2015-11-29

ਹਿੰਦ-ਪਾਕਿ ਦੀਆਂ ਭਾਸ਼ਾ ਲਿਪੀਆਂ ਨੂੰ ਬਦਲਣ ਵਾਲਾ ਸਾਫ਼ਟਵੇਅਰ: ਸੰਗਮ

29-11-2015
ਭਾਰਤ ਉਪ ਮਹਾਂਦੀਪ ਵਿਚ ਇਕ ਹੀ ਭਾਸ਼ਾ ਨੂੰ ਵੱਖ-ਵੱਖ ਲਿਪੀਆਂ ਵਿਚ ਲਿਖਿਆ ਜਾਂਦਾ ਹੈ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਉਰਦੂ, ਪੰਜਾਬੀ ਤੇ ਸਿੰਧੀ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਮੁਲਕ ਦੇ ਜ਼ਿਆਦਾਤਰ ਲੋਕ ਇਨ੍ਹਾਂ ਭਾਸ਼ਾਵਾਂ ਨੂੰ ਸਮਝ ਤਾਂ ਸਕਦੇ ਹਨ ਪਰ ਪੜ੍ਹ-ਲਿਖ ਨਹੀਂ ਸਕਦੇ। ਹੁਣ ਦੋਹਾਂ ਮੁਲਕਾਂ ਦੀਆਂ ਸਾਂਝੀਆਂ ਭਾਸ਼ਾਵਾਂ ਦੀਆਂ ਵੱਖ-ਵੱਖ ਲਿਪੀਆਂ ਨੂੰ ਕੰਪਿਊਟਰ ਸਾਫ਼ਟਵੇਅਰ ਦੇ ਜ਼ਰੀਏ ਆਪਸ ਵਿਚ ਲਿਪੀਅੰਤਰਣ ਕਰਨਾ ਸੰਭਵ ਹੋ ਗਿਆ ਹੈ।
ਕੰਪਿਊਟਰ ਰਾਹੀਂ ਲਿਪੀ ਦੇ ਨਾਂ 'ਤੇ ਉੱਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਖੋਜ ਕਰ ਰਹੀ ਹੈ। ਯੂਨੀਵਰਸਿਟੀ ਦੇ 'ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ' ਵਿਖੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤੇ 'ਸੰਗਮ' ਸਾਫ਼ਟਵੇਅਰ ਦੇ ਨਵੇਂ ਸੰਸਕਰਣ ਰਾਹੀਂ ਦੋਹਾਂ ਮੁਲਕਾਂ ਦੀਆਂ ਭਾਸ਼ਾਈ ਔਕੜਾਂ ਖ਼ਤਮ ਹੋ ਗਈਆਂ ਹਨ। ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਵਿਚ ਪੰਜਾਬੀ ਲਈ ਸ਼ਾਹਮੁਖੀ ਅਤੇ ਸਿੰਧੀ ਲਈ ਫ਼ਾਰਸੀ-ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਉਲਟ ਸਾਡੇ ਮੁਲਕ ਵਿਚ ਪੰਜਾਬੀ ਅਤੇ ਸਿੰਧੀ ਨੂੰ ਕ੍ਰਮਵਾਰ ਗੁਰਮੁਖੀ ਅਤੇ ਦੇਵਨਾਗਰੀ ਲਿਪੀ ਵਿਚ ਲਿਖਿਆ ਜਾਂਦਾ ਹੈ। ਹੁਣ ਇਸ ਸਾਫ਼ਟਵੇਅਰ ਰਾਹੀਂ ਗੁਰਮੁਖੀ-ਸ਼ਾਹਮੁਖੀ, ਉਰਦੂ-ਦੇਵਨਾਗਰੀ ਅਤੇ ਸਿੰਧੀ-ਸਿੰਧੀ (ਦੇਵਨਾਗਰੀ) ਦਰਮਿਆਨ ਲਿਪੀਅੰਤਰਣ ਕਰਨਾ ਸੰਭਵ ਹੋ ਗਿਆ ਹੈ।
ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ ਸਾਲ 2004 ਵਿਚ ਵਿਸ਼ਵ ਪੰਜਾਬੀ ਕਾਨਫਰੰਸ 'ਚ ਗੁਰਮੁਖੀ-ਸ਼ਾਹਮੁਖੀ ਲਿਪੀਅੰਤਰਣ ਸਾਫ਼ਟਵੇਅਰ ਜਾਰੀ ਕੀਤਾ। ਇਸ ਤੋਂ ਬਾਅਦ ਯੂਨੀਵਰਸਿਟੀ ਨੂੰ ਪਾਨ-ਏਸ਼ੀਆ ਗਰਾਂਟ ਸਿੰਘਾਪੁਰ ਵੱਲੋਂ ਪ੍ਰਯੋਜਿਤ ਪ੍ਰੋਜੈਕਟ ਹਾਸਲ ਕਰਨ 'ਚ ਕਾਮਯਾਬੀ ਹਾਸਲ ਹੋਈ ਜਿਸ ਤਹਿਤ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ ਲਈ ਕੰਪਿਊਟਰ ਪ੍ਰੋਗਰਾਮ ਵਿਕਸਿਤ ਕਰਨ ਦਾ ਟੀਚਾ ਮਿਥਿਆ ਗਿਆ।ਯੂਨੀਵਰਸਿਟੀ ਦੇ ਖੋਜ ਕੇਂਦਰ ਨੇ ਇਸ ਪ੍ਰੋਜੈਕਟ ਨੂੰ ਸਾਲ 2007 ਵਿਚ ਪੂਰਾ ਕੀਤਾ ਤੇ ਇਸ ਬਾਰੇ ਕਈ ਸਨਮਾਨ ਵੀ ਹਾਸਲ ਕੀਤੇ ਜਿਨ੍ਹਾਂ ਦਾ ਪੰਜਾਬੀ ਸਾਹਿੱਤਿਕ ਹਲਕਿਆਂ ਨੇ ਜ਼ੋਰਦਾਰ ਸਮਰਥਨ ਕੀਤਾ। 97 ਫ਼ੀਸਦੀ ਸਹੀ ਨਤੀਜੇ ਪੇਸ਼ ਕਰਨ ਵਾਲੇ ਇਸ ਵਿਲੱਖਣ ਸਾਫ਼ਟਵੇਅਰ ਦੀ ਯੂਨੀਵਰਸਿਟੀ ਵਿਚ ਪਹੁੰਚੀ ਨੈਕ ਟੀਮ ਨੇ ਵੀ ਖੂਬ ਸ਼ਲਾਘਾ ਕੀਤੀ।
ਸਾਲ 2008 ਵਿਚ ਇਸ ਕੇਂਦਰ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਓਰਗੇਨਾਈਜੇਸ਼ਨ (ਡੀਆਰਡੀਓ) ਤੋਂ ਉਰਦੂ ਤੋਂ ਹਿੰਦੀ ਲਿਪੀਅੰਤਰਨ ਸਾਫ਼ਟਵੇਅਰ ਤਿਆਰ ਕਰਨ ਲਈ ਵਿੱਤੀ ਸਹਾਇਤਾ ਹਾਸਲ ਹੋਈ। ਇਸੇ ਤਰ੍ਹਾਂ ਹਿੰਦੀ ਤੋਂ ਉਰਦੂ ਲਿਪੀਅੰਤਰਣ ਪ੍ਰੋਜੈਕਟ ਸਾਲ 2009 ਵਿਚ 33 ਏਸ਼ੀਆਈ ਮੁਲਕਾਂ ਦੇ 130 ਭਾਗੀਦਾਰਾਂ ਦੇ ਤਕੜੇ ਮੁਕਾਬਲੇ 'ਚੋਂ ਨਿਕਲਣ ਉਪਰੰਤ ਪ੍ਰਾਪਤ ਹੋਇਆ। ਮਾਹਿਰਾਂ ਅਨੁਸਾਰ ਇਹ ਹੁਣ ਤੱਕ ਦੀ ਸਭ ਤੋਂ ਸਰਬੋਤਮ ਲਿਪੀਅੰਤਰਣ ਪ੍ਰਣਾਲੀ ਹੈ ਜਿਸ ਦੀ ਵਰਤੋਂ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨਾਲੋਜੀ (ਆਈਆਈਆਈਟੀ) ਹੈਦਰਾਬਾਦ ਵੱਲੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।
ਸਾਲ 2014 ਵਿਚ 24 ਏਸ਼ੀਆਈ ਮੁਲਕਾਂ ਦੇ 139 ਹਿੱਸੇਦਾਰਾਂ ਵਿਚੋਂ ਸਿੰਧੀ ਲਿਪੀਅੰਤਰ ਪ੍ਰੋਗਰਾਮ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਨੂੰ ਸੌਂਪੀ ਗਈ। ਇਸ ਰਾਹੀਂ ਪਾਕਿਸਤਾਨ ਵਿਚ ਲਿਖੀ ਜਾਂਦੀ ਸਿੰਧੀ ਭਾਸ਼ਾ ਨੂੰ ਦੇਵਨਾਗਰੀ ਲਿਪੀ ਵਿਚ ਬਦਲ ਕੇ ਪੜ੍ਹਿਆ ਜਾ ਸਕਦਾ ਹੈ।
ਹਿੰਦ-ਪਾਕਿ 'ਚ ਬੋਲੀਆਂ ਜਾਂਦੀਆਂ ਤਿੰਨ ਭਾਸ਼ਾਵਾਂ (ਪੰਜਾਬੀ, ਉਰਦੂ, ਸਿੰਧੀ) ਦੀਆਂ ਵਿਭਿੰਨ ਲਿਪੀਆਂ ਨੂੰ ਆਪਸ ਵਿਚ ਬਦਲਣ ਵਾਲਾ ਇਹ ਵਿਲੱਖਣ ਸਾਫ਼ਟਵੇਅਰ ਵੈੱਬਸਾਈਟ sangam.learnpunjabi.org ਉੱਤੇ ਉਪਲਬਧ ਹੈ। ਸਾਫ਼ਟਵੇਅਰ ਦੀ ਖ਼ਾਸੀਅਤ ਇਹ ਹੈ ਕਿ ਇਹ ਭਾਸ਼ਾ ਨੂੰ ਆਪਣੇ-ਆਪ ਪਛਾਣ ਕੇ ਉੱਚ ਗੁਣਵੱਤਾ ਵਾਲੇ ਨਤੀਜੇ ਮੁਹੱਈਆ ਕਰਵਾਉਂਦਾ ਹੈ।
ਇਸ ਸਾਫ਼ਟਵੇਅਰ ਦੀ ਸਫਲਤਾ ਪਿੱਛੇ 11 ਵਰ੍ਹਿਆਂ ਦੀ ਸਖ਼ਤ ਮਿਹਨਤ, 4 ਖੋਜ ਪ੍ਰੋਜੈਕਟਾਂ, 6 ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਾਲੀਆਂ ਏਜੰਸੀਆਂ, 1 ਪੀ-ਐੱਚ. ਡੀ., 8 ਖੋਜ ਪਰਚੇ, 15 ਪ੍ਰੋਜੈਕਟ ਸਟਾਫ਼ ਮੈਂਬਰ ਤੇ 20 ਤੋਂ ਵੱਧ ਭਾਸ਼ਾ ਮਾਹਿਰਾਂ ਦਾ ਯੋਗਦਾਨ ਰਿਹਾ ਹੈ
ਡਾ. ਲਹਿਲ ਦੀ ਅਗਵਾਈ ਵਾਲੇ ਇਸ ਪ੍ਰੋਜੈਕਟ ਦੇ ਵਿਕਾਸ ਲਈ ਡਾ. ਤੇਜਿੰਦਰ ਸਿੰਘ ਨੇ ਆਪਣਾ ਯੋਗਦਾਨ ਪਾਇਆ। ਮਾਨਚੈਸਟਰ ਯੂਨੀਵਰਸਿਟੀ ਬਰਤਾਨੀਆ ਦੇ ਡਾ. ਵਰਿੰਦਰ ਸਿੰਘ ਕਾਲੜਾ ਇਸ ਦੇ ਸਥਾਈ ਮੈਂਬਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਡਾ. ਅਨਵਰ ਚਿਰਾਗ਼ ਅਤੇ ਡਾ. ਅਬਦੁਲ ਹਮੀਦ ਵੀ ਇਸ ਪ੍ਰੋਜੈਕਟ ਦੇ ਮੈਂਬਰ ਰਹੇ ਹਨ। ਸਾਫ਼ਟਵੇਅਰ ਵਿਚ ਸਿੰਧੀ ਲਿਪੀਅੰਤਰਨ ਭਾਸ਼ਾਈ ਮਦਦ ਲਈ ਮਹਾਰਾਜਾ ਸਾਇਆਜੀਰਾਓ (ਐੱਮਐੱਸ) ਯੂਨੀਵਰਸਿਟੀ, ਬੜੌਦਾ ਦੇ ਡਾ. ਭਾਰਤ ਰਤਨਪਾਲ ਅਤੇ ਮਾਧੂਰੀ ਵਾਰਡੇ ਦਾ ਯੋਗਦਾਨ ਰਿਹਾ ਹੈ।
ਆਸ ਹੈ ਕਿ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਰਚੇ ਜਾਂਦੇ ਸਾਹਿਤ ਦੇ ਵਟਾਂਦਰੇ ਲਈ ਇਹ ਸਾਫ਼ਟਵੇਅਰ ਇਕ ਪੁਲ ਦਾ ਕੰਮ ਕਰੇਗਾ ਤੇ ਸਾਡੀ ਸਾਂਝ ਦੀਆਂ ਤੰਦਾਂ ਨੂੰ ਹੋਰ ਪੱਕਿਆਂ ਕਰੇਗਾ।
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
www.cpkamboj.com

Punjabi Typing: NIYAM TE NUKTE: Book launched

           Dr. C.P. Kamboj's book on skill development written in Punjabi NTN published by Computer Vigyan Parkashan Fazilka launched ...