ਸਵਾਲਨਾਮਾ-2

15-11-2015

1. ਫੌਂਟ, ਟਾਈਪ-ਫੇਸ ਅਤੇ ਫੌਂਟ ਫੈਮਲੀ ਕੀ ਹੁੰਦੀ ਹੈ?


 ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਨੂੰ ਦਿਖਾਉਣ ਅਤੇ ਪ੍ਰਿੰਟ ਕਰਨ ਦੇ ਵਿਸ਼ੇਸ਼ ਰੂਪ ਨੂੰ ਫੌਂਟ ਕਿਹਾ ਜਾਂਦਾ ਹੈ। ਅਸਲ ਵਿਚ ਫੌਂਟ ਵੱਖ-ਵੱਖ ਅੱਖਰਾਂ, ਅੰਕਾਂ ਅਤੇ ਸੰਕੇਤਾਂ ਦਾ ਸਮੂਹ ਹੁੰਦਾ ਹੈ। ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਦੇ ਵੱਖ-ਵੱਖ ਫੌਂਟ ਹੁੰਦੇ ਹਨ। ਪੰਜਾਬੀ ਗੁਰਮੁਖੀ ਲਈ ਗੁਰਮੁਖੀ20, ਸਤਲੁਜ, ਜੁਆਏ, ਅਸੀਸ, ਅੰਮ੍ਰਿਤ-ਲਿਪੀ, ਅੱਖਰ, ਅਨਮੋਲ ਲਿਪੀ ਆਦਿ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਫੌਂਟਾਂ ਦੀਆਂ ਅੱਗੇ ਵੱਖ-ਵੱਖ ਸ਼ੈਲੀਆਂ (ਸਟਾਈਲ), ਆਕਾਰ, ਰੰਗ ਅਤੇ ਸਟਰੌਕ ਵਜ਼ਨ ਹੁੰਦੇ ਹਨ। ਫੌਂਟਾਂ ਦੇ ਵੱਖ-ਵੱਖ ਨਮੂਨਿਆਂ (ਡਿਜ਼ਾਈਨ) ਨੂੰ ਟਾਈਪ-ਫੇਸ ਕਿਹਾ ਜਾਂਦਾ ਹੈ। ਇੱਕ ਹੀ ਨਾਮ ਹੇਠ ਤਿਆਰ ਕੀਤੇ ਵੱਖ-ਵੱਖ ਟਾਈਪ-ਫੇਸਾਂ ਨੂੰ ਫੌਂਟ ਪਰਿਵਾਰ ਜਾਂ ਫੌਂਟ ਫੈਮਲੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਫੌਂਟ ਪਰਿਵਾਰ ਗੁਰਮੁਖੀ ਦੇ ਗੁਰਮੁਖੀ ਥਿੰਨ, ਗੁਰਮੁਖੀ ਵਾਈਡ, ਗੁਰਮੁਖੀ ਬੋਲਡ ਆਦਿ ਅਲੱਗ-ਅਲੱਗ ਟਾਈਪ ਫੇਸ ਹਨ। 
2. ਮਸ਼ੀਨ ਫੌਂਟ ਕੀ ਹੁੰਦੇ ਹਨ?
ਦੁਨੀਆ ਵਿਚ ਸਭ ਤੋਂ ਪਹਿਲਾਂ ਸਾਲ 1811 ਵਿਚ ਗੁਰਮੁਖੀ ਲਈ ਮਸ਼ੀਨ ਫੌਂਟਾਂ ਦੀ ਵਰਤੋਂ ਪੱਛਮੀ ਬੰਗਾਲ ਦੀ ਸ੍ਰੀ ਰਾਮਪੁਰ ਮਿਸ਼ਨਰੀ ਪ੍ਰੈੱਸ ਵਿਚ ਬਾਈਬਲ ਦੇ ਗੁਰਮੁਖੀ ਅਨੁਵਾਦ ਨੂੰ ਵਿਚ ਛਾਪਣ ਲਈ ਕੀਤੀ ਗਈ। ਇੱਥੇ ਹੀ ਸਭ ਤੋਂ ਪਹਿਲਾਂ 1812 ਵਿਚ ਪੰਜਾਬੀ ਗੁਰਮੁਖੀ ਲਈ ਸਭ ਤੋਂ ਪਹਿਲੀ ਵਿਆਕਰਨ ਦੀ ਪੁਸਤਕ ਨੂੰ ਛਾਪਿਆ ਗਿਆ। ਸਾਲ 1900 ਵਿਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਅੰਮ੍ਰਿਤਸਰ ਵਿਖੇ ਆਪਣੀ ਗੁਰਦਰਸ਼ਨ ਪ੍ਰੀਟਿੰਗ ਪ੍ਰੈੱਸ ਵਿਚ ਗੁਰਮੁਖੀ ਮਸ਼ੀਨ ਫੌਂਟਾਂ ਦੀ ਵਰਤੋਂ ਕਰ ਕੇ ਛਪਾਈ ਸ਼ੁਰੂ ਕੀਤੀ। ਇਹੀ ਕਾਰਨ ਹੈ ਕਿ ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਛਾਪੇਖ਼ਾਨੇ ਦਾ ਪਿਤਾਮਾ ਕਿਹਾ ਜਾਂਦਾ ਹੈ।  3.
ਪੰਜਾਬੀ (ਗੁਰਮੁਖੀ) ਲਈ ਕੁੱਲ ਕਿੰਨੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ?
 ਇੱਕ ਸਰਵੇਖਣ ਮੁਤਾਬਿਕ ਗੁਰਮੁਖੀ ਲਈ 500 ਦੇ ਕਰੀਬ ਆਸਕੀ (ਰਵਾਇਤੀ) ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਇਹ ਫੌਂਟ 100 ਫੌਂਟ ਪਰਿਵਾਰਾਂ ਨਾਲ ਸਬੰਧਿਤ ਹਨ। ਸਰਵੇਖਣ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਲੋਕ ਪੰਜਾਬੀ ਰਮਿੰਗਟਨ ਆਧਾਰਿਤ ਫੌਂਟਾਂ ਦਾ ਇਸਤੇਮਾਲ ਕਰਦੇ ਹਨ ਪਰ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਫੌਨੈਟਿਕ (ਧਨਾਤਮਿਕ) ਆਧਾਰਿਤ ਫੌਂਟਾਂ ਦੀ ਵਰਤੋਂ ਕਰਦੇ ਹਨ। 
4. ਕੰਪਿਊਟਰ ਵਿਚ ਫੌਂਟ ਕਿਵੇਂ ਡਾਊਨਲੋਡ ਕਰੀਏ?
  5. ਫੌਂਟਾਂ ਨੂੰ ਇੰਸਟਾਲ ਕਿਵੇਂ ਕਰੀਏ?
  6. ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿਚ ਫੌਂਟ ਕਾਪੀ ਕਰਨ ਦਾ ਕੀ ਤਰੀਕਾ ਹੈ?
 ਜੇਕਰ ਤੁਹਾਡੇ ਕੰਪਿਊਟਰ ਉੱਤੇ ਇੰਟਰਨੈੱਟ ਦੀ ਸੁਵਿਧਾ ਨਹੀਂ ਹੈ ਤਾਂ ਤੁਸੀਂ ਕਿਸੇ ਹੋਰ ਕੰਪਿਊਟਰ ਤੋਂ ਵੀ ਫੌਂਟ ਪ੍ਰਾਪਤ ਕਰ ਸਕਦੇ ਹੋ। ਸਭ ਤੋਂ ਪਹਿਲਾਂ ਉੱਪਰ ਦੱਸੇ ਤਰੀਕੇ ਅਨੁਸਾਰ ਕੰਟਰੋਲ ਪੈਨਲ ਦੇ ਫੌਂਟਸ ਨਾਂ ਦੇ ਫੋਲਡਰ ਨੂੰ ਖੋਲ੍ਹ ਲਓ। ਹੁਣ ਆਪਣੀ ਪਸੰਦ ਦੇ ਫੌਂਟਾਂ ਦਾ ਚੁਣਾਓ ਕਰ ਕੇ ਕਾਪੀ ਕਰ ਲਓ।.....ਤੇ ਫਿਰ ਆਪਣੀ ਪੈੱਨ ਡਰਾਈਵ ਜਾਂ ਕਿਸੇ ਹੋਰ ਸਟੋਰੇਜ ਮਾਧਿਅਮ ਵਿਚ ਪੇਸਟ ਕਰ ਲਓ। ਇਸ ਤਰੀਕੇ ਨਾਲ ਜੇਕਰ ਫੌਂਟ ਪੇਸਟ ਨਾ ਹੋ ਰਹੇ ਹੋਣ ਤਾਂ ਇੱਕ-ਇੱਕ ਫੌਂਟ ਨੂੰ ਸਰਕਾ (ਡਰੈਗ ਕਰ) ਕੇ ਸਬੰਧਿਤ ਫੋਲਡਰ ਵਿਚ ਸੁੱਟ ਦਿਓ। ਇਸ ਪ੍ਰਕਾਰ ਕਾਪੀ ਕੀਤੇ ਫੌਂਟਾਂ ਨੂੰ ਤੁਸੀਂ ਆਪਣੇ ਕੰਪਿਊਟਰ 'ਤੇ ਚੜ੍ਹਾ ਸਕਦੇ ਹੋ।
7. ਸਤਲੁਜ ਫੌਂਟ ਵਿਚ ਸਿੱਧਾ ਟਾਈਪ ਕਿਉਂ ਨਹੀਂ ਕੀਤਾ ਜਾ ਸਕਦਾ? ਸਤਲੁਜ ਵਿਚ ਟਾਈਪ ਕਰਨ ਦਾ ਹੋਰ ਕੀ ਤਰੀਕਾ ਹੋ ਸਕਦਾ ਹੈ?
 ਹੋਰਨਾਂ ਫੌਂਟਾਂ ਦੀ ਤਰ੍ਹਾਂ ਸਤਲੁਜ ਇੱਕ ਰਵਾਇਤੀ ਆਸਕੀ ਆਧਾਰਿਤ ਡਿਜ਼ਾਈਨਿੰਗ ਫੌਂਟ ਹੈ। ਪੁਸਤਕ ਪ੍ਰਕਾਸ਼ਨਾਂ ਅਤੇ ਅਖ਼ਬਾਰਾਂ ਵਿਚ 'ਸਤਲੁਜ' ਦੀ ਹੀ ਸਰਦਾਰੀ ਹੈ। ਸ਼ੁਰੂ ਵਿਚ ਇਹ ਬਹੁਤ ਮਹਿੰਗਾ ਵਿਕਦਾ ਸੀ ਪਰ ਹੁਣ ਇਹ ਬਿਲਕੁਲ ਮੁਫ਼ਤ ਮਿਲ ਜਾਂਦਾ ਹੈ। ਭਾਰਤ ਵਿਚ ਇਸ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਭਾਵੇਂ ਇਸ ਦਾ ਟਰਿਊ ਟਾਈਪ ਰੂਪ ਵੀ ਉਪਲਬਧ ਹੋ ਗਿਆ ਹੈ ਪਰ ਆਮ ਕੀ-ਬੋਰਡ ਉੱਤੇ ਗੁਰਮੁਖੀ ਦੇ ਸਾਧਾਰਨ ਅੱਖਰਾਂ ਨੂੰ ਟਾਈਪ ਨਹੀਂ ਕੀਤਾ ਜਾ ਸਕਦਾ। ਇਸ ਦਾ ਕਾਰਨ ਇਹ ਹੈ ਕਿ ਫੌਂਟ ਤਿਆਰ ਕਰਤਾ ਨੇ ਇਸ ਦੀ ਕੋਡ ਮੈਪਿੰਗ ਇਸ ਪ੍ਰਕਾਰ ਕੀਤੀ ਹੈ ਕਿ ਪਹਿਲੇ ਅੱਧ ਤੱਕ ਕੁੱਝ ਆਕ੍ਰਿਤੀਆਂ ਨੂੰ ਛੱਡ ਕੇ ਗੁਰਮੁਖੀ ਦਾ ਕੋਈ ਮਹੱਤਵਪੂਰਨ ਅੱਖਰ ਨਜ਼ਰ ਹੀ ਨਹੀਂ ਆਉਂਦਾ। ਗੁਰਮੁਖੀ ਦਾ 'ੳ' ਅੱਖਰ ਕੀ-ਬੋਰਡ ਦੀਆਂ ਕੀਜ਼ ਦੀ ਰੇਂਜ ਤੋਂ ਬਾਅਦ (192 ਤੋਂ) ਸ਼ੁਰੂ ਹੁੰਦਾ ਹੈ। ਇਸ ਲਈ ਸਤਲੁਜ ਵਿਚ ਅੱਖਰ ਪਾਉਣ ਲਈ ਤੁਹਾਨੂੰ ਅਲਟ ਅਤੇ ਸਬੰਧਿਤ ਅੱਖਰ ਦੇ ਆਸਕੀ ਕੋਡ ਨੂੰ ਇਕੱਠਾ ਦਬਾ ਕੇ (ਜਿਵੇਂ ਕਿ 'ੳ' ਲਈ Alt + 0192) ਕੰਮ ਚਲਾਉਣਾ ਪਵੇਗਾ। ਹਲਾਂਕਿ ਕੰਪਿਊਟਰ ਵਿਗਿਆਨੀਆਂ ਨੇ ਸਤਲੁਜ ਵਿਚ ਟਾਈਪ ਕਰਨ ਦੇ ਮਸਲੇ ਨੂੰ ਡਾਊਂਗਲ (ਹਾਰਡਵੇਅਰ ਭਾਗ) ਰਾਹੀਂ ਚੁਟਕੀ ਮਾਰ ਕੇ ਸੁਲਝਾ ਦਿੱਤਾ ਹੈ। ਇਸੇ ਪ੍ਰਕਾਰ ਡਾ. ਲਹਿਲ ਵੱਲੋਂ ਤਿਆਰ ਕੀਤੇ 'ਅੱਖਰ' ਵਰਡ ਪ੍ਰੋਸੈੱਸਰ ਅਤੇ ਦੈਨਿਕ ਭਾਸਕਰ ਅਖ਼ਬਾਰ ਦੇ ਪ੍ਰੈੱਸ ਪ੍ਰਤੀਨਿਧੀਆਂ ਵੱਲੋਂ ਵਰਤੇ ਜਾਣ ਵਾਲੇ ਵਿਸ਼ੇਸ਼ ਵਰਡ ਪ੍ਰੋਸੈੱਸਰ ਰਾਹੀਂ ਸਤਲੁਜ ਫੌਂਟ ਵਿਚ ਕਿਸੇ ਆਮ ਫੌਂਟ ਵਾਂਗ ਸਿੱਧਾ ਟਾਈਪ ਕੀਤਾ ਜਾ ਸਕਦਾ ਹੈ। 
8.
ਮੈਂ ਸਤਲੁਜ ਫੌਂਟ ਵਿਚ ਆਪਣਾ ਲੇਖ ਟਾਈਪ ਕਰਨਾ ਚਾਹੁੰਦਾ ਹਾਂ। ਮੇਰੇ ਕੋਲ ਸਤਲੁਜ ਫੌਂਟ ਵੀ ਹੈ ਪਰ ਇਸ ਨਾਲ ਟਾਈਪ ਨਹੀਂ ਹੋ ਰਿਹਾ।
 ਸਤਲੁਜ ਫੌਂਟ ਵਿਚ ਟਾਈਪਿੰਗ ਦਾ ਕੰਮ ਕਰਨ ਲਈ ਤੁਹਾਡੇ ਕੋਲ ਡਾਊਂਗਲ, ਭਾਸਕਰ ਟੂਲ ਜਾਂ ਅੱਖਰ ਵਰਡ ਪ੍ਰੋਸੈੱਸਰ ਵਿਚੋਂ ਕੋਈ ਇੱਕ ਵਿਕਲਪ ਜ਼ਰੂਰ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਤੁਸੀਂ ਸਤਲੁਜ ਵਿਚ ਪਹਿਲਾਂ ਤੋਂ ਤਿਆਰ ਕੀਤੀ ਫਾਈਲ ਨੂੰ ਪੜ੍ਹ ਤਾਂ ਸਕੋਗੇ ਪਰ ਸੋਧ ਨਹੀਂ ਸਕਦੇ।  
9. ਮੈਂ ਸਤਲੁਜ ਫੌਂਟ ਵਿਚ ਆਪਣਾ ਲੇਖ ਟਾਈਪ ਕਰਨਾ ਚਾਹੁੰਦਾ ਹਾਂ। ਮੇਰੇ ਕੋਲ ਸਤਲੁਜ ਫੌਂਟ ਵੀ ਹੈ ਪਰ ਇਸ ਨਾਲ ਟਾਈਪ ਨਹੀਂ ਹੋ ਰਿਹਾ।
 ਸਤਲੁਜ ਫੌਂਟ ਵਿਚ ਟਾਈਪਿੰਗ ਦਾ ਕੰਮ ਕਰਨ ਲਈ ਤੁਹਾਡੇ ਕੋਲ ਡਾਊਂਗਲ, ਭਾਸਕਰ ਟੂਲ ਜਾਂ ਅੱਖਰ ਵਰਡ ਪ੍ਰੋਸੈੱਸਰ ਵਿਚੋਂ ਕੋਈ ਇੱਕ ਵਿਕਲਪ ਜ਼ਰੂਰ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਤੁਸੀਂ ਸਤਲੁਜ ਵਿਚ ਪਹਿਲਾਂ ਤੋਂ ਤਿਆਰ ਕੀਤੀ ਫਾਈਲ ਨੂੰ ਪੜ੍ਹ ਤਾਂ ਸਕੋਗੇ ਪਰ ਸੋਧ ਨਹੀਂ ਸਕਦੇ।  
10. ਸਭ ਤੋਂ ਪਹਿਲਾ ਫੌਂਟ ਕਨਵਰਟਰ ਪ੍ਰੋਗਰਾਮ ਕਿਸ ਨੇ ਬਣਾਇਆ?
 ਪੰਜਾਬੀ ਦਾ ਸਭ ਤੋਂ ਪਹਿਲਾ ਫੌਂਟ ਕਨਵਰਟਰ ਸ. ਜਨਮੇਜਾ ਸਿੰਘ ਜੌਹਲ (ਲੁਧਿਆਣਾ) ਨੇ ਤਿਆਰ ਕੀਤਾ। ਇਨ੍ਹਾਂ ਦਾ ਫੌਂਟ ਕਨਵਰਟਰ 40 ਤੋਂ ਵੱਧ ਰਵਾਇਤੀ (ਆਸਕੀ) ਫੌਂਟਾਂ ਨੂੰ ਆਪਸ ਵਿਚ ਬਦਲਣ ਦੀ ਯੋਗਤਾ ਰੱਖਦਾ ਹੈ। ਇਸ ਪ੍ਰੋਗਰਾਮ ਨੂੰ ਉਨ੍ਹਾਂ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਕੇ ਵਰਤਿਆ ਜਾ ਸਕਦਾ ਹੈ। 
11. 'ਗੁੱਕਾ' ਪ੍ਰੋਗਰਾਮ ਕੀ ਹੈ?
 ਇਹ ਪ੍ਰੋਗਰਾਮ ਸ੍ਰੀ. ਸੁਖਜਿੰਦਰ ਸਿੱਧੂ ਤੇ ਉਸ ਦੇ ਸਾਥੀਆਂ ਨੇ "ਪੰਜਾਬੀ ਕੰਪਿਊਟਿੰਗ ਰਿਸੋਰਸ ਸੈਂਟਰ" ਪ੍ਰੋਜੈਕਟ ਤਹਿਤ ਤਿਆਰ ਕੀਤਾ ਸੀ। ਇਹ ਯੂਨੀਕੋਡ ਸਮੇਤ ਅੱਧੀ ਦਰਜਨ ਦੇ ਕਰੀਬ ਫੌਂਟਾਂ ਨੂੰ ਆਪਸ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ। 
12. ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ ਕੀ ਹੈ?
 ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਖੋਜਕਾਰਾਂ ਡਾ. ਰਾਜਵਿੰਦਰ ਸਿੰਘ ਅਤੇ ਸ. ਚਰਨਜੀਵ ਸਿੰਘ ਨੇ ਇਕ ਸ਼ਕਤੀਸ਼ਾਲੀ ਫੌਂਟ ਕਨਵਰਟਰ ਪ੍ਰੋਗਰਾਮ (ਗੁਰਮੁਖੀ ਯੂਨੀਕੋਡ ਫੌਂਟ ਕਨਵਰਟਰ) ਤਿਆਰ ਕੀਤਾ। ਇਹ ਕਰੀਬ 250 ਗੁਰਮੁਖੀ ਫੌਂਟਾਂ ਨੂੰ ਆਪਸ ਵਿਚ ਅਤੇ ਯੂਨੀਕੋਡ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ।
13. ਕਿਸ਼ਨ ਮਾਈਕਰੋਮੀਡੀਆ ਕੀ ਹੈ?
 ਬਾਬਾ ਬਲਜਿੰਦਰ ਸਿੰਘ (ਰਾੜਾ ਸਾਹਿਬ) ਨੇ "ਕਿਸ਼ਨ ਮਾਈਕ੍ਰੋਮੀਡੀਆ" ਨਾਂ ਦਾ ਇੱਕ ਨਵਾਂ ਫੌਂਟ ਕਨਵਰਟਰ ਤਿਆਰ ਕਰਵਾਇਆ ਹੈ। ਪ੍ਰੋਗਰਾਮ ਜਾਰੀ ਹੋ ਗਿਆ ਹੈ ਤੇ ਸੀ.ਡੀਜ਼. ਰਾਹੀਂ ਇਸ ਦੀਆਂ ਕਾਪੀਆਂ ਵੀ ਵੰਡੀਆਂ ਜਾ ਚੁੱਕੀਆਂ ਹਨ ਪਰ ਹਾਲਾਂ ਸਾਈਟ 'ਤੇ ਨਹੀਂ ਪਾਇਆ ਗਿਆ। ਇਸ ਨੂੰ ਬਾਬਾ ਜੀ ਦੀ ਵੈੱਬਸਾਈਟ 'ਤੇ ਦਿੱਤੇ ਸੰਪਰਕ ਪਤੇ ਰਾਹੀਂ ਮੰਗਵਾ ਕੇ ਵਰਤਿਆ ਜਾ ਸਕਦਾ ਹੈ। 
14. ਕੀ ਰੋਮਨ ਅੱਖਰਾਂ ਰਾਹੀਂ ਗੁਰਮੁਖੀ (ਪੰਜਾਬੀ) ਜਾਂ ਦੇਵਨਾਗਰੀ (ਹਿੰਦੀ) ਵਿਚ ਲਿਖਿਆ ਜਾ ਸਕਦਾ ਹੈ? ਜੇਕਰ ਹਾਂ ਤਾਂ ਕਿਵੇਂ?
  15.
ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਕੀ ਹੈ?
  16.
ਕੀ ਪੰਜਾਬੀ ਟਾਈਪਿੰਗ ਟਿਊਟਰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
 ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਅਤੇ ਸੀ.ਜੇ. ਸਾਫਟੈੱਕ ਪਟਿਆਲਾ ਦੇ ਸ੍ਰੀ ਚਰਨਜੀਤ ਸਿੰਘ ਨੇ ਇੱਕ ਟਾਈਪਿੰਗ ਟਿਊਟਰ ਵਿਕਸਿਤ ਕੀਤਾ ਹੈ। ਇਸ ਕੰਪਿਊਟਰ ਪ੍ਰੋਗਰਾਮ ਨੂੰ ਵੈੱਬਸਾਈਟ punjabiuniversity.ac.in/punjabidepartment ਤੋਂ ਮੁਫ਼ਤ 'ਚ ਡਾਊਨਲੋਡ ਕਰ ਕੇ ਵਰਤਿਆ ਜਾ ਸਕਦਾ ਹੈ। ਕੰਪਿਊਟਰ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਲਈ ਵਰਤੋਂਕਾਰ ਦੁਆਰਾ ਦੋ ਤਰ੍ਹਾਂ ਦੇ ਕੀ-ਬੋਰਡ, ਰਮਿੰਗਟਨ ਅਤੇ ਫੋਨੈਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਮਿੰਗਟਨ ਕੀ-ਬੋਰਡ ਤੇ ਉਹ ਵਰਤੋਂਕਾਰ ਕੰਮ ਕਰਦੇ ਹਨ ਜੋ ਰਵਾਇਤੀ ਟਾਈਪ ਮਸ਼ੀਨ ਦੇ ਕੀ-ਬੋਰਡ ਤੋਂ ਜਾਣੂ ਹਨ। ਟਾਈਪ ਮਸ਼ੀਨ ਦੇ ਕੀ-ਬੋਰਡ ਉੱਤੇ ਅੱਖਰਾਂ ਦੀਆਂ ਕੀਜ਼ ਕ੍ਰਮਵਾਰ ਨਹੀਂ ਹੁੰਦੀਆਂ ਸਗੋਂ ਅੱਖਰਾਂ ਨੂੰ ਵਰਤੋਂ ਦੇ ਆਧਾਰ 'ਤੇ ਸੈੱਟ ਕੀਤਾ ਜਾਂਦਾ ਹੈ। ਰਮਿੰਗਟਨ ਨੂੰ ਸ਼ੁਰੂ ਵਿਚ ਸਿੱਖਣਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਵਰਤੋਂਕਾਰ ਇਸ ਤੇ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਤੇਜ਼ ਗਤੀ ਨਾਲ ਕੰਮ ਕਰਨ ਦਾ ਆਦੀ ਹੋ ਜਾਂਦਾ ਹੈ। ਦੂਜੇ ਪਾਸੇ ਫੋਨੈਟਿਕ ਕੀ-ਬੋਰਡ ਦੀ ਸ਼ੁਰੂਆਤੀ ਵਰਤੋਂ ਤਾਂ ਸੌਖੀ ਹੁੰਦੀ ਹੈ ਪਰ ਇਸ ਤੇ ਕੰਮ ਕਰਨ ਦੀ ਗਤੀ ਰਮਿੰਗਟਨ ਤੋਂ ਘੱਟ ਰਹਿ ਸਕਦੀ ਹੈ।
ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀ. ਟੀ. ਜੀ.) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ. ਰਾਜਵਿੰਦਰ ਸਿੰਘ ਅਤੇ ਸੀ. ਜੇ. ਸਾਫਟੈੱਕ, ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਨੇ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਡਾਊਨਲੋਡ ਕਰਨ ਲਈ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲੇ ਪੰਨੇ (punjabiuniversity.ac.in/punjabidepartment ) 'ਤੇ ਜਾਇਆ ਜਾ ਸਕਦਾ ਹੈ। ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ ਦਰ ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਵੀ ਰੱਖਦਾ ਹੈ। ਇਸ ਪ੍ਰੋਗਰਾਮ ਦੀ ਸੀ.ਡੀ. ਪ੍ਰਾਪਤ ਕਰਨ ਜਾਂ ਮਦਦ ਲਈ rajwinderpup@gmail.com ਜਾਂ info@soite.org ਤੇ ਮੇਲ ਕੀਤਾ ਜਾ ਸਕਦਾ ਹੈ। 
17.
ਕੰਪਿਊਟਰ ਵਿਚ ਕਿਹੜੀ ਕੋਡਿੰਗ ਪ੍ਰਣਾਲੀ ਵਰਤੀ ਜਾਂਦੀ ਹੈ?
 ਕੰਪਿਊਟਰ ਵਿਚ ਕਿਸੇ ਭਾਸ਼ਾ ਦੇ ਅੱਖਰਾਂ, ਅੰਕਾਂ ਅਤੇ ਹੋਰ ਚਿੰਨ੍ਹਾਂ ਨੂੰ ਦਰਸਾਉਣ ਲਈ ਇੱਕ ਕੋਡਿੰਗ ਪ੍ਰਣਾਲੀ ਅਰਥਾਤ ਗੁਪਤ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਸਮੇਂ ਕੰਪਿਊਟਰ ਵਿਚ ਜਿਹੜੀ ਕੋਡਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਨਾਮ ਆਸਕੀ (ASCII) ਪ੍ਰਣਾਲੀ ਹੈ ਜੋ ਕਿ ਮੂਲ ਰੂਪ ਵਿਚ ਅੰਗਰੇਜ਼ੀ ਨਾਲ ਸਬੰਧਿਤ ਹੈ। ਜਦੋਂ ਅਸੀਂ ਕੰਪਿਊਟਰ ਦੇ ਕੀ-ਬੋਰਡ ਦੀ ਕੋਈ ਕੀਅ ਦਬਾਉਂਦੇ ਹਾਂ ਤਾਂ ਉਸ ਦਾ ਆਸਕੀ ਕੋਡ ਬਿਜਲਈ ਸੰਕੇਤ ਦੇ ਰੂਪ ਵਿਚ ਕੰਪਿਊਟਰ (ਸੀ.ਪੀ.ਯੂ.) ਨੂੰ ਚਲਾ ਜਾਂਦਾ ਹੈ। ਅਗਾਂਹ ਕੰਪਿਊਟਰ ਉਸ ਕੋਡ ਨਾਲ ਸਬੰਧਿਤ ਅੱਖਰ ਨੂੰ ਮੌਨੀਟਰ ਉੱਤੇ ਦਰਸਾਉਣ ਜਾਂ ਪ੍ਰਿੰਟਰ ਰਾਹੀਂ ਛਾਪਣ ਦੀ ਹਿਦਾਇਤ ਕਰਦਾ ਹੈ। ਪੰਜਾਬੀ ਦੇ ਰਵਾਇਤੀ ਫੌਂਟ ਇਸੇ ਪ੍ਰਣਾਲੀ 'ਤੇ ਆਧਾਰਿਤ ਹਨ। ਵੱਖ-ਵੱਖ ਫੌਂਟ ਤਿਆਰ ਕਰਤਾਵਾਂ ਨੇ ਆਪਣੇ-ਆਪਣੇ ਫੌਂਟਾਂ ਵਿਚ ਅੱਖਰਾਂ ਨੂੰ ਕੋਡ ਨਾਲ ਮਿਲਾਣ ਕਰਨ ਸਮੇਂ ਭਿੰਨਤਾਂਵਾਂ ਪਾ ਦਿੱਤੀਆਂ ਹਨ। ਇਸ ਨਾਲ ਕੀ ਹੋਇਆ ਹੈ ਕਿ ਅੰਗਰੇਜ਼ੀ ਦੇ ਕਿਸੇ ਵਿਸ਼ੇਸ਼ ਅੱਖਰ ਦੇ ਅਨੁਰੂਪ ਪੰਜਾਬੀ ਦੇ ਵੱਖ-ਵੱਖ ਫੌਂਟਾਂ ਵਿਚ ਵੱਖ-ਵੱਖ ਅੱਖਰ ਪੈਂਦੇ ਹਨ। ਸਿੱਟੇ ਵਜੋਂ ਇੱਕ ਫੌਂਟ ਵਿਚ ਤਿਆਰ ਕੀਤੇ ਮੈਟਰ ਉੱਤੇ ਕੋਈ ਦੂਸਰਾ ਫੌਂਟ ਲਾਗੂ ਕੀਤਾ ਜਾਵੇ ਤਾਂ ਮੈਟਰ ਅਰਥਹੀਣ ਅਤੇ ਨਾ-ਪੜ੍ਹਨਯੋਗ ਬਣ ਜਾਂਦਾ ਹੈ। 
18. ਯੂਨੀਕੋਡ ਕੀ ਹੈ ? ਜਾਣਕਾਰੀ ਦਿਓ।
  19. ਵੱਖ-ਵੱਖ ਫੌਂਟਾਂ ਕਾਰਨ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
 ਗੁਰਮੁਖੀ ਦੇ ਵੱਖ-ਵੱਖ ਰਵਾਇਤੀ ਫੌਂਟਾਂ ਦੀ ਵਰਤੋਂ ਨਾਲ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਫੌਂਟ ਵਿਚ ਟਾਈਪ ਕੀਤੇ ਮੈਟਰ ਨੂੰ ਅਸੀਂ ਦੂਸਰੇ ਕੰਪਿਊਟਰ ਉੱਤੇ ਖੋਲ੍ਹ ਕੇ ਨਹੀਂ ਪੜ੍ਹ ਸਕਦੇ। ਅਜਿਹਾ ਕਰਨ ਲਈ ਕੰਪਿਊਟਰ ਵਿਚ ਉਸ ਵਿਸ਼ੇਸ਼ ਫੌਂਟ ਦਾ ਹੋਣਾ ਜ਼ਰੂਰੀ ਹੈ ਜਿਸ ਵਿਚ ਉਹ ਮੈਟਰ ਟਾਈਪ ਕੀਤਾ ਗਿਆ ਹੈ। ਉਸ ਵਿਸ਼ੇਸ਼ ਫੌਂਟ ਦੀ ਗ਼ੈਰਹਾਜ਼ਰੀ ਕਾਰਨ ਮੈਟਰ ਨਾ-ਪੜ੍ਹਨਯੋਗ ਤੇ ਅਰਥਹੀਣ ਹੋ ਜਾਂਦਾ ਹੈ। ਰਵਾਇਤੀ ਫੌਂਟ ਵਿਚ ਟਾਈਪ ਕੀਤੇ ਮੈਟਰ ਨੂੰ ਈ-ਮੇਲ ਸੰਦੇਸ਼ ਦੇ ਰੂਪ ਵਿਚ ਭੇਜਣ ਸਮੇਂ ਮੁਸ਼ਕਿਲ ਪੇਸ਼ ਆਉਂਦੀ ਹੈ। ਇਸੇ ਪ੍ਰਕਾਰ ਵੈੱਬਸਾਈਟਾਂ, ਬਲੌਗਜ਼ ਆਦਿ 'ਤੇ ਮੈਟਰ ਚੜ੍ਹਾਉਣ ਸਮੇਂ ਵੀ ਸਮੱਸਿਆ ਆਉਂਦੀ ਹੈ। ਅਸੀਂ ਆਪਣੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਸਿੱਧੇ ਤੌਰ 'ਤੇ ਗੁਰਮੁਖੀ ਦੀ ਵਰਤੋਂ ਨਹੀਂ ਕਰ ਸਕਦੇ। ਇਸੇ ਪ੍ਰਕਾਰ ਕਿਸੇ ਸੂਚੀ ਨੂੰ ਕ੍ਰਮ ਵਿਚ ਲਗਾਉਣ, ਕਿਸੇ ਸ਼ਬਦ/ਵਾਕ-ਅੰਸ਼ ਦੀ ਸਰਚ ਕਰਨਾ, ਫਾਈਲਾਂ 'ਤੇ ਫੋਲਡਰਾਂ ਦੇ ਨਾਮ ਗੁਰਮੁਖੀ 'ਚ ਰੱਖਣ ਆਦਿ ਦਾ ਕੰਮ ਔਖਾ ਜਾਪਦਾ ਹੈ । 
20. ਯੂਨੀਕੋਡ ਹੀ ਸਮੱਸਿਆ ਦਾ ਹੱਲ ਕਿਉਂ ਹੈ?
 ਪੰਜਾਬੀ ਫੌਂਟਾਂ ਨਾਲ ਸਬੰਧਿਤ ਸਾਰੀਆਂ ਸਮੱਸਿਆਵਾਂ ਦੇ ਮਸਲੇ ਨੂੰ ਯੂਨੀਕੋਡ ਪ੍ਰਣਾਲੀ ਨੇ ਚੁਟਕੀ ਮਾਰ ਦੇ ਹੱਲ ਕਰ ਦਿੱਤਾ ਹੈ। ਹੁਣ ਕੋਈ ਵਿਅਕਤੀ ਰਵਾਇਤੀ ਆਸਕੀ ਆਧਾਰਿਤ ਫੌਂਟਾਂ ਦੀ ਬਜਾਏ ਯੂਨੀਕੋਡ ਦਾ ਸਹਾਰਾ ਲੈ ਕੇ ਫ਼ਾਇਦਾ ਲੈ ਸਕਦਾ ਹੈ। ਗੁਰਮੁਖੀ ਵਿਚ ਕਿਸੇ ਫਾਈਲ ਦੀ ਤਿਆਰੀ, ਫਾਈਲਾਂ-ਫੋਲਡਰਾਂ ਦੇ ਨਾਮ, ਈ-ਮੇਲ ਸੰਦੇਸ਼ਾਂ, ਵੈੱਬਸਾਈਟਾਂ, ਬਲੌਗਜ਼ ਅਤੇ ਚੈਟਿੰਗ ਵਿਚ ਗੁਰਮੁਖੀ ਦੀ ਵਰਤੋਂ, ਸਕਰੋਲ ਸੰਦੇਸ਼ਾਂ, ਸੂਚੀ ਨੂੰ ਕ੍ਰਮਬੱਧ ਕਰਨਾ, ਖੋਜ ਕਰਨਾ ਆਦਿ ਕਾਰਜ ਕੇਵਲ ਯੂਨੀਕੋਡ ਦੀ ਵਰਤੋਂ ਨਾਲ ਹੀ ਸੰਭਵ ਹੋ ਸਕਦੇ ਹਨ। 
21. ਯੂਨੀਕੋਡ ਵਿਚ ਟਾਈਪ ਕਰਨ ਲਈ ਆਪਣੀ ਸੁਵਿਧਾ ਵਾਲਾ ਕੀ-ਬੋਰਡ ਕਿਵੇਂ ਵਰਤਿਆ ਜਾ ਸਕਦਾ ਹੈ?
 ਜੇਕਰ ਤੁਸੀਂ ਯੂਨੀਕੋਡ ਨੂੰ ਟਾਈਪਿੰਗ ਕਰਨ ਦੀ ਸਮੱਸਿਆ ਕਾਰਨ ਨਹੀਂ ਅਪਣਾ ਰਹੇ ਤਾਂ ਇਹ ਤੁਹਾਨੂੰ ਵਹਿਮ ਹੈ। ਤੁਸੀਂ ਡਾ. ਕੁਲਬੀਰ ਸਿੰਘ ਥਿੰਦ (gurbanifiles.org) ਦੀ ਵੈੱਬਸਾਈਟ ਤੋਂ ਉਸ ਫੌਂਟ ਦਾ ਕੀ-ਬੋਰਡ ਲੇਆਉਟ ਡਾਊਨਲੋਡ ਕਰ ਕੇ ਵਰਤੇ ਸਕਦੇ ਹੋ ਜਿਸ ਵਿਚ ਤੁਸੀਂ ਪਹਿਲਾਂ ਟਾਈਪ ਕਰਦੇ ਹੋ। ਡਾ. ਥਿੰਦ ਦੀ ਵੈੱਬਸਾਈਟ ਤੋਂ ਅਨਮੋਲ ਲਿਪੀ, ਡੀ.ਆਰ ਚਾਤ੍ਰਿਕ ਅਤੇ ਅਸੀਸ ਲਈ ਯੂਨੀਕੋਡ ਕੀ-ਬੋਰਡ ਡਰਾਈਵਰ ਵਰਤੇ ਜਾ ਸਕਦੇ ਹਨ। ਹੋਰ ਯੂਨੀਕੋਡ ਕੀ-ਬੋਰਡ :
 • ਮਾਈਕਰੋਸਾਫ਼ਟ ਦਾ ਕੀ-ਬੋਰਡ
 • ਡਾ. ਰਾਜਵਿੰਦਰ ਸਿੰਘ ਦਾ ਕੀ-ਬੋਰਡ
22. ਕਿਸੇ (ਜਿਵੇਂ ਕਿ ਗੁਰਮੁਖੀ-20) ਫੌਂਟ ਵਿਚ ਤਿਆਰ ਕੀਤੀ ਨਾਵਾਂ ਦੀ ਸੂਚੀ ਨੂੰ ਕ੍ਰਮ ਵਿਚ ਲਗਾਉਣ (ਸਾਰਟ ਕਰਨ) ਲਈ ਕੀ ਕਰਨਾ ਪਵੇਗਾ?
  23.
ਕੀ ਕੰਪਿਊਟਰ ਵਿਚ ਯੂਨੀਕੋਡ ਫੌਂਟ ਪਹਿਲਾਂ ਹੀ ਹੁੰਦਾ ਹੈ?
  24. ਕੀ ਤੁਹਾਡਾ ਕੰਪਿਊਟਰ ਯੂਨੀਕੋਡ ਦੇ ਅਨੁਕੂਲ ਹੈ?
 ਇਹ ਪਤਾ ਲਗਾਉਣ ਲਈ ਕਿ ਕੰਪਿਊਟਰ ਯੂਨੀਕੋਡ ਦੇ ਅਨੁਕੂਲ ਹੈ, ਅਸਾਂ ਨੇ ਸਿਰਫ਼ ਵਿੰਡੋਜ਼ ਦਾ ਪਤਾ ਲਗਾਉਣਾ ਹੈ ਕਿ ਸਾਡੇ ਕੰਪਿਊਟਰ ਵਿਚ ਕਿਹੜੀ ਵਿੰਡੋ ਹੈ। ਜੇਕਰ ਸਾਡੇ ਕੰਪਿਊਟਰ ਵਿਚ ਵਿੰਡੋਜ਼ ਦਾ ਵਿੰਡੋਜ਼ ਵਿਸਟਾ ਤੋਂ ਪੁਰਾਣਾ ਸੰਸਕਰਨ ਜਿਵੇਂ ਕਿ ਵਿੰਡੋਜ਼-2000 ਜਾਂ ਵਿੰਡੋਜ਼ ਐਕਸ.ਪੀ. ਆਦਿ ਹੈ ਤਾਂ ਸਾਨੂੰ ਆਪਣੇ ਕੰਪਿਊਟਰ ਨੂੰ ਯੂਨੀਕੋਡ ਲਈ ਤਿਆਰ ਕਰਨਾ ਪਵੇਗਾ। ਧਿਆਨ ਰਹੇ ਇਹ ਕੰਮ ਸਿਰਫ਼ ਇੱਕ ਵਾਰ ਹੀ ਕਰਨਾ ਪਵੇਗਾ। ਹਾਂ, ਜੇਕਰ ਸਾਡੇ ਕੰਪਿਊਟਰ ਵਿਚ ਵਿੰਡੋਜ਼ ਵਿਸਟਾ ਜਾਂ ਵਿੰਡੋਜ਼ 07 ਹੈ ਤਾਂ ਸਾਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਇਨ੍ਹਾਂ ਵਿਚ ਯੂਨੀਕੋਡ ਦੀ ਵਿਵਸਥਾ ਪਹਿਲਾਂ ਤੋਂ ਹੀ ਉਪਲਬਧ ਹੁੰਦੀ ਹੈ। 
25. ਆਪਣੇ ਕੰਪਿਊਟਰ ਨੂੰ ਯੂਨੀਕੋਡ ਲਈ ਕਿਵੇਂ ਤਿਆਰ ਕਰੀਏ?
 ਜੇਕਰ ਸਾਡੇ ਕੰਪਿਊਟਰ ਵਿਚ ਵਿੰਡੋਜ਼ ਐਕਸਪੀ ਜਾਂ ਇਸ ਤੋਂ ਪੁਰਾਣਾ ਸੰਸਕਰਨ ਹੈ ਤਾਂ ਸਾਨੂੰ ਆਪਣਾ ਕੰਪਿਊਟਰ ਯੂਨੀਕੋਡ ਲਈ ਤਿਆਰ ਕਰਨਾ ਪਵੇਗਾ। ਇਸ ਮੰਤਵ ਲਈ ਹੇਠਾਂ ਦਿੱਤਾ ਤਰੀਕਾ ਵਰਤੋ :
 1. ਸਭ ਤੋਂ ਪਹਿਲਾਂ 'ਸਟਾਰਟ' ਬਟਨ ਉੱਤੇ ਕਲਿੱਕ ਕਰੋ।
 2. ਹੁਣ 'ਕੰਟਰੋਲ ਪੈਨਲ' ਨੂੰ ਤੇ ਫਿਰ 'ਰਿਜਨਲ ਐਂਡ ਲੈਂਗੂਏਜ ਆਪਸ਼ਨਜ਼' ਨੂੰ ਚੁਣੋ।
 3. ਇਸ ਤੋਂ ਬਾਅਦ ਉੱਪਰਲੇ ਵਿਚਕਾਰਲੇ 'ਲੈਂਗੂਏਜ' ਟੈਬ (ਬਟਨ) ਦੀ ਚੋਣ ਕਰੋ।
 4. ਹੁਣ 'ਇੰਸਟਾਲ ਫਾਈਲਜ਼ ਫ਼ਾਰ ਕੰਪਲੈਕਸ' ਅਤੇ 'ਇੰਸਟਾਲ ਫਾਈਲਜ਼ ਫ਼ਾਰ ਈਸਟ' ਨੂੰ ਵਾਰੀ-ਵਾਰੀ ਚੁਣੋ। ਇਹ ਕੰਮ ਕਰਨ ਉਪਰੰਤ ਕੰਪਿਊਟਰ ਤੁਹਾਡੇ ਤੋਂ ਵਿੰਡੋਜ਼ ਐਕਸਪੀ ਦੀ ਸੀ. ਡੀ. ਮੰਗ ਸਕਦਾ ਹੈ। ਜੇਕਰ ਅਜਿਹੀ ਸਥਿਤੀ ਆਉਂਦੀ ਹੈ ਤਾਂ ਸੀ. ਡੀ. ਪਾ ਦਿਓ। ਕੰਪਿਊਟਰ ਲੋੜੀਂਦੀਆਂ ਫਾਈਲਾਂ ਲੈ ਲਵੇਗਾ। ਹੁਣ ਤੁਸੀਂ ਕ੍ਰਮਵਾਰ 'ਅਪਲਾਈ' ਅਤੇ 'ਓ.ਕੇ.' ਬਟਨਾਂ ਉੱਤੇ ਕਲਿੱਕ ਕਰ ਕੇ ਬਾਹਰ ਆ ਸਕਦੇ ਹੋ।
ਇਸ ਤਰੀਕੇ ਰਾਹੀਂ ਕੰਪਿਊਟਰ ਯੂਨੀਕੋਡ ਪ੍ਰਣਾਲੀ ਵਿਚ ਕੰਮ ਕਰਨ ਦੇ ਪੂਰੀ ਤਰ੍ਹਾਂ ਅਨੁਕੂਲ ਹੋ ਜਾਵੇਗਾ। 
26. ਯੂਨੀਕੋਡ ਵਿਚ ਕੰਮ ਕਰਨ ਦੇ ਕੀ ਫਾਈਦੇ ਹਨ?
 ਯੂਨੀਕੋਡ ਵਿਚ ਕੰਮ ਕਰਨ ਦੇ ਬਹੁਤ ਫਾਈਦੇ ਹਨ। ਜਿਵੇਂ ਕਿ :
 1. ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇੱਕ ਕੰਪਿਊਟਰ ਵਿੱਚ ਟਾਈਪ ਕੀਤਾ ਮੈਟਰ ਸੰਸਾਰ ਦੇ ਕਿਸੇ ਵੀ ਯੂਨੀਕੋਡ ਅਧਾਰਿਤ ਕੰਪਿਊਟਰ ਉੱਤੇ ਖੋਲ੍ਹਿਆ ਜਾ ਸਕਦਾ ਹੈ ਤੇ ਉਸ ਵਿੱਚ ਵੱਖਰੇ ਤੌਰ 'ਤੇ ਕਿਸੇ ਫੌਂਟ ਦੀ ਜ਼ਰੂਰਤ ਨਹੀਂ ਪੈਂਦੀ।
 2. ਯੂਨੀਕੋਡ ਫੌਂਟ ਵਿਚ ਬਹੁ-ਭਾਸ਼ਾਈ ਦਸਤਾਵੇਜ ਤਿਆਰ ਕੀਤਾ ਜਾ ਸਕਦਾ ਹੈ।
 3. ਪੰਜਾਬੀ ਸੂਚੀ ਜਾਂ ਟੇਬਲ ਨੂੰ ਕ੍ਰਮ ਵਿਚ ਲਗਾਇਆ (Sorting) ਜਾ ਸਕਦਾ ਹੈ।
 4. ਫਾਈਲਾਂ/ਫੋਲਡਰਾਂ ਦੇ ਨਾਂ ਪੰਜਾਬੀ ਵਿਚ ਰੱਖੇ ਜਾ ਸਕਦੇ ਹਨ।
 5. ਈ-ਮੇਲ ਸੰਦੇਸ਼ ਪੰਜਾਬੀ ਵਿਚ ਭੇਜਿਆ ਜਾ ਸਕਦਾ ਹੈ।
 6. ਪੰਜਾਬੀ ਭਾਸ਼ਾ ਵਿਚ ਚੈਟਿੰਗ ਕੀਤੀ ਜਾ ਸਕਦੀ ਹੈ।
 7. ਪੰਜਾਬੀ ਵਿਚ ਬਲੌਗ ਜਾਂ ਵੈਬਸਾਈਟ ਆਦਿ ਬਣਾਈ ਜਾ ਸਕਦੀ ਹੈ ਜਿਸ ਨੂੰ ਪੜ੍ਹਨ ਲਈ ਕਿਸੇ ਵੱਖਰੇ ਫੌਂਟ ਦੀ ਲੋੜ ਨਹੀਂ ਪੈਂਦੀ।
 8. ਯੂਨੀਕੋਡ ਵਿਚ ਤਿਆਰ ਕੀਤੇ ਵੈੱਬ ਪੰਨਿਆਂ ਨੂੰ ਸਰਚ ਇੰਜਨ ਰਾਹੀਂ ਲੱਭਿਆ (ਸਰਚ ਕੀਤਾ) ਜਾ ਸਕਦਾ ਹੈ।
27. ਮਲਟੀਮੀਡੀਆ ਆਧਾਰਿਤ ਪੰਜਾਬੀ-ਅੰਗਰੇਜ਼ੀ ਸ਼ਬਦ-ਕੋਸ਼ (ਡਿਕਸ਼ਨਰੀ) ਕੀ ਹੈ? ਇਹ ਕਿਹੜੀ ਵੈੱਬਸਾਈਟ ਤੋਂ ਵਰਤਿਆ ਜਾ ਸਕਦਾ ਹੈ?
 ਮਲਟੀਮੀਡੀਆ ਆਧਾਰਿਤ ਸ਼ਬਦ-ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਦੀ ਵੈੱਬਸਾਈਟ ( http://www.learnpunjabi.org/intro1.asp ) ‘ਤੇ ਉਪਲਬਧ ਹੈ। ਇਹ ਵੈੱਬ ਸਾਫ਼ਟਵੇਅਰ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿਚ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਸ਼ਬਦ ਸ਼੍ਰੇਣੀ ਅਤੇ ਉਨ੍ਹਾਂ ਦੇ ਅੰਗਰੇਜ਼ੀ ‘ਚ ਅਰਥ ਦਰਸਾਉਂਦਾ ਹੈ। ਇਸ ਸਾਫ਼ਟਵੇਅਰ ਵਿਚ ਵੱਡੀ ਖ਼ੂਬੀ ਇਹ ਹੈ ਕਿ ਇਹ ਗੁਰਮੁਖੀ ਸ਼ਬਦਾਂ ਦਾ ਉਚਾਰਨ ਵੀ ਪ੍ਰਦਾਨ ਕਰਵਾਉਂਦਾ ਹੈ। ਇਸ ਵੈੱਬਸਾਈਟ ਵਿਚ 35144 ਪੰਜਾਬੀ ਸ਼ਬਦ ਦਰਜ ਹਨ। ਇਸ ਵਿਚ ਦਰਜ ਰਿਕਾਰਡਾਂ ਵਿਚੋਂ ਕਿਸੇ ਵੀ ਸ਼ਬਦ ਨੂੰ ਖੋਜਣ ਦੀ ਸੁਵਿਧਾ ਵੀ ਉਪਲਬਧ ਹੈ। 
28. ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਕੀ ਭੂਮਿਕਾ ਨਿਭਾ ਸਕਦਾ ਹੈ ?
 ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਅਤੇ ਇੰਟਰਨੈੱਟ ਮਹੱਤਵਪੂਰਨ ਔਜ਼ਾਰ ਦੇ ਰੂਪ ਵਿਚ ਸਾਹਮਣੇ ਆਏ ਹਨ। ਗੁਰਬਾਣੀ ਅਤੇ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਵੈੱਬਸਾਈਟਾਂ ਅਤੇ ਸਾਫ਼ਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ।
29.
ਆਨ-ਲਾਈਨ ਪੰਜਾਬੀ ਅਧਿਆਪਨ ਲਈ ਕੰਪਿਊਟਰ ਕਿਸ ਤਰ੍ਹਾਂ ਸਹਾਈ ਹੋ ਸਕਦਾ ਹੈ?
 ਪੰਜਾਬੀ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਹਨ। ਬਾਹਰਲੇ ਸੂਬਿਆਂ ਅਤੇ ਖ਼ਾਸ ਤੌਰ 'ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਤੋਂ ਮੁੱਖ ਮੋੜ ਰਹੇ ਹਨ। ਉੱਥੇ ਮਾਤ-ਭਾਸ਼ਾ ਸਿਖਾਉਣ ਵਾਲਾ ਵੀ ਕੋਈ ਨਹੀਂ ਹੈ। ਇਸ ਪੜਾਅ 'ਤੇ ਅੰਗਰੇਜ਼ੀ ਮਾਧਿਅਮ ਰਾਹੀਂ ਮਾਤ ਭਾਸ਼ਾ ਸਿਖਾਉਣ ਵਾਲੀਆਂ ਵੈੱਬਸਾਈਟਾਂ ਦੀ ਉਚੇਚੀ ਲੋੜ ਹੈ। 
30. ਆਨ-ਲਾਈਨ ਪੰਜਾਬੀ ਅਧਿਆਪਨ ਲਈ ਕੰਮ ਆਉਣ ਵਾਲੀਆਂ ਵੈੱਬਸਾਈਟਾਂ
 learnpunjabi.org/intro1.asp
ਇਸ ਵੈੱਬਸਾਈਟ ਰਾਹੀਂ ਵਰਤੋਂਕਾਰ ਪੰਜਾਬੀ ਦੇ ਸਵਰ, ਵਿਅੰਜਨਾਂ ਤੋਂ ਲੈ ਕੇ, ਸ਼ਬਦਾਂ ਅਤੇ ਵਾਕ-ਬਣਤਰ ਤੱਕ ਦੀ ਦਿਲਚਸਪ ਤਰੀਕੇ ਨਾਲ ਜਾਣਕਾਰੀ ਹਾਸਲ ਕਰ ਸਕਦਾ ਹੈ। ਪਾਠਾਂ ਨੂੰ ਦਿਲਚਸਪ ਤੇ ਆਕਰਸ਼ਕ ਬਣਾਉਣ ਲਈ ਕਈ ਪ੍ਰਕਾਰ ਦੇ ਚਲ-ਚਿੱਤਰਾਂ, ਸਜੀਵ ਆਕ੍ਰਿਤੀਆਂ, ਆਵਾਜ਼ਾਂ, ਤਸਵੀਰਾਂ ਆਦਿ ਦਾ ਸਹਾਰਾ ਲਿਆ ਗਿਆ ਹੈ। ਪੰਜਾਬੀ ਸ਼ਬਦਾਵਲੀ, ਸਵਾਲ-ਜਵਾਬ, ਭੁਲਾਵੇਂ ਅੱਖਰ , ਕਹਾਣੀਆਂ , ਤੁਕਬੰਦੀ ਆਦਿ ਨੂੰ ਸੰਗੀਤਕ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ।
ਪੰਜਾਬੀ ਸ਼ਬਦਾਵਲੀ, ਸਜੀਵ ਕਹਾਣੀਆਂ, ਤੁਕ-ਬੰਦੀ, ਮੁਹਾਰਨੀ ਅਤੇ ਗੁਰਮੁਖੀ ਪੈਂਤੀ ਨੂੰ ਅਦਾਰੇ ਦੀ ਵੈੱਬਸਾਈਟ ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਦੁਨੀਆ ਦੇ 115 ਦੇਸ਼ਾਂ ਦੇ ਵਿਅਕਤੀ ਇਸ ਵੈੱਬਸਾਈਟ ਦੀ ਵਰਤੋਂ ਕਰ ਕੇ ਪੰਜਾਬੀ ਭਾਸ਼ਾ ਬਾਰੇ ਸਿੱਖਿਆ ਲੈ ਰਹੇ ਹਨ। ਪੰਜਾਬੀ ਅਧਿਆਪਨ ਲਈ ਵਰਤੀਆਂ ਜਾਣ ਵਾਲੀਆਂ ਕੁੱਝ ਹੋਰ ਵੈੱਬਸਾਈਟਾਂ :
 • maa.com.au/
 • sikhpoint.com/kidscorner/kid_gurmukhi.php?level=1&module=pb
 • 5abi.com/5ratan/
 • sikhlink.com/punjabilearning/tabid/658/language/en-US/Default.aspx
 • rajkaregakhalsa.net/lesson1.htm 
31. ਕਿਸੇ ਵੈੱਬਸਾਈਟ ਦਾ ਐਡਰੈੱਸ ਨਾ ਪਤਾ ਹੋਣ ਦੀ ਸੂਰਤ ਵਿਚ ਕੀ ਪੰਜਾਬੀ ਦੀਆਂ ਵੈੱਬਸਾਈਟਾਂ ਵਿਚੋਂ ਜਾਣਕਾਰੀ ਲੱਭੀ ਜਾ ਸਕਦੀ ਹੈ? ਜੇਕਰ ਹਾਂ ਤਾਂ ਕਿਵੇਂ?
 ਜੇਕਰ ਤੁਹਾਨੂੰ ਸਬੰਧਿਤ ਵੈੱਬਸਾਈਟ ਦਾ ਐਡਰੈੱਸ ਨਹੀਂ ਵੀ ਪਤਾ ਤਾਂ ਤੁਸੀਂ ਪੰਜਾਬੀ ਦੀਆਂ ਵੈੱਬਸਾਈਟਾਂ ਤੋਂ ਜਾਣਕਾਰੀ ਲੱਭ ਸਕਦੇ ਹੋ। ਇਸ ਕੰਮ ਲਈ ਸਿੱਧਾ google.com ਵੈੱਬਸਾਈਟ 'ਤੇ ਜਾਓ। ਹੁਣ ਖੋਜ ਬਕਸੇ ਦੇ ਹੇਠਲੇ ਪਾਸਿਉਂ ਪੰਜਾਬੀ ਭਾਸ਼ਾ ਦੀ ਚੋਣ ਕਰੋ ਤੇ ਖੋਜ ਬਕਸੇ ਵਿਚ ਪੰਜਾਬੀ ਦਾ ਸ਼ਬਦ ਪਾਉਣ ਦੀ ਕੋਸ਼ਿਸ਼ ਕਰੋ। ਇਹ ਰੋਮਨ ਲਿਪੀ ਵਿਚ ਪਵੇਗਾ। ਹੇਠਾਂ ਰੋਮਨ ਅੱਖਰਾਂ ਦੇ ਮੇਲ ਤੋਂ ਬਣਨ ਵਾਲੇ ਪੰਜਾਬੀ (ਗੁਰਮੁਖੀ) ਅੱਖਰਾਂ ਦੀ ਸੂਚੀ ਨਜ਼ਰ ਆਵੇਗੀ। ਇੱਥੋਂ ਚੋਣਵੇਂ ਸ਼ਬਦ 'ਤੇ ਕਲਿੱਕ ਕਰੋ ਤੇ ਕੀ-ਬੋਰਡ ਦੀ ਐਂਟਰ ਕੀਅ ਦਬਾ ਦਿਓ। ਤੁਸੀਂ ਦੇਖੋਗੇ ਕਿ ਗੂਗਲ ਉਨ੍ਹਾਂ ਵੈੱਬਸਾਈਟਾਂ ਦੀ ਸੂਚੀ ਜਾਰੀ ਕਰੇਗਾ ਜਿਨ੍ਹਾਂ ਵਿਚ ਤੁਹਾਡੇ ਦੁਆਰਾ ਟਾਈਪ ਕੀਤਾ ਸ਼ਬਦ ਕਿਸੇ ਨਾਂ ਕਿਸੇ ਰੂਪ ਵਿਚ ਉਪਲਬਧ ਹੈ। ਹੁਣ ਤੁਸੀਂ ਆਪਣੇ ਮਤਲਬ ਦੀ ਵੈੱਬਸਾਈਟ ਦੇ ਲਿੰਕ ਉੱਤੇ ਕਲਿੱਕ ਕਰ ਕੇ ਖੋਲ੍ਹ ਲਵੋ।
32. ਪੰਜਾਬੀ ਵੈੱਬਸਾਈਟਾਂ ਵਿਚੋਂ ਸਰਚ ਕਰਨ ਲਈ ਕੀ ਕਰੀਏ? ਕੀ ਅਜਿਹਾ ਕੋਈ ਸਾਫ਼ਟਵੇਅਰ ਬਣ ਚੁੱਕਾ ਹੈ ਜਿਸ ਰਾਹੀਂ ਪੰਜਾਬੀ ਮਾਧਿਅਮ ਵਿਚ ਜਾਣਕਾਰੀ ਹਾਸਲ ਹੋ ਸਕਦੀ ਹੋਵੇ?
 ਤੁਸੀਂ ਪੰਜਾਬੀ ਯੂਨੀਵਰਸਿਟੀ ਦੀ punjabikhoj.com ਨਾਮਕ ਸਾਈਟ 'ਤੇ ਉਪਲਬਧ ਸਰਚ ਇੰਜਨ ਦੀ ਵਰਤੋਂ ਕਰ ਸਕਦੇ ਹੋ। ਇਹ ਗੂਗਲ ਆਧਾਰਿਤ ਪੰਜਾਬੀ ਖੋਜ (ਸਰਚ) ਇੰਜਨ ਹੈ। ਇਹ ਖੋਜ-ਬਕਸੇ ਵਿਚ ਟਾਈਪ ਕੀਤੇ ਸ਼ਬਦ ਜਾਂ ਵਾਕਾਂਸ਼ ਦੇ ਆਧਾਰ 'ਤੇ ਵੈੱਬਸਾਈਟਾਂ/ਵੈੱਬ-ਪੰਨਿਆਂ ਦੀ ਸੂਚੀ ਪ੍ਰਦਰਸ਼ਿਤ ਕਰਦਾ ਹੈ। ਇਹ ਪੰਜਾਬੀ (ਗੁਰਮੁਖੀ) ਦੇ ਨਾਲ-ਨਾਲ ਸ਼ਾਹਮੁਖੀ ਅਤੇ ਦੇਵਨਾਗਰੀ ਲਿਪੀ ਵਿਚ ਬਣੀਆਂ ਵੈੱਬਸਾਈਟਾਂ ਤੋਂ ਜਾਣਕਾਰੀ ਖੋਜਣ ਦੀ ਸਮਰੱਥਾ ਰੱਖਦਾ ਹੈ। ਟਾਈਪਿੰਗ 'ਚ ਅਣਜਾਣ ਵਰਤੋਂਕਾਰਾਂ ਦੀ ਸਹੂਲਤ ਲਈ ਇਸ 'ਤੇ ਫੋਨੈਟਿਕ ਅਤੇ ਆਨ-ਸਕਰੀਨ ਕੀ-ਬੋਰਡ ਲਗਾਇਆ ਗਿਆ ਹੈ। ਇਸ ਰਾਹੀਂ ਲੱਭੇ ਜਾਣ ਵਾਲੇ ਸ਼ਬਦ ਨੂੰ ਉਸ ਦੇ ਸਮਾਨ-ਅਰਥ ਸ਼ਬਦਾਂ ਜਾਂ ਰਲਦੇ-ਮਿਲਦੇ ਸ਼ਬਦ-ਜੋੜਾਂ ਰਾਹੀਂ ਲੱਭਣ ਦੀ ਸਹੂਲਤ ਵੀ ਉਪਲਬਧ ਹੈ।
ਆਈ-ਹਿਊ ਨੇ ਵੀ ਇੱਕ ਅਜਿਹਾ ਸਰਚ ਇੰਜਨ ਤਿਆਰ ਕੀਤਾ ਹੈ ਜਿਸ ਨੂੰ ਸਬੰਧਿਤ ਅਦਾਰੇ ਦੀ ਵੈੱਬਸਾਈਟ ਤੋਂ ਵਰਤਿਆ ਜਾ ਸਕਦਾ ਹੈ। 
33. ਹਿੰਦੀ ਤੋਂ ਪੰਜਾਬੀ ਅਨੁਵਾਦ ਲਈ ਕਿਹੜੀ ਵੈੱਬਸਾਈਟ 'ਤੇ ਜਾਈਏ?
 h2p.learnpunjabi.org/default.aspx ਵੈੱਬਸਾਈਟ ਰਾਹੀਂ ਹਿੰਦੀ ਪਾਠ-ਸਮਗਰੀ ਨੂੰ ਪੰਜਾਬੀ ਵਿਚ ਬਦਲਿਆ ਜਾ ਸਕਦਾ ਹੈ। ਇਸ ਵੈੱਬਸਾਈਟ 'ਤੇ ਹਿੰਦੀ ਦੀ ਪਾਠ ਸਮਗਰੀ ਨੂੰ ਪੰਜਾਬੀ ਵਿਚ ਬਦਲ ਕੇ ਈ-ਮੇਲ ਸੰਦੇਸ਼ ਦੇ ਰੂਪ ਵਿਚ ਵੀ ਭੇਜਿਆ ਜਾ ਸਕਦਾ ਹੈ ਤੇ ਕਿਸੇ ਪਹਿਲਾਂ ਤੋਂ ਬਣੀ ਹੋਈ ਫਾਈਲ ਨੂੰ ਵੀ ਵਰਤਿਆ ਜਾ ਸਕਦਾ ਹੈ।
sampark.iiit.net/sampark/web/index.php/content ਇੱਕ ਹੋਰ ਵੈੱਬਸਾਈਟ ਹੈ ਜੋ ਕਿ ਭਾਰਤੀ ਭਾਸ਼ਾ ਤਕਨਾਲੋਜੀ ਪ੍ਰਸਾਰਨ ਅਤੇ ਵਿਕਾਸ ਕੇਂਦਰ, ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਵਿਭਾਗ ਨਾਲ ਸਬੰਧਿਤ ਹੈ। ਇਸ ਵੈੱਬਸਾਈਟ 'ਤੇ ਪੰਜਾਬੀ ਤੋਂ ਹਿੰਦੀ, ਉਰਦੂ ਤੋਂ ਹਿੰਦੀ ਅਤੇ ਤੇਲਗੂ ਤੋਂ ਤਾਮਿਲ ਵਿਚ ਅਨੁਵਾਦ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। 
34. ਪੰਜਾਬੀ ਵਿਚ ਲਿਖੇ ਨੂੰ ਹਿੰਦੀ ਵਿਚ ਕਿਵੇਂ ਬਦਲੀਏ?
 learnpunjabi.org/p2h/default.aspx ਵੈੱਬਸਾਈਟ ਵਿਚ ਵਰਤੋਂਕਾਰ ਪੰਜਾਬੀ ਵਿਚ ਆਪਣੀ ਵਿਸ਼ਾ-ਵਸਤੂ ਖ਼ੁਦ ਤਿਆਰ ਕਰ ਸਕਦਾ ਹੈ, ਪਹਿਲਾਂ ਤੋਂ ਬਣੀ ਫਾਈਲ ਨੂੰ ਖੋਲ੍ਹ ਸਕਦਾ ਹੈ, ਕਿਸੇ ਦੂਸਰੇ ਦਸਤਾਵੇਜ਼ ਤੋਂ ਪਾਠ-ਸਮਗਰੀ ਦੀ ਕਾਪੀ ਕਰ ਸਕਦਾ ਹੈ। ਪੰਜਾਬੀ ਪਾਠ-ਸਮਗਰੀ ਨੂੰ ਮਾਊਸ ਦੇ ਇੱਕ ਕਲਿੱਕ ਰਾਹੀਂ ਹਿੰਦੀ ਵਿਚ ਬਦਲਿਆ ਜਾ ਸਕਦਾ ਹੈ। ਇਸ ਵੈੱਬਸਾਈਟ ਉੱਤੇ ਪਾਠ-ਸਮਗਰੀ ਨੂੰ ਹਿੰਦੀ ਵਿਚ ਬਦਲ ਕੇ ਈ-ਮੇਲ ਸੰਦੇਸ਼ ਦੇ ਰੂਪ ਵਿਚ ਭੇਜਣ ਦੀ ਸੁਵਿਧਾ ਵੀ ਉਪਲਬਧ ਹੈ।
ਪੰਜਾਬੀ ਤੋਂ ਹਿੰਦੀ ਅਨੁਵਾਦ ਲਈ 'ਭਾਰਤੀ ਭਾਸ਼ਾ ਤਕਨਾਲੋਜੀ ਪ੍ਰਸਾਰਨ ਅਤੇ ਵਿਕਾਸ ਕੇਂਦਰ' ਦੀ ਵੈੱਬਸਾਈਟ (sampark.iiit.net/sampark/web/index.php/content) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। 
35. ਮੈਂ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨਾ ਚਾਹੁੰਦਾ ਹਾਂ। ਇਹ ਕਿਵੇਂ ਸੰਭਵ ਹੋ ਸਕਦਾ ਹੈ?
 ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਲਈ ਹੀ ਹੁਣ ਤੱਕ ਦੋ ਵੱਖ-ਵੱਖ ਵੈੱਬਸਾਈਟਾਂ 'ਤੇ ਵੱਖ-ਵੱਖ ਤਕਨੀਕ ਵਾਲੇ ਸਾਫ਼ਟਵੇਅਰ ਉਪਲਬਧ ਹਨ। ਇਹਨਾਂ ਨੂੰ ਆਨ-ਲਾਈਨ (ਇੰਟਰਨੈੱਟ ਨਾਲ ਜੁੜ ਕੇ) ਹੀ ਵਰਤਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਗੂਗਲ ਨੇ ਆਪਣੀ ਵੈੱਬਸਾਈਟ (translate.google.com) 'ਤੇ ਅੰਗਰੇਜ਼ੀ ਨੂੰ ਹਿੰਦੀ ਵਿਚ ਬਦਲਣ ਦੀ ਸੁਵਿਧਾ ਪ੍ਰਦਾਨ ਕਰਵਾਈ ਸੀ। ਹੁਣ ਇਸ ਪ੍ਰੋਗਰਾਮ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਕੇਂਦਰ ਨੇ ਆਪਣੇ ਪਹਿਲਾਂ ਤੋਂ ਜਾਰੀ ਕੀਤੇ ਹਿੰਦੀ ਤੋਂ ਪੰਜਾਬੀ ਅਨੁਵਾਦ ਪ੍ਰੋਗਰਾਮ ਨਾਲ ਜੋੜ ਕੇ ਅੰਗਰੇਜ਼ੀ ਨੂੰ ਪੰਜਾਬੀ ਵਿਚ ਬਦਲਣ ਵਾਲੀ ਇੱਕ ਨਵੀਂ ਵੈੱਬਸਾਈਟ ਜਾਰੀ ਕੀਤੀ ਹੈ। ਇਸ ਵੈੱਬਸਾਈਟ ਵਿਚ ਜਦੋਂ ਅੰਗਰੇਜ਼ੀ ਦਾ ਪਾਠ ਪਾਇਆ ਜਾਂਦਾ ਹੈ ਤਾਂ ਆਦੇਸ਼ ਦੇਣ ਉਪਰੰਤ ਇਸ ਨੂੰ ਪਹਿਲਾਂ ਗੂਗਲ ਦੇ ਪ੍ਰੋਗਰਾਮ ਰਾਹੀਂ ਹਿੰਦੀ ਵਿਚ ਬਦਲਿਆ ਜਾਂਦਾ ਹੈ ਤੇ ਫਿਰ ਹਿੰਦੀ ਨੂੰ ਪੰਜਾਬੀ ਵਿਚ ਬਦਲ ਕੇ ਵਰਤੋਂਕਾਰ ਨੂੰ ਵਾਪਸ ਦੇ ਦਿੱਤਾ ਜਾਂਦਾ ਹੈ। ਇਹ ਸੁਵਿਧਾ ਵੈੱਬਸਾਈਟ h2p.learnpunjabi.org/eng2pun.aspx ਤੋਂ ਵਰਤੀ ਜਾ ਸਕਦੀ ਹੈ। ਵੈੱਬਸਾਈਟ ਦੇ ਮੁੱਖ ਪੰਨੇ 'ਤੇ ਬੜੀ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ ਕਿ ਦੋਹਾਂ ਭਾਸ਼ਾਵਾਂ ਦੀ ਸੁਭਾਅ ਪੱਖੋਂ ਗੁੰਝਲਤਾ ਕਾਰਨ ਕਈ ਥਾਵਾਂ 'ਤੇ ਨਤੀਜਾ ਗ਼ਲਤ ਆ ਸਕਦਾ ਹੈ। ਸੋ ਵਰਤੋਂਕਾਰਾਂ ਨੂੰ ਚਾਹੀਦਾ ਹੈ ਕਿ ਅਨੁਵਾਦ ਕੀਤੇ ਹੋਏ ਪੰਜਾਬੀ ਪਾਠ ਨੂੰ ਵਰਤੋਂ ਵਿਚ ਲਿਆਉਣ ਤੋਂ ਪਹਿਲਾਂ ਪੜ੍ਹ ਕੇ ਸੋਧ ਲੈਣ। ਅੰਗਰੇਜ਼ੀ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਇੱਕ ਹੋਰ ਪ੍ਰੋਗਰਾਮ ਵੈੱਬਸਾਈਟ tdil-dc.in/components/com_mtsystem/CommonUI/homeMT.php 'ਤੇ ਉਪਲਬਧ ਹੈ। ਅੰਗਰੇਜ਼ੀ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਇੱਕ ਹੋਰ ਪ੍ਰੋਗਰਾਮ ਆਈ.ਆਈ.ਟੀ. ਕਾਨਪੁਰ ਦੇ ਡਾ. ਆਰ.ਐਮ.ਕੇ. ਸਿਨਹਾ ਦੀ ਅਗਵਾਈ ਹੇਠ ਆਈ.ਆਈ.ਟੀ. ਕਾਨਪੁਰ, ਸੀ-ਡੈਕ ਕੋਲਕਾਤਾ, ਸੀ-ਡੈਕ ਨੋਇਡਾ ਅਤੇ ਸੀ-ਡੈਕ ਤਰੀਵੈਂਦੁਰਮ ਦੀ ਮਦਦ ਨਾਲ ਤਿਆਰ ਕੀਤਾ ਹੈ। ਇਹ ਸਾਫ਼ਟਵੇਅਰ 'ਭਾਰਤੀ ਭਾਸ਼ਾਵਾਂ ਲਈ ਤਕਨਾਲੋਜੀ ਵਿਕਾਸ ਪ੍ਰੋਗਰਾਮ' (TDIL) ਤਹਿਤ ਭਾਰਤ ਸਰਕਾਰ ਨੇ ਸੂਚਨਾ ਤਕਨਾਲੋਜੀ ਵਿਭਾਗ ਦੁਆਰਾ ਭਾਰਤੀ ਭਾਸ਼ਾ ਤਕਨਾਲੋਜੀ ਪ੍ਰਸਾਰਨ ਅਤੇ ਪਸਾਰ ਕੇਂਦਰ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। 
36. ਕੀ ਰੋਮਨ ਲਿਪੀ ਵਿਚ ਲਿਖੇ ਹੋਏ ਨੂੰ ਗੁਰਮੁਖੀ (ਪੰਜਾਬੀ) ਜਾਂ ਦੇਵਨਾਗਰੀ (ਹਿੰਦੀ) ਵਿਚ ਬਦਲਿਆ ਜਾ ਸਕਦਾ ਹੈ?
ਗੂਗਲ ਨੇ ਆਪਣੀ ਵੈੱਬਸਾਈਟ ਉੱਤੇ ਪਿਛਲੇ ਲੰਬੇ ਸਮੇਂ ਤੋਂ ਰੋਮਨ ਕੀ-ਬੋਰਡ ਦਾ ਇਸਤੇਮਾਲ ਕਰ ਕੇ ਪੰਜਾਬੀ, ਹਿੰਦੀ ਸਮੇਤ ਕਈ ਹੋਰ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦਾ ਪ੍ਰੋਗਰਾਮ ਮੁਹੱਈਆ ਕਰਵਾਇਆ ਹੋਇਆ ਹੈ। ਇਹ ਸੇਵਾ ਵੈੱਬਸਾਈਟ google.com/transliterate 'ਤੇ ਆਨ-ਲਾਈਨ ਉਪਲਬਧ ਹੈ।  
37. ਕੀ ਗੂਗਲ ਦੇ ਲਿਪੀਅੰਤਰਨ ਪ੍ਰੋਗਰਾਮ ਨੂੰ ਇੰਟਰਨੈੱਟ ਦੀ ਵਰਤੋਂ ਕੀਤੇ ਬਿਨਾਂ ਵਰਤਿਆ ਜਾ ਸਕਦਾ ਹੈ?
 ਬਿਲਕੁਲ, ਗੂਗਲ ਨੇ ਆਪਣੇ ਇਸ ਟਾਈਪਿੰਗ ਪ੍ਰੋਗਰਾਮ ਨੂੰ ਆਫ਼-ਲਾਈਨ ਉਪਲਬਧ ਕਰਵਾ ਕੇ ਪੰਜਾਬੀ ਸਮੇਤ ਹੋਰਨਾਂ 13 ਭਾਸ਼ਾਵਾਂ ਨੂੰ ਅਨਮੋਲ ਤੋਹਫ਼ਾ ਭੇਟ ਕੀਤਾ ਹੈ। ਸੋ ਹੁਣ ਇੰਟਰਨੈੱਟ ਦੀ ਵਰਤੋਂ ਕੀਤੇ ਬਿਨਾਂ ਇਸ ਪ੍ਰੋਗਰਾਮ ਨੂੰ ਗੂਗਲ ਦੀ ਵੈੱਬਸਾਈਟ 'ਤੋਂ ਡਾਊਨਲੋਡ ਕਰ ਕੇ ਮੁਫ਼ਤ ਵਿਚ ਵਰਤਿਆ ਜਾ ਸਕਦਾ ਹੈ। ਗੂਗਲ ਨੇ ਇਹ ਸੇਵਾ ਭਾਰਤ ਵਿਚ ਹੀ ਵਿਕਸਿਤ ਕੀਤੀ ਹੈ ਜੋ ਪੰਜਾਬੀ ਸਮੇਤ ਅਰਬੀ, ਬਾਂਗਲਾ, ਫ਼ਾਰਸੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਨੇਪਾਲੀ, ਤਾਮਿਲ, ਤੇਲਗੂ ਅਤੇ ਉਰਦੂ ਵਿਚ ਉਪਲਬਧ ਹੈ। ਇਸ ਪ੍ਰੋਗਰਾਮ ਨੂੰ ਵਿੰਡੋਜ਼-7, ਵਿਸਟਾ, ਐਕਸਪੀ ਆਦਿ ਸੰਸਕਰਨਾਂ ਲਈ ਡਾਊਨਡੋਲ ਕਰ ਕੇ ਵਰਤਿਆ ਜਾ ਸਕਦਾ ਹੈ। ਆਈ.ਐਮ.ਈ.(ਇਨਪੁਟ ਮੈਥਡ ਐਡੀਟਰ) ਨਾਮਕ ਇਸ ਸਾਫ਼ਟਵੇਅਰ ਦਾ ਵਿਕਾਸ ਕਰਨ ਦਾ ਮੁੱਖ ਮਨੋਰਥ (ਭਾਰਤੀਆਂ ਨੂੰ ਆਪਣੀ-ਆਪਣੀ ਖੇਤਰੀ ਭਾਸ਼ਾ) ਇੰਟਰਨੈੱਟ ਅਤੇ ਹੋਰਨਾਂ ਸੰਚਾਰ ਸਾਧਨਾ ਰਾਹੀਂ ਸੰਚਾਰ ਰਚਾਉਣ ਵਿਚ ਮਦਦ ਕਰਦਾ ਹੈ। ਇਸ ਟੂਲ ਨੂੰ ਡਾਊਨਲੋਡ ਕਰਨ ਲਈ google.com/transliterate ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਗੂਗਲ ਦੀ ਸੁਵਿਧਾ ਨੂੰ ਕਿਰਿਆਸ਼ੀਲ ਕਰਨ ਲਈ ਕੰਟਰੋਲ ਪੈਨਲ, ਰਿਜਨਲ ਐਂਡ ਲੈਂਗੂਏਜ ਆਪਸ਼ਨ, ਲੈਂਗੂਏਜ ਟੈਬ, ਡੀਟੇਲਸ ਵਿਚ ਜਾਹ ਕੇ ਪੰਜਾਬੀ ਕੀ-ਬੋਰਡ ਨੂੰ ਚੁਣ ਕੇ (ਐਡ ਬਟਨ) ਰਾਹੀਂ ਸ਼ਾਮਿਲ ਕਰਨ ਦੀ ਲੋੜ ਪੈਂਦੀ ਹੈ। ਉਪਰੋਕਤ ਕੰਮ ਕਰਨ ਉਪਰੰਤ ਕੰਪਿਊਟਰ ਦੀ ਹੇਠਲੀ ਪੱਟੀ 'ਤੇ ਲੈਂਗੂਏਜ ਬਾਰ ਨਜ਼ਰ ਆਉਣ ਲਗਦੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਰੋਮਨ ਲਿਪੀ ਵਿਚ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਐਮ.ਐਸ.ਵਰਡ ਜਾਂ ਕੋਈ ਹੋਰ ਵਰਡ ਪ੍ਰੋਸੈੱਸਰ/ਟੈਕਸਟ ਐਡੀਟਰ ਖੋਲ੍ਹ ਲਓ ਤੇ ਫਿਰ ਲੈਂਗੂਏਜ ਬਾਰ ਤੋਂ ਪੰਜਾਬੀ ਕੀ-ਬੋਰਡ ਦੀ ਚੋਣ ਕੋਕੇ ਆਪਣਾ ਟਾਈਪ ਦਾ ਕੰਮ ਸ਼ੁਰੂ ਕਰ ਦਿਓ। 
38. ਕੀ ਕੰਪਿਊਟਰ ਰਾਹੀਂ ਗੁਰਮੁਖੀ ਲਿਪੀ ਨੂੰ ਸ਼ਾਹਮੁਖੀ ਵਿਚ ਬਦਲਿਆ ਜਾ ਸਕਦਾ ਹੈ?
 ਦੋਨਾਂ ਪੰਜਾਬਾਂ ਦੀਆਂ ਲਿਪੀਆਂ ਦੇ ਅੰਤਰ ਨੂੰ ਖ਼ਤਮ ਕਰਨ ਲਈ ਇੱਕ ਅਜਿਹੇ ਪ੍ਰੋਗਰਾਮ ਦੀ ਲੋੜ ਸੀ ਜੋ ਇੱਕ ਲਿਪੀ ਵਿਚ ਲਿਖੇ ਹੋਏ ਪਾਠ ਨੂੰ ਦੂਸਰੀ ਲਿਪੀ ਵਿਚ ਬਦਲ ਸਕੇ। ਇਸ ਕੰਮ ਦੀ ਸ਼ੁਰੂਆਤ ਭਾਵੇਂ ਟੋਰਾਂਟੋ ਦੇ ਸ. ਕਿਰਪਾਲ ਸਿੰਘ ਪੰਨੂੰ ਨੇ ਕੀਤੀ ਪਰ ਇਸ ਮਗਰੋਂ ਸੀ.ਡੈੱਕ., ਲੋਕ ਸੁਜਾਗ ਲਾਹੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਅਨੇਕਾਂ ਅਦਾਰੇ ਅਤੇ ਵਿਅਕਤੀ ਅਜਿਹੀ ਖੋਜ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਤਕਨੀਕ ਵਿਕਾਸ ਦੇ ਉੱਚਤਮ ਕੇਂਦਰ ਨੇ ਇੱਕ 'ਸੰਗਮ' ਨਾਂ ਦਾ ਸਾਫ਼ਟਵੇਅਰ ਤਿਆਰ ਕੀਤਾ ਹੈ ਜੋ ਅਦਾਰੇ ਦੀ ਵੈੱਬਸਾਈਟ g2s.learnpunjabi.org/default.aspx 'ਤੇ ਮੁਫ਼ਤ ਉਪਲਬਧ ਹੈ। ਇਹ ਸਾਫ਼ਟਵੇਅਰ ਇੱਕ ਮਾਊਸ ਕਲਿੱਕ ਰਾਹੀਂ ਗੁਰਮੁਖੀ ਲਿਪੀ ਵਿਚ ਲਿਖੀ ਪਾਠ-ਸਮਗਰੀ ਨੂੰ ਸ਼ਾਹਮੁਖੀ ਵਿਚ ਬਦਲ ਦਿੰਦਾ ਹੈ। ਇਹ ਸਾਫ਼ਟਵੇਅਰ 97 ਫ਼ੀਸਦੀ ਤੋਂ ਵੱਧ ਸ਼ੁੱਧਤਾ ਨਾਲ ਕੰਮ ਕਰ ਸਕਦਾ ਹੈ। ਇਸ ਸਾਫ਼ਟਵੇਅਰ ਦੀ ਮਦਦ ਨਾਲ ਪਾਠ-ਸਮਗਰੀ ਨੂੰ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਬਦਲ ਕੇ ਈ-ਮੇਲ ਸੰਦੇਸ਼ ਦੇ ਰੂਪ ਵਿਚ ਵੀ ਭੇਜਿਆ ਜਾ ਸਕਦਾ ਹੈ। 
39. ਕੀ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ ਲਈ ਕੋਈ ਸਾਫ਼ਟਵੇਅਰ ਤਿਆਰ ਹੋ ਚੁੱਕਾ ਹੈ?
 ਇਸ ਸਾਫ਼ਟਵੇਅਰ ਦੀ ਖੋਜ ਲਈ ਪੈਨ ਏਸ਼ੀਆ ਅਦਾਰੇ ਨੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਹੈ। ਇਸ ਲਿਪੀਅੰਤਰਨ ਸਾਫ਼ਟਵੇਅਰ ਰਾਹੀਂ ਪੂਰਬੀ ਅਤੇ ਪੱਛਮੀ ਪੰਜਾਬਾਂ ਦੇ ਲੋਕ ਆਪਸ ਵਿਚ ਕੰਪਿਊਟਰ ਰਾਹੀਂ ਸੰਚਾਰ, ਸੰਪਰਕ ਕਾਇਮ ਕਰ ਸਕਦੇ ਹਨ। ਇਹ ਸਾਫ਼ਟਵੇਅਰ ਸ਼ਾਹਮੁਖੀ ਵਿਚ ਲਿਖੀ ਪਾਠ-ਸਮੱਗਰੀ/ਵੈੱਬਸਾਈਟ ਨੂੰ ਗੁਰਮੁਖੀ ਵਿਚ ਬਦਲਣ ਦੇ ਸਮਰੱਥ ਹੈ ਜਿਸ ਨੂੰ ਵੈੱਬਸਾਈਟ s2g.learnpunjabi.org/login.aspx ਤੋਂ ਆਨ-ਲਾਈਨ ਵਰਤਿਆ ਜਾ ਸਕਦਾ ਹੈ। vichaar.com ਵਰਗੀਆਂ ਅਨੇਕਾਂ ਵੈੱਬਸਾਈਟਾਂ ਲਿਪੀਅੰਤਰਨ ਲਈ ਇਸ ਸਾਫ਼ਟਵੇਅਰ ਦੀ ਵਰਤੋਂ ਕਰ ਰਹੀਆਂ ਹਨ। 
40. ਕੀ ਹਿੰਦੀ ਵਿਚ ਲਿਖੇ ਹੋਏ ਨੂੰ ਉਰਦੂ ਵਿਚ ਪੜ੍ਹਨਾ ਸੰਭਵ ਹੈ?
 ਪੰਜਾਬੀ ਯੂਨੀਵਰਸਿਟੀ ਨੇ ਉਰਦੂ ਅਤੇ ਹਿੰਦੀ ਦੀਆਂ ਲਿਪੀ ਸਰਹੱਦਾਂ ਨੂੰ ਖ਼ਤਮ ਕਰਨ ਲਈ ਉਰਦੂ ਤੋਂ ਦੇਵਨਾਗਰੀ ਅਤੇ ਇਸ ਦੇ ਉਲਟ ਲਿਪੀਅੰਤਰਨ ਸਾਫ਼ਟਵੇਅਰ ਦਾ ਵਿਕਾਸ ਕੀਤਾ ਹੈ। ਸਾਫ਼ਟਵੇਅਰ ਨੂੰ ਕੇਂਦਰ ਦੀ ਵੈੱਬਸਾਈਟ uh.learnpunjabi.org 'ਤੇ ਲਾਗ-ਆਨ ਕਰ ਕੇ ਵਰਤਿਆ ਜਾ ਸਕਦਾ ਹੈ।
ਇਹ ਸਾਫ਼ਟਵੇਅਰ ਉਰਦੂ ਅਤੇ ਹਿੰਦੀ ਪਾਠਕਾਂ ਦਰਮਿਆਨ ਧਾਰਮਿਕ, ਜਾਤੀ, ਸਭਿਆਚਾਰਕ ਅਤੇ ਭੂਗੋਲਿਕ ਵੰਡਾਂ ਨੂੰ ਖ਼ਤਮ ਕਰਨ ਲਈ ਇੱਕ ਪੁਲ ਦਾ ਕੰਮ ਕਰੇਗਾ। ਇਸ ਸਾਫ਼ਟਵੇਅਰ ਰਾਹੀਂ ਇੱਕ ਲਿਪੀ ਵਿਚ ਲਿਖੀਆਂ ਖ਼ਬਰਾਂ, ਕਹਾਣੀਆਂ, ਕਵਿਤਾਵਾਂ ਅਤੇ ਹੋਰਨਾਂ ਸਾਹਿੱਤਿਕ ਵੰਨਗੀਆਂ ਨੂੰ ਦੂਸਰੀ ਲਿਪੀ ਵਿਚ ਬਦਲ ਕੇ ਪੜ੍ਹਿਆ ਜਾ ਸਕਦਾ ਹੈ। ਇਸ ਸਾਫ਼ਟਵੇਅਰ ਵਿਚ ਇੱਕ ਲਿਪੀ ਵਿਚ ਪ੍ਰਕਾਸ਼ਿਤ ਹੋਈ ਪੂਰੀ ਦੀ ਪੂਰੀ ਵੈੱਬਸਾਈਟ ਸਿਰਫ਼ ਇੱਕ ਮਾਊਸ ਦੇ ਕਲਿੱਕ ਰਾਹੀਂ ਦੂਸਰੀ ਲਿਪੀ ਵਿਚ ਬਦਲ ਕੇ ਪੜ੍ਹੀ ਜਾ ਸਕਦੀ ਹੈ। ਹੁਣ ਹਿੰਦੀ ਦੇ ਪਾਠਕ ਡੇਲੀ ਜੰਗ, ਨਵਾਏ ਵਕਤ ਅਤੇ ਔਸਾਫ਼ ਆਦਿ ਉਰਦੂ ਅਖ਼ਬਾਰਾਂ ਨੂੰ ਹਿੰਦੀ ਵਿਚ ਬਦਲ ਕੇ ਪੜ੍ਹ ਸਕਦੇ ਹਨ ਤੇ ਇਸੇ ਤਰ੍ਹਾਂ ਦੈਨਿਕ ਟ੍ਰਿਬਿਊਨ, ਦੈਨਿਕ ਜਾਗਰਣ, ਭਾਸਕਰ ਆਦਿ ਹਿੰਦੀ ਅਖ਼ਬਾਰਾਂ ਨੂੰ ਉਰਦੂ ਵਿਚ ਤਬਦੀਲ ਕਰ ਕੇ ਪੜ੍ਹ ਸਕਦੇ ਹਨ। ਸਾਫ਼ਟਵੇਅਰ ਵਿਚ ਆਪਣੀ ਮਨਮਰਜ਼ੀ ਦੀ ਲਿਪੀ ਵਿਚ ਈ-ਮੇਲ ਕਰਨ ਦੀ ਦਮਦਾਰ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਹੁਣ ਕਿਸੇ ਵੱਲੋਂ ਹਿੰਦੀ ਵਿਚ ਲਿਖਿਆ ਈ-ਮੇਲ ਸੰਦੇਸ਼ ਉਰਦੂ ਵਿਚ ਪ੍ਰਾਪਤ ਹੋ ਸਕਦਾ ਹੈ। ਇਸੇ ਪ੍ਰਕਾਰ ਅਗਲੇ ਦਾ ਉਰਦੂ ਵਿਚ ਲਿਖਿਆ ਈ-ਮੇਲ ਸੰਦੇਸ਼ ਤੁਹਾਡੇ ਤੱਕ ਹਿੰਦੀ ਵਿਚ ਪਹੁੰਚ ਸਕਦਾ ਹੈ। ਇਹ ਸਾਫ਼ਟਵੇਅਰ ਸਾਹਿੱਤਿਕ ਮੱਸ ਰੱਖਣ ਵਾਲੇ ਵਰਤੋਂਕਾਰਾਂ ਲਈ ਬਹੁਤ ਹੀ ਉਪਯੋਗੀ ਸਿੱਧ ਹੋ ਰਿਹਾ ਹੈ ਕਿਉਂਕਿ ਹੁਣ ਉਹ ਉਰਦੂ ਸ਼ਾਇਰੋ-ਸ਼ਾਇਰੀ ਵਾਲੀਆਂ ਵੈੱਬਸਾਈਟਾਂ ਨੂੰ ਸਿੱਧਾ ਹੀ ਹਿੰਦੀ ਵਿਚ ਬਦਲ ਕੇ ਪੜ੍ਹ ਸਕਦੇ ਹਨ। 
41. ਯੂ-ਟਿਊਬ ਕੀ ਹੁੰਦੀ ਹੈ?
 ਕੁੱਝ ਸਮਾਂ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਇੱਕ ਅਜਿਹੀ ਵੈੱਬਸਾਈਟ ਦਾ ਵਿਕਾਸ ਹੋਵੇਗਾ ਜੋ ਵੀਡੀਓ ਫਾਈਲਾਂ ਦੀ ਸਾਂਝੀਦਾਰੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਇਹ ਵੈੱਬਸਾਈਟ 'ਯੂ-ਟਿਊਬ' ਦੇ ਰੂਪ ਵਿਚ ਸਾਹਮਣੇ ਆਈ ਹੈ। ਹੁਣ ਦੁਨੀਆ ਭਰ ਦੇ ਇੰਟਰਨੈੱਟ ਵਰਤੋਂਕਾਰਾਂ ਲਈ ਘਰ ਬੈਠੇ ਵੰਨ-ਸੁਵੰਨੀਆਂ ਵੀਡੀਉਜ਼ ਦੇਖਣ ਦਾ ਸੁਪਨਾ ਸਾਕਾਰ ਹੋ ਗਿਆ ਹੈ। ਯੂ-ਟਿਊਬ ਨੇ ਇੰਟਰਨੈੱਟ ਵਰਤੋਂਕਾਰਾਂ ਨੂੰ ਦਰਸ਼ਕ ਦੇ ਨਾਲ-ਨਾਲ ਵੀਡੀਓ ਨਿਰਮਾਤਾ ਬਣਨ ਦਾ ਮੌਕਾ ਵੀ ਪ੍ਰਦਾਨ ਕਰਵਾਇਆ ਹੈ। ਯੂ-ਟਿਊਬ ਇੱਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ। ਹੁਣ ਕੋਈ ਵਿਅਕਤੀ ਆਪਣੇ ਭਾਸ਼ਣ, ਨਿੱਜੀ ਪ੍ਰੋਗਰਾਮ ਜਾਂ ਸਮਾਜ ਦੇ ਕਿਸੇ ਉਸਾਰੂ ਪੱਖ ਦੀ ਵੀਡੀਓ ਝਲਕ ਪੂਰੀ ਦੁਨੀਆ ਨੂੰ ਦਿਖਾ ਸਕਦਾ ਹੈ।
ਯੂ-ਟਿਊਬ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਭੂਗੋਲਿਕ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ। ਹੁਣ ਕੋਈ ਵਿਅਕਤੀ ਜਾਤ-ਪਾਤ, ਨਸਲ, ਧਰਮ, ਰਾਜਨੀਤੀ ਆਦਿ ਭੇਦ-ਭਾਵ ਤੋਂ ਉੱਪਰ ਉੱਠ ਕੇ ਯੂ-ਟਿਊਬ ਰਾਹੀਂ ਕਿਸੇ ਪ੍ਰਕਾਰ ਦਾ ਵੀਡੀਓ ਪ੍ਰਸਾਰਨ ਵੇਖ ਸਕਦਾ ਹੈ। ਕਿਸੇ ਭਾਸ਼ਾ ਦਾ ਲਹਿਜ਼ਾ ਜਾਣਨ, ਆਪਣੇ ਪਿੰਡ ਦੀਆਂ ਗਲੀਆਂ ਦੇਖਣ, ਕਿਸੇ ਵਿਸ਼ੇ ਨਾਲ ਸਬੰਧਿਤ ਕੋਈ ਭਾਸ਼ਣ ਸੁਣਨ, ਗੀਤ-ਸੰਗੀਤ ਦੀ ਦੁਨੀਆ ਦਾ ਅਨੰਦ ਮਾਣਨ ਲਈ ਯੂ-ਟਿਊਬ ਦੀ ਵਰਤੋਂ ਕੀਤੀ ਜਾਂਦੀ ਹੈ।
ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸਬੰਧਿਤ ਵੀਡੀਓ ਉਪਲਬਧ ਹਨ। ਯੂ-ਟਿਊਬ ਨੇ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਨਿਵੇਕਲਾ ਤੋਹਫ਼ਾ ਭੇਟ ਕੀਤਾ ਹੈ। ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿੱਤ, ਸਭਿਆਚਾਰ ਅਤੇ ਗਿਆਨ ਵਿਗਿਆਨ ਨਾਲ ਸਬੰਧਿਤ ਵੀਡੀਓ ਦਰਸ਼ਕਾਂ ਦੀਆਂ ਬਰੂੰਹਾਂ 'ਤੇ ਦਸਤਖ਼ਤ ਦੇ ਚੁੱਕੇ ਹਨ। ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ ਮਾਤ-ਭਾਸ਼ਾ ਵਿਚ ਵਿਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਉਪਲਬਧ ਹੋ ਰਹੀ ਹੈ। ਦੂਜੇ ਪਾਸੇ ਯੂ-ਟਿਊਬ 'ਤੇ ਕਈ ਅਜਿਹੇ ਵੀਡੀਓ ਚੜ੍ਹਾਏ ਗਏ ਹਨ ਜੋ ਨੌਜਵਾਨਾਂ ਨੂੰ ਅਸ਼ਲੀਲਤਾ ਪਰੋਸਣ, ਦੇਸ਼ ਦੀ ਸੁਰੱਖਿਆ ਨੂੰ ਸੇਧ ਲਾਉਣ, ਸਿਆਸੀ, ਰਾਜਨੀਤਿਕ ਤੇ ਜਾਤੀ ਟਿੱਪਣੀਆਂ ਪੇਸ਼ ਕਰਨ ਦਾ ਕੰਮ ਕਰ ਰਹੇ ਹਨ। 
42. ਬਲੌਗ ਹੁੰਦਾ ਕੀ ਹੈ ਤੇ ਇਹ ਮਾਂ-ਬੋਲੀ ਪੰਜਾਬੀ ਵਿਚ ਕਿਵੇਂ ਬਣਾਇਆ ਜਾ ਸਕਦਾ ਹੈ?
 ਬਲੌਗਰ ਇੱਕ ਅਜਿਹਾ ਆਨ-ਲਾਈਨ ਪ੍ਰੋਗਰਾਮ ਹੁੰਦਾ ਹੈ ਜਿਸ ਵਿਚ ਤੁਸੀਂ ਆਪਣੇ ਨਿੱਜੀ ਤਜਰਬਿਆਂ ਬਾਰੇ ਜਾਂ ਕਿਸੇ ਹੋਰ ਸੰਜੀਦਾ ਮਸਲੇ 'ਤੇ ਜਾਣਕਾਰੀ ਦਾਖਲ ਕਰ ਸਕਦੇ ਹੋ। ਅਸਲ ਵਿਚ ਇਹ ਉਨ੍ਹਾਂ ਲੋਕਾਂ ਲਈ ਹੋਰ ਵੀ ਜ਼ਿਆਦਾ ਲਾਭਕਾਰੀ ਹੈ ਜਿਨ੍ਹਾਂ ਨੂੰ ਵੈੱਬਸਾਈਟ ਬਣਾਉਣੀ ਨਹੀਂ ਆਉਂਦੀ। ਇਹ ਸਮਝ ਲਵੋ ਕਿ ਬਲੌਗ ਵੈੱਬਸਾਈਟ ਤੋਂ ਇੱਕ ਪੜਾਅ ਪਿਛਾਂਹ ਦੀ ਤਕਨੀਕ ਹੈ। ਇਹ ਤੁਹਾਡੀ ਨਿੱਜੀ ਡਾਇਰੀ ਵਰਗਾ ਹੁੰਦਾ ਹੈ ਜਿਸ ਵਿਚ ਜਦੋਂ ਮਰਜ਼ੀ ਕੁੱਝ ਲਿਖ ਲਵੋ ਜਾਂ ਪੁਰਾਣਾ ਮਿਟਾ ਦੇਵੋ। ਬਲੌਗ ਵਿਚ ਤੁਸੀਂ ਆਪਣੀ ਜਾਣਕਾਰੀ ਨੂੰ ਪ੍ਰਤੀ ਦਿਨ ਨਵਿਆ ਸਕਦੇ ਹੋ ਤੇ ਇਸ ਵਿਚ ਵਾਧਾ ਕਰ ਸਕਦੇ ਹੋ। ਬਲੌਗ ਬਣਾਉਣ ਦੀ ਸੁਵਿਧਾ ਕਈ ਵੈੱਬਸਾਈਟਾਂ ਨੇ ਪ੍ਰਦਾਨ ਕਰਵਾਈ ਹੈ। blogspot.com 'ਤੇ ਤੁਸੀਂ ਬੜੀ ਆਸਾਨੀ ਨਾਲ ਬਲੌਗ ਬਣਾ ਸਕਦੇ ਹੋ। ਪੰਜਾਬੀ ਭਾਸ਼ਾ ਵਿਚ ਬਲੌਗ ਬਣਾਉਣ ਲਈ ਤੁਹਾਡਾ ਮੈਟਰ ਯੂਨੀਕੋਡ ਵਿਚ ਹੋਣਾ ਜ਼ਰੂਰੀ ਹੈ। 
43. ਸਾਈਬਰ ਅਪਰਾਧ ਕੀ ਹੁੰਦੇ ਹਨ?
 ਇੰਟਰਨੈੱਟ ਨੇ ਪੂਰੀ ਦੁਨੀਆ ਨੂੰ ਆਪਣੀ ਗਿਰਫ਼ਤ ਵਿਚ ਲੈ ਲਿਆ ਹੈ। ਪੂਰੀ ਦੁਨੀਆ ਦਾ ਪੜ੍ਹਿਆ-ਲਿਖਿਆ ਵਰਗ ਨਾਲ ਇੰਟਰਨੈੱਟ ਤੇ ਨਿਰਭਰ ਹੋਣ ਲੱਗ ਪਿਆ ਹੈ। ਇੰਟਰਨੈੱਟ ਦੀਆਂ ਤਮਾਮ ਸੁਵਿਧਾਵਾਂ ਵਿਚੋਂ ਵਰਲਡ ਵਾਈਡ ਵੈੱਬ ਦੀ ਇੱਕ ਆਪਣੀ ਹੀ ਅਨੋਖੀ ਦੁਨੀਆ ਹੈ। ਜਿੱਥੇ ਇੰਟਰਨੈੱਟ ਨੇ ਵੱਖ-ਵੱਖ ਦੇਸ਼ਾਂ ਦੀਆਂ ਰਾਜਸੀ, ਭੂਗੋਲਿਕ ਹੱਦਾਂ ਨੂੰ ਧੁੰਦਲਾ ਬਣਾ ਕੇ ਅੰਤਰਰਾਸ਼ਟਰੀ ਨੈੱਟਵਰਕ ਦਾ ਰੁਤਬਾ ਹਾਸਲ ਕਰ ਲਿਆ ਹੈ ਉੱਥੇ ਇਸ ਦੇ ਦੁਰਉਪਯੋਗ ਕਾਰਨ ਉਪਜੇ ਖ਼ਤਰਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਕੰਪਿਊਟਰ ਦੇ ਆਗਮਨ ਨਾਲ ਕਈ ਨਵੀਂ ਕਿਸਮ ਦੇ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਅਪਰਾਧ ਕਾਪੀ ਰਾਈਟ ਕਾਨੂੰਨ ਦੀ ਉਲੰਘਣਾ ਕਰਨ, ਦੂਸਰੇ ਦੀ ਸਮਗਰੀ ਦੀ ਤੋੜ-ਮਰੋੜ ਕਰਨ ਅਤੇ ਆਪਣੇ ਹੀ ਤਰੀਕੇ ਨਾਲ ਇਜ਼ਾਫਾ ਕਰਨ ਨਾਲ ਸਬੰਧਿਤ ਸਨ। ਇੰਟਰਨੈੱਟ ਨੂੰ ਮਾਧਿਅਮ ਬਣਾ ਕੇ ਵਾਪਰਨ ਵਾਲੇ ਅਜਿਹੇ ਘਿਣਾਉਣੇ ਅਪਰਾਧਾਂ ਨੂੰ ਸਾਈਬਰ ਅਪਰਾਧਾਂ ਦਾ ਨਾਮ ਦਿੱਤਾ ਗਿਆ ਹੈ।
ਅੱਜ ਦੇ ਅਪਰਾਧ ਨਾ ਬੰਦੂਕ ਦੀ ਨੋਕ 'ਤੇ ਅਤੇ ਨਾ ਹੀ ਤਲਵਾਰ ਦੀ ਧਾਰ 'ਤੇ ਹੁੰਦੇ ਹਨ। ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਤੁਹਾਡੇ ਬੈੱਡ-ਰੂਮ ਵਿਚ ਪਏ ਕੰਪਿਊਟਰ ਦਾ ਇੱਕ ਮਾਊਸ ਕਲਿੱਕ ਹੀ ਕਾਫ਼ੀ ਹੈ।
ਕਈ ਮਹੱਤਵਪੂਰਨ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦਾ ਵੈੱਬਸਾਈਟਾਂ ਜਾਂ ਈ-ਮੇਲ ਰਾਹੀਂ ਪਹਿਲਾਂ ਹੀ ਲੀਕ ਹੋ ਜਾਣਾ, ਨਿੱਜੀ ਜਾਣਕਾਰੀ ਨੂੰ ਚੁਰਾਉਣ ਦੇ ਮਾਮਲੇ ਅਤੇ ਈ-ਧੋਖਾਧੜੀ ਨਾਲ ਸਬੰਧਿਤ ਕੇਸ ਸਾਈਬਰ ਅਪਰਾਧਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਬੈਂਕਾਂ ਜਾਂ ਹੋਰਨਾਂ ਵਿੱਤੀ ਸੰਸਥਾਵਾਂ ਵਿਚੋਂ ਇੰਟਰਨੈੱਟ ਰਾਹੀਂ ਧੋਖੇ ਨਾਲ ਰੁਪਏ ਕਢਵਾਉਣ ਦੇ ਕਾਰਨਾਮੇ ਕੋਈ ਨਵੇਂ ਨਹੀਂ ਹਨ ਸਗੋਂ ਇਹ ਤਾਂ ਇੰਟਰਨੈੱਟ ਦੇ ਆਗਮਨ ਦੇ ਨਾਲ ਹੀ ਹੋਂਦ ਵਿਚ ਆ ਗਏ ਸਨ ਤੇ ਹੁਣ ਇਹ ਆਮ ਹੋ ਗਏ ਹਨ। 
44. ਸਾਈਬਰ ਅਪਰਾਧਾਂ ਰਾਹੀਂ ਕਿਹੜੇ ਖ਼ਤਰੇ ਪੈਦਾ ਹੋ ਸਕਦੇ ਹਨ?
 ਇੰਟਰਨੈੱਟ ਦੇ ਆਉਣ ਨਾਲ ਦੂਸਰੇ ਦੇ ਕੰਪਿਊਟਰ ਵਿਚ ਪਏ ਅੰਕੜਿਆਂ ਨੂੰ ਚੋਰੀ ਕਰਨ ਜਾਂ ਮਾਰੂ ਤਬਦੀਲੀਆਂ ਕਰਨ ਦੇ ਕਾਰਨਾਮੇ ਬਹੁਤ ਸੁਖਾਲੇ ਹੋ ਗਏ ਹਨ। ਦੂਰ-ਦੁਰਾਡੇ ਬੈਠ ਕੇ ਦੂਸਰੇ ਵਿਅਕਤੀ ਦੇ ਕੰਪਿਊਟਰ ਨੂੰ ਚਲਾ ਕੇ ਸੰਨ੍ਹ ਮਾਰਨ ਦੀ ਕਾਰਵਾਈ ਨੂੰ ''ਹੈਕਿੰਗ'' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ... ਤੇ ਉਹ ਵਿਅਕਤੀ ਜੋ ਅਜਿਹੇ ਕਾਰਜ ਨੂੰ ਅੰਜਾਮ ਦਿੰਦੇ ਹਨ ਨੂੰ ''ਹੈੱਕਰਸ'' ਕਿਹਾ ਜਾਂਦਾ ਹੈ।
ਕਈ ਹੱੈਕਰਸ ਹਜ਼ਾਰਾਂ ਕੋਹਾਂ ਦੀ ਦੂਰੀ 'ਤੇ ਆਪਣੇ ਘਰ ਵਿਚ ਪਏ ਕੰਪਿਊਟਰ ਰਾਹੀਂ ਅਮਰੀਕਾ ਦੇ ਵਾਈਟ ਹਾਊਸ ਦੇ ਸੁਪਰ ਕੰਪਿਊਟਰ ਨੂੰ ਹੈੱਕ ਕਰ ਸਕਦੇ ਹਨ। ਅਜਿਹੇ ਹੈਕਿੰਗ ਦੇ ਕਾਰਨਾਮੇ ਕਰਨ ਵਾਲੇ ਵਿਅਕਤੀਆਂ ਨੂੰ ''ਸਾਈਬਰ ਅੱਤਵਾਦੀਆਂ'' ਦਾ ਨਾਮ ਦਿੱਤਾ ਜਾ ਸਕਦਾ ਹੈ।
ਇੰਟਰਨੈੱਟ ਦੀ ਦੁਨੀਆ ਵਿਚ ਸਾਈਬਰ ਅੱਤਵਾਦੀਆਂ ਦਾ ਇੱਕ ਨਿਵੇਕਲਾ ਵਰਗ ਪਨਪ ਰਿਹਾ ਹੈ। ਅਜਿਹੇ ਅੱਤਵਾਦੀ ਜ਼ਿਆਦਾਤਰ ਸਰਕਾਰੀ ਕੰਪਿਊਟਰਾਂ ਨੂੰ ਹੀ ਹੈੱਕ ਕਰਦੇ ਹਨ। ਇਹ ਅਪਰਾਧੀ ਦੂਸਰੇ ਤੋਂ ਮੋਟੀ ਫਿਰੌਤੀ ਪ੍ਰਾਪਤ ਕਰਨ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਹੈਕਿੰਗ ਦੀ ਕਾਰਵਾਈ ਨੂੰ ਅਮਲ 'ਚ ਲਿਆਉਂਦੇ ਹਨ।
ਜਦੋਂ ਹੈਕਿੰਗ ਦੀ ਗਿਰਫ਼ਤ ਵਿਚ ਆਇਆ ਕੰਪਿਊਟਰ ਚਾਲੂ ਕੀਤਾ ਜਾਂਦਾ ਹੈ ਤਾਂ ਉਸ ਵਿਚ ਪਈ ਅੰਕੜਾ-ਸਮਗਰੀ ਗ਼ਾਇਬ ਹੋ ਚੁੱਕੀ ਹੁੰਦੀ ਹੈ। ਕਈ ਵਾਰ ਹੈੱਕਰ ਸਕਰੀਨ ਉੱਤੇ ਆਪਣਾ ਸੰਦੇਸ਼ ਛੱਡ ਜਾਂਦੇ ਹਨ। ਆਮ ਤੌਰ 'ਤੇ ਇਹਨਾਂ ਸੰਦੇਸ਼ਾਂ ਵਿਚ ਫਿਰੌਤੀ ਦੀ ਮੰਗ ਕੀਤੀ ਹੁੰਦੀ ਹੈ।
ਵਿਕਸਿਤ ਦੇਸ਼ਾਂ ਵਿਚ ਹੈਕਿੰਗ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਰ ਅਫ਼ਸੋਸ ਕਿ ਸਾਡਾ ਦੇਸ਼ ਵੀ ਅਜਿਹੇ ਅਪਰਾਧੀਆਂ ਦੀ ਪਕੜ ਵਿਚ ਆ ਚੁੱਕਾ ਹੈ। ਸਾਡੇ ਦੇਸ਼ ਵਿਚ ਹੈਕਿੰਗ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕਾਰਗਰ ਦੇ ''ਅਪਰੇਸ਼ਨ ਵਿਜੇ'' ਅਭਿਆਨ ਸਮੇਂ ਭਾਰਤੀ ਸੁਰੱਖਿਆ ਏਜੰਸੀਆਂ ਦੇ ਕੰਪਿਊਟਰ ਹੈੱਕ ਹੋ ਗਏ ਸਨ। ਪੋਖਰਾਨ ਦੇ ਪਰਮਾਣੂ ਨਿਰੀਖਣ ਸਮੇਂ ਸਾਡੇ ਸੁਪਰ ਕੰਪਿਊਟਰ ਨੇ ਹੈਕਿੰਗ ਦੇ ਪ੍ਰਭਾਵ ਹੇਠ ਆ ਕੇ ਹੱਥ ਖੜੇ ਕਰ ਦਿੱਤੇ ਸਨ। 
45. ਕੀ ਅਮੀਰ ਬਣਾਉਣ ਵਾਲੇ ਈ-ਮੇਲ ਸੰਦੇਸ਼ ਸੱਚੇ ਹੁੰਦੇ ਹਨ?
 ਧਿਆਨ ਰੱਖੋ ! ''ਮੁਫ਼ਤ ਧਨ'' ਨਾਂ ਦੀ ਕੋਈ ਚੀਜ਼ ਨਹੀਂ। ਤੁਸੀਂ ਜੋ ਕੁੱਝ ਵੀ ਕਰ ਰਹੇ ਹੋ ਆਪਣੇ ਲਈ ਕਰ ਰਹੇ ਹੋ.....ਤੇ ਜੇਕਰ ਫਿਰ ਵੀ ਕੋਈ ਤੁਹਾਨੂੰ ਮੁਫ਼ਤ ਵਿਚ ਰੁਪਿਆਂ ਦੀ ਪੇਸ਼ਕਸ਼ ਕਰਦਾ ਹੈ ਤਾਂ ਸਮਝੋ ਕੋਈ ਗੜਬੜ ਹੈ। ਜੇਕਰ ਤੁਹਾਡਾ ਆਪਣਾ ਈ-ਮੇਲ ਖਾਤਾ ਹੈ ਤਾਂ ਧਿਆਨ ਰੱਖੋ ਕਿ ਰਾਤੋ-ਰਾਤ ਅਮੀਰ ਬਣਾਉਣ ਵਾਲਾ ਅਜਿਹਾ ਈ-ਮੇਲ ਸੰਦੇਸ਼ ਤੁਹਾਨੂੰ ਵੀ ਆ ਸਕਦਾ ਹੈ। ਕੀ ਅਜਿਹੇ ਈ-ਮੇਲ ਸੰਦੇਸ਼ ਸੱਚ ਹੁੰਦੇ ਹਨ ? ਅਜਿਹੇ ਕਾਰਨਾਮੇ ਪਿੱਛੇ ਭੇਜਣ ਵਾਲੇ ਦਾ ਕੀ ਮਨੋਰਥ ਹੁੰਦਾ ਹੈ ? ਅਜਿਹੇ ਸੰਦੇਸ਼ ਤੁਹਾਨੂੰ ਕਿਸ ਤਰ੍ਹਾਂ ਧੋਖਾ ਦੇ ਸਕਦੇ ਹਨ ?
ਅਜਿਹੇ ਪ੍ਰਭਾਵਸ਼ਾਲੀ ਸੰਦੇਸ਼ਾਂ ਵਿਚ ਜੋ ਕੁੱਝ ਲਿਖਿਆ ਹੁੰਦਾ ਹੈ ਉਸ ਦੇ ਨਮੂਨੇ ਦਾ ਪੰਜਾਬੀ ਰੂਪ ਇਸ ਪ੍ਰਕਾਰ ਹੈ। ''ਆਪ ਇਹ ਜਾਣ ਕੇ ਖ਼ੁਸ਼ ਹੋਵੋਗੇ ਕਿ ਤੁਸੀਂ ਬੰਪਰ ਲਾਟਰੀ ਦੇ ਇੱਕ ਲੱਖ ਅਮਰੀਕੀ ਡਾਲਰ (45 ਲੱਖ ਰੁਪਏ) ਦੇ ਵਿਜੇਤਾ ਬਣ ਚੁੱਕੇ ਹੋ। ਟਿਕਟ ਨੰਬਰ 1055342152 ਨਾਲ ਜੁੜਿਆ ਤੁਹਾਡਾ ਈ-ਮੇਲ ਪਤਾ ਵਿਜੇਤਾ ਨੰਬਰ 7-22-1-07 ਨਾਲ ਚੁਣਿਆ ਗਿਆ ਹੈ। ਆਪ ਨੂੰ ਬਹੁਤ-ਬਹੁਤ ਵਧਾਈ।''
''ਜਦੋਂ ਤੱਕ ਇਨਾਮੀ ਰਾਸ਼ੀ ਆਪ ਨੂੰ ਨਾ ਭੇਜ ਦਿੱਤੀ ਜਾਵੇ, ਅਸੀਂ ਆਪ ਨੂੰ ਇਹ ਸੂਚਨਾ ਗੁਪਤ ਰੱਖਣ ਦੀ ਬੇਨਤੀ ਕਰਦੇ ਹਾਂ। ਕਿਸੇ ਦੋਹਰੇ ਦਾਅਵੇ ਤੋਂ ਬਚਣ ਲਈ ਕੁੱਝ ਉਪਾਅ ਕੀਤੇ ਗਏ ਹਨ। ਆਪਣਾ ਦਾਅਵਾ ਪੇਸ਼ ਕਰਨ ਲਈ ਤੁਸੀਂ ਇਸ ਪਤੇ 'ਤੇ ਸੰਪਰਕ ਕਰੋ bob@bumperlottery.com |
ਆਪ ਜੀ ਦਾ ਆਗਿਆਕਾਰੀ,
ਲਾਟਰੀ ਸੰਯੋਜਕ ''
ਇਸ ਸੰਦੇਸ਼ ਨਾਲ ਤੁਹਾਡੇ ਬਾਰੇ ਨਿੱਜੀ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗਵਾਈ ਜਾਂਦੀ ਹੈ। ਜਦੋਂ ਕੋਈ ਵਿਅਕਤੀ ਭੇਜਣ ਵਾਲੇ ਦੇ ਪਤੇ ਤੇ ਜਵਾਬ ਮੇਲ ਕਰ ਬੈਠਦਾ ਹੈ ਤਾਂ ਅੱਗੋਂ ਇੱਕ ਅਲੱਗ ਈ-ਮੇਲ ਸੰਦੇਸ਼ ਰਾਹੀਂ ਕੁੱਝ ਰਾਸ਼ੀ ਭੇਜਣ ਦੀ ਬੇਨਤੀ ਕੀਤੀ ਜਾਂਦੀ ਹੈ। ਸੰਦੇਸ਼ ਵਿਚ ਰਾਸ਼ੀ ਨੂੰ ਆਪਣੇ ਬੈਂਕ ਖਾਤੇ ਤੋਂ ਉਸ ਦੇ ਬੈਂਕ ਖਾਤੇ ਵਿਚ ਤਬਦੀਲ ਕਰਵਾਉਣ ਦੀ ਗੱਲ ਲਿਖੀ ਹੁੰਦੀ ਹੈ।
ਦਰਅਸਲ, ਜਦੋਂ ਤੁਸੀਂ ਆਪਣੇ ਬਾਰੇ ਜਾਣਕਾਰੀ ਭੇਜ ਦਿੱਤੀ ਤਾਂ ਸਮਝੋ ਧੋਖੇਬਾਜ਼ ਦਾ ਮਸਲਾ ਹੱਲ ਹੋ ਗਿਆ। ਤੁਸੀਂ ਮੁਫ਼ਤ ਦੇ ਚੈੱਕ ਦੀ ਉਡੀਕ ਕਰਦੇ ਰਹੋਗੇ ਤੇ ਉਧਰੋਂ ਤੁਹਾਡੇ ਬੈਂਕ ਖਾਤੇ ਦੀ ਸਾਰੀ ਰਾਸ਼ੀ ਗ਼ਾਇਬ ਹੋ ਚੁੱਕੀ ਹੋਵੇਗੀ।
ਠੱਗਾਂ ਦੇ ਮੱਕੜ-ਜਾਲ ਤੋਂ ਬਚਣ ਲਈ ਕੁੱਝ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਯਾਦ ਰੱਖੋ ਬੈਂਕ ਕਦੇ ਵੀ ਤੁਹਾਡੇ ਤੋਂ ਗੁਪਤ ਜਾਣਕਾਰੀ ਜਿਵੇਂ ਕਿ ਖਾਤੇ ਦਾ 'ਪਾਸਵਰਡ' ਆਦਿ ਨਹੀਂ ਪੁੱਛਦਾ। ਇਸ ਲਈ ਤੁਹਾਡਾ 'ਲਾਗ-ਇਨ' ਪਤਾ ਪੁੱਛਣ ਵਾਲਾ ਕੋਈ ਈ-ਮੇਲ ਸੰਦੇਸ਼ ਆਵੇ ਤਾਂ ਉਸ ਨੂੰ ਤੁਰੰਤ ਹਟਾ ਦਿਓ। ਅਜਿਹੇ ਈ-ਮੇਲ ਸੰਦੇਸ਼ਾਂ ਤੋਂ ਬਚੋ ਜੋ ਤੁਹਾਡੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਭੇਜੇ ਗਏ ਹੋਣ। ਕਿਸੇ ਅਗਿਆਤ ਈ-ਮੇਲ ਰਾਹੀਂ ਪ੍ਰਾਪਤ ਹੋਏ ਕਿਸੇ ਵੈੱਬ ਸੰਪਰਕ (ਲਿੰਕ) ਨੂੰ ਬੜਾ ਸੋਚ ਸਮਝ ਕੇ ਖੋਲ੍ਹੋ। ਹੋ ਸਕਦਾ ਹੈ ਕਿ ਉਹ ਵੈੱਬ ਲਿੰਕ ਤੁਹਾਡੇ ਕਿਸੇ ਅਸੁਰੱਖਿਅਤ ਵੈੱਬਸਾਈਟ 'ਤੇ ਲੈ ਜਾਵੇ।
ਈ-ਮੇਲ ਸੰਦੇਸ਼ ਦੇ ਮਾਮਲੇ ਵਿਚ ਕਿਸੇ 'ਤੇ ਤਰਸ ਨਾ ਕਰੋ। ਆਪਣਾ ਈ-ਮੇਲ ਪਤਾ ਸਿਰਫ਼ ਜਾਣਕਾਰ ਵਿਅਕਤੀਆਂ ਨੂੰ ਹੀ ਦੇਵੋ। ਇਸ ਤੋਂ ਇਲਾਵਾ ਸਪੈਮਿੰਗ ਮੇਲ ਜਿਵੇਂ ਕਿ ਮਜ਼ਾਕੀਆ ਤੇ ਬਿਲਕੁਲ ਫ਼ਜ਼ੂਲ ਕਿਸਮ ਦੇ ਈ-ਮੇਲ ਸੰਦੇਸ਼ਾਂ ਨਾਲ ਵੀ ਬਹੁਤਾ ਮੋਹ ਨਹੀਂ ਲਾਉਣਾ ਚਾਹੀਦਾ। ਇਸ ਨਾਲ ਵਕਤ ਦੀ ਬਰਬਾਦੀ ਤੋਂ ਸਿਵਾ ਹੋਰ ਕੁੱਝ ਨਹੀਂ ਮਿਲਦਾ।  
46. ਆਪਣੇ ਪਾਸਵਰਡ ਨੂੰ ਕਿਵੇਂ ਸੁਰੱਖਿਅਤ ਰੱਖੀਏ?
 ਜੇਕਰ ਕਿਸੇ ਬੈਂਕ ਨਾਲ ਤੁਸੀਂ ਕਰੈਡਿਟ ਕਾਰਡ ਜਾਂ ਏ.ਟੀ.ਐਮ. ਦੇ ਜ਼ਰੀਏ ਲੈਣ-ਦੇਣ ਕਰ ਰਹੇ ਹੋ ਤਾਂ ਸਾਵਧਾਨ! ਤੁਹਾਡਾ ਬੈਂਕ ਬੈਲੇਂਸ ਕਿਸੇ ਵੇਲੇ ਵੀ ਨਿੱਲ ਹੋ ਸਕਦਾ ਹੈ। ਸਾਈਬਰ ਅਪਰਾਧੀ ਤੁਹਾਡੀ ਨਿੱਜੀ ਪਛਾਣ ਦੀ ਚੋਰੀ ਕਰ ਕੇ ਤੁਹਾਡੇ ਬੈਂਕ ਵਿਚਲੀ ਰਾਸ਼ੀ ਨੂੰ ਕਿਸੇ ਸਮੇਂ ਵੀ ਕਢਵਾ ਸਕਦੇ ਹਨ। ਇਸ ਅਲਾਮਤ ਤੋਂ ਬਚਣ ਲਈ ਆਪਣੇ ਕਾਰਡ ਦੇ ਪਾਸਵਰਡ ਦੀ ਸੁਰੱਖਿਆ ਯਕੀਨੀ ਬਣਾਓ। ਪਾਸਵਰਡ ਗੁੰਝਲਦਾਰ ਤੇ ਤੁਹਾਡੇ ਨਾਮ ਜਾਂ ਪਛਾਣ ਤੋਂ ਥੋੜ੍ਹਾ ਜਿਹਾ ਵੱਖਰਾ ਹੋਣਾ ਚਾਹੀਦਾ ਹੈ ਤਾਂ ਜੋ ਜਲਦੀ ਨਾਲ ਕੋਈ ਅੰਦਾਜ਼ਾ ਨਾ ਲਗਾ ਸਕੇ। ਸਮੇਂ-ਸਮੇਂ 'ਤੇ ਆਪਣਾ ਪਾਸਵਰਡ ਬਦਲਦੇ ਰਹੋ। ਏ.ਟੀ.ਐਮ. ਬੂਥ 'ਚ ਪੂਰੇ ਸਤਰਕ ਰਹੋ। ਹੋ ਸਕਦਾ ਹੈ ਉੱਥੇ ਖੜ੍ਹਾ ਕੋਈ ਵਿਅਕਤੀ ਤੁਹਾਨੂੰ ਪਾਸਵਰਡ ਭਰਦਿਆਂ ਨੂੰ ਵੇਖ ਲਵੇ। ਏ.ਟੀ.ਐਮ. ਕਾਰਡ ਬਦਲਣ ਦੀਆਂ ਵੀ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿੱਛੇ ਜਿਹੇ ਇੱਕ ਅਜਿਹੇ ਬੱਚੇ ਨੂੰ ਕਾਬੂ ਕੀਤਾ ਗਿਆ ਜਿਹੜਾ ਏ.ਟੀ.ਐਮ ਬੂਥ ਵਿਚ ਦਾਖਲ ਹੋ ਕੇ ਚਲਾਕੀ ਨਾਲ ਪਾਸਵਰਡ ਵੇਖ ਲੈਂਦਾ ਸੀ ਤੇ ਫਿਰ ਫੁਰਤੀ ਨਾਲ ਏ.ਟੀ.ਐਮ. ਕਾਰਡ ਬਦਲ ਲੈਂਦਾ ਸੀ। ਇਸ ਮਗਰੋਂ ਉਹ ਉਸ ਦੇ ਖਾਤੇ ਵਿਚੋਂ ਪੈਸੇ ਕਢਵਾਉਣ 'ਚ ਕਾਮਯਾਬ ਹੋ ਜਾਂਦਾ ਸੀ। ਦੇਸ਼-ਵਿਦੇਸ਼ ਵਿਚ ਅਜਿਹੇ ਸਾਈਬਰ ਠੱਗਾਂ ਦੀ ਚੋਰ-ਬਾਜ਼ਾਰੀ ਵਧਦੀ ਹੀ ਜਾ ਰਹੀ ਹੈ। ਸੋ ਇਸ ਸੰਜੀਦਾ ਮਾਮਲੇ 'ਚ ਸਾਨੂੰ ਖ਼ੁਦ ਨੂੰ ਸਾਵਧਾਨ ਰਹਿਣ ਦੀ ਵੱਡੀ ਲੋੜ ਹੈ। 
47. ਕੰਪਿਊਟਰ ਖ਼ਰੀਦਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
 ਜੇਕਰ ਤੁਸੀਂ ਕੰਪਿਊਟਰ ਖ਼ਰੀਦਣ ਦਾ ਮਨ ਬਣਾ ਲਿਆ ਹੈ ਤਾਂ ਸਭ ਤੋਂ ਪਹਿਲਾਂ ਇਹ ਫ਼ੈਸਲਾ ਕਰੋ ਕਿ ਤੁਸੀਂ ਕੰਪਿਊਟਰ ਤੋਂ ਕਿਹੜੇ-ਕਿਹੜੇ ਕੰਮ ਲੈਣੇ ਹਨ ? ... ਤੇ ਕੰਪਿਊਟਰ ਉੱਤੇ ਤੁਸੀਂ ਕਿੰਨਾ ਕੁ ਖ਼ਰਚ ਕਰਨਾ ਚਾਹੁੰਦੇ ਹੋ? ਇਸ ਸੰਬੰਧ ਵਿਚ ਤੁਸੀਂ ਆਪਣੇ ਦੋਸਤਾਂ ਸਹਿਕਰਮੀਆਂ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹੋ। ਕੰਪਿਊਟਰ ਅਤੇ ਇਸ ਦੇ ਵੱਖ-ਵੱਖ ਭਾਗਾਂ ਦੀਆਂ ਕੀਮਤਾਂ ਦੇ ਸਬੰਧ ਵਿਚ ਤੁਸੀਂ ਵੈੱਬਸਾਈਟਾਂ ਜਾਂ ਰਸਾਲਿਆਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਆਮ ਤੌਰ 'ਤੇ ਬਾਜ਼ਾਰ ਵਿਚ ਦੋ ਪ੍ਰਕਾਰ ਦੇ ਪਰਸਨਲ ਕੰਪਿਊਟਰ ਉਪਲਬਧ ਹਨ। ਪਹਿਲੇ ਬਰਾਂਡ ਕੰਪਿਊਟਰ ਅਤੇ ਦੂਸਰੇ ਕਲੋਨ ਕੰਪਿਊਟਰ। ਬਰਾਂਡ ਕੰਪਿਊਟਰ ਕੁੱਝ ਨਾਮਵਰ ਕੰਪਿਊਟਰ ਕੰਪਨੀਆਂ ਦੇ ਮਾਰਕੇ ਵਾਲੇ ਹੁੰਦੇ ਹਨ। ਬਰਾਂਡ ਕੰਪਿਊਟਰਾਂ ਦੇ ਸਾਰੇ ਕਲ-ਪੁਰਜ਼ੇ ਸਬੰਧਿਤ ਕੰਪਨੀ ਵੱਲੋਂ ਤਿਆਰ ਜਾਂ ਪ੍ਰਮਾਣਿਤ ਹੁੰਦੇ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿਚ ਬਰਾਂਡ ਕੰਪਿਊਟਰ ਹੀ ਵਰਤੇ ਜਾਂਦੇ ਹਨ। ਇਹ ਕੰਪਿਊਟਰ ਕਲੋਨ ਕੰਪਿਊਟਰਾਂ ਨਾਲੋਂ ਮਹਿੰਗੇ ਹੁੰਦੇ ਹਨ ਪਰ ਇਹਨਾਂ ਦਾ ਮਿਆਰ, ਭਰੋਸੇਯੋਗਤਾ, ਅਤੇ ਉਮਰ ਲੰਬੀ ਹੁੰਦੀ ਹੈ। ਦੂਸਰੇ ਪਾਸੇ, ਕਲੋਨ ਕੰਪਿਊਟਰਾਂ ਨੂੰ ਅਸੈਂਬਲਡ ਕੰਪਿਊਟਰਾਂ ਦਾ ਨਾਮ ਵੀ ਦਿੱਤਾ ਜਾਂਦਾ ਹੈ। ਕਲੋਨ ਕੰਪਿਊਟਰ ਵਿਚ ਲੱਗੇ ਵੱਖ-ਵੱਖ ਭਾਗ ਵੱਖ-ਵੱਖ ਕੰਪਨੀਆਂ ਦੁਆਰਾ ਤਿਆਰ ਕੀਤੇ ਹੋ ਸਕਦੇ ਹਨ। ਕੰਪਿਊਟਰ ਅਸੈਂਬਲਰ ਪਹਿਲਾਂ ਬਾਜ਼ਾਰ ਵਿਚੋਂ ਕੰਪਿਊਟਰ ਦੇ ਵੱਖ ਵੱਖ ਭਾਗਾਂ ਨੂੰ ਖ਼ਰੀਦਦਾ ਹੈ ਤੇ ਫਿਰ ਉਨ੍ਹਾਂ ਨੂੰ ਜੋੜ ਕੇ ਕੰਪਿਊਟਰ ਤਿਆਰ ਕਰਦਾ ਹੈ। ਇਹਨਾਂ ਕੰਪਿਊਟਰਾਂ ਦਾ ਫ਼ਾਇਦਾ ਇਹ ਹੈ ਕਿ ਤੁਸੀਂ ਆਪਣੇ ਕੰਪਿਊਟਰ ਵਿਚ ਮਨ-ਚਾਹਿਆ ਸਮਾਨ ਪਵਾ ਸਕਦੇ ਹੋ। ਵੈਸੇ ਵੀ ਇਹ ਕੰਪਿਊਟਰ ਬਰਾਂਡਿਡ ਕੰਪਿਊਟਰਾਂ ਨਾਲੋਂ ਕਾਫ਼ੀ ਸਸਤੇ ਹੁੰਦੇ ਹਨ। 
48. ਕੰਪਿਊਟਰ ਵਰਤਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
 ਅੱਗੇ ਅਸੀਂ ਗੱਲ ਕਰਦੇ ਹਾਂ ਕੰਪਿਊਟਰ ਚਲਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੰਪਿਊਟਰ ਨੂੰ ਇੱਕ ਸਾਫ਼ ਸੁਥਰੇ ਤੇ ਹਵਾਦਾਰ ਕਮਰੇ ਵਿਚ ਹੀ ਲਗਾਓ
ਤੇ ਇਸ ਨੂੰ ਹਮੇਸ਼ਾ ਧੂੜ-ਘੱਟੇ, ਸੂਰਜ ਦੀ ਸਿੱਧੀ ਰੌਸ਼ਨੀ ਅਤੇ ਸਲ੍ਹਾਬ ਆਦਿ ਤੋਂ ਦੂਰ ਰੱਖੋ। ਕੰਪਿਊਟਰ ਦੀ ਅੰਦਰੂਨੀ ਅਤੇ ਬਾਹਰੀ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਕੰਪਿਊਟਰ ਨੂੰ ਸਾਫ਼ ਕਰਨ ਲਈ ਸਾਫ਼ਟ ਬੁਰਸ਼ ਜਾਂ ਨਰਮ ਤੇ ਸਾਫ਼ ਸੁਥਰੇ ਕੱਪੜੇ ਦੀ ਵਰਤੋਂ ਕਰੋ। ਪ੍ਰਿੰਟਰ ਵਿਚ ਵਧੀਆ ਕਿਸਮ ਦਾ ਕਾਗ਼ਜ਼ ਇਸਤੇਮਾਲ ਕਰੋ ਤੇ ਇਸ ਨੂੰ ਘੱਟੇ-ਮਿੱਟੀ ਅਤੇ ਸਲ੍ਹਾਬ ਤੋਂ ਬਚਾ ਕੇ ਰੱਖੋ। ਮੌਨੀਟਰ ਦੀ ਸਕਰੀਨ ਅਤੇ ਸਕੈਨਰ ਦੇ ਸ਼ੀਸ਼ੇ ਨੂੰ ਖੁਰਦਰੇ ਜਾਂ ਸਖ਼ਤ ਕੱਪੜੇ ਨਾਲ ਨਾ ਰਗੜੋ। ਇਹਨਾਂ ਨੂੰ ਸਾਫ਼ ਕਰਨ ਲਈ ਹਮੇਸ਼ਾ ਵਿਸ਼ੇਸ਼ ਕਿਸਮ ਦੀ ਸਪਰੇਅ ਜਾਂ ਨਰਮ ਕੱਪੜੇ ਦਾ ਇਸਤੇਮਾਲ ਹੀ ਕਰੋ। ਇਸੇ ਤਰ੍ਹਾਂ ਮਾਊਸ ਨੂੰ ਖੁਰਦਰੇ ਤਲ 'ਤੇ ਬਿਲਕੁਲ ਨਾ ਚਲਾਓ। ਮਾਊਸ ਲਈ ਹਮੇਸ਼ਾ ਮਾਊਸ-ਪੈਡ ਦੀ ਹੀ ਵਰਤੋਂ ਕਰੋ।ਨ ਕੰਪਿਊਟਰ 'ਤੇ ਕੰਮ ਕਰਨ ਲਈ ਇੱਕ ਆਰਾਮਦਾਇਕ ਕੁਰਸੀ ਦਾ ਇਸਤੇਮਾਲ ਕਰੋ। ਕੁਰਸੀ ਦੀ ਬੈਕ ਤੁਹਾਡੀ ਗਰਦਨ ਜਿੰਨੀ ਉੱਚੀ ਹੋਣੀ ਚਾਹੀਦੀ ਹੈ। ਕੰਪਿਊਟਰ ਵਿਚ ਇੱਕ ਵਧੀਆ ਕਿਸਮ ਦਾ ਐਂਟੀ-ਵਾਇਰਸ ਪ੍ਰੋਗਰਾਮ ਰੱਖੋ। ਸਮੇਂ-ਸਮੇਂ ਉੱਤੇ ਇਸ ਨੂੰ ਅੱਪ-ਡੇਟ ਕਰਦੇ ਰਹੇ। ਕੰਪਿਊਟਰ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਬੰਦ ਕਰੋ।
ਕਮਰੇ ਵਿਚਲਾ ਪ੍ਰਕਾਸ਼ ਸਰੋਤ ਸਹੀ ਦਿਸ਼ਾ ਵਿਚ ਹੋਣਾ ਚਾਹੀਦਾ ਹੈ। ਪ੍ਰਕਾਸ਼ ਸਰੋਤ ਕਦੇ ਵੀ ਮੌਨੀਟਰ ਦੀ ਸਕਰੀਨ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਲੈਂਪ ਜਾਂ ਟਿਊਬ ਲਾਈਟ ਦਾ ਪ੍ਰਕਾਸ਼ ਸਕਰੀਨ ਤੋਂ ਪਰਿਵਰਤਿਤ ਹੋ ਕੇ ਤੁਹਾਡੀਆਂ ਅੱਖਾਂ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ।
ਕੰਪਿਊਟਰ ਦੇ ਸਮਾਨ ਨੂੰ ਢੱਕਣ ਲਈ ਵੱਖੋ-ਵੱਖਰੇ ਕਵਰ ਬਣਵਾਓ। ਇਸ ਨਾਲ ਕੰਪਿਊਟਰ ਮਿੱਟੀ ਘੱਟੇ ਤੋਂ ਬਚ ਸਕੇਗਾ। ਹਾਂ ਕੰਮ ਕਰਨ ਸਮੇਂ (ਖ਼ਾਸ ਕਰ ਕੇ ਗਰਮੀਆਂ ਵਿਚ) ਸੀ.ਪੀ.ਯੂ., ਮੌਨੀਟਰ ਆਦਿ ਭਾਗਾਂ ਦੇ ਕਵਰ ਉਤਾਰ ਦੇਣੇ ਚਾਹੀਦੇ ਹਨ।
ਕੰਪਿਊਟਰ ਉੱਤੇ ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਵਾਲਿਆਂ ਵਿਚ ਪਿੱਠ ਅਤੇ ਗਰਦਨ ਦੇ ਦਰਦ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਉਨ੍ਹਾਂ ਦੀਆਂ ਹਥੇਲੀਆਂ ਉੱਤੇ ਸੋਜ਼ਸ਼ ਅਤੇ ਅੱਖਾਂ ਵਿਚ ਵਿਕਾਰ ਪੈਦਾ ਹੋ ਸਕਦੇ ਹਨ। ਕੰਪਿਊਟਰ ਕਾਰਨ ਪੈਦਾ ਹੋਣ ਵਾਲੀਆਂ ਇਹਨਾਂ ਬਿਮਾਰੀਆਂ ਨੂੰ 'ਕੰਪਿਊਟਰ ਰਿਲੇਟਿਡ ਡਿਸੀਜਿਜ਼' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਜ਼ਿਆਦਾ ਸਮੇਂ ਤੱਕ ਲਗਾਤਾਰ ਕੰਪਿਊਟਰ ਬਿਲਕੁਲ ਨਾ ਵਰਤਿਆ ਜਾਵੇ। ਵਿਚੋਂ-ਵਿਚੋਂ ਬਰੇਕ ਲੈ ਕੇ ਘੁੰਮ-ਫਿਰ ਲਵੋ ਜਾਂ ਫਿਰ ਸੀਟ ਬਦਲ ਲਵੋ।
ਕੰਪਿਊਟਰੀ ਹਾਰਡ ਡਿਸਕ ਦੀ ਸੀ ਡਰਾਈਵ ਵਿਚ ਕਦੇ ਵੀ ਡਾਟਾ ਨਾ ਰੱਖੋ। ਕਿਉਂਕਿ ਕੰਪਿਊਟਰ ਆਪਰੇਟਿੰਗ ਸਿਸਟਮ ਵਿਚ ਕਿਸੇ ਪ੍ਰਕਾਰ ਦੀ ਤਰੁੱਟੀ ਹੋਣ ਦੀ ਸੂਰਤ ਵਿਚ ਇਸ ਨੂੰ ਦੁਬਾਰਾ ਫਾਰਮੈਟ ਮਾਰ ਕੇ ਇੰਸਟਾਲ ਕੀਤਾ ਜਾਂਦਾ ਹੈ। ਜੇਕਰ ਸੀ ਡਰਾਈਵ ਵਿਚ ਕੋਈ ਜ਼ਰੂਰੀ ਡਾਟਾ ਪਿਆ ਹੋਵੇ ਤਾਂ ਉਹ ਵੀ ਨਸ਼ਟ ਹੋ ਜਾਵੇਗਾ।
ਕੰਪਿਊਟਰ ਨਾਲ ਯੂ.ਪੀ.ਐਸ. ਜਾਂ ਯੂ.ਪੀ.ਐਸ. ਦੀ ਸੁਵਿਧਾ ਵਾਲੇ ਇਨਵਰਟਰ ਦਾ ਇਸਤੇਮਾਲ ਜ਼ਰੂਰ ਕਰੋ। ਅਜਿਹਾ ਨਾ ਹੋਣ ਦੀ ਸੂਰਤ ਵਿਚ ਕੰਪਿਊਟਰ ਦੇ ਅਚਾਨਕ ਬੰਦ ਹੋਣ ਨਾਲ ਹਾਰਡ ਡਿਸਕ ਦੇ ਖ਼ਰਾਬ ਹੋਣ ਅਤੇ ਵਿੰਡੋਜ਼ ਦੇ ਕਰੱਪਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੌਨੀਟਰ ਦੀਆਂ ਰੇਜ਼ ਤੋਂ ਬਚਣ ਲਈ ਇਸ ਅੱਗੇ ਸੁਰੱਖਿਆ ਕਵਚ ਲਗਾ ਲੈਣਾ ਚਾਹੀਦਾ ਹੈ। ਬਿਹਤਰ ਤਾਂ ਇਹੀ ਹੈ ਕਿ ਟੀ.ਐਫ.ਟੀ. ਮੌਨੀਟਰ ਦਾ ਇਸਤੇਮਾਲ ਹੀ ਕਰੋ। ਪੈੱਨ ਡਰਾਈਵ ਵਾਈਰਸ ਫੈਲਾਉਣ ਦਾ ਇੱਕ ਤੇਜ਼-ਤਰਾਰ ਸਾਧਨ ਬਣ ਚੁੱਕਾ ਹੈ। ਇਸ ਲਈ ਆਪਣੇ ਕੰਪਿਊਟਰ ਉੱਤੇ ਪੈੱਨ ਡਰਾਈਵ ਲਗਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਕੈਨ ਕਰ ਕੇ ਵਾਈਰਸ ਮੁਕਤ ਕਰ ਲਓ। 
49. ਵੈੱਬਸਾਈਟ ਰਾਹੀਂ ਮੋਬਾਈਲ ਸੰਦੇਸ਼ ਕਿਵੇਂ ਭੇਜੇ ਜਾ ਸਕਦੇ ਹਨ?
 sms7.in ਵੈੱਬਸਾਈਟ ਦੀ ਮਦਦ ਨਾਲ ਤੁਸੀਂ 400 ਅੱਖਰਾਂ ਤੱਕ ਦਾ SMS ਕਰ ਸਕਦੇ ਹੋ। ਇਸ ਵੈੱਬਸਾਈਟ ਵਿਚ ਫਲੈਸ਼ ਰਾਹੀਂ SMS ਭੇਜਣ ਦੀ ਮਹੱਤਵਪੂਰਨ ਸੁਵਿਧਾ ਵੀ ਸ਼ੁਮਾਰ ਹੈ। smsze.com 'ਤੇ ਤੁਸੀਂ 150 ਅੱਖਰਾਂ ਤੱਕ ਮੈਸੇਜ ਭੇਜ ਸਕਦੇ ਹੋ। ਮੋਬਾਈਲ ਮੈਸੇਜ ਭੇਜਣ ਲਈ ਜਿਹੜੀਆਂ ਹੋਰ ਵੈੱਬਸਾਈਟਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਵਿਚੋਂ smswala.com, way2sms.com ਆਦਿ ਪ੍ਰਮੁੱਖ ਹਨ। 
50. ਕੰਪਿਊਟਰ ਦੀਆਂ ਕੀਮਤਾਂ ਬਾਰੇ ਤਾਜ਼ਾ ਜਾਣਕਾਰੀ ਕਿਥੋਂ ਲਈਏ?
 'ਕੰਪਿਊਟਰ ਸੰਚਾਰ ਸੂਚਨਾ' ਨਾਮਕ ਰਸਾਲੇ ਵਿਚ ਹਰੇਕ ਮਹੀਨੇ ਕੰਪਿਊਟਰ ਹਾਰਡਵੇਅਰ ਦੀਆਂ ਕੀਮਤਾਂ ਬਾਰੇ ਤਾਜ਼ਾ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਨਹਿਰੂ ਪੈਲੇਸ (ਦਿੱਲੀ) ਦੀ ਵੈੱਬਸਾਈਟ npitub.com ਤੋਂ ਜਾਂ ਫਿਰ priceindia.in/computer ਤੋਂ ਕੰਪਿਊਟਰ ਦੇ ਹਾਰਡਵੇਅਰ ਭਾਗਾਂ ਦੀਆਂ ਕੀਮਤਾਂ ਦਾ ਪਤਾ ਲੱਗ ਸਕਦਾ ਹੈ। 
51. ਕੰਪਿਊਟਰ ਵਿਚ ਵਾਈਰਸ ਆਉਣ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ?
 ਜਦੋਂ ਤੁਹਾਡੇ ਪੀ.ਸੀ. ਵਿਚ ਵਾਈਰਸ ਦਾਖਲ ਹੁੰਦਾ ਹੈ ਤਾਂ ਇਹ ਕੁੱਝ ਨਿਸ਼ਾਨੀਆਂ ਜਾਂ ਚਿੰਨ੍ਹ ਦਿਖਾਉਂਦਾ ਹੈ। ਵਾਈਰਸ ਦੀ ਪੁਸ਼ਟੀ ਨੂੰ ਦਰਸਾਉਂਦੀਆਂ ਕੁੱਝ ਮਹੱਤਵਪੂਰਨ ਨਿਸ਼ਾਨੀਆਂ ਇਸ ਪ੍ਰਕਾਰ ਹਨ:
1. ਜੇਕਰ ਤੁਹਾਡੇ ਪੀ.ਸੀ. ਦੀ ਸਕਰੀਨ ਉੱਪਰ ਸੁਨੇਹਾ ਜਿਵੇਂ ਕਿ 'Happy birthday ' ਆਉਣਾ ਸ਼ੁਰੂ ਹੋ ਜਾਵੇ ।
2. ਜੇ ਤੁਹਾਡੀ ਹਾਰਡ ਡਿਸਕ ਦੀਆਂ ਵੱਖ-ਵੱਖ ਡਰਾਈਵਜ਼ ਸਹੀ ਤਰੀਕੇ ਨਾਲ ਖੁੱਲ੍ਹ ਨਹੀਂ ਰਹੀਆਂ ।
3. ਜੇਕਰ ਕੁੱਝ ਪ੍ਰੋਗਰਾਮਾਂ ਨੂੰ ਚਾਲੂ ਕਰਨ ਜਾਂ ਬੰਦ ਕਰਨ ਲਈ ਅਚਾਨਕ ਸਮਾਂ ਵੱਧ ਜਾਵੇ ।
4. ਜੇਕਰ ਸਮੁੱਚੀ ਕੰਪਿਊਟਰ ਪ੍ਰਣਾਲੀ ਦੀ ਰਫ਼ਤਾਰ ਧੀਮੀ ਪੈ ਜਾਵੇ ।
5. ਜੇਕਰ ਅਚਾਨਕ ਪ੍ਰੋਗਰਾਮਾਂ ਜਾਂ ਸਿਸਟਮ ਫਾਈਲਾਂ ਦਾ ਆਕਾਰ ਬਦਲ ਜਾਵੇ ।
6. ਜੇਕਰ ਕੰਪਿਊਟਰ ਵਿਚਲੀਆਂ ਫਾਈਲਾਂ ਦੇ ਨਾਮ ਬਦਲੇ ਹੋਏ ਨਜ਼ਰ ਆਉਣ ਜਾਂ ਕੁੱਝ ਪ੍ਰੋਗਰਾਮ ਜਾਂ ਡਾਇਰੈਕਟਰੀਆਂ ਡਿਸਕ ਉੱਤੇ ਨਜ਼ਰ ਨਾ ਆ ਰਹੀਆਂ ਹੋਣ ।
7. ਜੇ ਕੀ-ਬੋਰਡ ਤੇ ਕਲਿੱਕ ਕਰਨ ਦੀ ਆਵਾਜ਼ ਉਤਪੰਨ ਹੋਵੇ ।
8. ਜੇਕਰ ਕੰਪਿਊਟਰ ਬੂਟ ਨਾ ਹੋ ਰਿਹਾ ਹੋਵੇ ।
9. ਜੇਕਰ ਪ੍ਰੋਗਰਾਮ ਜਾਂ ਡਾਟਾ ਫਾਈਲਾਂ ਖ਼ਤਮ ਹੋ ਜਾਣ ਜਾਂ ਭਿੜ (Corrupt ਹੋ) ਜਾਣ ।
10. ਜੇ ਹਾਰਡ ਡਿਸਕ ਡਰਾਈਵ ਜਾਂ ਫ਼ਲੌਪੀ ਡਰਾਈਵ ਦੀ ਛੋਟੀ ਬੱਤੀ ਜੱਗ-ਬੁੱਝ ਰਹੀ ਹੋਵੇ ।
11. ਜੇਕਰ ਕੰਪਿਊਟਰ ਕੁੱਝ ਵਿਸ਼ੇਸ਼ ਨਾਮ ਵਾਲੀਆਂ ਫਾਈਲਾਂ ਆਪਣੇ-ਆਪ ਬਣਾਉਣੀਆਂ ਸ਼ੁਰੂ ਕਰ ਦੇਵੇ। ਜੇਕਰ ਉਕਤ ਵਿਚੋਂ ਤੁਹਾਡੇ ਕੰਪਿਊਟਰ ਵਿਚ ਕੋਈ ਨਿਸ਼ਾਨੀ ਨਜ਼ਰ ਆ ਰਹੀ ਹੋਵੇ ਤਾਂ ਸਮਝੋ ਕਿ ਤੁਹਾਡੇ ਕੰਪਿਊਟਰ ਵਿਚ ਵਾਈਰਸ ਆ ਗਿਆ ਹੈ। ਇਸ ਨਾਲ ਤੁਹਾਡਾ ਬੜੀ ਮਿਹਨਤ ਨਾਲ ਤਿਆਰ ਕੀਤਾ ਡਾਟਾ ਨਸ਼ਟ ਹੋ ਸਕਦਾ ਹੈ। 
52. ਕੰਪਿਊਟਰ ਵਾਈਰਸ ਤੋਂ ਬਚਣ ਦਾ ਕੀ ਇਲਾਜ ਹੈ?
ਕੰਪਿਊਟਰ ਵਾਈਰਸ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ - ਐਂਟੀ ਵਾਈਰਸ (Anti Virus) ਪ੍ਰੋਗਰਾਮ ਦੀ ਵਰਤੋਂ। ਐਂਟੀ ਵਾਈਰਸ ਮੈਮਰੀ, ਸਟੋਰੇਜ ਉਪਕਰਨ ਅਤੇ ਕੰਪਿਊਟਰ ਵਿਚ ਡਾਊਨਲੋਡ ਕੀਤੀ/ਪਾਈ ਜਾਣ ਵਾਲੀ ਕਿਸੇ ਫਾਈਲ ਵਿਚੋਂ ਵਾਈਰਸ ਨੂੰ ਪਛਾਣਦੇ ਹਨ ਤੇ ਉਸ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ। ਅੱਜ-ਕੱਲ੍ਹ ਐਂਟੀ ਵਾਈਰਸ ਪ੍ਰੋਗਰਾਮ ਨਵੇਂ ਕੰਪਿਊਟਰਾਂ (ਖ਼ਾਸ ਕਰ ਕੇ ਲੈਪਟਾਪ) ਦੇ ਨਾਲ ਹੀ ਉਪਲਬਧ ਕਰਵਾਏ ਜਾਂਦੇ ਹਨ। ਐਂਟੀ ਵਾਈਰਸ ਉਨ੍ਹਾਂ ਪ੍ਰੋਗਰਾਮਾਂ ਨੂੰ ਪਕੜਦਾ (ਸਕੈਨ ਕਰਦਾ) ਹੈ ਜੋ ਬੂਟ ਪ੍ਰੋਗਰਾਮ, ਆਪਰੇਟਿੰਗ ਸਿਸਟਮ ਅਤੇ ਹੋਰਨਾਂ ਪ੍ਰੋਗਰਾਮਾਂ ਨੂੰ ਬਦਲਣ ਦਾ ਯਤਨ ਕਰਦੇ ਹਨ। ਐਂਟੀ ਵਾਈਰਸ ਉਨ੍ਹਾਂ ਫਾਈਲਾਂ/ਫੋਲਡਰਾਂ ਨੂੰ ਵੀ ਸਕੈਨ ਕਰਦਾ ਹੈ ਜੋ ਤੁਸੀਂ ਇੰਟਰਨੈੱਟ ਤੋਂ ਡਾਊਨਲੋਡ ਕਰਦੇ ਹੋ ਜਾਂ ਫ਼ਲੌਪੀ ਡਿਸਕ, ਸੀ.ਡੀ., ਡੀ.ਵੀ.ਡੀ. ਜਾਂ ਪੈੱਨ ਡਰਾਈਵ ਰਾਹੀਂ ਪ੍ਰਾਪਤ ਕਰਦੇ ਹੋ। ਐਂਟੀ ਵਾਈਰਸ ਪ੍ਰੋਗਰਾਮ ਵਾਈਰਸ ਦੀ ਪਛਾਣ ਉਸ ਵਾਈਰਸ ਦੇ ਲੱਛਣ ਦੇਖ ਕੇ ਕਰਦੇ ਹਨ ਜਿਨ੍ਹਾਂ ਨੂੰ ਵਾਈਰਸ ਸਿਗਨੇਚਰ ਜਾਂ ਵਾਈਰਸ ਡੈਫੀਨੇਸ਼ਨ ਕਿਹਾ ਜਾਂਦਾ ਹੈ। ਇਸ ਲਈ ਕਿਸੇ ਨਵੇਂ ਵਾਈਰਸ ਪ੍ਰੋਗਰਾਮ ਦੀ ਸਿਗਨੇਚਰ ਫਾਈਲ ਨੂੰ ਪੜ੍ਹਨ ਲਈ ਤੁਹਾਡੇ ਐਂਟੀ ਵਾਈਰਸ ਪ੍ਰੋਗਰਾਮ ਦਾ ਅੱਪਡੇਟ ਹੋਣਾ ਬਹੁਤ ਜ਼ਰੂਰੀ ਹੈ। ਕਈ ਐਂਟੀ ਵਾਈਰਸ ਪ੍ਰੋਗਰਾਮ ਨੈੱਟ ਨਾਲ ਜੁੜੇ ਹੋਣ ਦੀ ਸੂਰਤ ਵਿਚ ਇੱਕ ਨਿਰਧਾਰਿਤ ਅੰਤਰਾਲ ਮਗਰੋਂ ਆਪਣੇ-ਆਪ ਅੱਪਡੇਟ ਹੁੰਦੇ ਰਹਿੰਦੇ ਹਨ। ਜਦੋਂ ਕੋਈ ਐਂਟੀ ਵਾਈਰਸ ਪ੍ਰੋਗਰਾਮ ਕਿਸੇ ਵਾਈਰਸ ਪ੍ਰਭਾਵਿਤ ਫਾਈਲ ਨੂੰ ਪਛਾਣ ਲੈਂਦਾ ਹੈ ਤਾਂ ਉਹ ਉਸ ਦੇ ਵਾਈਰਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਉਹ ਵਾਈਰਸ ਨਸ਼ਟ ਕਰਨ 'ਚ ਅਸਮਰਥ ਹੋ ਜਾਵੇ ਤਾਂ ਸੰਬੰਧਿਤ ਖ਼ਰਾਬ/ਪ੍ਰਭਾਵਿਤ ਫਾਈਲ ਨੂੰ ਹੋਰਨਾਂ ਫਾਈਲਾਂ ਨਾਲੋਂ ਅਲੱਗ ਕਰ ਦਿੰਦਾ ਹੈ ਜਿਸ ਨੂੰ ਕੁਆਰਨ-ਟੀਨਜ਼ ਕਿਹਾ ਜਾਂਦਾ ਹੈ। ਜੇਕਰ ਤੁਹਾਡੇ ਕੰਪਿਊਟਰ ਵਿਚ ਕੋਈ ਘਾਤਕ ਵਾਈਰਸ ਦਾਖਲ ਹੋ ਗਿਆ ਹੈ ਤੇ ਉਹ ਐਂਟੀ ਵਾਈਰਸ ਪ੍ਰੋਗਰਾਮ ਦੇ ਚਲਾਇਆਂ ਵੀ ਨਸ਼ਟ ਨਹੀਂ ਹੋ ਰਿਹਾ ਤਾਂ ਜ਼ਰੂਰੀ ਹੈ ਕਿ ਕੋਈ ਵਧੀਆ ਐਂਟੀ ਵਾਈਰਸ ਪ੍ਰੋਗਰਾਮ ਪਾ ਕੇ ਉਸ ਨੂੰ ਅੱਪਡੇਟ ਕਰ ਲਵੋ ਤੇ ਫਿਰ ਸਕੈਨ ਕਰੋ। ਹਾਂ, ਜੇਕਰ ਫਿਰ ਵੀ ਸਮੱਸਿਆ ਹੱਲ ਨਾ ਹੋਵੇ ਤਾਂ ਤਾਂ ਹਾਰਡ ਡਿਸਕ ਨੂੰ ਫਾਰਮੈਟ ਕਰਨਾ ਹੀ ਇਸ ਦਾ ਇੱਕੋ-ਇੱਕ ਹੱਲ ਹੈ। ਪਰ ਇਹ ਕੰਮ ਬਹੁਤ ਹੀ ਗੰਭੀਰ ਹਾਲਤਾਂ ਵਿਚ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਵਾਈਰਸ ਪੈੱਨ ਡਰਾਈਵ ਜਾਂ ਇੰਟਰਨੈੱਟ ਦੀ ਵਰਤੋਂ ਕਾਰਨ ਫੈਲ ਰਹੇ ਹਨ। ਇਸ ਲਈ ਦੂਸਰੇ ਦੀ ਪੈੱਨ ਡਰਾਈਵ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਇੰਟਰਨੈੱਟ ਤੋਂ ਵਾਈਰਸ ਦੇ ਖ਼ਤਰੇ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਤੁਸੀਂ ਸਿਰਫ਼ ਭਰੋਸੇਯੋਗ ਵਿਅਕਤੀਆਂ ਦੁਆਰਾ ਭੇਜੀ ਈ-ਮੇਲ ਅਟੈਚਮੈਂਟ ਹੀ ਖੋਲ੍ਹੋ ਤੇ ਅਣਪਛਾਤੀਆਂ ਵੈੱਬਸਾਈਟਾਂ ਦੀ ਫਰੋਲਾ-ਫਰੋਲੀ ਘੱਟ ਤੋਂ ਘੱਟ ਕਰੋ। 
ਨੋਟ: ਜੇ ਇਸ ਪੰਨੇ 'ਤੇ ਤੁਹਾਨੂੰ ਪੜ੍ਹਨ ਸਮਝਣ 'ਚ ਕੋਈ ਔਂਕੜ ਪੇਸ਼ ਆ ਰਹੀ ਹੈ ਤਾਂ http://punjabicomputer.com/faq.php ਪੰਨੇ ਜਾਓ।
Previous
Next Post »