ਰੋਬੋਟ ਸੰਭਾਲੇਗਾ ਰਸੋਈ ਦਾ ਕੰਮ


ਦੋਸਤੋ, ਇੱਕੀਵੀਂ ਸਦੀ ਦਾ ਰੋਬੋਟ ਸਾਡੀਆਂ ਰਸੋਈਆਂ ਵਿਚ ਵੜ ਗਿਆ ਹੈ। ਇਹ ਸਾਡੇ ਤੋਂ ਪਕਵਾਨ ਦੇ ਆਰਡਰ ਦੀ ਉਡੀਕ ਕਰੇਗਾ। ਤੁਹਾਡੇ ਸੁਆਦ ਤੇ ਪਸੰਦ ਮੁਤਾਬਿਕ ਖਾਣਾ ਤਿਆਰ ਕਰੇਗਾ। 
ਜੇਕਰ ਤੁਸੀਂ ਥੱਕੇ ਹੋਏ ਹੋ, ਘਰ ਖਾਣਾ ਬਣਾਉਣ ਨੂੰ ਜੀਅ ਨਹੀਂ ਕਰ ਰਿਹਾ ਤਾਂ ਸਾਡੇ ਕੋਲ ਕਈ ਵਿਕਲਪ ਹਨ। ਬਾਜ਼ਾਰੋਂ ਖਾਓ, ਬਾਜ਼ਾਰੋਂ ਲੈ ਕੇ ਆਓ, ਕੋਈ ਬੇਹਾ ਭੋਜਨ ਖਾਓ ਆਦਿ। ਇਹ ਸਾਡੀ ਸਿਹਤ ਤੇ 'ਜੇਬ' ਲਈ ਚੰਗਾ ਨਹੀਂ ਹੋਵੇਗਾ। 
ਇਨਸਾਨ ਨੂੰ ਇਸ ਬਿਪਤਾ ਤੋਂ ਕੱਢਣ ਲਈ ਖੋਜਕਾਰਾਂ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਣ ਵਾਲੀਆਂ ਦੋ ਰੋਬੋਟ ਬਾਹਵਾਂ ਦੀ ਖੋਜ ਕੀਤੀ ਹੈ। ਇਹ ਰੋਬੋਟ ਬਾਹਵਾਂ 2000 ਤਰ੍ਹਾਂ ਦੇ ਪਕਵਾਨ ਬਣਾ ਸਕਦੀਆਂ ਹਨ।
ਲੰਡਨ ਦੀ ਇੱਕ ਸ਼ੈਡੋ ਰੋਬੋਟ (Shadow Robot) ਨਾਂ ਦੀ ਕੰਪਨੀ ਨੇ ਅਗਲੇ ਵਰ੍ਹੇ ਅਜਿਹੇ ਰੋਬੋਟ ਪੇਸ਼ ਕਰਨ ਦਾ ਖ਼ਾਕਾ ਬਣਾ ਲਿਆ ਹੈ। ਬਟਨ ਦੱਬਿਆਂ ਖਾਣਾ ਤਿਆਰ ਕਰਨ ਵਾਲੀਆਂ ਇਹ ਮਸ਼ੀਨਾਂ ਸ਼ੁਰੂ ਵਿਚ ਬਹੁਤ ਮਹਿੰਗੀਆਂ ਹੋਣਗੀਆਂ। ਇੱਕ ਮਾਹਿਰ ਰਸੋਈਏ ਵਾਂਗ ਸਵੈ-ਚਾਲਤ ਤਰੀਕੇ ਨਾਲ ਕੰਮ ਕਰਨ ਵਾਲੇ ਅਜਿਹੇ ਰੋਬੋਟ ਪਹਿਲਾਂ ਵੀ ਕਈ ਮੁਲਕਾਂ ਵਿਚ ਵਰਤੇ ਜਾ ਰਹੇ ਨੇ।
ਆਪਣੇ ਆਰਾਮ ਲਈ ਮਨੁੱਖ ਕਿਸ ਕਦਰ ਨਵੀਆਂ-ਨਵੀਆਂ ਮਸ਼ੀਨਾਂ ਦੀ ਖੋਜ ਕਰ ਰਿਹਾ ਹੈ। ਸਰੀਰਕ ਮੁਸ਼ੱਕਤ ਦੀ ਥਾਂ ਮਨੁੱਖ ਜਿਵੇਂ-ਜਿਵੇਂ ਆਪਣੇ ਸਰੀਰ ਨੂੰ ਢਿੱਲੜ ਬਣਾਉਣ ਲਈ ਤਕਨੀਕੀ ਜਾਲ਼ ਬੁਣਦਾ ਜਾ ਰਿਹਾ ਹੈ, ਓਵੇਂ-ਓਵੇਂ ਹੀ ਉਹ ਖ਼ੁਦ ਇੱਕ ਖ਼ਤਰਨਾਕ ਤੇ ਨਾ ਸੁਲਝਾਏ ਜਾਣ ਵਾਲੇ ਜਾਲ਼ (ਬਿਮਾਰੀਆਂ, ਅਵਸਾਦ ਆਦਿਕ) ਵਿੱਚ ਉਲਝਦਾ ਜਾ ਰਿਹਾ ਹੈ।


Previous
Next Post »