ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

26-10-2017

'ਹੋਮ ਸ਼ੌਪ' ਦੀ ਲਾਟਰੀ ਦਾ ਕੱਚ-ਸੱਚ

ਗਾਹਕਾਂ ਦਾ ਨਿੱਜੀ ਡਾਟਾ ਚੁਰਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਸਰਗਰਮ

ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਹਰ ਕੋਈ ਆਨ-ਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਿਹਾ ਹੈ। ਆਨ-ਲਾਈਨ ਵੈੱਬਸਾਈਟਾਂ ਦੇ ਨਾਲ-ਨਾਲ ਕੁੱਝ ਟੀਵੀ ਚੈਨਲ ਗਾਹਕਾਂ ਨੂੰ ਭਰਮਾਉਣ ’ਚ ਲੱਗੇ ਹੋਏ ਹਨ। ਜੋ ਲੋਕ ਇੰਟਰਨੈੱਟ ਨਹੀਂ ਜਾਣਦੇ ਉਨ੍ਹਾਂ ਲਈ ਟੀਵੀ ਦੀ ਸਕਰੀਨ ’ਤੇ ਫਲੈਸ਼ ਹੋ ਰਹੇ ਫ਼ੋਨ ਨੰਬਰ ’ਤੇ ਸੰਪਰਕ ਕਰਕੇ ਆਰਡਰ ਦੇਣਾ ਆਸਾਨ ਹੈ। ਅੱਜ ਮੈਂ ਤੁਹਾਡੇ ਸਾਹਮਣੇ 'ਹੋਮ ਸ਼ੌਪ' ਰਾਹੀਂ ਖ਼ਰੀਦੇ ਸਮਾਨ ਕਾਰਨ ਲੱਕੀ ਵਿਨਰ ਬਣਨ ’ਤੇ ਲੱਖਾਂ ਰੁਪਏ ਦੀ ਲਾਟਰੀ ਦਾ ਜੇਤੂ ਬਣਨ ਦਾ ਕੱਚ-ਸੱਚ ਪੇਸ਼ ਕਰਨ ਜਾ ਰਿਹਾ ਹਾਂ।
ਮੈਂ ਵੱਖ-ਵੱਖ ਸਮਾਗਮਾਂ ’ਚੋਂ ਅਤੇ ਆਪਣੇ ਅਖ਼ਬਾਰੀ ਲੇਖਾਂ ਰਾਹੀਂ ਵਾਰ-ਵਾਰ ਕਹਿ ਚੁੱਕਾ ਹਾਂ ਕਿ ਆਨ-ਲਾਈਨ ਲਾਟਰੀਆਂ ਦੇ ਸੁਨੇਹੇ ਨਿਰੀ ਠੱਗੀ ਹੁੰਦੇ ਹਨ ਤੇ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਸਾਈਬਰ ਠੱਗ ਲਾਟਰੀ ਦਾ ਝਾਂਸਾ ਦੇ ਕੇ ਤੁਹਾਨੂੰ ਕੁੱਝ ਰਕਮ ਟੈਕਸ ਜਾਂ ਜੀਐੱਸਟੀ ਆਦਿ ਦੇ ਰੂਪ ਵਿਚ ਉਨ੍ਹਾਂ ਦੇ ਖਾਤੇ ’ਚ ਪਾਉਣ ਲਈ ਕਹਿੰਦੇ ਹਨ। ਜਿਉਂ ਹੀ ਤੁਸੀਂ ਟੈਕਸ ਵਾਲੀ ਰਕਮ ਉਨ੍ਹਾਂ ਦੇ ਖਾਤੇ ਵਿਚ ਪਾਉਂਦੇ ਹੋ, ਉਹ ਤਿੱਤਰ ਹੋ ਜਾਂਦੇ ਹਨ। ਉਹ ਘਰ ਬੈਠੇ ਤੁਹਾਡੀ ਮਿਹਨਤ ਦੀ ਕਮਾਈ ਦਾ ਵੱਡਾ ਗੱਫਾ ਲੈ ਕੇ ਫ਼ੋਨ ਨੰਬਰ ਬੰਦ ਕਰ ਲੈਂਦੇ ਹਨ ਤੇ ਕਿਸੇ ਹੋਰ ਸਿੰਮ ਰਾਹੀਂ ਅਗਲੀ ਸਾਮੀ ਫਸਾਉਣ ’ਚ ਲੱਗ ਜਾਂਦੇ ਹਨ।
ਪਿਛਲੇ ਹਫ਼ਤੇ ਹਾਲਾਂ ਮੈਨੂੰ ਦਫ਼ਤਰ ਪੁੱਜਿਆਂ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰੀ ਪਤਨੀ ਦਾ ਫ਼ੋਨ ਆ ਗਿਆ। “ਮੇਰੀ ਕਿਸਮਤ ਬੜੀ ਤੇਜ਼ ਹੈ, ਆਪਾਂ ਨੂੰ 14 ਲੱਖ ਦੀ ਲਾਟਰੀ ਨਿਕਲ ਗਈ”, ਉਸ ਨੇ ਇੱਕੋ ਸਾਹੀਂ ਕਿਹਾ। ਮੈਂ ਆਪਣੀ ਪਤਨੀ ਤੋਂ ਪੁੱਛਿਆ ਕਿ ਆਪਾਂ ਨੇ ਕੋਈ ਲਾਟਰੀ ਪਾਈ ਸੀ ਤਾਂ ਅੱਗੋਂ ਜਵਾਬ ਆਇਆ ਕਿ, “ਉਸ ਨੇ ਪਰਸੋਂ ਟੀਵੀ ਦੇ 'ਹੋਮ ਸ਼ੌਪ' ਚੈਨਲ ’ਤੇ ਜਿਹੜਾ ਗਿਆਰਾਂ ਸੌ ਰੁਪਏ ਦਾ ਸਮਾਨ ਖ਼ਰੀਦਣ ਦਾ ਆਰਡਰ ਦਿੱਤਾ ਸੀ, ਉਸ ’ਤੇ ਇਨਾਮ ਨਿਕਲਿਆ ਹੈ।” ਮੈਨੂੰ ਖ਼ੁਸ਼ੀ ਹੋਣ ਦੀ ਬਜਾਏ ਚਿੰਤਾ ਹੋਣ ਲੱਗੀ ਕਿ ਆਪਣੇ ਪਾਠਕਾਂ ਨੂੰ ਸਾਈਬਰ ਨਗਰੀ ਦਾ ਸੁਰੱਖਿਆ ਮੰਤਰ ਪੜ੍ਹਾਉਣ ਵਾਲਾ ਬੰਦਾ ਇਸ ਖ਼ਬਰ ’ਤੇ ਕਿਵੇਂ ਯਕੀਨ ਕਰੇ। ਇਹ ਸੋਚ ਕੇ  ਕਿ ਔਰਤਾਂ ਛੇਤੀ ਭਾਵੁਕ ਹੋ ਜਾਂਦੀਆਂ ਹਨ, ਮੈਂ ਮਾਮਲੇ ਨੂੰ ਤੂਲ ਦੇਣ ਦੀ ਬਜਾਏ ਆਪਣੇ ਕੰਮ ਲਗ ਗਿਆ। ਫੇਰ ਫ਼ੋਨ ਆਇਆਂ, “ਛੇਤੀ ਘਰੇ ਆਓ, ਵਾਰ-ਵਾਰ ਫ਼ੋਨ ਆ ਰਿਹਾ ਹੈ ਕਿ ਅੱਧੇ ਘੰਟੇ ’ਚ ਦੱਸੋ ਕਿ ਮਹਿੰਦਰਾ ਗੱਡੀ ਲੈਣੀ ਹੈ ਕਿ 14 ਲੱਖ ਰੁਪਏ ਨਕਦ”। ਮੇਰੀ ਜੀਵਨ ਸਾਥਣ ਆਪਣੀ ਥਾਏਂ ਸੱਚੀ ਸੀ ਕਿ ਟੀਵੀ ਚੈਨਲ ਵਾਲੇ ਠੱਗੀ ਨਹੀਂ ਮਾਰ ਸਕਦੇ, ਨਾਲੇ ਕਹਿ ਰਹੀ ਸੀ ਕਿ ਫ਼ੋਨ ਰਾਹੀਂ ਉਨ੍ਹਾਂ ਉਸ ਦਾ ਨਾਮ ਅਤੇ ਪਤਾ ਵੀ ਦੱਸ ਦਿੱਤਾ ਹੈ। ਮੈਨੂੰ ਪਤਾ ਸੀ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ।
ਮੇਰੀ ਪਤਨੀ ਦਾ ਫੇਰ ਫ਼ੋਨ ਆ ਗਿਆ ਕਿ "ਲਾਟਰੀ ਵਾਲਿਆਂ ਦਾ ਵਾਰ-ਵਾਰ ਫ਼ੋਨ ਆ ਰਿਹਾ ਹੈ, ਮੈਂ ਉਨ੍ਹਾਂ ਨੂੰ ਤੁਹਾਡਾ ਨੰਬਰ ਦੇ ਦਿੱਤਾ ਹੈ, ਗੱਲ ਕਰ ਲੈਣਾ"। ਹਾਲਾਂ ਫ਼ੋਨ ਰੱਖਿਆ ਹੀ ਸੀ ਕਿ ਰਿੰਗ ਟੋਨ ਵੱਜੀ ਮੈਂ ਪੋਟਾ ਫੇਰਦਿਆਂ ਆਪਣਾ ਫੋਨ ਕੰਨ ਨੂੰ ਲਾਇਆ। “ਮੈਂ ਹੋਮ ਸ਼ੌਪ ਡਾਟਾ ਵਿੰਡ ਸੇ ਮੈਨੇਜਰ ਪ੍ਰਿੰਸ ਬੋਲ ਰਹਾ ਹੂੰ। ਆਪ ਕੀ ਪਤਨੀ ਨੇ ਹਮਾਰੀ ਕੰਪਨੀ ਕੋ ਆਨ-ਲਾਈਨ ਆਰਡਰ ਦੀਆ ਥਾ। ਮੈਂ ਆਪ ਕੋ ਮੁਬਾਰਕਬਾਦ ਦੇਨਾ ਚਾਹਤਾ ਹੂੰ ਕਿ ਆਪ ਲੱਕੀ ਵਿਨਰ ਹੈਂ। ਆਪ ਨੇ ਟੌਪ ਮਾਡਲ ਮਹਿੰਦਰਾ ਗਾਡੀ ਜੀਤੀ ਹੈ। ਆਪ ਕੇ ਪਾਸ ਸਿਰਫ਼ 10 ਮਿੰਟ ਹੈਂ। ਬਤਾਨਾ ਪੜੇਗਾ ਕਿ ਆਪ ਗਾਡੀ ਲੇਨਾ ਚਾਹਤੇ ਹੋ ਯਾ ਕੈਸ਼।” ਉਸ ਨੇ ਸਾਰੀ ਜਾਣਕਾਰੀ ਦੇ ਦਿੱਤੀ।
ਮੈਂ ਸੋਚਿਆ ਕਿ ਕਿਉਂ ਨਾ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਦਾ ਠੱਗੀ ਕਰਨ ਦਾ ਤਰੀਕਾ ਕੀ ਹੈ? ਮੈਨੂੰ ਫੇਰ ਫ਼ੋਨ ਆਇਆ। ਉਨ੍ਹਾਂ ਮੇਰਾ ਵਟਸਐਪ ਨੰਬਰ ਮੰਗਿਆ ਮੈਂ ਦੇ ਦਿੱਤਾ। ਮੈਂ ਲਾਟਰੀ ਪਿੱਛੇ ਛਿਪੇ ਸੱਚ ਤੋਂ ਪਰਦਾ ਹਟਾਉਣਾ ਚਾਹੁੰਦਾ ਸੀ। ਕਰੀਬ ਦੋ ਮਿੰਟ ਬਾਅਦ ਹੀ ਮੇਰੇ ਫ਼ੋਨ ’ਤੇ ਵਟਸਐਪ ਰਾਹੀਂ ਮਹਿੰਦਰਾ ਗੱਡੀ ਦੀ ਤਸਵੀਰ ’ਤੇ 'ਵਿਨਰ ਸਰਟੀਫਿਕੇਟ' ਭੇਜਿਆ ਗਿਆ। ਬੜੀ ਹੁਸ਼ਿਆਰੀ ਨਾਲ ਕੰਮ ਕਰਦਿਆਂ ਦੇਖ ਮੈਂ ਸੋਚ ਰਿਹਾ ਸਾਂ ਕਿ ਇਹਦੇ ’ਚ ਇਹਨਾਂ ਨੂੰ ਕੀ ਲਾਭ ਹੋਣ ਵਾਲਾ ਹੈ। ਇੰਨੇ ਨੂੰ ਫੇਰ ਵਟਸਐਪ ਸੰਦੇਸ਼ ਆਇਆ ਕਿ ਆਪ ਜਲਦੀ ਨੇੜਲੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਜਾ ਕੇ ਲਾਟਰੀ ਦੀ ਰਕਮ ਦਾ 1 ਫ਼ੀਸਦੀ (ਜੀਐੱਸਟੀ) ਜਮ੍ਹਾ ਕਰਵਾ ਦਿਓ ਤਾਂ ਜੋ ਤੁਰੰਤ ਹੀ ਤੁਹਾਨੂੰ ਚੈੱਕ ਭੇਜਿਆ ਜਾ ਸਕੇ। ਉਨ੍ਹਾਂ ਬੰਦੇ (ਜਿਸ ਨੂੰ ਉਹ ਜੀਐੱਸਟੀ ਅਕਾਊਂਟ ਮੈਨੇਜਰ ਦੱਸ ਰਹੇ ਸੀ) ਦਾ ਖਾਤਾ ਨੰਬਰ ਵੀ ਭੇਜ ਦਿੱਤਾ। ਹੁਣ ਤੱਕ ਵਾਪਰੇ ਘਟਨਾਕ੍ਰਮ ’ਚ ਮੇਰੇ ਸ਼ੱਕ ਦੀ ਸੂਈ ਹੇਠਲੇ ਨੁਕਤਿਆਂ ’ਤੇ ਅਟਕੀ ਹੋਈ ਸੀ:
  • ਲਾਟਰੀ ਦੀ ਰਕਮ ’ਤੇ ਜੀਐੱਸਟੀ ਦਾ ਸਿਰਫ਼ 1 ਫ਼ੀਸਦੀ ਹੋਣਾ
  • ਜੀਐੱਸਟੀ ਦੀ ਰਕਮ ਨਿੱਜੀ ਖਾਤੇ ਵਿਚ ਪਵਾਉਣ ਲਈ ਕਹਿਣਾ
  • ਛੇਤੀ ਰਕਮ ਜਮ੍ਹਾ ਕਰਵਾਉਣ ਲਈ ਵਾਰ-ਵਾਰ ਫ਼ੋਨ ਆਉਣੇ

ਹਾਲਾਂ ਮੈਂ ਅਗਲੇ ਪੜਾਅ ਦੀ ਖੋਜ ਲਈ ਸੋਚ ਹੀ ਰਿਹਾ ਸੀ ਕਿ ਮੇਰੀ ਪਤਨੀ ਦਾ ਫ਼ੋਨ ਆਇਆ - “ਮੈਂ ਹੋਮ ਸ਼ੌਪ ਵਾਲੇ ਨੰਬਰ ਤੇ ਦੁਬਾਰਾ ਫ਼ੋਨ ਕੀਤਾ, ਉਹ ਕਹਿੰਦੇ ਸਾਡੇ ਕੋਈ ਲੱਕੀ ਵਿਨਰ ਵਾਲੀ ਸਕੀਮ ਨਹੀਂ ਹੈ, ਮੈਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਮੇਰਾ ਨਾਂ ਤੇ ਹੋਰ ਨਿੱਜੀ ਜਾਣਕਾਰੀ ਲਾਟਰੀ ਵਾਲੇ ਠੱਗਾਂ ਕੋਲ ਕਿਵੇਂ ਪਹੁੰਚ ਗਈ? ਤਾਂ ਇਸ ਦਾ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ।”
ਸਥਿਤੀ ਸਪਸ਼ਟ ਹੋ ਚੁੱਕੀ ਸੀ ਕਿ ਹੋਮ ਸ਼ੌਪ ਤੋਂ ਗਾਹਕਾਂ ਦੀ ਨਿੱਜੀ ਜਾਣਕਾਰੀ ਇਨ੍ਹਾਂ ਸਾਈਬਰ ਠੱਗਾਂ ਦੇ ਹੱਥ ਲੱਗ ਗਈ ਸੀ। ਇਹ ਠੱਗ ਭੋਲੇ-ਭਾਲੇ ਗਾਹਕਾਂ ਨੂੰ ਲਾਟਰੀ ਦਾ ਝਾਂਸਾ ਦੇ ਕੇ ਆਪਣੇ ਮੱਕੜ-ਜਾਲ ਵਿਚ ਫਸਾ ਕੇ ਜੀਐੱਸਟੀ ਦੇ ਨਾਂ ’ਤੇ ਮਾਇਆ ਇਕੱਠੀ ਕਰ ਰਹੇ ਸਨ।
ਮੈਂ ਠੱਗਾਂ ਵੱਲੋਂ ਭੇਜੇ ਪੀਐੱਨਬੀ ਦੇ ਖਾਤੇ ਦੀ ਜਾਂਚ ਕਰਨੀ ਚਾਹੁੰਦਾ ਸੀ। ਮੈਂ ਬੈਂਕਿੰਗ ਤੇ ਅਕਾਊਂਟ ਖੇਤਰ ਬਾਰੇ ਸਾਥੀਆਂ ਨੂੰ ਨਿਰਸੁਆਰਥ ਸਲਾਹਾਂ ਦੇਣ ਵਾਲੇ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਘਰ ਪਹੁੰਚ ਗਿਆ। ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ। ਅਸੀਂ ਉਸ ਦੇ ਪੀਐੱਨਬੀ ਦੀ ਬਰਾਂਚ ਵਿਚ ਕੰਮ ਕਰਦੇ ਦੋਸਤ ਨੂੰ ਫ਼ੋਨ ਰਾਹੀਂ ਸਾਈਬਰ ਠੱਗ ਦਾ ਖਾਤਾ ਨੰਬਰ ਨੋਟ ਕਰਾਇਆ ਤੇ ਉਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਮੰਤਵ ਦੱਸਿਆ। ਭੁਪਿੰਦਰ ਦੇ ਦੋਸਤ ਨੇ ਕੁੱਝ ਸਮੇਂ ਬਾਅਦ ਖਾਤਾ ਧਾਰਕ ਦਾ ਨਾਂ ਦੱਸਦਿਆਂ ਜਾਣਕਾਰੀ ਨੋਟ ਕਰਾਈ ਕਿ ਇਹ ਵਾਰਾਨਸੀ ਦੇ ਇੱਕ ਬੈਂਕ ਦਾ ਖਾਤਾ ਹੈ। ਖਾਤੇ ਵਿਚ ਜਮ੍ਹਾ ਕਰਵਾਈ ਤੇ ਕਢਵਾਈ ਰਾਸ਼ੀ ਦੇ ਵੇਰਵੇ ਜਾਣ ਕੇ ਮੈਂ ਦੰਗ ਰਹਿ ਗਿਆ। ਅਖੇ 5 ਤੋਂ 15 ਹਜ਼ਾਰ ਤੱਕ ਦੀ ਰਾਸ਼ੀ ਜਮ੍ਹਾ ਕਰਵਾਈ ਜਾਂਦੀ ਹੈ ਤੇ ਓਵੇਂ ਹੀ ਉਸ ਨੂੰ ਕਢਵਾ ਲਿਆ ਜਾਂਦਾ ਹੈ। ਕਥਿਤ ਰੂਪ ਵਿਚ ਇੰਨੀ ਵੱਡੀ ਕੰਪਨੀ ਦਾ ਦਾਅਵਾ ਕਰਨ ਵਾਲੇ ਮੈਨੇਜਰ ਦੀ ਖਾਤਾ ਹਿਸਟਰੀ ਜਾਣ ਕੇ ਆਮ ਪਾਠਕ ਵੀ ਸਮਝ ਗਿਆ ਹੋਣੇ ਕਿ ਇਸ ਖਾਤੇ ਵਿਚ ਜਮ੍ਹਾ ਕਰਵਾਈ ਜਾਣ ਵਾਲੀ ਰਾਸ਼ੀ ਆਮ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਹੈ ਜੋ ਸਾਈਬਰ ਲੁਟੇਰਿਆਂ ਲਈ ਠੱਗੀ ਦੇ ਰੂਪ ਵਿਚ ਲੁੱਟਿਆ ਮਾਲ ਹੈ। ਸਾਨੂੰ ਕੰਨ ਹੋ ਗਏ ਕਿ ਇਹ ਸਾਈਬਰ ਠੱਗ ਕਾਫ਼ੀ ਚਲਾਕ ਹੋ ਸਕਦੇ ਨੇ ਤੇ ਲਾਜ਼ਮੀ ਤੌਰ ’ਤੇ ਇਹ ਇੱਕ ਜਥੇਬੰਦਕ ਰੂਪ ਵਿਚ ਨਵੀਂ ਤਕਨਾਲੋਜੀ ਦਾ ਲਾਹਾ ਲੈ ਕੇ ਮਲਾਈ ਲਾਹੁਣ ਦਾ ਕੰਮ ਕਰ ਰਹੇ ਹਨ। 
ਮੈਂ ਆਪਣੇ ਕੰਮ ਲੱਗ ਗਿਆ ਤੇ ਮੇਰੀ ਪਤਨੀ ਲਾਟਰੀ ਦੀ ਖ਼ਬਰ ਤੋਂ ਵੱਧ ਖ਼ੁਸ਼ ਸੀ ਕਿ ਉਹ ਥੋੜ੍ਹੀ ਜਿਹੀ ਹੁਸ਼ਿਆਰੀ ਵਰਤ ਕੇ ਠੱਗੀ ਤੋਂ ਬਚ ਗਈ। ਦੁਪਹਿਰ ਤੱਕ ਲਗਾਤਾਰ ਕਈ ਵਾਰ ਮੇਰਾ ਫ਼ੋਨ ਵੱਜਦਾ ਰਿਹਾ। ਮੈਂ ਉਨ੍ਹਾਂ ਨੂੰ ਦੂਜਿਆਂ ਦੀ ਕਮਾਈ ’ਤੇ ਡਿਜੀਟਲ ਡਾਕਾ ਮਾਰਨ ਨਾਲੋਂ ਆਪਣੇ ਹੱਥਾਂ-ਪੈਰਾਂ 'ਤੇ ਬੰਨ੍ਹਣ ਦੀ ਸਲਾਹ ਦਿੱਤੀ। 
ਉਹ ਫਿਰ ਵੀ ਬਜ਼ਿਦ ਸੀ ਕਿ ਤੁਹਾਡਾ ਚੈੱਕ ਕੱਟ ਦਿੱਤਾ ਗਿਐ ਤੇ ਉਸ ਦੀ ਕਾਪੀ ਤੁਹਾਨੂੰ ਵਟਸਐਪ ’ਤੇ ਭੇਜ ਦਿੱਤੀ ਗਈ ਹੈ। ਛੇਤੀ 1 ਫ਼ੀਸਦੀ ਜੀਐੱਸਟੀ ਰਾਸ਼ੀ ਦਾ ਭੁਗਤਾਨ ਕਰੋ ਤੇ 20 ਮਿੰਟ ’ਚ ਆਪਣਾ ਅਕਾਊਂਟ ਚੈੱਕ ਕਰੋ। 
ਮੈਂ ਉਸ ਨੂੰ ਕਿਹਾ ਕਿ ਤੁਸੀਂ ਸੱਚੇ ਹੋ ਤਾਂ 50 ਫ਼ੀਸਦੀ ਪਹਿਲਾਂ ਹੀ ਕੱਟ ਕੇ ਮੈਨੂੰ ਭੇਜ ਦਿਓ ਪਰ ਮੈਂ ਤੁਹਾਨੂੰ ਕੁੱਝ ਨਹੀਂ ਭੇਜਣ ਵਾਲਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਪਰ ਉਹ ਬੇਖ਼ੌਫ਼ ਕਹੀ ਜਾ ਰਹੇ ਸਨ ਕਿ "ਜੇ ਤੁਸਾਂ ਘਰ ਆਈ ਲਕਸ਼ਮੀ ਨੂੰ ਠੁਕਰਾਉਣ ਦਾ ਪੱਕਾ ਮਨ ਬਣਾ ਲਿਆ ਹੈ ਤਾਂ ਅਸੀਂ ਇਹ ਰਾਸ਼ੀ ਆਪਣੇ ਅਗਲੇ ਲੱਕੀ ਵਿਨਰ ਨੂੰ ਟਰਾਂਸਫ਼ਰ ਕਰਨ ਬਾਰੇ ਸੋਚਦੇ ਹਾਂ"।
ਮੈਂ ਇਸ ਬਾਰੇ ਟੀਵੀ ਚੈਨਲ ਨੂੰ ਵੀ ਜਾਣੂ ਕਰਵਾਇਆ ਕਿ ਤੁਹਾਡਾ ਨਾਂ ਵਰਤ ਕੇ ਕੋਈ ਸਾਈਬਰ ਟੋਲਾ ਤੁਹਾਡੇ ਗਾਹਕਾਂ ਨੂੰ ਠੱਗਣ ਲਈ ਸਰਗਰਮ ਹੈ, ਤੁਸੀਂ ਗਾਹਕਾਂ ਦਾ ਨਿੱਜੀ ਡਾਟਾ ਵੀ ਉਨ੍ਹਾਂ ਨੂੰ ਦੇ ਦਿੱਤਾ ਹੈ ਜੋ ਕਿ ਕਾਨੂੰਨੀ ਅਪਰਾਧਹੈ। ਟੀਵੀ ਚੈਨਲ ਨੂੰ ਪਤਾ ਲੱਗ ਚੁੱਕਾ ਸੀ ਕਿ ਕੁੱਝ ਗ਼ਲਤ ਹੋ ਰਿਹਾ ਹੈ। ਚੈਨਲ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗਾਹਕਾਂ ਨੂੰ ਇਸ ਪੱਖੋਂ ਵੀ ਚੁਕੰਨਾ ਕਰਨ ਤਾਂ ਜੋ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।
ਦੋਸਤੋ, ਜ਼ਮਾਨੇ ਦੇ ਬਦਲਾਅ ਨਾਲ ਚੀਜ਼ਾਂ ਦੀ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕਰਨਾ ਸਾਡੀ ਮਜਬੂਰੀ ਬਣ ਚੁੱਕਾ ਹੈ। ਸੁਚੱਜੇ ਸਾਈਬਰ ਨਾਗਰਿਕ ਬਣਨ ਲਈ ਸਾਨੂੰ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ-
  • ਈ-ਮੇਲ, ਫ਼ੋਨ, ਵਟਸਐਪ ਸੰਦੇਸ਼ ਆਦਿ ਰਾਹੀਂ ਪ੍ਰਾਪਤ ਹੋਏ ਲਾਟਰੀ ਜਾਂ ਲੱਕੀ ਵਿਨਰ ਸੰਦੇਸ਼ ਝੂਠੇ ਹੁੰਦੇ ਹਨ।
  • ਜੇ ਕੋਈ ਠੱਗ ਲਾਟਰੀ ਦੇ ਪੈਸੇ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਵਿਚ ਕੁੱਝ ਰਾਸ਼ੀ ਪਾਉਣ ਦੀ ਪੇਸ਼ਕਸ਼ ਕਰੇ ਤਾਂ ਚੁਕੰਨੇ ਹੋ ਜਾਓ। ਇੱਥੇ ਲੈਣੇ ਦੇ ਦੇਣੇ ਪੈ ਸਕਦੇ ਹਨ।
  • ਅਜੋਕੇ ਘੋਰ ਕਲਯੁਗ ਵਿਚ ਤੁਹਾਨੂੰ ਤੁਹਾਡੀ ਮਿਹਨਤ ਦੀ ਸਹੀ ਕੀਮਤ ਮਿਲ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਅਜਿਹੇ ਵਿਚ ਤੁਹਾਨੂੰ ਘਰ ਬੈਠਿਆਂ ਕੋਈ ਲਾਟਰੀ ਕੱਢਣ ਦੀ ਗੱਲ ਕਰੇ, ਸੰਭਵ ਨਹੀਂ ਹੈ।
  • ਲਾਟਰੀਆਂ ਦੀ ਬਜਾਏ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ’ਤੇ ਵਿਸ਼ਵਾਸ ਕਰੋ।
  • ਫਿਰੋਤੀਆਂ ’ਤੇ ਪਲਨ ਵਾਲੇ ਠੱਗੂ ਕਾਰੋਬਾਰੀਆਂ ਦਾ ਪਰਦਾਫਾਸ਼ ਕਰਨ ਲਈ, ਉਨ੍ਹਾਂ ਵਿਰੁੱਧ ਸ਼ਿਕਾਇਤ ਲਿਖਵਾ ਕੇ ਯੋਗਦਾਨ ਪਾਓ।
  • ਔਰਤਾਂ ਭਾਵੁਕ ਹੋ ਕੇ ਅਜਿਹੇ ਠਗਾਂ ਦੇ ਝਾਂਸੇ ਵਿਚ ਨਾ ਫਸਣ।
  • ਆਨ-ਲਾਈਨ ਆਰਡਰ ਕਰਨ ਸਮੇਂ ਪਹਿਲਾਂ ਹੀ ਪਤਾ ਲਗਾ ਲਓ ਕਿ ਉਨ੍ਹਾਂ ਦੀ ਲੱਕੀ ਵਿਨਰ ਚੁਣਨ ਜਾਂ ਲਾਟਰੀ ਕੱਢਣ ਦੀ ਕੋਈ ਯੋਜਨਾ ਹੈ ਜਾਂ ਨਹੀਂ?Previous
Next Post »