ਖ਼ਤਰੇ ਦੀਆਂ ਵਿਕਰਨਾਂ ਦਾ ਪਤਾ ਲਾਉਣ ਵਾਲੀ ਤਕਨੀਕ


ਦੋਸਤੋ, ਤੁਸੀਂ ਕਿੰਨੇ ਹੈਰਾਨ ਹੋਵੋਂਗੇ ਜੇ ਤੁਹਾਡੇ ਕਮਰੇ ਦਾ ਹੀਟਰ, ਪੱਖਾ, ਕੂਲਰ ਏਸੀ ਆਦਿ ਲੋੜ ਪੈਣ 'ਤੇ ਆਪੇ ਚੱਲ ਪੈਣ ਤੇ ਜਦੋਂ ਨਾ ਲੋੜ ਹੋਵੇ ਆਪੇ ਬੰਦ ਹੋ ਜਾਣ। ਨਵੀਂ ਤਕਨੀਕ ਇਸ ਨੂੰ ਹਕੀਕਤ ਵਿਚ ਬਦਲ ਚੁੱਕੀ ਹੈ। ਹੁਣ ਗੱਲ ਇਸ ਤੋਂ ਅਗਾਂਹ ਦੀ ਹੋ ਰਹੀ ਹੈ।
ਖ਼ਤਰੇ ਦੀਆਂ ਵਿਕਰਨਾਂ ਦਾ ਪਤਾ ਲਾਉਣ ਵਾਲਾ ਯੰਤਰ ਵੀ ਬਣ ਗਿਆ ਹੈ। ਇਹ ਯੰਤਰ ਸਾਨੂੰ ਪ੍ਰਮਾਣੂ ਖ਼ਤਰੇ ਬਾਰੇ ਅਗਾਊਂ ਚੁਕੰਨਾ ਕਰ ਸਕਦਾ ਹੈ। ਇਹ ਡੋਮੀਮੇ (Domime) ਨਾਂ ਦੇ ਯੰਤਰ ਸਾਡੇ ਸਮਾਰਟ ਫ਼ੋਨ, ਸਮਾਰਟ ਘੜੀ ਜਾਂ ਕੰਪਿਊਟਰ ਆਦਿ ਨਾਲ ਬਲੂ-ਟੁੱਥ ਰਾਹੀਂ ਜੁੜ ਸਕਦੇ ਹਨ। ਸਿਰਫ਼ ਚਾਰ ਸਕਿੰਟਾਂ ਵਿਚ ਹੀ ਤੁਹਾਡੇ ਕੱਪੜਿਆਂ , ਘਰ, ਦਫ਼ਤਰ ਜਾਂ ਆਲੇ-ਦੁਆਲੇ ਦਾਖ਼ਲ ਹੋਈਆਂ ਐਕਸ-ਕਿਰਨਾਂ, ਗਾਮਾ-ਕਿਰਨਾਂ ਆਦਿ ਨੂੰ ਫੜ ਕੇ ਤੁਹਾਨੂੰ ਖ਼ਬਰ ਦੇ ਸਕਦੇ ਹਨ।
ਪ੍ਰਮਾਣੂ ਭੱਠੀਆਂ, ਪ੍ਰਮਾਣੂ ਬਿਜਲੀ ਘਰਾਂ, ਪ੍ਰਮਾਣੂ ਨਿਰੀਖਣ ਕੇਂਦਰਾਂ ਲਈ ਇਹ ਯੰਤਰ ਇੱਕ ਵਰਦਾਨ ਸਾਬਤ ਹੋਇਆ ਹੈ। ਹਾਨੀਕਾਰਕ ਵਿਕਰਨਾਂ ਦਾ ਰਿਸਾਓ ਹੋਣ ਦੀ ਤੁਰੰਤ ਚਿਤਾਵਨੀ ਦੇਣ ਵਾਲਾ ਇਹ ਯੰਤਰ ਇਨ੍ਹਾਂ ਖੇਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ, ਵਿਗਿਆਨੀਆਂ, ਮਜ਼ਦੂਰਾਂ, ਫ਼ੌਜੀ ਜਵਾਨਾਂ, ਜੰਗੀ ਜਹਾਜ਼ ਚਾਲਕਾਂ, ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਲਈ ਵਰਦਾਨ ਬਾਬਤ ਹੋਵੇਗਾ।
ਤਾਕਤਵਰ ਨਿਊਕਲੀਆਈ ਕਿਰਿਆਵਾਂ ਨੂੰ ਕਾਬੂ ਵਿਚ ਰੱਖ ਕੇ ਸ਼ਾਂਤਮਈ ਕੰਮਾਂ ਲਈ ਵਰਤਿਆ ਜਾਣਾ ਇੱਕ ਵੱਡੀ ਲੋੜ ਹੈ। ਬਿਜਲੀ ਦੀ ਦਿਨੋਂ-ਦਿਨ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਪ੍ਰਮਾਣੂ ਊਰਜਾ ਹੀ ਇੱਕੋ-ਇੱਕ ਸਹਾਰਾ ਜਾਪ ਰਿਹਾ ਹੈ ਪਰ ਇਸ ਤੋਂ ਘਾਤਕ ਵਿਕਰਨਾਂ ਦੇ ਰਿਸਾਓ ਦੀ ਤੁਰੰਤ ਚਿਤਾਵਨੀ ਦੇਣ ਲਈ ਇਸ ਯੰਤਰ ਅਤੇ ਸਮਾਰਟ ਫ਼ੋਨ ਐਪ ਦਾ ਕਾਫ਼ੀ ਲਾਭ ਹੋਵੇਗਾ।
Previous
Next Post »