ਨਿੱਕੀ ਕੜੀ ਰਾਹੀ ਸਾਂਝੀਆਂ ਕਰੋ ਵੱਡੀਆਂ ਮਿਸਲਾਂ/FileSharing SitesByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 15-04-2016 

ਕੰਪਿਊਟਰ ਦੀ ਆਮਦ ਤੋਂ ਹੀ ਮਨੁੱਖ ਨੂੰ ਕੰਪਿਊਟਰੀ ਮਿਸਲਾਂ (Files) ਜਾਂ ਅੰਕਡ਼ਿਆਂ (Data) ਨੂੰ ਇਧਰ-ਓਧਰ ਭੇਜਣ ਦੀ ਲੋਡ਼ ਪੈਂਦੀ ਰਹੀ ਹੈ। ਪਹਿਲਾਂ-ਪਹਿਲ ਅੰਕਡ਼ਿਆਂ ਦੇ ਆਦਾਨ-ਪ੍ਰਦਾਨ ਨਾਲ ਵਿਕਸਿਤ ਤਕਨੀਕਾਂ ਹੋਂਦ ’ਚ ਨਹੀਂ ਆਈਆਂ ਸਨ। ਸਮਾਂ ਪਾ ਕੇ ਸਿਲੈਕਟ੍ਰਾਨ ਟਿਊਬਾਂ, ਪੰਚ ਕਾਰਡ, ਪੰਚ ਟੇਪ, ਚੁੰਬਕੀ ਡਰੰਮ, ਠੋਸ-ਚਕਲੀ (Hard Disk), ਸੀਡੀ/ਡੀਵੀਡੀ, ਫ਼ਲੌਪੀ ਅਤੇ ਚੁੰਬਕੀ ਟੇਪ ਆਦਿ ਦੀ ਖੋਜ ਹੋਈ। ਫੇਰ ਅਮਰੀਕਾ ਵਿੱਚ ਸਾਲ 1969 ਵਿੱਚ ਅਰਪਾਨੈੱਟ ਨਾਂ ਦੇ ਫ਼ੌਜੀ ਜਾਲਤੰਤਰ (Military Network) ਦੀ ਆਮਦ ਨਾਲ ਅੰਤਰਜਾਲ (Internet) ਦੀ ਖੋਜ ਹੋਈ।
 ਅੰਤਰਜਾਲ ਅਤੇ ਜਾਲ-ਤਕਨੀਕ (Web Technology) ਦੀ ਆਮਦ ਨਾਲ ਕੰਪਿਊਟਰੀ ਮਿਸਲਾਂ ਜਾਂ ਅੰਕੀ-ਅੰਕਡ਼ਿਆਂ (Digital Data) ਦੇ ਸੁਰੱਖਿਅਤ ਅਤੇ ਕਫ਼ਾਇਤੀ ਆਦਾਨ-ਪ੍ਰਦਾਨ ਦਾ ਰਾਹ ਪੱਧਰ ਹੋ ਗਿਆ। ਪਿਛਲੇ 20 ਵਰ੍ਹਿਆਂ ਤੋਂ ਕੰਪਿਊਟਰ ਖੋਜਕਾਰ ਅਜਿਹੀਆਂ ਤਕਨੀਕਾਂ ਦੀ ਖੋਜ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਅੰਤਰਜਾਲ ਰਾਹੀ ਅੰਕਡ਼ਿਆਂ ਦਾ ਆਦਾਨ-ਪ੍ਰਦਾਨ ਅਤੇ ਸੁਰੱਖਿਆ ਦੇ ਸਕੇ। ਬਿਜ-ਡਾਕ ਸਹੂਲਤਾਂ ਨੇ ਅੰਕਡ਼ਾ ਸਾਂਝ ਦੇ ਖੇਤਰ ਵਿੱਚ ਇੱਕ ਉੱਚੀ ਉਡਾਣ ਭਰੀ ਹੈ।
 ਅੰਤਰਜਾਲ ਰਾਹੀਂ ਮਿਸਲਾਂ ਸਾਂਝੀਆਂ ਕਰਨ ਲਈ ਕਈ ਆਦੇਸ਼ਕਾਰੀਆਂ ਅਤੇ ਤਾਲਮੇਲ ਆਦੇਸ਼ਕਾਰੀਆਂ ਖੋਜੀਆਂ ਜਾਂ ਚੁੱਕੀਆਂ ਹਨ। ਇਨ੍ਹਾਂ ਆਦੇਸ਼ਕਾਰੀਆਂ ਵਿੱਚ ਮਿਸਲ-ਭੰਡਾਰ (File Storage), ਵੰਡ ਅਤੇ ਸੰਚਾਰ ਲਈ ਉਚਾਵੇਂ ਭੰਡਾਰਣ ਉਪਕਰਣ ਜਿਵੇਂ ਕਿ ਅੰਕਡ਼ਾ-ਕਿੱਲੀ, ਕੇਂਦਰੀ-ਜਾਲ-ਮੇਜ਼ਬਾਨ-ਸੇਵਾ (Centeral Net Hosting System), ਜਾਲ ਆਧਾਰਿਤ ਦਸਤਾਵੇਜ਼ ਅਤੇ ਦੁਵੱਲੇ ਜਾਲਤੰਤਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਇਨਸਾਨ ਕੋਲ ਮਿਸਲਾਂ ਸਾਂਝੀਆਂ ਕਰਨ ਵਾਲੀ ਪਹਿਲੇ ਦਰਜੇ ਦੀ ਤਕਨੀਕ ਹੈ ਜਿਸ ਰਾਹੀਂ ਉਹ ਕੰਪਿਊਟਰ ਤੋਂ ਕੰਪਿਊਟਰ ਸੁਰੱਖਿਅਤ ਸੰਚਾਰ ਕਰਕੇ ਮਿਸਲਾਂ ਭੇਜ ਅਤੇ ਪ੍ਰਾਪਤ ਕਰ ਸਕਦਾ ਹੈ।
 ਕਡ਼ੀ ਸਾਂਝੀ ਕਰਨ ਵਾਲੇ ਪ੍ਰੋਗਰਾਮ: ਸੰਗ੍ਰਹਿ-ਡੱਬਾ (Drop Box), ਜੰਪ ਸ਼ੇਅਰ ਮੀਡੀਆ ਫਾਇਰ, 4ਸ਼ੇਅਰਡ, ਰੈਪਿਡ ਸ਼ੇਅਰ ਡਾਟ ਕਾਮ, ਇਜ਼ੀ ਸ਼ੇਅਰ ਡਾਟ ਕਾਮ, ਬਿੱਟ ਟੋਰੈਂਟ, ਸਾਈਬਰ ਲੌਕਰਸ, ਗੂਗਲ ਚਾਲਕ (Google Drive), ਡਾਰ ਚਾਲਕ (Sky Drive), ਆਈ-ਡਾਰ (I-Cloud), ਮੇਗਾ, ਜ਼ਿੱਪੀ ਸ਼ੇਅਰ, ਅੱਪਲੋਡਿਡ, ਡਿਪੌਜ਼ਿਟ ਫਾਈਲਸ, ਹਾਈ ਟੇਲ, ਸੈਂਡ ਸਪੇਸ, ਫਾਈਲ ਕਰੌਪ ਡਾਟ ਕਾਮ, ਫਾਈਲਸ ਟਿਊਬ, ਫਾਈਲ ਸਰਵ ਆਦਿ ਪ੍ਰਮੁੱਖ ਹਨ।
 ਇਨ੍ਹਾਂ ਦੀ ਲੋਡ਼ ਕਿਉਂ ਪਈ
ਸਾਡੇ ਵਿੱਚੋਂ ਕਈਆਂ ਨੇ ਬਿਜ-ਡਾਕ (E-Mail) ਖਾਤਾ ਬਣਾਇਆ ਹੋਣਾ ਹੈ। ਬਿਜ-ਡਾਕ ਰਾਹੀਂ ਅਸੀਂ ਸਨੇਹਾ ਭੇਜ ਸਕਦੇ ਹਾਂ ਤੇ ਮਿਸਲਾਂ ਨੱਥੀ (Attach) ਕਰਕੇ ਭੇਜ ਸਕਦੇ ਹਾਂ ਪਰ ਇਸ ਰਾਹੀ ਇੱਕ ਸੀਮਤ ਆਕਾਰ ਵਾਲੀਆਂ ਮਿਸਲਾਂ ਹੀ ਨੱਥੀ ਕਰਕੇ ਭੇਜੀਆਂ ਜਾ ਸਕਦੀਆਂ ਹਨ। ਜੀ-ਮੇਲ ਅਤੇ ਯਾਹੂ ਰਾਹੀਂ ਅਸੀਂ ਸਿਰਫ਼ 25 ਐੱਮਬੀ ਆਕਾਰ ਤਕ ਮਿਸਲ ਭੇਜ ਸਕਦੇ ਹਾਂ। ਇਸੇ ਤਰ੍ਹਾਂ ਹੌਟ ਮੇਲ ਰਾਹੀਂ ਮਿਸਲ ਭੇਜਣ ਦੀ ਸਮਰੱਥਾ ਸਿਰਫ਼ 10 ਐੱਮਬੀ ਹੈ। ਮੇਲ ਡਾਟ ਕਾਮ ਰਾਹੀਂ 50 ਐੱਮਬੀ, ਮਾਈਕਰੋਸਾਫ਼ਟ ਆਉਟਲੁਕ ਰਾਹੀਂ 20 ਐੱਮਬੀ ਤਕ ਅੰਕਡ਼ੇ ਭੇਜੇ ਜਾ ਸਕਦੇ ਹਨ। ਨਿਰਧਾਰਿਤ ਸੀਮਾ ਤੋਂ ਵੱਧ ਆਕਾਰ ਵਾਲੀ ਮਿਸਲ ਨੱਥੀ ਕਰਨ ਸਮੇਂ ਤੁਹਾਨੂੰ ‘ਤੁਹਾਡਾ ਸਨੇਹਾ ਪ੍ਰਵਾਣਿਤ ਨੱਥੀ ਆਕਾਰ ਤੋਂ ਵੱਡਾ ਹੈ’ ਚੌਕਸੀ ਸਨੇਹਾ ਪ੍ਰਾਪਤ ਹੁੰਦਾ ਹੈ। ਵੱਡ ਆਕਾਰੀ ਤਸਵੀਰ, ਵੱਡ ਵਿਸਥਾਰੀ-ਤਲ-ਅਮਲਕਾਰੀ (Spreadsheet Programme), ਵਿਸ਼ਾਲ ਆਦੇਸ਼ਕਾਰੀ-ਸੰਕੇਤਾਵਲੀ (Program code), ਸਚਿੱਤਰ (Video) ਅਤੇ ਆਵਾਜ਼ ਆਦਿ ਭੇਜਣ ਸਮੇਂ ਇਹ ਬਿਜ-ਡਾਕ ਆਦੇਸ਼ਕਾਰੀ ਜਵਾਬ ਦੇ ਦਿੰਦੇ ਹਨ। ਅਜਿਹੀ ਸਥਿੱਤੀ ਵਿੱਚ ਮਿਸਲਾਂ ਦੇ ਲਿੰਕ ਸਾਂਝਾ ਕਰਨ ਵਾਲੀਆਂ ਆਦੇਸ਼ਕਾਰੀਆਂ ਲਾਹੇਵੰਦ ਸਾਬਤ ਹੁੰਦੀਆਂ ਹਨ। ਇਨ੍ਹਾਂ ਆਦੇਸ਼ਕਾਰੀਆਂ ਵਿੱਚ ਵੀ ਭਾਵੇਂ ਮਿਸਲ ਆਕਾਰ ਦੀ ਸੀਮਾ ਤੈਅ ਕੀਤੀ ਹੋਈ ਹੁੰਦੀ ਹੈ ਪਰ ਇਹ ਵੱਡੀਆਂ ਮਿਸਲਾਂ ਦੇ ਆਦਾਨ-ਪ੍ਰਦਾਨ ਦੀ ਸਮਰੱਥਾ ਰੱਖਦੇ ਹਨ। ਉਕਤ ਵੱਖ ਵੱਖ ਆਦੇਸ਼ਕਾਰੀਆਂ/ਅੰਤਰਜਾਲਾਂ ਵਿੱਚ ਨੱਥੀ ਮਿਸਲ ਦੇ ਆਕਾਰ ਦੀ ਸੀਮਾ ਵੱਖੋ-ਵੱਖਰੀ ਹੋ ਸਕਦੀ ਹੈ।
‘ਜੰਪ ਸ਼ੇਅਰ’ ਰਾਹੀ ਸਾਂਝੀ ਕਰੋ ਕਡ਼ੀ: ਜੰਪ ਸ਼ੇਅਰ (www.jumpshare.com) ਇੱਕ ਅਜਿਹਾ ਜਾਲ-ਟਿਕਾਣਾ ਹੈ ਜਿਸ ਰਾਹੀਂ ਵੱਡੀਆਂ ਮਿਸਲਾਂ ਨੂੰ ਆਪਣੇ ਪਰਿਵਾਰ, ਮਿੱਤਰਾਂ ਸਹਿ-ਕਰਮੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇਹ ਅੰਤਰਜਾਲ 200 ਤੋਂ ਵੱਧ ਪ੍ਰਕਾਰ ਦੀਆਂ ਮਿਸਲ ਕਿਸਮਾਂ ਜਿਵੇਂ ਕਿ- ਚਿੱਤਰ, ਸਚਿੱਤਰ, ਆਵਾਜ਼, ਪੇਸ਼ਕਸ਼ (Presentation), ਵਿਸਥਾਰੀ-ਤਲ-ਅਮਲਕਾਰੀ ਅਤੇ ਫੌਂਟ ਆਦਿ ਨੂੰ ਚਡ਼੍ਹਾਉਣ (Upload) ਅਤੇ ਸਾਂਝਾ ਕਰਨ ਦੀ ਸਮਰੱਥਾ ਰੱਖਦੀ ਹੈ।
 ਇਹ ਜਾਲ-ਟਿਕਾਣਾ ਸਾਨੂੰ 2 ਜੀਬੀ ਤਕ ਮੁਫ਼ਤ ਭੰਡਾਰਣ ਮੰਚ ਦਿੰਦਾ ਹੈ। ਇਸ ਮੰਚ ’ਤੇ ਅਸੀਂ 250 ਐੱਮਬੀ ਆਕਾਰ ਤਕ ਦੀਆਂ ਮਿਸਲਾਂ ਰੱਖ ਸਕਦੇ ਹਾਂ।  ਇੱਥੋਂ ਇਨ੍ਹਾਂ ਮਿਸਲਾਂ ਦਾ ਅੰਤਰਜਾਲ ਕਡ਼ੀ ਰਾਹੀਂ ਉਤਾਰਾ (Download) ਕੀਤਾ ਜਾ ਸਕਦਾ ਹੈ, ਕਿਸੇ ਬਿਜ-ਡਾਕ ਪਤੇ ’ਤੇ ਸਿੱਧਾ ਭੇਜਿਆ ਜਾ ਸਕਦਾ ਹੈ।
 ਜੰਪ ਸ਼ੇਅਰ ਰਾਹੀਂ ਕੋਈ ਮਿਸਲ ਚਡ਼੍ਹਾਉਣ, ਉਸ ਦੀ ਕਡ਼ੀ ਨੂੰ ਕਿਸੇ ਬਿਜ-ਡਾਕ ’ਤੇ ਸਾਂਝਾ ਕਰਨ ਅਤੇ ਉਤਾਰਨ ਲਈ ਹੇਠਾਂ ਦਿੱਤੀ ਕ੍ਰਮਵਾਰ ਪ੍ਰਕਿਰਿਆ ਅਪਣਾਓ:
 * ਜਾਲ-ਖੋਜਕ (Web Browser) ਦੀ ਸਿਰਨਾਵਾਂ ਪੱਟੀ ’ਤੇ www.jumpshare.com ਟਾਈਪ ਕਰੋ ਅਤੇ ਐਂਟਰ ਬਟਣ ਦਬਾਓ।
 * ਜਾਲ-ਟਿਕਾਣੇ ਦਾ ਮੁੱਖ ਪੰਨਾ ਖੁੱਲ੍ਹੇਗਾ। ਇੱਥੋਂ ਜਾਲ-ਟਿਕਾਣੇ ਦੇ Login ਵਾਲੇ ਬਟਣ ਨੂੰ ਛੂਹੋ। ਇੱਕ ਫਰੇਮ ’ਚ ਦਿਸਣ ਵਾਲੇ ਦੋਹਾਂ ਬਕਸਿਆਂ ਵਿੱਚ ਕ੍ਰਮਵਾਰ ਬਿਜ-ਡਾਕ ਪਤਾ ਅਤੇ ਪਛਾਣ-ਸ਼ਬਦ ਭਰੋ। Login ’ਤੇ ਛੂਹੋ।
 * ਸਤਹਿ ’ਤੇ ਤੁਹਾਡੇ ਖਾਤੇ ਦਾ ਮੁੱਖ ਪੰਨਾ ਖੁੱਲ੍ਹੇਗਾ। ਇੱਥੋਂ ਖੱਬੇ ਹੱਥ ਸਿਖ਼ਰ ’ਤੇ Upload ਬਟਣ ’ਤੇ ਛੂਹੋ।
 * ਚਡ਼੍ਹਾਉਣ (Upload ਕਰਨ) ਲਈ ਮਿਸਲ ਚੁਣਨ ਵਾਲਾ ਬਕਸਾ ਖੁੱਲ੍ਹੇਗਾ। ਮੋਬਾਈਲ ’ਚ ਮਿਸਲ ਭਾਲ ਕੇ ਚੁਣੋ ਤੇ Open ’ਤੇ ਛੂਹੋ।
 * ਮਿਸਲ ਨੱਥੀ ਹੋਣ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ Upload (ਜਿਹਡ਼ਾ ਕਿ ਹੁਣ Add Files ਵਿੱਚ ਤਬਦੀਲ ਹੋ ਗਿਆ) ਬਟਣ ਦੇ ਐਨ ਸੱਜੇ ਹੱਥ ਇੱਕ ਡੱਬੀ ਵਿੱਚ ਤੁਹਾਡੀ ਮਿਸਲ ਨੱਥੀ ਹੋਣ ਦੀ ਪ੍ਰਕਿਰਿਆ ਚੱਲੇਗੀ। ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰੋ। ਡੱਬੀ ’ਤੇ ਮਾਊਸ ਪੁਆਂਇੰਟਰ ਲੈ ਕੇ ਜਾਓ। ਉਪਰਲੇ ਸੱਜੇ ਹੱਥ ਗਰਾਰੀ ਦੇ ਨਿਸ਼ਾਨ ’ਤੇ ਛੂਹੋ।
 * ਹੇਠਾਂ ਨੂੰ ਖੁੱਲ੍ਹਣ ਵਾਲੀ ਆਦੇਸ਼-ਸੂਚੀ ਤੋਂ Share ਦੀ ਚੋਣ ਕਰੋ। (ਉਂਜ ਕਡ਼ੀ ਦਾ ਸਿਰਨਾਵਾਂ ਉਤਾਰਨ  ਲਈ Copy Link ’ਤੇ ਵੀ ਛੂਹਿਆ ਜਾ ਸਕਦਾ ਹੈ।)
 * ਨਵੇਂ ਝਰੋਖੇ ਦੇ ਸਿਖ਼ਰ ’ਤੇ ਤੁਹਾਡੀ ਚਡ਼੍ਹਾਈ ਹੋਈ ਮਿਸਲ ਦਾ ਨਾਂ ਨਜ਼ਰ ਆਵੇਗਾ। ਹੇਠਲੇ ਬਕਸੇ ਵਿੱਚ ਆਪਣੇ ਮਿੱਤਰ ਦਾ ਬਿਜ-ਡਾਕ ਪਤਾ ਟਾਈਪ ਕਰੋ।
 * ਜੇਕਰ ਨਾਲ ਕੋਈ ਸਨੇਹਾ ਭੇਜਣਾ ਚਾਹੁੰਦੇ ਹੋ ਤਾਂ ਬਿਜ-ਡਾਕ ਦੇ ਹੇਠਲੇ ਬਕਸੇ ’ਚ ਟਾਈਪ ਕਰ ਦਿਓ।
 Send ਬਟਣ ’ਤੇ ਛੋਹ ਕੇ ਕੰਮ ਪੂਰਾ ਕਰੋ। ਮੁੱਖ ਪੰਨੇ ਦੇ ਬਿਲਕੁਲ ਸੱਜੇ ਹੱਥ ਸਿਖਰ ’ਤੇ ਗੁਲਾਈ ਵਾਲੀ ਫੋਟ ਵਾਲੇ ਬਟਣ (Copy, Link, Share ਅਤੇ More ਦੇ ਸੱਜੇ ਪਾਸੇ) ’ਤੇ ਛੂਹ ਸੂਚੀ ਵਿੱਚੋਂ Logout ਦਾ ਵਿਕਲਪ ਲਓ ਤੇ ਬਾਹਰ ਆ ਜਾਓ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 15-04-2016 
Previous
Next Post »