜ ਫੌਂਟ ਚ ਟਾਈਪ ਕੀਤਾ ਜਾ ਸਕਦਾ ਹੈ ਤੇ ਇਹ ਹਰੇਕ ਵਿੰਡੋਜ਼ 'ਤੇ ਚੱਲਣ ਦੇ ਸਮਰੱਥ ਹੈ।
ਯੂਨੀਵਰਸਿਟੀ ਦੇ ਉੱਚਤਮ ਕੇਂਦਰ ਵੱਲੋਂ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਸ੍ਰੀ ਅੰਕੁਰ ਰਾਣਾ ਦੁਆਰਾ ਬਣਾਏ 'ਯੂਨੀ-ਟਾਈਪ' 'ਚ ਫੋਨੈਟਿਕ (ਅਨਮੋਲ ਲਿਪੀ), ਰਮਿੰਗਟਨ (ਅਸੀਸ) ਅਤੇ ਇਨਸਕਰਿਪਟ ਕੀ-ਬੋਰਡ ਵਰਤ ਕੇ ਯੂਨੀਕੋਡ (ਰਾਵੀ) 'ਚ ਟਾਈਪ ਕਰਨ ਦੀ ਵਿਵਸਥਾ ਹੈ। ਇਸ ਵਿਲੱਖਣ ਪ੍ਰੋਗਰਾਮ ਦੀ ਸਕਰੀਨ 'ਤੇ ਵੱਖ-ਵੱਖ ਕੀ-ਬੋਰਡਾਂ ਦੇ ਦ੍ਰਿਸ਼ ਵੇਖਣ ਅਤੇ ਸਪੈੱਲ ਚੈੱਕ ਕਰਨ ਦੇ ਲਿੰਕ ਵੀ ਦਿਖਾਏ ਗਏ ਹਨ। ਇਸ ਨੂੰ ਮੁਫ਼ਤ 'ਚ www.punjabicomputer.com (ਲਿੰਕ: ਡਾਊਨਲੋਡ---ਕੀ-ਬੋਰਡ ਅਤੇ ਟਾਈਪਿੰਗ---ਯੂਨੀ-ਟਾਈਪ) ਤੋਂ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ। 
ਯੂਨੀਵਰਸਿਟੀ ਦੇ ਉਕਤ ਅਦਾਰੇ ਵੱਲੋਂ 'ਕੁਸ਼ਲ ਫੌਂਟ ਕਨਵਰਟਰ' ਪ੍ਰੋਗਰਾਮ ਦਾ ਵਿਕਾਸ ਵੀ ਪਿਛਲੇ ਵਰ੍ਹੇ ਕੀਤਾ ਗਿਆ। ਇਹ ਪ੍ਰੋਗਰਾਮ ਕਿਸੇ ਅਣਪਛਾਤੇ ਜਾਂ ਨਵੇਂ ਫੌਂਟ 'ਚ ਤਿਆਰ ਕੀਤੀ ਸਮੱਗਰੀ ਨੂੰ ਠੀਕ ਤਰ੍ਹਾਂ ਪੜ੍ਹਨ, ਫੌਂਟ ਦਾ ਪਤਾ ਲਗਾਉਣ ਅਤੇ ਉਸ ਨੂੰ ਮਿਆਰੀ ਯੂਨੀਕੋਡ 'ਚ ਤਬਦੀਲ ਕਰਨ ਲਈ ਜਾਦੂ ਦੀ ਛੜੀ ਦਾ ਕੰਮ ਕਰਦਾ ਹੈ। ਇਹ ਕਿਸੇ ਪੀਡੀਐਫ ਫਾਈਲ ਰਾਹੀਂ ਪ੍ਰਾਪਤ ਸਮੱਗਰੀ ਦਾ ਫੌਂਟ ਬਦਲਣ ਲਈ ਬਿਹਤਰੀਨ ਟੂਲ ਹੈ ਜਿਸ ਨੂੰ ਵੈੱਬਸਾਈਟ www.learnpunjabi.com (ਲਿੰਕ: Online resources) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਬੀਤੇ ਵਰ੍ਹੇ ਦੇ ਅੰਤ 'ਚ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਨੇ ਮਾਈਕਰੋਸਾਫ਼ਟ ਵਰਡ ਦਾ ਪੰਜਾਬੀ ਪਲੱਗ-ਇਨ ਤਿਆਰ ਕਰਕੇ ਇੱਕ ਨਿਵੇਕਲੀ ਪਹਿਲਕਦਮੀ ਕੀਤੀ। ਪੰਜਾਬੀ ਸਾਫ਼ਟਵੇਅਰ ਵਿਕਾਸਕਰਤਾ ਅਕਸਰ ਵਿੰਡੋਜ਼ ਅਤੇ ਐੱਮਐੱਸ ਵਰਡ ਨਾਲ ਵੱਖਰੇ ਤੌਰ ਤੇ ਪਲੱਗ-ਇਨ ਸੁਵਿਧਾਵਾਂ ਜੋੜਨ ਦੀ ਬਜਾਏ ਵੱਖਰੇ ਤੇ ਨਿਵੇਕਲੇ ਸਾਫ਼ਟਵੇਅਰ ਤਿਆਰ ਕਰਨ ਨੂੰ ਤਰਜੀਹ ਦਿੰਦੇ ਆਏ ਹਨ ਪਰ ਹੁਣ ਇੱਕ ਨਵੀਨ ਧਾਰਨਾ ਸਾਹਮਣੇ ਆਈ ਹੈ। ਵੈੱਬਸਾਈਟ www.dveer.in ਤੋਂ ਪਲੱਗ-ਇਨ ਪ੍ਰੋਗਰਾਮ ਇੰਸਟਾਲ ਕਰਨ ਉਪਰੰਤ ਇਹ ਤੁਹਾਡੇ ਕੰਪਿਊਟਰ ਦੇ ਐੱਮਐੱਸ ਵਰਡ 'ਚ ਆਪਣੇ ਆਪ ਜੁੜ ਜਾਂਦਾ ਹੈ। ਵਰਡ ਦੇ ਇੱਕ ਵੱਖਰੇ ਟੈਬ/ਰੀਬਨ 'ਚ ਨਜ਼ਰ ਆਉਣ ਵਾਲਾ ਇਹ ਪ੍ਰੋਗਰਾਮ ਸ਼ਬਦ ਕੋਸ਼, ਸਮ-ਅਰਥੀ ਕੋਸ਼ ਅਤੇ ਸਪੈੱਲ ਚੈੱਕਰ ਦੀ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ।
ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਕਈ ਜਨਤਕ ਅਦਾਰਿਆਂ ਤੇ ਵਿਅਕਤੀਆਂ ਨੇ ਨਿੱਜੀ ਦਿਲਚਸਪੀ ਲੈ ਕੇ ਸ਼ਲਾਘਾਯੋਗ ਕੰਮ ਕੀਤੇ ਹਨ। ਸਕੇਪ ਪੰਜਾਬ (www.scappunjab.com) ਨਾਂ ਦੇ ਅਦਾਰੇ ਨੇ ਆਪਣੀ ਵੈੱਬਸਾਈਟ 'ਤੇ ਆਨ ਲਾਈਨ ਮੈਗਜ਼ੀਨ, ਕੀ-ਬੋਰਡ ਡਰਾਈਵਰ, ਇਜ਼ੀ ਟਾਈਪਿੰਗ ਟਿਊਟਰ, ਫੌਂਟ ਕਨਵਰਟਰ ਆਦਿ ਮੁਹੱਈਆ ਕਰਵਾਏ ਹਨ। ਇਸੇ ਤਰ੍ਹਾਂ ਇੱਕ ਤਕਨੀਕੀ ਕਾਲਜ ਦੇ ਵਿਦਿਆਰਥੀ ਗੁਰਸੇਵਕ ਸਿੰਘ ਤੇ ਉਸ ਦੇ ਸਾਥੀਆਂ ਨੇ ਅੰਗਰੇਜ਼ੀ-ਪੰਜਾਬੀ ਟੌਪਿਕ ਡਿਕਸ਼ਨਰੀ ਤਿਆਰ ਕੀਤੀ ਹੈ।
ਆਸ ਹੈ ਕਿ ਇਸ ਵਰ੍ਹੇ ਪੰਜਾਬੀ ਕੰਪਿਊਟਰ ਨਵੇਂ ਦਿਸਹੱਦੇ ਪਾਰ ਕਰੇਗਾ ਤੇ ਮਾਂ-ਬੋਲੀ ਦੇ ਵਿਕਾਸ 'ਚ ਮੋਹਰੀ ਭੂਮਿਕਾ ਨਿਭਾਵੇਗਾ। 

Previous
Next Post »