ਫਾਈਲਾਂ ਅਤੇ ਫੋਲਡਰਾਂ ਨੂੰ ਲੁਕਾਉਣ ਦਾ ਨੁਸਖ਼ਾ/HideFile-Folder-Dr-C-P-Kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 03-04-2016
ਕੰਪਿਊਟਰ ਵਿਚ ਡਾਟੇ ਨੂੰ ਸੁਰੱਖਿਅਤ ਰੱਖਣਾ ਆਪਣੇ ਆਪ ਵਿਚ ਬਹੁਤ ਵੱਡਾ ਮਸਲਾ ਹੈ। ਡਾਟਾ ਸੁਰੱਖਿਆ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਜਿਵੇਂ ਕਿ ਵਿੰਡੋਜ਼ ਪਾਸਵਰਡ ਲਗਾਉਣਾ, ਫਾਈਲ ਜਾਂ ਫੋਲਡਰ ਨੂੰ ਲੌਕ ਲਗਾ ਕੇ ਰੱਖਣਾ, ਲੁਕਾ ਕੇ ਰੱਖਣਾ (ਹਾਈਡ ਕਰਨਾ) ਆਦਿ
ਕੰਪਿਊਟਰ ਜਾਣਕਾਰੀ ਦੇ ਪਸਾਰ ਕਾਰਨ ਹੁਣ ਆਮ ਵਰਤੋਂਕਾਰ ਨਿੱਕੀਆਂ-ਮੋਟੀਆਂ ਅੜਾਉਣੀਆਂ ਦਾ ਹੱਲ ਲੱਭ ਲੈਂਦੇ ਹਨ। ਅਜਿਹੀ ਸਥਿਤੀ ਵਿਚ ਕੁੱਝ ਨਵਾਂ 'ਤੇ ਵੱਖਰਾ ਨੁਸਖ਼ਾ ਲੱਭਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਫਾਈਲਾਂ ਅਤੇ ਫੋਲਡਰਾਂ ਨੂੰ ਲੁਕਾ ਕੇ ਰੱਖਣ ਦਾ ਤਰੀਕਾ ਭਾਵੇਂ ਬਹੁਤਾ ਨਵਾਂ ਨਹੀਂ ਪਰ ਫਿਰ ਵੀ ਇਹ ਕੁੱਝ ਹੱਦ ਤੱਕ ਸੁਰੱਖਿਅਤ ਹੈ। ਇਸ ਸਿੱਧ ਪੱਧਰੇ ਤਰੀਕੇ ਦੀ ਵਰਤੋਂ ਨਾਲ ਕੋਈ ਪਾਸਵਰਡ ਲਗਾਉਣ ਜਾਂ ਉਸ ਨੂੰ ਭੁੱਲਣ ਦੇ ਡਰ ਦੀ ਚਿੰਤਾ ਨਹੀਂ। ਜਦੋਂ ਮਰਜ਼ੀ ਚਾਹੋ ਆਪਣੇ ਡਾਟੇ ਨੂੰ 'ਦਿੱਖ' ਜਾਂ 'ਅਦਿੱਖ' ਬਣਾ ਲਓ।
ਇਸ ਨਵੇਂ ਨੁਸਖ਼ੇ ਵਿਚ ਦੋ ਕੰਮ ਕਰਨ ਦੀ ਲੋੜ ਪਵੇਗੀ। ਪਹਿਲਾ ਫਾਈਲ ਜਾਂ ਫੋਲਡਰ ਨੂੰ ਬਿਨਾਂ ਨਾਮ ਵਾਲਾ ਬਣਾਉਣਾ 'ਤੇ ਫਿਰ ਉਸ ਨੂੰ ਹਾਈਡ ਕਰਨਾ।
ਜਿਹੜੀ ਫਾਈਲ ਜਾਂ ਫੋਲਡਰ 'ਤੇ ਇਹ ਨੁਸਖ਼ਾ ਅਪਣਾਉਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਉਸ 'ਤੇ ਰਾਈਟ ਕਲਿੱਕ ਕਰੋ। ਡਰੌਪ ਡਾਊਨ ਸੂਚੀ ਵਿਚੋਂ ਰੀਨੇਮ ਦੀ ਆਪਸ਼ਨ ਲਓ। ਹੁਣ ਕੀ-ਬੋਰਡ ਤੋਂ ਅਲਟ ਦਾ ਬਟਨ ਦਬਾ ਕੇ 255 ਅੰਕ ਟਾਈਪ ਕਰੋ ਤੇ ਫਿਰ ਐਂਟਰ ਦਬਾਓ। ਇਸ ਨਾਲ ਤੁਹਾਡੀ ਫਾਈਲ ਜਾਂ ਫੋਲਡਰ ਬਿਨਾਂ ਨਾਮ ਵਾਲਾ ਬਣ ਜਾਵੇਗਾ।
ਹੁਣ ਅਗਲਾ ਕੰਮ ਇਸ ਨੂੰ ਹਾਈਡ ਯਾਨੀਕਿ ਲੁਕਾਉਣ ਦਾ ਹੈ। ਇਸ ਕੰਮ ਲਈ ਉਸ ਫਾਈਲਾਂ ਜਾਂ ਫੋਲਡਰ 'ਤੇ ਰਾਈਟ ਕਲਿੱਕ ਕਰਕੇ ਪ੍ਰਾਪਰਟੀਜ਼ 'ਤੇ ਜਾਓ 'ਤੇ ਫਿਰ ਇੱਥੋਂ ਕਸਟੋਮਾਈਜ਼ 'ਤੇ ਕਲਿੱਕ ਕਰੋ। ਹੁਣ ਚੇਂਜ ਆਈਕਾਨ 'ਤੇ ਕਲਿੱਕ ਕਰ ਦਿਓ। ਬਹੁਤ ਸਾਰੇ ਆਈਕਾਨ ਦਿਸਣਗੇ। ਇਹਨਾਂ ਵਿਚੋਂ ਤੁਹਾਨੂੰ ਇੱਕ ਅਦ੍ਰਿਸ਼ (ਖ਼ਾਲੀ) ਆਈਕਾਨ ਲੱਭਣਾ ਪਵੇਗਾ। ਇਸ ਨੂੰ ਚੁਣ ਕੇ ਓਕੇ 'ਤੇ ਕਲਿੱਕ ਕਰ ਦਿਓ। ਅਜਿਹਾ ਕਰਦਿਆਂ ਹੀ ਤੁਹਾਡੀ ਫਾਈਲ ਜਾਂ ਫੋਲਡਰ ਲੁਕ ਜਾਵੇਗਾ। ਇਸ ਨਾਲ ਕੋਈ ਅਣ-ਅਧਿਕਾਰਿਤ ਵਿਅਕਤੀ ਤੁਹਾਡੇ ਡਾਟੇ ਦੀ ਦੁਰਵਰਤੋਂ ਨਹੀਂ ਕਰ ਸਕੇਗਾ।
ਇੱਥੇ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਦੂਜੀ ਵਾਰ ਤੁਸੀਂ ਖ਼ੁਦ ਇਸ ਦੀ ਵਰਤੋਂ ਕਰਨਾ ਚਾਹੋ ਤਾਂ ਤੁਹਾਨੂੰ ਉਸ ਥਾਂ 'ਤੇ ਜਾਣਾ ਪਵੇਗਾ ਜਿੱਥੇ ਤੁਸੀਂ ਆਪਣੀ ਫਾਈਲਾਂ ਜਾਂ ਫੋਲਡਰ ਬਣਾਇਆ ਸੀ। ਇੱਥੇ ਫਾਈਲ ਜਾਂ ਫੋਲਡਰ ਦੀ ਸੰਕੇਤਕ ਥਾਂ 'ਤੇ ਡਬਲ ਕਲਿੱਕ ਕਰਕੇ ਉਸ ਨੂੰ ਖੋਲ੍ਹ ਲਓ।

Previous
Next Post »