ਜ਼ਿੰਦਗੀ ਦੇ ਹਰ ਖੇਤਰ 'ਚ ਪਹੁੰਚੀ ਡਿਜੀਟਲ ਕ੍ਰਾਂਤੀ/Digital Revolution and year-2025

ਅਲਵਿਦਾ 2025

ਏਆਈ ਦੇ ਨਾਮ ਰਿਹਾ ਬੀਤਿਆ ਵਰ੍ਹਾ

(ਬੀਤੇ ਵਰ੍ਹੇ ਦਾ ਲੇਖਾ-ਜੋਖਾ)

ਡਾ. ਸੀ ਪੀ ਕੰਬੋਜ 

ਡਿਜੀਟਲ ਕ੍ਰਾਂਤੀ ਸਾਡੇ ਘਰਾਂ ਅਤੇ ਦਫ਼ਤਰਾਂ ਤੋਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਪਹੁੰਚ ਗਈ ਹੈ। ਬੀਤੇ ਵਰ੍ਹੇਆਈ (Artificial Intelligence) ਅਧਾਰਤ ਅਨੁਵਾਦ ਨੇ ਇਸ ਖੇਤਰ ਦੀਆਂ ਕੰਡਿਆਲੀਆਂ ਤਾਰਾਂ ਨੂੰ ਉਖਾੜ ਦਿੱਤਾ ਹੈ। ਏਆਈ ਨੇ ਟਰੈਫ਼ਿਕ ਕੰਟਰੋਲ ਤੋਂ ਲੈ ਕੇ ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ, ਮੀਡੀਆ ਲਈ ਸਮਗਰੀ ਤਿਆਰ ਕਰਨ ਤੋਂ ਲੈ ਕੇ ਉਦਯੋਗਾਂ ਵਿੱਚ ਰੋਬੋਟਾਂ ਦੇ ਰੂਪ ਵਿੱਚ ਇਤਿਹਾਸਿਕ ਯੋਗਦਾਨ ਪਾਇਆ ਹੈ। ਆਓ ਬੀਤੇ ਵਰ੍ਹੇ ਹੋਏ ਸਮਾਰਟ ਤਕਨਾਲੋਜੀ ਦੇ ਪਸਾਰ ਬਾਰੇ ਜਾਣੀਏ। 

The digital revolution has reached every walk of life from our homes and offices. In the last year, AI (Artificial Intelligence) based translation has uprooted the thorny stars of this field. AI has made a historic contribution in everything from traffic control to protecting crops from diseases, from creating content for media to robots in industries. Let us know about the spread of smart technology in the last year.

ਰੋਜ਼ਾਨਾ ਜ਼ਿੰਦਗੀ

ਹੁਣਆਈ ਅਧਾਰਿਤ ਅਲਾਰਮ ਤੁਹਾਡੇ ਗੁੱਟ ਤੇ ਬੰਨੀ ਡਿਜੀਟਲ ਘੜੀ ਰਾਹੀਂ ਤੁਹਾਡੇ ਸਲੀਪ ਸਾਈਕਲ ਨੂੰ ਰਿਕਾਰਡ ਕਰਦਾ ਹੈ ਤੇ ਤੁਹਾਨੂੰ ਢੁਕਵੇਂ ਸਮੇਂ ਤੇ ਉੱਠਣ ਲਈ ਕਹਿੰਦਾ ਹੈ। ਸਮਾਰਟ ਘਰਾਂ ਦੇ ਬੱਲਬ, ਟਿਊਬ ਲਾਈਟਾਂ ਲੋੜ ਪੈਣ ਤੇ ਆਪੇ ਜਗਦੇ ਤੇ ਬੁਝਦੇ ਹਨ। ਘਰ ਵਿਚ ਰੱਖੀ ਸਮਾਰਟ ਫ਼ਰਿਜ ਤੁਹਾਡੇ ਸਮਾਰਟ ਫ਼ੋਨ ਨਾਲ ਜੁੜੀ ਹੋਈ ਹੈ। ਜੋ ਸਬਜ਼ੀ ਮੰਡੀ ਕੋਲੋਂ ਲੰਘਦਿਆਂ ਤੁਹਾਨੂੰ ਨੋਟੀਫ਼ਿਕੇਸ਼ਨ ਰਾਹੀਂ ਸੂਚਿਤ ਕਰਦੀ ਹੈ ਕਿ ਕਿਹੜੀ ਸਬਜ਼ੀ ਖ਼ਤਮ ਹੈ। ਇਸੇ ਤਰ੍ਹਾਂ ਕਿਸੇ ਪਕਵਾਨ ਵਿੱਚ ਵਰਤੀ ਜਾਣ ਵਾਲੀ ਸਮਗਰੀ ਦੀ ਘਾਟ ਸਮੇਂ ਤੁਹਾਡੀ ਸਮਾਰਟ ਫ਼ਰਿਜ ਗਰੌਸਰੀ ਦਾ ਸਮਾਨ ਵੇਚਣ ਵਾਲੀ ਐਪ ਉੱਤੇ ਬਾਖ਼ੂਬੀ ਆਰਡਰ ਦੇ ਦਿੰਦੀ ਹੈ। ਆਈਓਟੀ (ਇੰਟਰਨੈੱਟ ਆਫ਼ ਥਿੰਗਸ) ਦੇ ਪਸਾਰ ਨਾਲ ਘਰਾਂ ਦਫ਼ਤਰਾਂ ਤੇ ਉਦਯੋਗਾਂ ਵਿੱਚ ਬਿਜਲੀ ਦੀ ਬੱਚਤ ਹੋਣ ਲੱਗ ਪਈ ਹੈ ਏਆਈ ਅਧਾਰਿਤ ਟਰੈਫ਼ਿਕ ਲਾਈਟਾਂ ਪਿਛਲੇ ਰੁਝਾਨਾਂ ਨੂੰ ਧਿਆਨ ਵਿੱਚ ਰੱਖ ਕੇ ਆਵਾਜਾਈ ਨੂੰ ਨਿਯੰਤਰਿਤ ਕਰ ਰਹੀਆਂ ਹਨ। ਪਿਛਲੇ ਵਰ੍ਹੇ ਇੰਟਰਨੈੱਟ ਦੀ ਤੇਜ਼ ਰਫ਼ਤਾਰ ਨੇ ਖ਼ਰੀਦਦਾਰੀ, ਬੈਂਕਿੰਗ ਅਤੇ ਮਨੋਰੰਜਨ ਨੂੰ ਕਾਫ਼ੀ ਆਸਾਨ ਬਣਾਇਆ ਹੈ ਏਆਈ ਅਧਾਰਿਤ ਐਪਸ ਨੇ ਸਿਹਤ ਜਾਂਚ, ਭਾਸ਼ਾ ਅਨੁਵਾਦ ਅਤੇ ਸਫ਼ਰ ਬਾਰੇ ਯੋਜਨਾ ਬਣਾਉਣ ਵਿੱਚ ਮਦਦ ਕੀਤੀ। 

ਸਿੱਖਿਆ

ਏਆਈ ਅਧਿਆਪਕ ਵਾਂਗ ਕੰਮ ਕਰਨ ਵਾਲੀਆਂ ਐਪਸ ਬੱਚੇ ਦੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਉਸ ਦੇ ਮਾਨਸਿਕ ਪੱਧਰ ਤੇ ਜਾ ਕੇ ਪੜ੍ਹਾਉਂਦੀਆਂ ਹਨ। ਇੰਟਰਨੈੱਟ ਦੀ ਪਹੁੰਚ ਦਾ ਘੇਰਾ ਵਿਸ਼ਾਲ ਹੋਣ ਕਾਰਨ ਪੇਂਡੂ ਸਕੂਲਾਂ ਵਿੱਚ ਵੀ ਆਨਲਾਈਨ ਕਲਾਸਾਂ ਦਾ ਪ੍ਰਚਲਣ ਵਧਿਆ ਹੈ ਏਆਈ ਚੈਟਬੋਟ ਰਾਹੀਂ ਪ੍ਰਸ਼ਨ ਤਿਆਰ ਕਰਨ ਤੇ ਉਨ੍ਹਾਂ ਨੂੰ ਚੈੱਕ ਕਰਨ ਦਾ ਕੰਮ ਆਸਾਨ ਹੋ ਗਿਆ ਹੈ। ਉਪਕਰਨਾਂ ਤੇ ਹੋਰ ਸਮਗਰੀ ਦੀ ਘਾਟ ਕਾਰਨ ਸਕੂਲਾਂ ਵਿੱਚ ਵਿਗਿਆਨ ਦੇ ਪ੍ਰਯੋਗ ਕਰਵਾਉਣੇ ਅਸੰਭਵ ਸਨ ਜਿਨ੍ਹਾਂ ਨੂੰ ਏਆਈ ਨੇ ਵਰਚੂਅਲ ਲੈਬਸ ਰਾਹੀਂ ਸੰਭਵ ਕਰ ਵਿਖਾਇਆ ਹੈ ਸਿੱਖਿਆ ਦੇ ਖੇਤਰ ਵਿੱਚ ਸਮਾਰਟ ਤਕਨਾਲੋਜੀ ਦੇ ਆਗਮਨ ਨਾਲ ਵੱਡੀ ਕ੍ਰਾਂਤੀ ਆਈ ਪਰ ਵੱਧ ਸਕਰੀਨ ਸਮੇਂ ਕਾਰਨ ਵਿਦਿਆਰਥੀਆਂ ਦੀਆਂ ਅੱਖਾਂ ਅਤੇ ਇਕਾਗਰਤਾ ਤੇ ਮਾੜਾ ਅਸਰ ਹੋਇਆ। 

ਖੇਤੀਬਾੜੀ

ਪਿਛਲੇ ਵਰ੍ਹੇ ਫ਼ਸਲਾਂ ਦੀ ਨਿਗਰਾਨੀ ਕਰਨ ਲਈ ਡਰੋਨਾ ਅਤੇ ਵੱਖ-ਵੱਖ ਸੈਂਸਰਾਂ ਦੀ ਵਰਤੋਂ ਹੋਣ ਲੱਗ ਡਰੋਨ ਖੇਤ ਨੂੰ ਲਗਾਤਾਰ ਸਕੈਨ ਕਰਦੇ ਰਹਿੰਦੇ ਹਨ ਜੋ ਹਰੇਕ ਖੇਤਰ ਬਾਰੇ ਕਿਸਾਨ ਨੂੰ ਅਗਾਊਂ ਜਾਣਕਾਰੀ ਦਿੰਦੇ ਹਨ  ਏਆਈ ਅਧਾਰਿਤ ਸਿਸਟਮ ਨੂੰ ਖੇਤ ਵਿੱਚ ਦੱਬੇ ਨਮੀ ਸੈਂਸਰ ਦੱਸ ਦਿੰਦੇ ਹਨ ਕਿ ਖੇਤ ਦੇ ਦਾ ਕਿਹੜਾ ਕਿਆਰਾ ਖ਼ੁਸ਼ਕ ਹੈ। ਲੋੜ ਪੈਣ ਤੇ ਪਾਣੀ ਲਾਉਣ ਲਈ ਖੇਤ ਵਾਲੀ ਬੰਬੀ ਬਖ਼ੂਬੀ ਚਾਲੂ ਹੋ ਕੇ ਸਿੰਜਾਈ ਕਰ ਦਿੰਦੀ ਹੈ ਡਰੋਨ ਅਤੇ ਸੈਂਸਰ ਰਾਹੀਂ ਮੁਢਲੇ ਪੜਾਅ ਤੇ ਹੀ ਪਤਾ ਲੱਗ ਜਾਂਦਾ ਹੈ ਕਿ ਖੇਤ ਦੀ ਕਿਹੜੀ ਨੁੱਕਰ ਵਿੱਚ ਨਦੀਨਾਂ ਜਾਂ ਕੀਟਾਂ ਦਾ ਹਮਲਾ ਹੋਇਆ ਹੈ। ਇਸ ਨਾਲ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ ਦੀ ਵੱਡੇ ਪੱਧਰ ਤੇ ਬੱਚਤ ਹੁੰਦੀ ਹੈ।

ਵਪਾਰ

ਏਆਈ ਰਾਹੀਂ ਗਾਹਕਾਂ ਦੀਆਂ ਚੈਟਸ ਪੜ੍ਹ ਕੇ ਉਹਨਾਂ ਦੇ ਜਵਾਬ ਦੇਣੇ, ਆਰਡਰ ਲੈਣਾ, ਗਾਹਕ ਦੀ ਖ਼ਰੀਦ ਹਿਸਟਰੀ ਨੂੰ ਘੋਖ ਕੇ ਵਸਤਾਂ ਦਾ ਸੁਝਾਅ ਦੇਣਾ ਆਮ ਗੱਲ ਹੈ। ਫ਼ੈਕਟਰੀਆਂ ਵਿੱਚ ਏਆਈ ਅਧਾਰਿਤ ਰੋਬੋਟ ਆਉਣ ਨਾਲ ਉਤਪਾਦਨ ਵਧਿਆ ਹੈ। ਏਆਈ ਦੀ ਵਰਤੋਂ ਨਾਲ ਖ਼ਰੀਦੋ-ਫ਼ਰੋਖ਼ਤ ਦੇ ਪ੍ਰਚਾਰ ਲਈ ਈ-ਮੇਲ ਸੁਨੇਹੇ ਲਿਖਣ, ਵਿੱਕਰੀ ਵਧਾਉਣ, ਰੋਜ਼ਾਨਾ ਦਾ ਵਿਸ਼ਲੇਸ਼ਣ ਕਰਨ, ਡਿਜ਼ਾਈਨ ਅਤੇ ਪ੍ਰੋਟੋਟਾਈਪ ਬਣਾਉਣ ਵਿੱਚ ਆਸਾਨੀ ਹੋ ਗਈ ਹੈ। ਯੂਪੀਆਈ ਅਤੇ ਡਿਜੀਟਲ ਭੁਗਤਾਨ ਨਾਲ ਕਾਰੋਬਾਰ ਤੇਜ਼ ਹੋਇਆ ਹੈ 

ਮੀਡੀਆ

ਏਆਈ ਦੇ ਦੌਰ ਵਿੱਚ ਖ਼ਬਰਾਂ ਦਾ ਪ੍ਰਸਾਰ ਤੇਜ਼ੀ ਨਾਲ ਹੋਇਆ ਹੈ। ਏਆਈ ਸਾਡੀਆਂ ਵੀਡੀਓਜ਼ ਦਾ ਸਕਰਿਪਟ ਲਿਖਦੀ ਹੈ, ਉਸ ਨੂੰ ਆਵਾਜ਼ ਦਿੰਦੀ ਹੈ ਤੇ ਉਸ ਦਾ ਵੀਡੀਓ ਬਣਾਉਂਦੀ ਹੈ। ਹੁਣ ਅਸਲ ਅਤੇ ਏਆਈ ਅਧਾਰਿਤ ਸਮਗਰੀ ਵਿਚਲੀ ਰੇਖਾ ਧੁੰਦਲੀ ਹੋ ਗਈ ਹੈ ਟੀਵੀ ਚੈਨਲਾਂ ਅਤੇ ਯੂ-ਟਿਊਬਰਾਂ ਵੱਲੋਂ ਏਆਈ ਰਾਹੀਂ ਲੇਖ ਅਨੁਵਾਦ ਕੀਤੇ ਜਾਂਦੇ ਹਨ ਤੇ ਫਿਰ ਸੰਖੇਪ ਸਾਰ ਤਿਆਰ ਕਰਵਾ ਕੇ ਫਟਾਫਟ ਪ੍ਰਸਾਰਿਤ ਕੀਤਾ ਜਾਂਦਾ ਹੈ ਅਜਿਹੇ ਰੁਝਾਨ ਕਾਰਨ ਪਾਠਕਾਂ-ਦਰਸ਼ਕਾਂ ਕੋਲ ਖ਼ਬਰਾਂ ਅਤੇ ਵੀਡੀਓਜ਼ ਦਾ ਹੜ੍ਹ ਗਿਆ ਹੈ। ਜਾਅਲੀ ਖ਼ਬਰਾਂ ਦੇ ਡਿਜੀਟਲ ਬਾਜ਼ਾਰ ਵਿੱਚ ਸੱਚੀਆਂ ਖ਼ਬਰਾਂ ਗੁਆਚ ਰਹੀਆਂ ਹਨ। ਸਮਾਜ ਵਿੱਚ ਕੁੜੱਤਣ ਦਾ ਤੜਕਾਤੇ ਰਾਜਨੀਤੀ ਵਿੱਚ ਦਲ-ਬਦਲੀ ਦੀ ਚਟਣੀ ਵਾਲੀਆਂ ਖ਼ਬਰਾਂ ਵਿੱਚੋਂ ਸੱਚ-ਝੂਠ ਦਾ ਨਿਤਾਰਾ ਕਰਨਾ ਔਖਾ ਹੋ ਗਿਆ ਹੈ 

ਸਿਹਤ

ਏਆਈ ਲੱਖਾਂ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ, ਲੱਛਣਾਂ ਅਤੇ ਦਵਾਈਆਂ ਦੇ ਵੱਡੇ ਡਾਟੇ ਨਾਲ ਬਖ਼ੂਬੀ ਸਿੱਖਿਅਤ ਹੈ ਜਿਸ ਕਾਰਨ ਉਹ ਪਿਛਲੇ ਪੈਟਰਨ ਨੂੰ ਸਮਝ ਕੇ ਬਿਮਾਰੀ ਦਾ ਪਹਿਲਾਂ ਹੀ ਪਤਾ ਲਗਾ ਸਕਦੀ ਹੈ। ਏਆਈ ਦੁਆਰਾ ਕੀਤਾ ਡਾਕਟਰੀ ਮੁਆਇਨਾ ਅਤੇ ਸੁਝਾਈਆਂ ਗਈਆਂ ਦਵਾਈਆਂ ਬਿਲਕੁਲ ਸਹੀ ਸਾਬਤ ਹੋ ਰਹੀਆਂ ਹਨ। ਏਆਈ ਅਧਾਰਿਤ 'ਰੋਬੋ ਹੱਥ' ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀ ਸੂਖਮ ਸਰਜਰੀ ਲਈ ਕਾਮਯਾਬ ਹੋ ਰਹੇ ਹਨ। ਇਸ ਨਾਲ ਗ਼ਲਤੀ ਹੋਣ ਦਾ ਡਰ ਘਟ ਗਿਆ ਹੈ। ਏਆਈ ਰਾਹੀਂ ਕੀਤਾ ਨਰੀਖਣ ਫ਼ਾਲਤੂ ਟੈੱਸਟਾਂ ਅਤੇ ਸਰਜਰੀ ਦੇ ਚੱਕਰਾਂ ਤੋਂ ਬਚਾ ਲੈਂਦਾ ਹੈ। 

ਸਰਕਾਰੀ ਸੇਵਾਵਾਂ

ਪਿਛਲੇ ਵਰ੍ਹੇ 'ਡਿਜੀਟਲ ਇੰਡੀਆ' ਨੇ ਨਵੀਂ ਉਡਾਣ ਭਰੀ। ਸਰਕਾਰੀ ਵੈੱਬਸਾਈਟਾਂ ਤੇ ਉਪਲਬਧ ਏਆਈ ਚੈਟਬੋਟ ਟੈਕਸ, ਲਾਇਸੈਂਸ ਰੀਨਿਊ ਕਰਵਾਉਣ, ਪਾਸਪੋਰਟ ਬਣਾਉਣ, ਬਿੱਲਾਂ ਦਾ ਭੁਗਤਾਨ ਕਰਨ ਨਾਲ ਸਬੰਧਿਤ ਆਮ ਸਵਾਲਾਂ ਦੇ ਜਵਾਬ ਬਖ਼ੂਬੀ ਦੇ ਰਹੇ ਹਨ। ਇਸ ਨਾਲ ਦਫ਼ਤਰਾਂ ਦੇ ਗੇੜੇ ਲਾਉਣ ਅਤੇ ਫ਼ੋਨ ਕਾਲਾਂ ਤੇ ਸਮਾਂ ਜਾਇਆ ਕਰਨ ਦੀ ਲੋੜ ਨਹੀਂ। 

ਮਾੜੇ ਪ੍ਰਭਾਵ

ਪਿਛਲੇ ਵਰ੍ਹੇ ਏਆਈ ਲੱਖਾਂ ਲੋਕਾਂ ਦੀਆਂ ਨੌਕਰੀਆਂ ਖਾ ਗਈ। ਏਆਈ ਦਾ ਸਿਰਜਨਾਤਮਕ ਲੇਖਣੀ ਦੇ ਖੇਤਰ ਤੇ ਵਧਦੇ ਪ੍ਰਭਾਵ ਕਾਰਨ ਇਸ ਖੇਤਰ ਦੇ ਕਈ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਏਆਈ ਦੇ ਦੌਰ ਵਿੱਚ ਪਹਿਲੀ ਵਾਰ ਇਨਸਾਨ ਨੂੰ ਆਪਣੇ ਡਾਟੇ ਦੀ ਕੀਮਤ ਦਾ ਅਹਿਸਾਸ ਹੋਇਆ। ਡਾਟਾ ਚੋਰੀ ਦੀਆਂ ਵਾਰਦਾਤਾਂ ਵਧੀਆਂ। ਏਆਈ ਕਾਰਨ ਨਿੱਜਤਾ (ਪ੍ਰਾਈਵੇਸੀ) ਦਾ ਡਰ ਵਧਿਆ। ਜਾਅਲੀ ਖ਼ਬਰਾਂ ਦੇ ਕਾਲੇ ਬੱਦਲ ਘਟਾਵਾਂ ਬਣ-ਬਣ ਬਰਸੇ। ਡੀਪਫੇਕ ਰਾਹੀਂ ਨਕਲੀ ਤਸਵੀਰਾਂ ਤੇ ਵੀਡੀਓ ਨੇ ਬਹੁਤ ਨੁਕਸਾਨ ਕੀਤਾ ਸਾਈਬਰ ਹਮਲੇ ਵਧੇ ਅਤੇ ਸਾਈਬਰ ਠੱਗੀਆਂ ਦੇ ਤੌਰ ਤਰੀਕੇ ਬਦਲੇ। 

ਭਵਿੱਖ

ਭਵਿੱਖ ਵਿੱਚ ਬੀਸੀਆਈ (ਬਰੇਨ-ਕੰਪਿਊਟਰ ਇੰਟਰਫੇਸ) ਤਕਨਾਲੋਜੀ ਜ਼ੋਰ ਫੜੇਗੀ। ਭਵਿੱਖ ਵਿੱਚ ਏਆਈ ਅਧਾਰਿਤ ਮਸ਼ੀਨਾਂ ਨੂੰ ਕਮਾਂਡ ਦੇਣ ਲਈ ਸਿਰਫ਼ ਸੋਚਣਾ ਹੀ ਕਾਫ਼ੀ ਹੋਵੇਗਾ। ਰੋਬੋਟ ਫ਼ਸਲਾਂ ਦੀ ਕਟਾਈ, ਭੰਡਾਰਨ ਅਤੇ ਵੰਡ ਆਦਿ ਦੇ ਕੰਮਾਂ ਵਿੱਚ ਹੋਰ ਸਹਾਈ ਹੋਣਗੇ। ਏਆਈ ਰਾਹੀਂ ਬਿਮਾਰੀਆਂ ਦਾ ਪਤਾ ਲਾਉਣ ਅਤੇ ਇਲਾਜ ਕਰਨ ਦਾ ਪ੍ਰਚਲਣ ਵਧੇਗਾ ਏਆਈ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਬਾਰੇ ਕਾਨੂੰਨ ਬਣੇ। ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ 'ਸੁਚੱਜੇ ਸਾਈਬਰ ਨਾਗਰਿਕ' ਬਣੀਏ। ਆਪਣਾ ਪਾਸਵਰਡ ਮਜ਼ਬੂਤ ਰੱਖੀਏ। ਖ਼ਬਰਾਂ ਨੂੰ ਬਿਨਾਂ ਜਾਂਚ ਕੀਤਿਆਂ ਅੱਗੇ ਸਾਂਝਾ ਨਾ ਕਰੀਏ। ਏਆਈ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਇਸ ਬਾਰੇ ਮੁਫ਼ਤ ਆਨਲਾਈਨ ਕੋਰਸ ਕਰੀਏ। ਸਕਰੀਨ ਦਾ ਸਮਾਂ ਘਟਾਈਏ। ਬਿਜਲੀ ਬਚਾਉਣਤੇ ਰੀਸਾਈਕਲ ਹੋਣ ਵਾਲੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰੀਏ। ਸਿਰਫ਼ ਭਰੋਸੇਮੰਦ ਵੈੱਬਸਾਈਟਾਂ ਅਤੇ ਐਪਸ ਨੂੰ ਹੀ ਅਪਣਾਈਏ। ਭੋਜਨ ਦੀ ਤਰ੍ਹਾਂ ਹਮੇਸ਼ਾ ਚੰਗੀ ਅਤੇ ਪਾਏਦਾਰ ਸਮਗਰੀ ਹੀ ਵੇਖੀਏ। ਪ੍ਰਾਈਵੇਸੀ ਸੈਟਿੰਗ ਨੂੰ ਧਿਆਨ ਨਾਲ ਪੜ੍ਹੀਏ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੀਏ।

ਬੀਤੇ ਵਰ੍ਹੇ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਏਆਈ ਸਾਡੇ ਜੀਵਨ ਦਾ ਅਟੁੱਟ ਅੰਗ ਹੈ। ਇਹ ਸਾਨੂੰ ਅੱਗੇ ਵਧਣ ਦੇ ਮੌਕੇ ਦਿੰਦੀ ਹੈ ਪਰ ਇਸ ਦੀ ਵਰਤੋਂ ਬੜੀ ਸਮਝਦਾਰੀ ਅਤੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। 

ਡਾ. ਸੀ ਪੀ ਕੰਬੋਜ 

ਪੰਜਾਬੀ ਯੂਨੀਵਰਸਿਟੀ ਪਟਿਆਲਾ 

cpk@pbi.ac.in

23-12-2025 Punjabi Jagran; Digital revolution has reached every sphere of life; The past is in the name of AI

 

 


Newest
Previous
Next Post »