ਗੂਗਲ ਪਲੇਅ ਸਟੋਰ (20150123)

ਗੂਗਲ ਪਲੇਅ ਸਟੋਰ ਗੂਗਲ ਦੀ ਇੱਕ ਵੱਡੀ ਮਾਰਕੀਟ ਹੈ। ਇਸ ਵਿੱਚ ਲੱਖਾਂ ਐਪਸ, ਵੀਡੀਓ ਅਤੇ ਕਿਤਾਬਾਂ ਆਦਿ ਉਪਲਬਧ ਹਨ। ਐਂਡਰਾਇਡ ਵਰਤੋਂਕਾਰਾਂ ਅਤੇ ਖੋਜਕਾਰਾਂ ਲਈ ਇਹ ਇੱਕ ਸਾਂਝਾ ਮੰਚ ਹੈ। ਗੂਗਲ ਪਲੇਅ ਸਟੋਰ ਰਾਹੀਂ ਕੰਪਿਊਟਰ ਪ੍ਰੋਗਰਾਮਰ ਆਪਣੀ ਐਂਡਰਾਇਡ ਐਪਲੀਕੇਸ਼ਨ ਨੂੰ ਵਰਤੋਂਕਾਰਾਂ ਤਕ ਪਹੁੰਚਾ ਸਕਦੇ ਹਨ।
ਗੂਗਲ ਆਪਣੇ ਸਟੋਰ ’ਤੇ ਅੱਪਡੇਟ ਦੀ ਸਹੂਲਤ ਵੀ ਪ੍ਰਦਾਨ ਕਰਵਾਉਂਦਾ ਹੈ। ਜਿਵੇਂ ਕਿ ਖੋਜਕਾਰ ਵੱਲੋਂ ਕਿਸੇ ਪੁਰਾਣੀ ਐਪ ਦਾ ਨਵਾਂ ਸੰਸਕਰਨ ਅੱਪਲੋਡ ਕੀਤਾ ਜਾਂਦਾ ਹੈ ਤਾਂ ਗੂਗਲ ਵਰਤੋਂਕਾਰਾਂ ਨੂੰ ਉਹ ਐਪ ਅੱਪਡੇਟ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਦਾ ਹੈ।
ਹੋਰਨਾਂ ਐਪ ਸਟੋਰਾਂ ਦੇ ਮੁਕਾਬਲੇ ਗੂਗਲ ਪਲੇਅ ਸਟੋਰ ’ਤੇ ਐਪਸ ਦੀ ਗਿਣਤੀ ਸਭ ਤੋਂ ਵੱਧ ਹੈ। ਪਿਛਲੇ ਵਰ੍ਹੇ ਤਕ ਐਪਲ ਦੇ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ’ਤੇ ਉਪਲਬਧ ਐਪਸ ਦੀ ਗਿਣਤੀ ਲਗਪਗ ਬਰਾਬਰ ਸੀ ਪਰ ਇਸ ਵਰ੍ਹੇ ਗੂਗਲ ਐਪਸ ਦੀ ਗਿਣਤੀ ਵਿੱਚ ਬੇਹਿਸਾਬਾ ਉਛਾਲ ਆਇਆ ਹੈ।
ਏਸ਼ਿਆਈ ਖੋਜ ਏਜੰਸੀ ਦੀ ਰਿਪੋਰਟ ਮੁਤਾਬਕ 4 ਜਨਵਰੀ, 2013 ਤਕ ਗੂਗਲ ਪਲੇਅ ਸਟੋਰ ’ਤੇ ਕੁਲ 8 ਲੱਖ ਐਪਸ ਸਨ। ਸੱਤ ਜਨਵਰੀ, 2013 ਤਕ ਐਪਲ ਦੇ ਸਟੋਰ ’ਤੇ 7 ਲੱਖ 75 ਹਜ਼ਾਰ ਦੇ ਕਰੀਬ ਐਪਸ ਸਨ। ਇਸੇ ਤਰ੍ਹਾਂ 25 ਅਕਤੂਬਰ, 2012 ਦੇ ਵਿੰਡੋਜ਼ ਮਾਰਕੀਟ ਪਲੇਅ ’ਤੇ ਵਿੰਡੋਜ਼ ਐਪਸ ਦੀ ਗਿਣਤੀ 1 ਲੱਖ 25 ਹਜ਼ਾਰ ਸੀ। ਬਲੈਕ ਬੇਰੀ ਵਰਲਡ ’ਤੇ 30 ਜਨਵਰੀ, 2013 ਤਕ ਕੋਈ 70 ਹਜ਼ਾਰ ਐਪਸ ਉਪਲਬਧ ਸਨ। ਅੰਕੜਿਆਂ ਮੁਤਾਬਕ ਗੂਗਲ ਪਲੇਅ ਸਟੋਰ ’ਤੇ ਪਿਛਲੇ ਵਰ੍ਹੇ ਨਾਲੋਂ ਕਰੀਬ 2 ਲੱਖ ਤੋਂ ਵੱਧ ਐਪਸ ਦਾ ਵਾਧਾ ਹੋਇਆ ਹੈ। ਏਬੀਆਈ ਦੀ ਰਿਪੋਰਟ ਮੁਤਾਬਕ ਪਿਛਲੇ ਵਰ੍ਹੇ ਸਮਾਰਟ ਫੋਨ ਵਰਤੋਂਕਾਰਾਂ ਨੇ ਵੱਖ-ਵੱਖ ਐਪ ਸਟੋਰਾਂ ਤੋਂ ਸਵਾ ਸੱਤ ਲੱਖ ਐਪਸ ਡਾਊਨਲੋਡ ਕੀਤੀਆਂ ਗਈਆਂ ਹਨ। ਐਂਡਰਾਇਡ ਅਪਰੇਟਿੰਗ ਸਿਸਟਮ ਦਿਨੋਂ-ਦਿਨ ਹੋਰਨਾਂ ਦੇ ਮੁਕਾਬਲੇ ਵਧੇਰੇ ਲੋਕਪ੍ਰਿਆ ਹੁੰਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਇਸ ਦਾ ਕੋਡ ਓਪਨ ਸੋਰਸ ਹੈ ਅਰਥਾਤ ਮੁਫ਼ਤ ਵਿੱਚ ਮਿਲ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਸ ਦੀ ਵਰਤੋਂ ਕੋਈ ਵੀ ਮੁਫ਼ਤ ਵਿੱਚ ਕਰ ਸਕਦਾ ਹੈ। ਇਸ ਦੀਆਂ ਕਈ ਐਪਸ ਦੇ ਕੋਡ ਵੀ ਨੈੱਟ ’ਤੇ ਮੁਫ਼ਤ ਉਪਲਬਧ ਹਨ ਜਿਨ੍ਹਾਂ ਨੂੰ ਡਾਊਨਲੋਡ ਕਰਕੇ, ਉਸ ਵਿੱਚ ਲੋੜੀਂਦੀ ਤਬਦੀਲੀ ਕਰਕੇ ਆਪਣੀ ਨਵੀਂ ਐਪ ਤਿਆਰ ਕੀਤੀ ਜਾ ਸਕਦੀ ਹੈ। ਐਂਡਰਾਇਡ ਪ੍ਰੋਗਰਾਮਰ ਸਿਰਫ਼ 2500 ਰੁਪਏ ਰਜਿਸਟਰੇਸ਼ਨ ਫ਼ੀਸ ਭਰ ਕੇ ਗੂਗਲ ਪਲੇਅ ਸਟੋਰ ’ਤੇ ਆਪਣਾ ਖਾਤਾ ਖੋਲ੍ਹ ਕੇ ਐਪਸ ਅੱਪਲੋਡ ਕਰ ਸਕਦਾ ਹੈ। ਇਨ੍ਹਾਂ ਐਪਸ ਨੂੰ ਪੂਰੀ ਦੁਨੀਆਂ ਤਕ ਪਹੁੰਚਾਉਣ ਲਈ ਗੂਗਲ ਨੇ ਕਈ ਯੋਜਨਾਵਾਂ ਬਣਾਈਆਂ ਹੋਈਆਂ ਹਨ। ਐਂਡਰਾਇਡ ਐਪਸ ਫਾਈਲਾਂ (ਏਪੀਕੇ) ਨੂੰ ਵੈੱਬਸਾਈਟ, ਈ-ਮੇਲ, ਡੈਟਾ ਕੇਬਲ ਅਤੇ ਬਲੂ-ਟੁੱਥ ਆਦਿ ਰਾਹੀਂ ਕਿਸੇ ਤਕ ਵੀ ਭੇਜਿਆ ਜਾ ਸਕਦਾ ਹੈ।
ਗੂਗਲ ਪਲੇਅ ਸਟੋਰ ’ਤੇ ਚੋਟੀ ਦੀਆਂ ਮੁਫ਼ਤ ਐਪਸ ’ਚ ਵਟਸ ਐਪ, ਫੇਸਬੁਕ, ਮੈਕਸ ਪਲੇਅਰ, ਫੇਸਬੁਕ ਮੈਸੇਜ ਅਤੇ ਯੂਸੀ ਬ੍ਰਾਊਜ਼ਰ ਆਦਿ ਪ੍ਰਮੁੱਖ ਹਨ। ਇਸੇ ਤਰ੍ਹਾਂ ਪਾਵਰ-ਐਮਪ, ਸਵਿਫਟ ਕੀ-ਬੋਰਡ, ਨੌਵਾਂ ਲਾਂਚਰ, ਟੈਂਪਲ ਰਨ ਆਦਿ ਪੇਅਡ ਅਰਥਾਤ ਮੁੱਲ ਦੀਆਂ ਐਪਸ ਸ਼੍ਰੇਣੀ ’ਚ ਮੁਹਰਲੀ ਕਤਾਰ ’ਚ ਆਉਂਦੀਆਂ ਹਨ। ਐਪ ਸਟੋਰ ਦੀ ਸ਼ੁਰੂਆਤ ਜੁਲਾਈ 2008 ਵਿੱਚ ਸਿਰਫ਼ 800 ਐਪਸ ਨਾਲ ਹੋਈ। ਇਸ ’ਤੇ ਸਤੰਬਰ 2009 ਤਕ 85,000 ਅਤੇ ਸਤੰਬਰ 2012 ਤਕ 7 ਲੱਖ ਐਪਸ ਉਪਲਬਧ ਸਨ। ਜੂਨ 2013 ਤਕ ਇਸ ’ਤੇ 9 ਲੱਖ ਦੇ ਕਰੀਬ ਐਪਸ ਪਾਈਆਂ ਗਈਆਂ। ਅੱਜ ਐਂਡਰਾਇਡ ਦੇ ਸਸਤੇ ਫੋਨਾਂ ਅਤੇ ਮੁਫ਼ਤ ਅਪਰੇਟਿੰਗ ਸਿਸਟਮ ਕਾਰਨ ਐਂਡਰਾਇਡ ਵਰਤੋਂਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਨਾਲ ਨਵੀਆਂ ਐਪਸ ਤਿਆਰ ਕਰਨ ਵਾਲੇ ਖੋਜਕਾਰਾਂ ਨੂੰ ਇੱਕ ਨਵਾਂ ਹੁਲਾਰਾ ਮਿਲਿਆ ਹੈ।

Previous
Next Post »