ਕੀ ਤੁਸੀਂ ਫ਼ਾਸਟੈਗ ਬਣਾਉਣ ਜਾ ਰਹੇ ਹੋ/FasTag in Punjabi by Dr C P Kambojਫ਼ਾਸਟੈਗ: ਕੀ, ਕਿਉਂ ਤੇ ਕਿਵੇਂ?
ਡਾ. ਸੀ ਪੀ ਕੰਬੋਜ
ਚਾਰ ਪਹੀਆ ਵਾਹਨਾਂ ਵਾਲਿਆਂ ਨੂੰ ਟੌਲ ਪਲਾਜ਼ਿਆਂ ਤੇ ਲਾਈਨਾਂ ਵਿੱਚ ਲਗ ਕੇ ਟੌਲ ਦੇਣ ਦਾ ਤਜਰਬਾ ਜ਼ਰੂਰ ਹੋਵੇਗਾ ਪਹਿਲਾਂ ਇਹ ਟੈਕਸ ਨਕਦੀ ਦੇ ਰੂਪ ਵਿੱਚ ਅਦਾ ਕੀਤਾ ਜਾਂਦਾ ਸੀ ਤੇ ਬਾਅਦ ਵਿੱਚ ਇਸ ਵਿੱਚ ਕਾਰਡ ਸਵੈਪ ਦੀ ਸੁਵਿਧਾ ਵੀ ਜੋੜ ਦਿੱਤੀ ਗਈ

ਹਾਲੀਆ ਪ੍ਰਕਿਰਿਆ ਵਿੱਚ ਕਈ ਸਮੱਸਿਆਵਾਂ ਜਿਵੇਂ ਕਿ ਸਮੇਂ ਤੇ ਧਨ ਦੀ ਬਰਬਾਦੀ, ਨਕਦੀ ਜਾਂ ਖੁਲ੍ਹੇ ਪੈਸੇ ਨਾ ਹੋਣ ਦੀ ਸਮੱਸਿਆਵਾਂ ਆਦਿ ਹੁੰਦੀਆਂ ਸਨ ਪਰ ਹੁਣ ਫ਼ਾਸਟੈਗ ਰਾਹੀਂ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਪਛੋਕੜ
ਭਾਰਤ ਵਿਚ ਫ਼ਾਸਟੈਗ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਲ 2014 ਵਿਚ ਅਹਿਮਦਾਬਾਦ ਤੋਂ ਮੁੰਬਈ ਦਰਮਿਆਨ ਹੋਈ ਬਾਅਦ ਵਿਚ ਇਸੇ ਵਰ੍ਹੇ ਇਸ ਨੂੰ ਦਿੱਲੀ ਤੋਂ ਮੁੰਬਈ ਲਈ ਚਾਲੂ ਕੀਤਾ ਗਿਆ ਜੁਲਾਈ 2015 ਵਿਚ ਚੇਨਈ ਤੋਂ ਬੰਗਲੌਰੂ ਵਿਚਕਾਰ ਫ਼ਾਸਟੈਗ ਰਾਹੀਂ ਅਦਾਇਗੀ ਸ਼ੁਰੂ ਕੀਤੀ ਗਈ 2016 ਵਿਚ ਭਾਰਤ ਸਰਕਾਰ ਨੇ ਮੁਲਕ ਦੇ 247 ਟੌਲ ਪਲਾਜ਼ਿਆਂ ਤੇ ਇਹ ਸਹੂਲਤ ਲਾਜ਼ਮੀ ਕਰ ਦਿੱਤੀ
19 ਅਕਤੂਬਰ 2019 ਨੂੰ ਘੋਸ਼ਣਾ ਕੀਤੀ ਗਈ ਕਿ ਪਹਿਲੀ ਦਸੰਬਰ 2019 ਨੂੰ ਸਾਰੇ ਕੌਮੀ ਮਾਰਗਾਂ ‘ਤੇ ਫ਼ਾਸਟੈਗ ਲਾਜ਼ਮੀ ਹੋ ਜਾਵੇਗਾ ਹੁਣ ਸਰਕਾਰ ਨੇ 15 ਦਸੰਬਰ 2019 ਤੋਂ ਫ਼ਾਸਟੈਗ ਦੀ ਵਰਤੋਂ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਫ਼ਾਸਟੈਗ ਕੀ ਹੈ?
ਫ਼ਾਸਟੈਗ ਇਕ ਚਿੱਪ ਲੱਗਿਆ 10 X 5 ਸੈਂਟੀਮੀਟਰ ਆਕਾਰ ਦਾ ਸਟਿੱਕਰ ਹੈ ਜੋ ਗੱਡੀ ਦੇ ਸ਼ੀਸ਼ੇ (Windscreen)  ਉੱਤੇ ਲਾਇਆ ਜਾਂਦਾ ਹੈ ਇਸ ਸਟਿੱਕਰ ਵਿੱਚੋਂ ਰੇਡੀਓ ਤਰੰਗਾਂ ਨਿਕਲਦੀਆਂ ਹਨ ਜੋ ਇੱਕ ਯੰਤਰ ਦੁਆਰਾ ਫੜ ਕੇ ਪਛਾਣੀਆਂ ਜਾਂਦੀਆਂ ਹਨ ਇਸ ਪਛਾਣ ਰਾਹੀਂ ਗੱਡੀ ਦੇ ਮਾਲਕ ਦੇ ਖ਼ਾਤੇ ਦਾ ਪਤਾ ਲੱਗਦਾ ਹੈ ਜਿਸ ਵਿੱਚੋਂ ਟੌਲ ਟੈਕਸ ਦੀ ਰਕਮ ਆਪਣੇ ਆਪ ਕੱਟ ਲਈ ਜਾਂਦੀ ਹੈ ਫ਼ਾਸਟੈਗ ਇਕ ਤਰ੍ਹਾਂ ਇਲੈੱਕਟ੍ਰਾਨਿਕ ਪ੍ਰਣਾਲੀ ਰਾਹੀਂ ਟੌਲ ਟੈਕਸ ਇਕੱਠਾ ਕਰਨ ਦਾ ਤਰੀਕਾ ਹੈ
ਟੈਗ 7 ਵੱਖ-ਵੱਖ ਰੰਗਾਂ ਵਿਚ ਹੁੰਦੇ ਹਨ ਜੋ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਨੂੰ ਲਾਏ ਜਾਂਦੇ ਹਨ। ਇਹ ਰੰਗ ਹਨ- ਜਾਮਣੀ, ਸੰਤਰੀ, ਪੀਲਾ, ਹਰਾ, ਗੁਲਾਬੀ, ਨੀਲਾ ਅਤੇ ਕਾਲਾ। ਕਾਰ, ਜੀਪ ਅਤੇ ਵੈਨ ਆਦਿ ਚੌਥੀ ਸ਼੍ਰੇਣੀ ਵਿਚ ਆਉਂਦੇ ਹਨ ਜਿਨ੍ਹਾਂ ਉੱਤੇ ਜਾਮਣੀ ਰੰਗ ਦੇ ਟੈਗ ਲਾਏ ਜਾਂਦੇ ਹਨ।
ਕੰਮ ਕਿਵੇਂ ਕਰਦਾ ਹੈ?

ਜਿਵੇਂ ਹੀ ਫ਼ਾਸਟੈਗ ਵਾਲੀ ਗੱਡੀ ਟੌਲ ਪਲਾਜ਼ਾ ਦੀ ਵਿਸ਼ੇਸ਼ (ਫ਼ਾਸਟੈਗ) ਵਾਲੀ ਲਾਈਨ ਵਿੱਚ ਦਾਲ ਹੁੰਦੀ ਹੈ ਤਾਂ ਫ਼ਾਸਟੈਗ ਵਿੱਚੋਂ ਇੱਕ ਖ਼ਾਸ (ਵਿਲੱਖਣ) ਤਰੰਗਾਂ ਵਾਲਾ ਸੰਕੇਤ (Signal) ਨਿਕਲਦਾ ਹੈ ਜੋ ਟੌਲ ਪਲਾਜ਼ੇ ਤੇ ਲੱਗੀ ਮਸ਼ੀਨ ਵੱਲੋਂ ਫੜਿਆ ਜਾਂਦਾ ਹੈ ਇਹ ਯੰਤਰ ਫ਼ਾਸਟੈਗ ਦੇ ਖ਼ਾਤੇ ਵਿੱਚੋਂ ਲੋੜੀਂਦੀ ਰਕਮ ਆਪਣੇ ਆਪ ਕੱਟ ਲੈਂਦਾ ਹੈ
 ਲਾਭ
 ਫ਼ਾਸਟੈਗ ਵਰਤਣ ਦੇ ਕਈ ਲਾਭ ਹਨ ਜਿਵੇਂ ਕਿ:
·         ਇਸ ਨਾਲ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ ਨਹੀਂ ਬੱਸ! ਗੱਡੀ ਹੌਲੀ ਕਰੋ ਮਸ਼ੀਨ ਗੱਡੀ ਦੇ ਟੈਗ ਦਾ ਸੰਕੇਤ ਪੜ੍ਹੇਗੀ ਤੇ ਫਾਟਕ ਖੁੱਲ੍ਹ ਜਾਵੇਗਾ ਇਸ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ।
·         ਫ਼ਾਸਟੈਗ ਰਾਹੀਂ ਅਦਾਇਗੀ ਕਰਨ ਨਾਲ 2.5 ਫ਼ੀਸਦੀ ਰਕਮ ਵਾਪਿਸ ਤੁਹਾਡੇ ਖਾਤੇ ਵਿੱਚ ਆ ਜਾਂਦੀ ਹੈ ਜਿਸ ਨਾਲ ਇਹ ਸਸਤਾ ਵੀ ਪੈਂਦਾ ਹੈ·         ਫ਼ਾਸਟੈਗ ਵਰਤਣ ਨਾਲ ਖੁੱਲ੍ਹੇ ਪੈਸੇ ਰੱਖਣ ਦਾ ਝੰਝਟ ਨਹੀਂ
·         ਇਸ ਨਾਲ ਟੌਲ ਪਲਾਜ਼ੇ ਤੇ ਰੁਕਣ ਦੀ ਲੋੜ ਨਹੀਂ ਜਿਸ ਕਾਰਨ ਤੇਲ ਦੀ ਵੀ ਬੱਚਤ ਹੁੰਦੀ ਹੈ
·         ਮਿੱਥੇ ਸਮੇਂ (ਆਮ 12 ਅਤੇ ਕਿਤੇ-ਕਿਤੇ 24 ਘੰਟੇ) ਵਿੱਚ ਵਾਪਸ ਪਰਤਣ ਸਮੇਂ ਰਕਮ ਵਿੱਚ ਆਪਣੇ-ਆਪ ਰਿਆਇਤ ਹੋ ਜਾਂਦੀ ਹੈ ਜਿਸ ਕਾਰਨ ਤੁਹਾਨੂੰ ਜਾਂਦੇ ਸਮੇਂ ਇਹ ਫ਼ੈਸਲਾ ਕਰਨ ਜਾਂ ਸੋਚਣ ਦੀ ਲੋੜ ਨਹੀਂ ਕਿ ਤੁਸੀਂ ਇੱਕ ਵਾਰੀ ਦਾ ਟੌਲ ਕਟਵਾਉਣਾ ਹੈ ਜਾਂ ਵਾਪਸੀ ਦਾ
·         ਫ਼ਾਸਟੈਗ ਦੀ ਵਰਤੋਂ ਨਾਲ ਕਾਗ਼ਜ਼ ਦੀ ਵਰਤੋਂ ਘਟੇਗੀ ਤੇ ਹਵਾ ਦਾ ਪ੍ਰਦੂਸ਼ਣ ਘਟੇਗਾ ਜਿਸ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ
·         ਟੌਲ ਲੰਘਣ ਉਪਰੰਤ ਕੱਟੀ ਗਈ ਰਕਮ,  ਬਚਦੀ ਰਕਮ ਬਾਰੇ ਵੇਰਵਾ ਇੱਕ ਸੁਨੇਹੇ ਰਾਹੀਂ ਤੁਹਾਡੇ ਫੋਨ ਤੇ ਪ੍ਰਾਪਤ ਹੋ ਜਾਂਦਾ ਹੈ।
 ਫ਼ੀਸ
ਫ਼ਾਸਟੈਗ ਆਮ ਤੌਰ ਤੇ 4 ਤੋਂ 5 ਸੌ ਰੁਪਏ ਵਿੱਚ ਤਿਆਰ ਹੋ ਜਾਂਦਾ ਹੈ ਇਸ ਵਿੱਚ ਫ਼ਾਸਟੈਗ ਦੀ ਕੀਮਤ, ਸੁਰੱਖਿਆ/ਜ਼ਾਮਨੀ (Security) ਫ਼ੀਸ ਅਤੇ ਨਵਿਆਉਣ ਦੀ (Recharge) ਰਕਮ ਸ਼ਾਮਿਲ ਹੁੰਦੀ ਹੈ
ਫ਼ਾਸਟੈਗ ਕੌਣ ਬਣਾਉਂਦਾ ਹੈ?
 ਫ਼ਾਸਟੈਗ ਸੁਵਿਧਾ ਭਾਰਤ ਸਰਕਾਰ ਦੀ “ਭਾਰਤੀ ਕੌਮੀ ਰਾਜਮਾਰਗ ਅਥਾਰਟੀ” (NHAI) ਵੱਲੋਂ ਲਾਗੂ ਕੀਤੀ ਗਈ ਹੈ ਜਿਨ੍ਹਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਇੱਕ ਉਹ ਟੈਗ ਜਿਨ੍ਹਾਂ ਨੂੰ ਸਿੱਧਾ ਰੀਚਾਰਜ ਕੀਤਾ ਜਾ ਸਕਦਾ ਹੈ।
ਦੂਜੇ ਸਟੇਟ ਬੈਂਕ ਆਫ਼ ਇੰਡੀਆ (SBI), ਆਈਸੀਆਈਸੀ (ICICI) ਬੈਂਕ, ਪੇਟੀਐੱਮ, ਏਅਰਟੈੱਲ, ਐਮਾਜ਼ੋਨ ਆਦਿ ਦੁਆਰਾ ਜਾਰੀ ਕੀਤੇ ਟੈਗ ਹਨ ਜੋ ਇੱਕ ਵੱਖਰੇ ਇਲੈਕਟ੍ਰੋਨਿਕ ਬਟੂਏ ਨਾਲ ਜੁੜਦੇ ਹਨ
  ਕਿਵੇਂ ਬਣਾਈਏ?
ਫ਼ਾਸਟੈਗ ਬੈਂਕਾਂ, ਟੌਲ ਪਲਾਜ਼ਿਆਂ, ਸਾਂਝ ਸੇਵਾ ਕੇਂਦਰਾਂ (CSC/POS), ਮਾਨਤਾ ਪ੍ਰਾਪਤ ਏਜੰਟਾਂ ਅਤੇ ਆਨ-ਲਾਈਨ ਬਣਵਾਏ ਜਾ ਸਕਦੇ ਹਨ ਫ਼ਾਸਟੈਗ ਜਾਰੀ ਕਰਨ ਲਈ ਦੇਸ਼ ਭਰ ‘ਚੋਂ 22 ਬੈਂਕਾਂ ਨੂੰ ਜ਼ਿੰਮੇਵਾਰੀ ਸੋਂਪੀ ਗਈ ਹੈ। ਬੈਂਕ ਦਾ ਉਪਭੋਗਤਾ ਆਪਣੇ ਨੇੜਲੀ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ। ਕਾਰਾਂ/ਗੱਡੀਆਂ ਬਣਾਉਣ ਵਾਲੀਆਂ ਕੰਪਣੀਆਂ ਦੇ ਇਲਾਕਾਈ ਕੇਂਦਰ ਵੀ ਫ਼ਾਸਟੈਗ ਜਾਰੀ ਕਰ ਰਹੇ ਹਨ।
ਸਟੇਟ ਬੈਂਕ ਆਫ਼ ਇੰਡੀਆ ਦੇ ਉਪਭੋਗਤਾ ਗਾਹਕ ਸੇਵਾ (Customer Service) ਨੰਬਰ 1800110018ਤੇ ਜਾਂ ਈ-ਮੇਲ ਸਿਰਨਾਵੇਂ helpdesk.fastag@sbi.ac.in ਤੇ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਫ਼ਾਸਟੈਗ ਬਾਰੇ ਹੋਰ ਜਾਣਕਾਰੀ ਲੈਣ ਲਈ ਅਥਾਰਟੀ ਦੀ ਵੈੱਬਸਾਈਟ www.fastag.org ਖੋਲ੍ਹੀ ਜਾ ਸਕਦੀ ਹੈ। ਇਸ ਬਾਰੇ ਤਕਨੀਕੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਣ ਲਈ ਹੇਠਲੀਆਂ ਦੋ (shorturl.at/cfMV2 ਲਿੰਕ ਨੂੰ ਖੋਲ੍ਹ ਕੇ) ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ।
ਫ਼ਾਸਟੈਗ ਬਣਾਉਣ ਲਈ ਹੇਠਾਂ ਦਿੱਤੇ ਦਸਤਾਵੇਜ਼ ਨਾਲ ਲੈ ਕੇ ਜਾਓ:
ਵਾਹਨ ਦਾ ਰਜਿਸਟਰੇਸ਼ਨ ਸਰਟੀਫਿਕੇਟ (RC)
 ਫ਼ਾਸਟੈਗ ਅਰਜ਼ੀ ਫਾਰਮ
 ਵਾਹਨ ਦੇ ਮਾਲਕ ਦੀ ਪਾਸਪੋਰਟ ਆਕਾਰ ਦੀ ਤਸਵੀਰ
 ਸ਼ਨਾਖ਼ਤ/ ਪੱਕੇ ਪਤੇ ਦਾ ਸਬੂਤ (ਡਰਾਈਵਿੰਗ ਲਸੰਸ, ਪੈਨ ਕਾਰਡ, ਪਾਸਪੋਰਟ, ਅਧਾਰ ਕਾਰਡ ਆਦਿ) 

ਰੀਚਾਰਜ ਕਿਵੇਂ ਕਰੀਏ?
ਫ਼ਾਸਟੈਗ ਖਾਤੇ ਨੂੰ ਰੀਚਾਰਜ ਕਰਵਾਉਣਾ ਅਰਥਾਤ ਉਸ ਵਿੱਚ ਪੈਸੇ ਪਾਉਣਾ ਬਹੁਤ ਆਸਾਨ ਹੈ ਤੁਸੀਂ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਆਦਿ ਰਾਹੀਂ ਆਪਣੇ ਫ਼ਾਸਟੈਗ ਈ-ਬਟੂਏ ਵਿੱਚ ਰਕਮ ਪਾ ਸਕਦੇ ਹੋ।
ਸਾਵਧਾਨੀਆਂ
ਫ਼ਾਸਟੈਗ ਲੈਣਾ ਬਹੁਤ ਆਸਾਨ ਹੈ ਪਰ ਇਸ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ
·         ਟੌਲ ਪਲਾਜ਼ਾ ਦੇ ਗੇਟ ਤੋਂ ਲੰਘਣ ਸਮੇਂ ਆਪਣੀ ਗੱਡੀ ਅਗਲੀ ਗੱਡੀ ਤੋਂ 5-6 ਫੁੱਟ ਦੀ ਦੂਰੀ ਤੇ ਰੱਖੋ
ਕਈ ਵਾਰ ਅਗਲੀ ਗੱਡੀ ਦੀ ਫ਼ਾਸਟੈਗ ਚਿੱਪ ਸਹੀ ਕੰਮ ਨਾ ਕਰ ਰਹੀ ਹੋਵੇ ਜਾਂ ਉਸ ਦੇ ਖਾਤੇ ਵਿੱਚ ਪੈਸੇ ਨਾ ਹੋਣ ਤਾਂ ਤੁਹਾਡੀ ਗੱਡੀ ਦਾ ਟੈਗ ਪਛਾਣ ਕਰਨ ਵਾਲੇ ਯੰਤਰ ਦੇ ਸੰਪਰਕ ਵਿੱਚ ਆ ਸਕਦਾ ਹੈ ਇਸ ਨਾਲ ਰਕਮ ਤਾਂ ਤੁਹਾਡੇ ਖਾਤੇ ਵਿੱਚੋਂ ਕੱਟੀ ਜਾ ਸਕਦੀ ਹੈ ਪਰ ਗੇਟ ਸਿਰਫ਼ ਅਗਲੀ ਗੱਡੀ ਲਈ ਹੀ ਖੁੱਲ੍ਹੇਗਾ
·         ਫ਼ਾਸਟੈਗ ਸ਼ੀਸ਼ੇ ਤੇ ਬਿਲਕੁਲ ਸਾਹਮਣੇ ਅੰਦਰਲੇ ਪਾਸੇ ਲਾਓ ਤਾਂ ਜੋ ਉਸ ਦਾ ਸਿਗਨਲ ਟੌਲ ਯੰਤਰ ਦੇ ਸੰਪਰਕ ਵਿੱਚ ਬਿਨਾਂ ਰੁਕਾਵਟ ਪਹੁੰਚ ਸਕੇ
·         ਫ਼ਾਸਟੈਗ ਨੂੰ ਵਾਰ ਵਾਰ ਨਾ ਉਤਾਰੋ ਨਾ ਹੀ ਇਸ ਨੂੰ ਪੁਟ ਕੇ ਕਿਸੇ ਦੂਜੀ ਗੱਡੀ ਤੇ ਲਾਓ ਇਹ ਗੈਰ ਕਾਨੂੰਨੀ ਹੈ
·         ਫ਼ਾਸਟੈਗ ਖਾਤੇ ਵਿੱਚ ਲੋੜੀਂਦੀ ਰਾਸ਼ੀ ਪਹਿਲਾਂ ਹੀ ਪਾ ਕੇ ਰੱਖੋ ਇਹ ਰਾਸ਼ੀ ਤੁਸੀਂ ਸਫ਼ਰ ਕਰਨ ਤੋਂ ਪਹਿਲਾਂ ਘਰੋਂ ਚੱਲਣ ਵੇਲੇ ਵੀ ਪਾ ਸਕਦੇ ਹੋ
·         ਟੌਲ ਪਲਾਜ਼ਾ ਲੰਘਣ ਉਪਰੰਤ ਤੁਹਾਡੇ ਮੋਬਾਈਲ ਤੇ ਕੱਟੀ ਗਈ ਰਕਮ ਅਤੇ ਖ਼ਾਤੇ ਵਿਚ ਬਚੀ ਰਕਮ ਬਾਰੇ ਇੱਕ ਸੁਨੇਹਾ ਆਵੇਗਾ ਇਸ ਨੂੰ ਜ਼ਰੂਰ ਪੜ੍ਹੋ ਕੀ ਕੱਟੀ ਗਈ ਰਕਮ ਸਹੀ ਹੈ
·         ਜੇ ਤੁਸੀਂ ਟੌਲ ਪਲਾਜ਼ੇ ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਰਹਿ ਰਹੇ ਹੋ ਤਾਂ ਤੁਹਾਨੂੰ ਟੌਲ ਭਰਨ ਦੀ ਕੋਈ ਲੋੜ ਨਹੀ ਬੇਸ਼ੱਕ ਤੁਸੀਂ ਫ਼ਾਸਟੈਗ ਲਾਇਆ ਹੋਇਆ ਹੋਵੇ ਪਰ ਆਪਣੀ ਗੱਡੀ ਮੁਫ਼ਤ ਵਾਲੀ ਲਾਈਨ ਵਿੱਚੋਂ ਕੱਢ ਸਕਦੇ ਹੋ
·         ਫ਼ਾਸਟੈਗ ਦੀ ਪ੍ਰਮਾਣਿਕਤਾ 5 ਸਾਲ ਤੱਕ ਹੋਵੇਗੀ।
·         ਫ਼ਾਸਟੈਗ ਈ-ਬਟੂਏ ਵਿਚ ਘੱਟ ਤੋਂ ਘੱਟ 100 ਅਤੇ ਵੱਧ ਤੋਂ ਵੱਧ 1 ਲੱਖ ਰੁਪਿਆ ਪਾ ਕੇ ਰੱਖਿਆ ਜਾ ਸਕਦਾ ਹੈ।
·          
·         ਟੋਲ ਪਲਾਜ਼ਾ ਪਾਰ ਕਰਨ ਸਮੇਂ ਆਪਣੀ ਗੱਡੀ ਫ਼ਾਸਟੈਗ ਲਈ ਨਿਰਧਾਰਿਤ ਕੀਤੀ ਲਾਈਨ ਵਿਚ ਲਾਓ।
·         ਜੇਕਰ ਤੁਹਾਡੇ ਖਾਤੇ ਵਿੱਚ ਰਕਮ ਹੈ ਪਰ ਟੌਲ ਪਲਾਜ਼ੇ ਵਾਲੀ ਮਸ਼ੀਨ ਤੁਹਾਡੇ ਫ਼ਾਸਟੈਗ ਨੂੰ ਨਹੀਂ ਪੜ੍ਹ ਰਹੀ ਤਾਂ ਇਸ ਵਿੱਚ ਤੁਹਾਡੀ ਕੋਈ ਗ਼ਲਤੀ ਨਹੀਂ ਤੁਸੀਂ ਉੱਥੋਂ ਮੁਫ਼ਤ ਵਿੱਚ ਲੰਘਣ ਲਈ ਕਹਿ ਸਕਦੇ ਹੋ
·         ਜੇ ਤੁਸੀਂ ਮਿੱਥੇ ਸਮੇਂ ਤੋਂ ਪਹਿਲਾਂ ਵਾਪਸ ਆ ਰਹੇ ਹੋ ਤਾਂ ਵਾਪਸੀ ਫ਼ੀਸ ਰਿਆਇਤ ਕਰਕੇ ਕੱਟੀ ਜਾਵੇਗੀ ਇਸ ਦੀ ਪੁਸ਼ਟੀ ਪ੍ਰਾਪਤ ਹੋਏ ਸੁਨੇਹੇ ਤੋਂ ਜ਼ਰੂਰ ਕਰੋ ਲਵੋ
·         ਜੇ ਤੁਸੀਂ ਗੱਡੀ ਸਾਲ 2017 ਤੋਂ ਪਹਿਲਾਂ ਖਰੀਦੀ ਹੈ ਤਾਂ ਗੱਡੀ ‘ਤੇ ਪਹਿਲਾਂ ਤੋਂ ਲੱਗਿਆ ਸਟਿੱਕਰ (RFID) ਫ਼ਾਸਟੈਗ ਨਹੀਂ ਪਰ ਉਸ ਵਿਚ ਗੱਡੀ ਬਾਰੇ ਪੂਰੀ ਜਾਣਕਾਰੀ ਦਰਜ ਹੁੰਦੀ ਹੈ। ਇਸ ਨੂੰ ਉਤਾਰਨ ਦੀ ਭੁੱਲ ਨਾ ਕਰੋ। 2017 ਜਾਂ ਇਸ ਤੋਂ ਬਾਅਦ ਵਿਚ ਖਰੀਦੀਆਂ ਗੱਡੀਆਂ ‘ਤੇ ਪਹਿਲਾਂ ਹੀ ਫ਼ਾਸਟੈਗ ਲੱਗਿਆ ਹੋ ਸਕਦਾ ਹੈ। ਇਸ ਸਥੀਤੀ ਵਿਚ ਨਵਾਂ ਖਰੀਦਣ ਦੀ ਲੋੜ ਨਹੀਂ, ਇਸ ਨੂੰ ਸਿਰਫ ਚਾਲੂ ਕਰਵਾਓ।
·         ਫ਼ਾਸਟੈਗ 15 ਦਿਸੰਬਰ ਤੋਂ ਹਰੇਕ ਗੱਡੀ ਲਈ ਲਾਜ਼ਮੀ ਹੋ ਜਾਵੇਗਾ।
·         ਇੱਕ ਤੋਂ ਵੱਧ ਗੱਡੀਆਂ ਲਈ ਵੱਖ-ਵੱਖ ਟੈਗ ਬਣਾਉਣ ਦੀ ਲੋੜ ਪਵੇਗੀ
·         ਜੇਕਰ ਫ਼ਾਸਟੈਗ ਦੇ ਮਾਮਲੇ ਵਿੱਚ ਕਿਸੇ ਟੌਲ ਪਲਾਜ਼ੇ ਤੇ ਕੋਈ ਪ੍ਰੇਸ਼ਾਨੀ ਆ ਰਹੀ ਹੈ ਜਾਂ ਗੱਡੀ ਚੋਰੀ ਹੋ ਗਈ ਹੈ ਤਾਂ ਉਸ ਦੀ ਸ਼ਿਕਾਇਤ ਟੌਲ ਫਰੀ ਨੰਬਰ 1033 ਤੇ ਕੀਤੀ ਜਾ ਸਕਦੀ ਹੈ
ਡਾ. ਸੀ ਪੀ ਕੰਬੋਜ
ਅਸਿਸਟੈਂਟ ਪ੍ਰੋਫੈਸਰ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ

20191218 Ajit

ਵੀਡੀਓ ਵੇਖੋ

ਫ਼ਾਸਟੈਗ ਕੀ ਹੈ?(ਭਾਗ-ਪਹਿਲਾ)| FasTag in Punjabi (Part-1)


 

ਫ਼ਾਸਟੈਗ ਕੀ ਹੈ?(ਭਾਗ-ਦੂਜਾ)| FasTag in Punjabi (Part-2)


Previous
Next Post »