ਟਵੀਟਰ ਰਾਹੀਂ ਮਨ ਦੇ ਵਲਵਲਿਆਂ ਨੂੰ ਕਰੋ ਬਿਆਨ

20-11-2015

       ਟਵੀਟਰ ਇੱਕ ਸਮਾਜਿਕ ਜਾਲਤੰਤਰੀ ਟਿਕਾਣਾ (Social Networking Site) ਹੈ। ਇਹ ਛੋਟੇ ਸੁਨੇਹਿਆਂ ਅਰਥਾਤ 'ਟਵੀਟਜ਼' ਨੂੰ ਆਪਣਿਆਂ ਤੱਕ ਪਹੁੰਚਾਉਣ ਦਾ ਇੱਕ ਭਰੋਸੇਯੋਗ ਸਾਧਨ ਹੈ। ਇਹ ਰਾਹੀਂ ਵਿਸਥਾਰ ਨਾਲ ਸਨੇਹੇ ਭੇਜਣੇ ਸੰਭਵ ਨਹੀਂ। ਇਸੇ ਕਾਰਨ ਇਸ ਨੂੰ ਸੂਖਮ ਜਾਂ ਮਾਈਕਰੋ ਬਲੌਗਿੰਗ ਜਾਲ-ਟਿਕਾਣਾ (Website) ਕਿਹਾ ਜਾਂਦਾ ਹੈ।
      ਟਵੀਟਰ ਦਾ ਮੁੱਖ ਮੰਤਵ ਇਹ ਪਤਾ ਕਰਨਾ ਹੈ ਕਿ ਕੋਈ ਨਿਸ਼ਚਿਤ ਵਿਅਕਤੀ ਕਿਸੇ ਸਮੇਂ ਕੀ ਕਰ ਰਿਹਾ ਹੈ। ਭਾਵੇਂ ਇਹ ਮਿੱਤਰਾਂ ਦੀਆਂ ਪੁੱਛਾਂ ਦੇ ਜਵਾਬ ਦੇਣ ਦੀ ਸਹੂਲਤ ਵੀ ਦਿੰਦੀ ਹੈ ਪਰ ਇਸ 'ਤੇ ਸਿਰਫ਼ 140 ਅੱਖਰਾਂ ਦਾ ਸਨੇਹਾ ਹੀ ਭੇਜਿਆ ਜਾ ਸਕਦਾ ਹੈ। ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਨੂੰ ਲੱਭਣ ਤੇ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਇਹ ਇੱਕ ਮੁਫ਼ਤ ਆਦੇਸ਼ਕਾਰੀ ਹੈ।
      ਟਵੀਟਰ ਰਾਹੀਂ ਸੱਜਰੀਆਂ ਖ਼ਬਰਾਂ, ਸਥਾਨਕ ਅਤੇ ਦੁਨੀਆ ਦੀਆਂ ਖ਼ਬਰਾਂ, ਮਹੱਤਵਪੂਰਨ ਘਟਨਾਵਾਂ ਬਾਰੇ ਜਾਣਿਆ ਜਾ ਸਕਦਾ ਹੈ। ਇਸ 'ਤੇ ਪਾਠ, ਫੋਟੋ ਅਤੇ ਸਚਿਤਰ ਆਦਿ ਰਾਹੀਂ ਆਪਣੇ ਜਜ਼ਬਿਆਂ ਨੂੰ ਉਜਾਗਰ ਕਰਕੇ ਦੂਜਿਆਂ ਨਾਲ ਨੇੜਤਾ ਵਧਾਈ ਜਾ ਸਕਦੀ ਹੈ। ਇਸ 'ਤੇ ਦਰਜ ਟਵੀਟਸ ਨੂੰ ਫੇਸਬੁਕ, ਵਟਸ ਐਪ, ਬਿਜ-ਡਾਕ (E-Mail), ਸੰਖੇਪ-ਸਨੇਹਾ-ਸੇਵਾ (SMS) ਅਤੇ ਯੂ-ਟਿਊਬ 'ਤੇ ਸਾਂਝਾ ਕੀਤਾ ਜਾ ਸਕਦਾ ਹੈ।
ਟਵੀਟਰ ਬਨਾਮ ਫੇਸਬੁਕ
    ਟਵੀਟਰ ਅਤੇ ਫੇਸਬੁਕ ਦੋਹੇਂ ਦੁਨੀਆ ਦੇ ਪ੍ਰਸਿੱਧ ਸਮਾਜਿਕ ਜਾਲਤੰਤਰੀ ਟਿਕਾਣੇ ਹਨ।
ਫੇਸਬੁਕ ਸੇਵਾ 4, ਫਰਵਰੀ 2004 ਵਿਚ ਅਤੇ ਟਵੀਟਰ 6 ਜੁਲਾਈ 2006 ਵਿਚ ਸ਼ੁਰੂ ਹੋਈ।
ਦੋਹਾਂ 'ਚ ਦਾਖਲੇ (Registration) ਦੀ ਲੋੜ ਪੈਂਦੀ ਹੈ ਤੇ ਤਸਵੀਰਾਂ ਪਾਉਣ ਦੀ ਸਹੂਲਤ ਹੈ ਪਰ ਤਤਕਾਲੀ (Instante) ਸੁਨੇਹਿਆਂ ਦੀ ਸਹੂਲਤ ਇਕੱਲੀ ਫੇਸਬੁਕ 'ਤੇ ਹੈ।
ਫੇਸਬੁਕ ਦੀਆਂ ਕਈ ਵਿਸ਼ੇਸ਼ਤਾਵਾਂ ਜਿਵੇਂ ਕਿ ਫਰੈਂਡਜ਼, ਫੈਨਸ, ਵਾਲ, ਨਿਊਜ਼ ਫੀਡ, ਫੈਨ ਪੇਜਿਸ, ਸਮੂਹ, ਆਦੇਸ਼ਕਾਰੀਆਂ, ਲਾਈਵ ਚੈਟ, ਲਾਈਕਸ, ਤਸਵੀਰਾਂ, ਸਚਿਤਰ, ਲਿਖਤ, ਪੋਸਟ, ਲਿੰਕਸ, ਸਟੇਟਸ, ਖੇਡਾਂ, ਸੁਨੇਹਿਆਂ ਦੇ ਨਾਲ-ਨਾਲ ਚੜ੍ਹਾਉਣ (Uploading) ਅਤੇ ਉਤਾਰਨ (Downloading) ਆਦਿ ਦੀ ਸਹੂਲਤ ਹੁੰਦੀ ਹੈ। ਦੂਜੇ ਪਾਸੇ, ਟਵੀਟਰ ਵਿਚ ਟਵੀਟ, ਰੀਟਵੀਟ, ਸਿੱਧੇ ਸਨੇਹੇ, ਫਾਲੋ ਪਿਊਪਲ, ਟਰੈਂਡਿੰਗ ਟੌਪਿਕਸ, ਕੜੀਆਂ (Links), ਤਸਵੀਰਾਂ ਅਤੇ ਸਚਿਤਰ ਖੇਡਾਂ ਦੀ ਸਹੂਲਤ ਸ਼ੁਮਾਰ ਹੈ।
ਫੇਸਬੁਕ ਦੀ ਖੋਜ ਮਾਰਕ ਜ਼ੁਕਰਬਰਗ (Zuckerberg) ਨੇ ਅਤੇ ਟਵੀਟਰ ਦੀ ਖੋਜ ਜੈਕ ਡੋਰਸੀ (Dorsey) ਨੇ ਕੀਤੀ।
ਇਨ੍ਹਾਂ ਦੋਹਾਂ ਦੇ ਮੁੱਖ ਦਫ਼ਤਰ ਅਮਰੀਕਾ (ਕੈਲੇਫੋਰਨੀਆ) 'ਚ ਸਥਿਤ ਹਨ। ਫੇਸਬੁਕ 70 ਭਾਸ਼ਾਵਾਂ 'ਚ ਅਤੇ ਟਵੀਟਰ 29 ਭਾਸ਼ਾਵਾਂ 'ਚ ਉਪਲਭਧ ਹੈ।
ਮਾਰਚ, 2014 ਤੱਕ ਦੇ ਅੰਕੜਿਆਂ ਅਨੁਸਾਰ ਫੇਸਬੁਕ ਲਈ 6818 ਅਤੇ ਟਵੀਟਰ ਲਈ 3000 ਕਰਮਚਾਰੀ ਕੰਮ ਕਰਦੇ ਹਨ।
ਫੇਸਬੁਕ 'ਤੇ ਸਨੇਹਾ ਭੇਜਣ ਦੀ ਅੱਖਰ ਲੰਬਾਈ ਅਣ-ਗਿਣਤ ਹੈ ਜਦਕਿ ਟਵੀਟਰ 'ਤੇ ਇਹ ਸੀਮਾ 140 ਅੱਖਰ ਹੈ।
ਫੇਸਬੁਕ ਦੀ ਪੋਸਟ ਨੂੰ ਸੰਪਾਦਿਤ ਕੀਤਾ ਜਾ ਸਕਦਾ ਹੈ ਪਰ ਟਵੀਟਰ 'ਚ ਅਜਿਹੀ ਸਹੂਲਤ ਨਹੀਂ ਹੈ।
ਟਵੀਟਰ 'ਤੇ ਖਾਤਾ ਖੋਲ੍ਹਣਾ
      ਟਵੀਟਰ 'ਤੇ ਖਾਤਾ ਖੋਲ੍ਹਣ ਲਈ ਤੁਹਾਡੇ ਕੋਲ ਆਪਣਾ ਬਿਜ-ਡਾਕ ਖਾਤਾ ਹੋਣਾ ਜ਼ਰੂਰੀ ਹੈ। ਬਿਜ-ਡਾਕ ਖਾਤਾ ਨਾ ਹੋਣ ਦੀ ਸੂਰਤ ਵਿਚ ਇਹ ਨਵਾਂ ਵੀ ਬਣਾਇਆਂ ਜਾ ਸਕਦਾ ਹੈ।
ਕਦਮ
ਟਵੀਟਰ ਦਾ ਸਹਿਮਤੀ ਦੇਣ ਵਾਲਾ (www.mobile.twitter.com/signup) ਪੰਨਾ ਖੋਲ੍ਹੋ।
ਆਪਣਾ ਪੂਰਾ ਨਾਂ ਅਤੇ ਬਿਜ-ਡਾਕ ਸਿਰਨਾਵਾਂ ਭਰੋ। ਪਛਾਣ-ਸ਼ਬਦ (Password) ਰੱਖੋ ਅਤੇ ਵਰਤੋਂਕਾਰ ਨਾਮ ਚੁਣੋ। 'ਸਾਈਨ-ਅਪ' 'ਤੇ ਛੂਹੋ।
ਪ੍ਰੋਫਾਈਲ ਫੋਟੋ ਵਾਲੀ ਸਤਹ ਖੁੱਲ੍ਹੇਗੀ। ਜਾਲ-ਚਿਤਰਕਸ਼ੀ-ਜੰਤਰ (Web Com) ਰਾਹੀਂ ਨਵੀਂ ਫੋਟੋ ਖਿੱਚਣ ਲਈ 'ਟੇਕ ਫੋਟ' ਜਾਂ ਮੋਬਾਈਲ ਵਿਚਲੀ ਫੋਟੋ ਚੜ੍ਹਾਉਣ ਲਈ 'ਅੱਪਲੋਡ ਫੋਟੋ' ਤੇ ਕਲਿੱਕ ਕਰੋ। 'ਕੰਟੀਨਿਊ' ਬਟਣ 'ਤੇ ਛੂਹੋ।
ਅਗਲੇ ਪੜਾਅ 'ਤੇ ਆਪਣੀ ਪਸੰਦ ਦੀ ਸ਼੍ਰੇਣੀ ਜਿਵੇਂ ਕਿ ਧਰਮ, ਰਾਜਨੀਤੀ ਆਦਿ ਦੀ ਚੋਣ ਕਰੋ।
ਹੁਣ ਅਗਲੀ ਸਤਹ 'ਤੇ ਇੱਕ ਸੁਝਾਅ ਸੂਚੀ ਖੁੱਲ੍ਹੇਗੀ। ਇੱਥੇ ਤੁਹਾਨੂੰ ਕੁੱਝ ਵਿਅਕਤੀਆਂ ਦੀ ਸੂਚੀ ਦਿਖਾਈ ਦੇਵੇਗੀ ਜੋ ਟਵੀਟਰ 'ਤੇ ਪਹਿਲਾਂ ਹੀ ਜੁੜੇ ਹੋਏ ਹਨ। ਇਨ੍ਹਾਂ ਵਿਚੋਂ ਚੋਣਵੇਂ ਮਿੱਤਰਾਂ ਦੀ ਚੋਣ ਕਰੋ। ਸਾਰੇ 'ਲਾਗੂ' ਕਰਨ ਲਈ 'ਫਾਲੋ ਐਂਡ  ਕੰਟੀਨਿਊਜ਼' ਬਟਣ 'ਤੇ ਛੂਹੋ।
ਜੇਕਰ ਤੁਸੀਂ ਯਾਹੂ, ਗੂਗਲ ਜਾਂ ਕਿਸੇ ਹੋਰ ਖਾਤੇ ਤੋਂ ਸੰਪਰਕ ਚੜ੍ਹਾਉਣਾ ਚਾਹੁੰਦੇ ਹੋ ਤਾਂ ਅਗਲੀ ਸਤਹ 'ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ। ਇਸ ਵਿਧੀ ਰਾਹੀਂ ਪ੍ਰਾਪਤ ਹੋਈ ਸੰਪਰਕ ਸੂਚੀ ਨੂੰ ਅਗਲੇ ਕਦਮ 'ਤੇ 'ਫਾਲੋ ਐਂਡ ਕੰਟੀਨਿਊ ਬਟਣ' 'ਤੇ ਛੂਹ ਕੇ ਆਪਣੇ ਖਾਤੇ ਵਿਚ ਜੋੜੋ।
ਹੁਣ ਟਵੀਟਰ 'ਤੇ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ। ਖਾਤੇ ਦੀ ਪੁਸ਼ਟੀ ਲਈ ਟਵੀਟਰ ਤੁਹਾਨੂੰ ਤੁਹਾਡੇ ਬਿਜ-ਡਾਕ ਖਾਤੇ 'ਤੇ ਪੁਸ਼ਟੀ ਸਨੇਹਾ ਭੇਜੇਗਾ। ਆਪਣੇ ਬਿਜ-ਡਾਕ ਦਾ ਆਗਤ-ਬਾਕਸਾ (Inbox) ਖੋਲ੍ਹੋ। ਟਵੀਟਰ ਦੇ ਬਿਜ-ਡਾਕ ਸਨੇਹੇ 'ਤੇ ਦਾਬ ਕਰੋ। ਉਥੇ ਦਿੱਤੀ ਕੜੀ ਜਿਵੇਂ ਕਿ 'ਕਾਨਫਰਮ ਯੂਜ਼ਰ ਈ-ਮੇਲ ਐਡਰੈੱਸ' ਜਾਂ 'ਕਾਨਫਰਮ ਨਾਓ' 'ਤੇ ਛੂਹੋ।
    ਇਸ ਨਾਲ ਤੁਸੀਂ ਟਵੀਟਰ ਦੇ ਨਵੇਂ ਪੰਨੇ 'ਤੇ ਪਹੁੰਚ ਜਾਵੋਗੇ ਤੇ ਇਸ ਸਤਹ ਨਾਲ ਤੁਹਾਡੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋ ਜਾਵੇਗੀ।
ਟਵੀਟਰ ਦੀ ਸਤਹ
        ਆਧੁਨਿਕ ਮੋਬਾਈਲ, ਟੈਬਲੈਟ ਅਤੇ ਕੰਪਿਊਟਰ ਉੱਤੇ ਟਵੀਟਰ ਦੀ ਸਤਹ ਵੱਖ-ਵੱਖ ਨਜ਼ਰ ਆਉਂਦੀ ਹੈ। ਆਧੁਨਿਕ ਮੋਬਾਈਲ 'ਚ ਸਿਖਰ 'ਤੇ ਦੋ ਪੱਟੀਆਂ ਨਜ਼ਰ ਆਉਂਦੀਆਂ ਹਨ। ਉੱਪਰਲੀ ਪੱਟੀ ਦੇ ਖੱਬੇ ਹੱਥ ਟਵੀਟਰ ਦਾ ਲੋਗੋ ਅਤੇ ਸੱਜੇ ਹੱਥ ਲੱਭਣ ਦਾ ਸੰਕੇਤ ਦਿੱਸਦਾ ਹੈ। ਹੇਠਲੀ ਪੱਟੀ ਵਿਚ ਕ੍ਰਮਵਾਰ ਹੋਮ, ਕਨੈਕਟ, ਡਿਸਕਵਰ, ਮੀ ਅਤੇ ਟਵੀਟ ਦੇ ਟੈਬ/ਬਟਣ ਦਿੱਸਦੇ ਹਨ। ਟੈਬਲੈਟ 'ਤੇ 'ਮੀ' ਟੈਬ ਖੱਬੇ ਹੱਥ ਥੋੜ੍ਹਾ ਜਿਹਾ ਵੱਖਰਾ ਦਿੱਸਦਾ ਹੈ। ਇਸੇ ਤਰਾਂ 'ਸੈਟਿੰਗਜ਼' ਵਾਲਾ ਟੈਬ ਵੀ ਵੱਖਰੀ ਜਗ੍ਹਾਂ 'ਤੇ ਦਿਸਦਾ ਹੈ।
       ਕੰਪਿਊਟਰ ਦੀ ਸਤਹ ਉੱਤੇ ਟਵੀਟਰ (www.tweeter.com) ਪੂਰੀ ਪਸਰੀ ਹੋਈ ਵਿੰਡੋ ਦੇ ਰੂਪ ਵਿਚ ਦਿਸਦਾ ਹੈ। ਸਿਖਰ ਵਾਲੀ ਪੱਟੀ 'ਤੇ ਕ੍ਰਮਵਾਰ ਹੋਮ, ਨੋਟੀਫ਼ਿਕੇਸ਼ਨ, ਮੈਸਜਸ, ਡਿਸਕਵਰ, ਖੋਜ, ਪ੍ਰੋਫਾਈਲ/ ਸੈਟਿੰਗਜ਼ ਅਤੇ ਟਵੀਟ ਵਾਲੇ ਬਟਣ ਮਿਲਦੇ ਹਨ। ਪ੍ਰੋਫਾਈਲ ਫੋਟੋ, ਨਾਂ, ਟਵੀਟਸ ਦੀ ਗਿਣਤੀ, ਤੁਹਾਡੇ ਰਾਹੀਂ ਫਾਲੋ ਕੀਤੇ ਵਿਅਕਤੀਆਂ ਦੀ ਗਿਣਤੀ ਅਤੇ ਦੂਜਿਆਂ ਵੱਲੋਂ ਤੁਹਾਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ ਸਤਹ ਦੇ ਖੱਬੇ ਪਾਸੇ ਨਜ਼ਰ ਆਉਂਦੀ ਹੈ। ਟਰੈਂਡਜ਼ ਦੀ ਸੂਚੀ ਵੀ ਇਸੇ ਪਾਸੇ ਦਿਸਦੀ ਹੈ। ਵਿਚਕਾਰ ਜਿਹੇ ਤੁਹਾਡੀ ਸਮਾਂ ਰੇਖਾ ਦਿਸਦੀ ਹੈ। ਇਸੇ ਤਰ੍ਹਾਂ ਸੱਜੇ ਪਾਸੇ ਵਾਲੇ ਫਰੇਮ 'ਚ ਫਾਲੋ ਕਰਨ ਵਾਲਿਆਂ ਦਾ ਹਿਸਾਬ-ਕਿਤਾਬ ਅਤੇ ਜਾਣਕਾਰਾਂ ਨੂੰ ਲੱਭਣ ਦੀ ਸਹੂਲਤ ਵਾਲਾ ਜਾਲ-ਟਿਕਾਣਾ ਦਿਸਦਾ ਹੈ।
ਟਵੀਟ ਕਰਨਾ
ਟਵੀਟਰ 'ਤੇ ਸੰਖੇਪ ਸਨੇਹਾ ਭੇਜਣ ਦੀ ਪ੍ਰਕਿਰਿਆ ਨੂੰ 'ਟਵੀਟ ਕਰਨਾ' ਕਿਹਾ ਜਾਂਦਾ ਹੈ। ਟਵੀਟ ਕਰਨ ਲਈ ਮੋਬਾਇਲ ਦੀ ਸਤਹ 'ਤੇ ਖੰਭ ਦੇ ਨਿਸ਼ਾਨ ਵਾਲੇ ਟਵੀਟ ਟੈਬ 'ਤੇ ਛੂਹੋ। ਸਨੇਹਾ ਟਾਈਪ ਕਰੋ। ਇੱਥੋਂ ਤੁਹਾਨੂੰ ਫੋਟੋ ਭੇਜਣ ਅਤੇ ਆਪਣੀ ਭੂਗੋਲਿਕ ਸਥਿਤੀ ਦੱਸਣ ਦਾ ਵਿਕਲਪ ਵੀ ਮਿਲੇਗਾ। ਕੰਮ ਪੂਰਾ ਕਰਕੇ ਟਵੀਟ ਬਟਣ 'ਤੇ ਛੂਹੋ। ਟਵੀਟਰ ਤੁਹਾਡੇ ਸਨੇਹੇ ਜਾਂ ਤਸਵੀਰ ਆਦਿ ਨੂੰ ਤੁਹਾਡੇ ਪੰਨੇ ਅਤੇ ਤੁਹਾਡੇ ਪ੍ਰਸ਼ੰਸਕਾਂ ਦੀ ਘਰੇਲੂ ਸਮਾਂ-ਰੇਖਾ 'ਤੇ ਪੋਸਟ ਕਰ ਦੇਵੇਗਾ।
ਤਕਨੀਕੀ ਸ਼ਬਦਾਵਲੀ  

  • ਸਾਂਚਾਕਰਣ: Formatting (ਫੌਰਮੈਟਿੰਗ)
  • ਸਾਂਚੇ: Templates (ਟੈਂਪਲੇਟਸ)
  • ਸਾਂਝ: Share (ਸ਼ੇਅਰ)
  • ਸਾਂਭਣਾ: Save (ਸੇਵ)
  • ਸਾਰਣੀ: Table (ਟੇਬਲ)
  • ਸਾਰਣੀ-ਸੰਗ੍ਰਹਿ, ਸਾਰਣੀਸ਼ਾਲਾ: Array (ਐਰੇ)
  • ਸਿੰਮ-ਪੱਤਾ: SIM Card (ਸਿੰਮ ਕਾਰਡ)
  • ਸਿਰਨਾਵਾਂ: Address (ਐਡਰੈਸ)
  • ਸਿਰਨਾਵਾਂਸ਼ਾਲਾ,  ਸਿਰਨਾਵਾਂ-ਸੂਚੀ: Address Book (ਐਡਰੈਸ ਬੁੱਕ)
  • ਸਿਰਮੌਰ (-ਰਚਨਾ) -ਨਿਰਮਾਣਕਾਰੀ: Master Piece (ਮਾਸਟਰ ਪੀਸ)
  • ਸੁਘੜ: Smart (ਸਮਾਰਟ)
  • ਸੁਰੱਖਿਅਤ: Save (ਸੇਵ)

ਲੇਖਕ: ਡਾ. ਸੀ ਪੀ ਕੰਬੋਜ
Previous
Next Post »