ਪਥਰੀਨਾਮਾ/Pathrinama-Dr.CP-kamboj

(ਡਾ. ਸੀ ਪੀ ਕੰਬੋਜ/ਅਕਤੂਬਰ, 2016)
ਇਕ ਦਿਨ ਮੇਰੇ ਢਿੱਡ ਵਿਚ ਪੈ ਗਈ ਪੀੜ ਸੀ,
ਬੁਰੀ ਤਰ੍ਹਾਂ ਤਨ ਨੂੰ ਦਿੱਤਾ ਉਸ ਨਪੀੜ ਸੀ।
ਕਈ ਦਿਨ ਕੀਤੇ ਮੈਂ ਯੋਗ ਅਭਿਆਸ ਸੀ,
ਆਖ਼ਰ ਮੈਨੂੰ ਜਾਣਾ ਪਿਆ ਡਾਕਟਰ ਦੇ ਪਾਸ ਸੀ।
ਦੋ ਪੀਲ਼ੀਆ, ਦੋ ਨੀਲੀਆਂ ਤੇ ਇਕ ਚਿੱਟੀ ਗੋਲ਼ੀ,
ਮਾਰ ਫੱਕਾ ਲੰਘਾ ਜਾ ਠੀਕ ਹੋ ਜਾਊ ਹੌਲੀ-ਹੌਲੀ।
ਅਗਲੇ ਦਿਨ ਪੀੜ ਨੇ ਚਕਾਟੇ ਮੇਰੇ ਕੱਢ ਤੇ,
ਭੱਜਿਆ ਮੈਂ ਸਕੈਨ ਕਰਾਉਣ ਕੰਮ ਸਾਰੇ ਛੱਡ ਕੇ।
ਡਾਕਟਰ ਕਹਿੰਦਾ ਪਿਸ਼ਾਬ ਦਾ ਪ੍ਰੈਸ਼ਰ ਤੇਰਾ ਫੁੱਲ ਐ?
ਬੀਪੀ ਦੀ ਉਹਨੇ ਜਾਂਚ ਕੀਤੀ ਸਹੀ ਏ ਕੇ ਗੁੱਲ ਐ?
ਅੰਦਰ ਜਾ ਫੱਟੇ ਉੱਤੇ ਲੰਮਾ ਮੈਂ ਪੈ ਗਿਆ,
ਡਾਕਟਰ ਨੇ ਮਸ਼ੀਨ ਨਾਲ ਸਕੈਨ ਮੇਰਾ ਲੈ ਲਿਆ।
ਆਖੇ ਡਾਕਟਰ ਵਾਹਵਾ ਕੁੱਝ ਪਤਾ ਲੱਗਿਆ ਢਿੱਡ ਦੀ ਪੜਤਾਲ ਤੇ,
ਪਿੱਤਾ ਤੇਰਾ ਕਈ ਦਿਨਾਂ ਤੋਂ ਬੈਠਾ ਏ ਹੜਤਾਲ ਤੇ।
ਕਰਾਂ ਅਰਦਾਸ ਪਿੱਤ-ਪੱਥਰੀਏ ਤੂੰ ਖੁਰ ਜਾ,
ਪਾਚਕ ਰਸ ਪੈਦਾ ਕਰੇ 'ਪਿੱਤਾ' ਨਾਂ ਦਾ ਪੁਰਜ਼ਾ।
ਚੀਰੇ-ਟਾਂਕੇ ਬਿਨਾਂ ਹੱਲ ਕੋਈ ਹੋਰ ਨਾ,
ਡਾਕਟਰ ਦੇ ਅੱਗੇ ਚੱਲੇ ਮੇਰਾ ਕੋਈ ਜ਼ੋਰ ਨਾ।
ਮਿੱਤਰਾਂ ਤੇ ਬੇਲੀਆ ਤੋਂ ਸਲਾਹ ਮੈਂ ਲੈ ਲਈ,
ਚੰਗੇ ਜਿਹੇ ਡਾਕਟਰ ਤੋਂ ਦਵਾ ਮੈਂ ਲੈ ਲਈ।
ਪਾਈਆ ਤੇਲ ਜੈਤੂਨ ਵਾਲਾ ਪਾਈਆ ਨਿੰਬੂ ਚੂਸ ਲੈ,
ਪਥਰੀ ਤੇਰੀ ਕੱਢ ਦੇਣੀ ਕੌੜਾ ਇਹ ਜੂਸ ਲੈ।
ਕਈ ਦਿਨ ਦਵਾਈ ਵਾਲਾ ਸਿਲਸਿਲਾ ਰਿਹਾ ਚੱਲਦਾ,
ਸਵੇਰੇ ਸ਼ਾਮੀ ਢਿੱਡ ਵੀ ਰਿਹਾ ਮੈਂ ਮਲਦਾ।
ਲੱਪ ਭਰ ਗੋਲ਼ੀਆਂ ਤੇ ਪੀਣ ਵਾਲੀ ਦਵਾਈ ਜੇ,
ਕੌੜੀ ਜਿਹੀ ਦਵਾ ਨੇ ਮੇਰੀ ਡਾਢੀ ਰੇਲ ਬਣਾਈ ਜੇ।
ਅੰਦਰੋਂ ਆਵਾਜ਼ ਆਈ ਪਥਰੀਆਂ ਬੋਲੀਆਂ,
ਜਿੰਨੀਆਂ ਤੂੰ ਸਮਝੇਂ ਅਸੀਂ ਉਨੀਆਂ ਨਹੀਂ ਭੋਲ਼ੀਆਂ।
ਸਕੈਨ, ਰਿਪੋਰਟਾਂ ਨੂੰ ਮੈਂ ਫਾਈਲ ਵਿਚ ਜੜਿਆ,
ਇਕ ਦਿਨ ਰਸਤਾ ਮੈਂ ਮਲੇਰਕੋਟਲੇ ਵਾਲਾ ਫੜਿਆ।
ਡਾਕਟਰ ਮੇਰੇ ਬੇਲੀ ਨੇ ਹਿਸਟਰੀ ਬਣਾ ਲਈ,
ਕਹਿੰਦਾ ਇਹ ਨਿਕਲ ਜਾਊ, ਜੇ ਦਵਾ ਤੂੰ ਮੇਰੀ ਖਾ ਲਈ।
ਜੜ੍ਹੀਆਂ-ਬੁਟੀਆਂ ਵਾਲਾ ਵੀ ਮੈਂ ਪੰਗਾ ਬਹੁਤ ਲਿਆ ਸੀ,
ਏਸ ਮਰਜ਼ ਨੂੰ ਫੇਰ ਵੀ ਨਾ ਫ਼ਰਕ ਬਹੁਤਾ ਪਿਆ ਸੀ।
ਡਾਕਟਰ 'ਅੰਗਰੇਜ਼ੀ' ਕਹਿਣ ਇਹ ਤਾਂ ਪਊ ਕੱਢਣੀ,
ਜੜ੍ਹੀਆਂ-ਬੁਟੀਆਂ ਖਾਣ ਵਾਲੀ ਜ਼ਿੱਦ ਪਊ ਛੱਡਣੀ।
ਇਕ ਦਿਨ ਸਵੇਰੇ-ਸਵੇਰੇ ਗੱਡੀ ਸਾਫ਼ ਕਰਦਾ,
ਦਰਦ ਹੋਇਆ ਇੰਝ ਜਿਵੇਂ ਦੁਸ਼ਮਣ ਕੋਈ ਵਰ੍ਹਦਾ।
ਮਿੰਟੋਂ-ਮਿੰਟੀ ਦਰਦ ਤਾਂ ਰੇਸ ਫੜੀ ਜਾਂਦਾ ਏ,
ਆਤਮਾ ਕੁਰਲਾ ਉੱਠੀ, ਕੋਈ ਇੰਨਾ ਵੀ ਸਤਾਉਂਦਾ ਏ।
ਅਗਲੇ ਦਿਹਾੜੇ ਮੈਂ ਦਾਖਲ ਜਾ ਕੇ ਹੋ ਗਿਆ,
ਡਾਕਟਰ ਨੇ ਮੈਨੂੰ ਚੈੱਕ ਕੀਤਾ, ਨਵਾਂ ਸਿਆਪਾ ਹੋ ਗਿਆ।
ਕਹਿੰਦਾ ਪੈਨਕ੍ਰਿਆਸ ਇਨਫੈਕਸ਼ਨ ਬੜੀ ਹੀ ਨਿਘਾਰੂ ਏ,
ਰਿਪੋਰਟ ਦੱਸੇ ਮਿੱਤਰਾ ਤੂੰ ਪੀਂਦਾ ਬੜੀ ਦਾਰੂ ਏਂ।
ਮੈਂ ਆਖਾਂ ਦਾਰੂ ਨੂੰ ਤਾਂ 'ਟੱਚ' ਨਹੀਂ ਕਰਦਾ,
ਛੇਤੀ ਮੈਨੂੰ ਲੰਮਾ ਪਾ, ਮੈਂ ਜਾਂਦਾ ਮਰਦਾ।
ਪੂਰੇ ਦਿਨ ਰਹੇ ਮੈਨੂੰ ਟੀਕੇ ਬੜੇ ਠੁਕਦੇ,
ਦੇਸੀ ਦਵਾਈਆਂ ਨਾਲ ਦਰਦ ਨਹੀਉਂ ਰੁਕਦੇ।
ਮਿੰਟੋ-ਮਿੰਟੀ ਚੱਲ ਪਿਆ ਬੋਤਲਾਂ ਦਾ ਦੌਰ ਸੀ,
ਖ਼ਾਲੀ ਨੂੰ ਉਤਾਰ ਦਿੰਦੇ, ਟੰਗ ਦਿੰਦੇ ਹੋਰਸ ਸੀ।
ਚਾਹ-ਰੋਟੀ ਬੰਦ ਸਭ, ਪਾਣੀ ਵੀ ਨਹੀਂ ਪੀਵਣਾ,
ਡਾਕਟਰ ਆਖੇ ਪਰਹੇਜ਼ ਰੱਖ ਜੇ ਤੂੰ ਹੋਰ ਜੀਵਣਾ।
ਪੀੜ ਦਾ ਅਰਾਮ ਆਇਆ, ਅੱਖ ਮੇਰੀ ਲੱਗ ਗਈ,
ਸੁਪਨੇ 'ਚ ਮੈਂ ਬੋਲ ਪਿਆ, ਰੋਟੀ ਇੱਥੇ ਰੱਖ ਬਈ।
ਪਤਨੀ ਮੇਰੀ ਡਰ ਪਈ, ਡਾਕਟਰ ਨੂੰ ਬੁਲਾ ਲਿਆ,
ਜਗਾਉਣ ਲਈ ਮੈਨੂੰ ਉਨ੍ਹੇ ਥੋੜ੍ਹਾ ਜਿਹਾ ਹਿਲਾ ਲਿਆ।
ਡਾਕਟਰ ਆਖੇ ਦੱਸ ਖਾਂ, ਤੂੰ ਰੋਟੀ ਕਾਹਨੂੰ ਮੰਗਨੈਂ,
ਬਿਮਾਰ ਪਿਆ ਮੰਜੇ ਉੱਤੇ ਭੋਰਾ ਵੀ ਨਹੀਂ ਸੰਗਨੈਂ।
ਮੈਂ ਆਖਾ ਅੰਨ ਬਿਨਾ ਜੀਣਾ ਵੀ ਕੋਈ ਜੀਣਾ ਏ,
ਡਾਕਟਰ ਦਾ ਇਹ ਕਾਰਾ ਤਾਂ ਬੜਾ ਹੀ ਸਤੀਣਾ ਏ।
ਦੋ ਦਿਨ ਬੀਤ ਗਏ, ਛੁੱਟੀ ਦੀ ਇਤਲਾਹ ਹੋਈ,
ਹੋਰ ਵੱਡੇ ਡਾਕਟਰ ਨੂੰ ਮਿਲਣੇ ਦੀ ਸਲਾਹ ਹੋਈ।
ਬੜਾ ਸਿਆਣਾ ਡਾਕਟਰ ਨਾਂ ਵੀ ਬਥੇਰਾ ਏ,
ਡੀਐੱਮਸੀ ਤੋਂ ਰਿਟਾਇਰ ਹੋਇਆ, ਗਿਆਨ ਵੀ ਡੁੰਘੇਰਾ ਏ।
ਜਿਵੇਂ ਦਾ ਸੁਣੀਂਦਾ ਸੀ, ਓਵੇਂ ਦਾ ਉਹ ਹੈ ਸੀ,
ਸੁਣਾ 'ਕੰਬੋਜ' 'ਪਥਰੀਨਾਮਾ' ਲੈ ਲਈ ਰੈ ਸੀ।
ਡਾਕਟਰ ਕਹਿੰਦਾ ਡਰਨੇ ਦੀ ਜ਼ਰਾ ਵੀ ਨਹੀਂ ਬਾਤ ਏ,
'ਉਸ' ਤੇ ਭਰੋਸਾ ਰੱਖ ਮੇਰੀ ਕੀ ਔਕਾਤ ਏ।
ਪਿੱਤੇ ਵਾਲੀ ਪੋਟਲੀ ਆਪਾਂ ਨੂੰ ਪਊ ਕੱਢਣੀ,
10 ਦਿਨ ਹੋਰ ਤੈਨੂੰ ਥਿੰਧਿਆਈ ਪਊ ਛੱਡਣੀ।
ਗਿਆਰ੍ਹਵੇਂ ਦਿਨ ਤੂੰ ਮੇਰੇ ਕੋਲ ਆ ਜਾਈਂ,
ਜਿਹੜੇ ਮੈਂ ਦੱਸਾਂਗਾ ਉਹ ਟੈਸਟ ਕਰਵਾ ਜਾਈਂ।
ਗਿਆਰ੍ਹਵੇਂ ਦਿਨ ਦੀ ਰਿਪੋਰਟ ਦਰੁਸਤ ਸੀ,
ਖ਼ੁਸ਼ੀ ਬਥੇਰੀ ਸੀ, ਹੋ ਰਿਹਾ ਤੰਦਰੁਸਤ ਸੀ।
ਡਾਕਟਰ ਨੇ ਓਪਰੇਸ਼ਨ ਵਾਲੀ ਤਾਰੀਖ਼ ਦਿੱਤੀ ਦੱਸ ਸੀ,
ਮੇਰੇ ਉੱਤੇ ਡਰ ਵਾਲੀ ਕੁੰਡੀ ਦਿੱਤੀ ਕੱਸ ਸੀ।
ਜੜੀਆਂ-ਬੂਟੀਆਂ ਦਾ ਡਾਕਟਰ ਨੂੰ ਜਦੋਂ ਪਤਾ ਲੱਗਿਆ,
ਗ਼ੁੱਸੇ ਵਿਚ ਆ ਕੇ ਉਹ ਮੇਰੇ 'ਤੇ ਮਘਿਆ।
ਕਹਿੰਦਾ ਤੂੰ ਵਿਦਵਾਨ ਸੀ ਕੀਤੀ ਕਿਉਂ ਭੁੱਲ ਵੇ,
ਕਾਇਆ ਆਪਣੀ ਗਾਲ ਦਿੱਤੀ ਜਿਹਦਾ ਨਾ ਕੋਈ ਮੁੱਲ ਵੇ।
ਮਿਥੇ ਹੋਏ ਦਿਹਾੜੇ ਡੇਰਾ ਹਸਪਤਾਲ ਲਾਇਆ ਸੀ,
ਡਾਕਟਰ ਦੇ ਦੱਸਣੇ ਮੁਤਾਬਿਕ ਕੁਝ ਵੀ ਨਾ ਖ਼ਾਇਆ ਸੀ।
ਸੱਦਾ ਸੁਣ ਤ੍ਰਭਕ ਗਿਆ ਮੈਂ ਕਰਮਚਾਰੀ ਦਾ,
ਨਿਕਲ ਗਿਆ ਹੱਲ ਹੁਣ ਫਸੀ ਹੋਈ ਗਰਾਰੀ ਦਾ।
ਪੁਸ਼ਾਕ ਮੈਨੂੰ ਵੱਖਰੀ ਜਿਹੀ ਅੰਦਰੇ ਪੁਆ ਦਿੱਤੀ,
ਗੱਲ 'ਚ ਪੰਜਾਲੀ ਹਲ਼ ਕੋਹਲੂ ਵਾਲੀ ਜੁੱਤਾ ਦਿੱਤੀ।
ਨਾਲੋ-ਨਾਲ ਮੈਨੂੰ ਇਸ਼ਾਰਾ ਜਿਹਾ ਹੋ ਗਿਆ,
ਬੀਬਾ ਰਾਣਾ ਬਣ ਮੈਂ ਫੱਟੇ 'ਤੇ ਸੌਂ ਗਿਆ।
ਮੂੰਹ-ਨੱਕ ਢਕੀਂ ਇਕ ਕੁੜੀ ਕੋਲ ਆ ਗਈ,
ਨਬਜ਼ ਮੇਰੀ ਟੋਹ ਕੇ ਬੋਤਲ ਖੁਭਾ ਗਈ।
ਫਟਾਫਟ ਫਿਰ ਉਸਤਰਾ ਛਾਤੀ ਉੱਤੇ ਚੱਲਿਆ,
ਦੋ ਮਿੰਟਾਂ ਬਾਅਦ ਵਾਲ ਇਕ ਵੀ ਨਾ ਝੱਲਿਆ।
ਉੱਤੋਂ ਇਕ ਡਾਕਟਰ ਨੇ ਛਿੱਕੂ ਜਿਹਾ ਸੁੰਘਾ ਦਿੱਤਾ,
ਨਾਲੇ ਉਸ ਦਾਰੂ ਕੁੱਝ ਬੋਤਲ 'ਚ ਪਾ ਦਿੱਤਾ।
ਦੂਜੇ ਹੀ ਸੁਆਸ ਮੈਂ ਹੋਇਆ ਬੇਹੋਸ਼ ਸੀ,
ਖੌਰੇ ਕੀ ਹੋਇਆ ਮਗਰੋਂ ਮੈਨੂੰ ਕਿਹੜਾ ਹੋਸ਼ ਸੀ।
ਓਪਰੇਸ਼ਨ ਸਫਲ ਹੋ ਗਿਆ ਕੱਢ ਦਿੱਤਾ 'ਮਾਲ' ਏ,
ਹੁਣ ਤੂੰ ਦੱਸ ਜਰਾ, ਤੇਰਾ ਕੀ ਹਾਲ ਏ।
ਸੁਰਤ ਸੰਭਾਲਦਿਆਂ ਹੀ ਦਰਦਾਂ ਜਿਹੀਆਂ ਛਿੜੀਆਂ,
ਲੱਗਿਆ ਜਿਉਂ ਠੁੱਸ ਹੋਈਆਂ ਖ਼ੁਸ਼ੀ ਦੀਆਂ ਫੁਲਝੜੀਆਂ।
ਠੰਢ ਨਾਲ ਕੰਬਣੀ ਨੇ ਕੀਤਾ ਬੁਰਾ ਹਾਲ ਸੀ,
ਦੋ ਘੰਟਿਆਂ ਦੇ ਕਸ਼ਟਾਂ ਦਾ ਉਹ ਡਾਅਢਾ ਬੁਰਾ ਕਾਲ ਸੀ।
ਅੰਤ ਨੂੰ ਸਥਿਤੀ ਫਿਰ ਕਾਬੂ ਹੇਠ ਆ ਗਈ,
ਤੱਕਿਆ ਮੈਂ ਇੱਧਰ-ਓਧਰ ਚੁੱਪ ਜਿਹੀ ਛਾ ਗਈ।
ਭਾਈ ਮੇਰਾ ਹੱਥ ਨੱਪੇ, ਬੇਲੀ ਆਖੇ ਹੁਣ ਠੀਕ ਏਂ?
ਪਤਨੀ ਮੇਰੀ ਮੁੱਠੀਆਂ ਭਰੇ ਦੁਨੀਆ 'ਚ 'ਯੂਨੀਕ' ਏ।
ਛੁੱਟੀ ਦਾ ਦਿਆੜਾ ਆਇਆ ਬਥੇਰਾ ਹੀ ਚਾਅ ਸੀ,
ਘਰ 'ਚ ਉਡੀਕੇ ਮੇਰੀ ਰੱਬ ਰੂਪੀ ਮਾਂ ਸੀ।
ਬੀਤੇ ਤੋਂ ਮੈਂ ਸਿੱਖਿਆ, ਬਥੇਰਾ ਕੁੱਝ ਸਿੱਖਿਆ,
'ਪਥਰੀਨਾਮਾ' ਦੋਸਤੋ ਮੈਂ ਐਵੇਂ ਤਾਂ ਨਹੀਂ ਲਿਖਿਆ।
ਪਿੱਤੇ ਵਾਲੀ ਪਥਰੀ ਦਾ ਇਲਾਜ 'ਓਪਰੇਟ' ਏ,
ਸਮੇਂ 'ਤੇ ਜੋ ਸੰਭਲ ਜਾਏ, ਬੰਦਾ ਉਹ 'ਗਰੇਟ' ਏ।
ਪੁਲਾਂ ਹੇਠੋਂ ਪਾਣੀ ਲੰਘਾ, ਫਿਰ ਨਹੀਂਓ ਮੁੜਨਾ,
ਪਿੱਤੇ ਬਾਝੋਂ ਮਿੱਤਰੋ ਸਾਡਾ ਜ਼ਿਆਦਾ ਨਹੀਂਓ ਥੁੜਨਾ।
..... 0 .....
Previous
Next Post »