“ਲਿਖਦਾ ਪੰਜਾਬ” ਐਪ ਰਾਹੀਂ ਬਿਨਾਂ ਕੰਪਿਊਟਰ ਤੋਂ ਘਰ ਬੈਠਿਆਂ ਕਰੋ ਟਾਈਪਿੰਗ ਇਮਤਿਹਾਨ ਦੀ ਤਿਆਰੀ

ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ

ਪੰਜਾਬੀ ਯੂਨੀਵਰਸਿਟੀ ਦੇ ਡਾ. ਸੀ ਪੀ ਕੰਬੋਜ ਨੇ ਬਣਾਈ ਸਮਾਰਟ ਫੋਨ ਉਤੇ ਪੰਜਾਬੀ ਟਾਈਪਿੰਗ ਦਾ ਗੁਰ ਸਿਖਾਉਣ ਵਾਲੀ ਪਹਿਲੀ ਐਪ

“ਲਿਖਦਾ ਪੰਜਾਬ” ਐਪ ਰਾਹੀਂ ਘਰ ਬੈਠਿਆਂ ਕੰਪਿਊਟਰ ਤੋਂ ਬਿਨਾਂ ਕਰੋ ਟਾਈਪਿੰਗ ਇਮਤਿਹਾਨ ਦੀ ਤਿਆਰੀ

ਪਟਿਆਲਾ:- 2 ਫਰਵਰੀ (ਪੱਤਰ ਪ੍ਰੇਰਕ): ਸਰਕਾਰ ਵੱਲੋਂ ਕਈ ਨੌਕਰੀਆਂ ਵਿਚ ਟਾਈਪਿੰਗ ਟੈੱਸਟ ਦੀ ਸ਼ਰਤ ਲਾਈ ਜਾਣ ਕਾਰਨ ਗ਼ਰੀਬ ਤੇ ਲੋੜਵੰਦ ਵਿਦਿਆਰਥੀਆਂ ਲਈ ਵੱਡੀ ਸਮੱਸਿਆ ਇਹ ਸੀ ਕਿ ਟਾਈਪ ਸਿੱਖਣ ਲਈ ਉਨ੍ਹਾਂ ਕੋਲ ਆਪਣਾ ਕੰਪਿਊਟਰ ਨਹੀਂ ਤੇ ਨਾ ਹੀ ਉਹ ਕੰਪਿਊਟਰ ਸੈਂਟਰਾਂ ਦੀ ਮੋਟੀ ਫ਼ੀਸ ਭਰ ਸਕਦੇ ਹਨ। ਅਜਿਹੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ, ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਤੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੇ ਇਹ ਮਸਲਾ ਇਕ ਐਂਡਰਾਇਡ ਐਪ ਰਾਹੀਂ ਹੱਲ ਕਰ ਦਿੱਤਾ ਹੈ। ਗੂਗਲ ਪਲੇਅ ਸਟੋਰ ਤੋਂ ਮੁਫ਼ਤ ‘ਚ ਮਿਲਣ ਵਾਲੀ ਇਸ ਐਪ ਰਾਹੀਂ ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪਿੰਗ ਵਿਧੀਬੱਧ ਰੂਪ ਵਿਚ ਸਿੱਖੀ ਜਾ ਸਕਦੀ ਹੈ।


ਟਾਈਪ ਸ਼ੁੱਧਤਾ ਤੇ ਰਫਤਾਰ ਵੀ ਦੱਸੇਗੀ ਐਪ

ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਸ ਟਾਈਪਿੰਗ ਸਿਖਾਉਣ ਵਾਲੀ ਐਪ ਨੂੰ ਤਿਆਰ ਕਰਨ ‘ਤੇ ਤਕਰੀਬਨ ਇਕ ਸਾਲ ਦਾ ਸਮਾਂ ਲੱਗਿਆ ਜਿਸ ਦੇ ਵਿਕਾਸ ਵਿਚ ਉਨ੍ਹਾਂ ਦੇ ਖੋਜਾਰਥੀ ਪ੍ਰੋ. ਗੁਰਪ੍ਰੀਤ ਸਿੰਘ ਸਿੱਧੂ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਟਾਈਪ ਸਿੱਖਣ ਤੇ ਅਭਿਆਸ ਕਰਨ ਲਈ ਕੋਈ ਵੀ ਵਰਤੋਂਕਾਰ ਇਸ ਐਪ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕਰੇ। ਸਿਰਫ਼ ਦੋ ਤਿੰਨ ਸੌ ਰੁਪਏ ਦਾ ਕੀ-ਬੋਰਡ ਖ਼ਰੀਦ ਕੇ ਉਸ ਨੂੰ ਓਟੀਜੀ ਕੇਬਲ ਰਾਹੀਂ ਮੋਬਾਇਲ ਨਾਲ ਜੋੜ ਕੇ ਕੰਮ ਸ਼ੁਰੂ ਕਰ ਦੇਵੇ। ਐਪ ਵਿਚ ਅੰਗਰੇਜ਼ੀ ਅਤੇ ਪੰਜਾਬੀ ਇਨਸਕਰਿਪਟ ਲੇਆਊਟ ਦੇ ਲੜੀਵਾਰ ਪਾਠ ਅਤੇ ਸਾਂਝੇ ਅਭਿਆਸ ਦਿੱਤੇ ਗਏ ਹਨ। ਇਸ ਐਪ ਦੀ ਵੱਡੀ ਖਾਸਿਅਤ ਇਹ ਹੈ ਕਿ ਇਹ ਨਾਲ਼ੋਂ-ਨਾਲ ਟਾਈਪ ਸ਼ੁੱਧਤਾ ਤੇ ਰਫ਼ਤਾਰ ਵੀ ਦੱਸਦੀ ਜਾਂਦੀ ਹੈ।
 ‘ਲਿਖਦਾ ਪੰਜਾਬ’ ਪੰਜਾਬੀਆਂ ਲਈ ਵੱਡਾ ਤੋਹਫ਼ਾ

ਪੰਜਾਬੀ ਯੂਨੀਵਰਸਿਟੀ ਦੇ ਡੀਨ ਅਤੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਕਿਹਾ ਕਿ ਐਪ ਪੰਜਾਬੀਆਂ ਲਈ ਇੱਕ ਵੱਡਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਪੰਜਾਬੀ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਇਨਸਕਰਿਪਟ ਯੂਨੀਕੋਡ ਮਿਆਰ ਨੂੰ ਪੂਰਾ ਕਰਦੀ ਹੈ। ਇਸ ਐਪ ਦਾ ਪਿੰਡਾਂ ਜਾਂ ਦੁਰਵਰਤੀ ਇਲਾਕਿਆਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਲਾਭ ਮਿਲੇਗਾ। 

 
“ਲਿਖਦਾ ਪੰਜਾਬ’ ਅਤੇ ਟਾਈਪਿੰਗ ਬਾਰੇ ਪੁਸਤਕ ਲਾਭਕਾਰੀ
ਇਸ ਬਾਰੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਆਪਕ ਨੇ ਆਮ ਪੰਜਾਬੀਆਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ‘ਲਿਖਦਾ ਪੰਜਾਬ’ ਐਪ ਅਤੇ ਪੰਜਾਬੀ ਟਾਈਪਿੰਗ ਬਾਰੇ ਪੁਸਤਕ ਦੀ ਰਚਨਾ ਕੀਤੀ ਹੈ। ਉਨ੍ਹਾਂ ਡਾ. ਕੰਬੋਜ ਨੂੰ ਇਸ ਵਡਮੁੱਲੀ ਪ੍ਰਾਪਤੀ ਦੀ ਵਧਾਈ ਦਿੱਤੀ।

 
 
ਟਾਈਪ ਕਰਨ ਦੇ ਨੁਕਤਿਆਂ ਦਾ ਅਧਿਐਨ ਕਰਨ ਲਈ ਛਪੀ ਪੁਸਤਕ ਵੀ ਸਾਰਥਿਕ

ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਪੀਐੱਚ-ਡੀ ਖੋਜਾਰਥੀ ਪ੍ਰੋ. ਗੁਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਐਪ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ ਜਿਨ੍ਹਾਂ ਕੋਲ ਆਪਣਾ ਕੰਪਿਊਟਰ ਜਾਂ ਲੈਪਟਾਪ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਵਿਚ ਡਾ. ਸੀ ਪੀ ਕੰਬੋਜ ਦੀ ਪੰਜਾਬੀ ਟਾਈਪਿੰਗ ਵਾਲੀ ਪੁਸਤਕ ਵਿਚ ਦਿੱਤੀ ਸਿਖਲਾਈ ਵਿਧਾ ਨੂੰ ਆਧਾਰ ਬਣਾਇਆ ਗਿਆ ਹੈ। ਅਗਲੇਰੀ ਸਿਖਲਾਈ ਅਤੇ ਪੰਜਾਬੀ ਵਿਚ ਤੇਜ਼ ਗਤੀ ਨਾਲ ਟਾਈਪ ਕਰਨ ਦੇ ਨੁਕਤਿਆਂ ਦਾ ਅਧਿਐਨ ਕਰਨ ਲਈ ਡਾ. ਕੰਬੋਜ ਦੀ ਲੋਕਗੀਤ ਪ੍ਰਕਾਸ਼ਨ ਤੋਂ ਛਪੀ ਪੁਸਤਕ ਪੜ੍ਹੀ ਜਾ ਸਕਦੀ ਹੈ।
 


 

Previous
Next Post »