ਕਿਹੋ ਜਿਹਾ ਹੋਵੇਗਾ ਇਸ ਵਰ੍ਹੇ ਦਾ ਕੰਪਿਊਟਰ ਬਾਜ਼ਾਰ/Digital-Bazar-DR-CP-Kamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  06-01-2017
 
2017 ਵਰ੍ਹਾ ਕੈਸ਼-ਲੈੱਸ ਸ਼ਾਪਿੰਗ ਦਾ ਹੋਵੇਗਾ। ਮੋਦੀ ਸਰਕਾਰ ਦੀ ਨੋਟਬੰਦੀ ਮੁਹਿੰਮ ਕਾਰਨ ਭਾਰਤ ਵਿੱਚ ਏਟੀਐੱਮ, ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਆਦਿ ਰਾਹੀਂ ਖ਼ਰੀਦਦਾਰੀ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਆਨ-ਲਾਈਨ ਖ਼ਰੀਦਦਾਰੀ ਦੇ ਮਾਹਿਰ ਵਿਸ਼ਲੇਸ਼ਕ ਤੇ ਸਲਾਹਕਾਰ ਡੇਵੀ ਚੈਫੇ ਨੇ ਵੈੱਬਬਸਾਈਟ ਉੱਤੇ ਇੱਕ ਸਰਵੇਖਣ ਆਧਾਰਿਤ ਰਿਪੋਰਟ ਵਿੱਚ ਮਹੱਤਵਪੂਰਨ ਰੁਝਾਨ ਸਾਹਮਣੇ ਲਿਆਂਦੇ ਹਨ। ਰਿਪੋਰਟ ਵਿੱਚ ਆਨ-ਲਾਈਨ ਸਮੱਗਰੀ ਦੀ ਖ਼ਰੀਦੋ-ਫ਼ਰੋਖ਼ਤ ਅਤੇ ਭਾਰੀ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਖੇਤਰ ਵਿੱਚ ਜ਼ੋਰਦਾਰ ਮੰਗ ਵਧਣ ਦੀ ਗੱਲ ਆਖੀ ਗਈ ਹੈ।
ਸਾਲ 2017 ਵਿੱਚ ਵੈੱਬ ਪੇਜ, ਤਸਵੀਰਾਂ, ਵੀਡੀਓ, ਐੱਚਟੀਐੱਮਐੱਲ-5 ਆਦਿ ਦੀ ਵਰਤੋਂ ਨਾਲ ਸਿਰਜੀ ਮਿਆਰੀ ਆਨ-ਲਾਈਨ ਸਮੱਗਰੀ ਦੀ ਮੰਗ ਸਭ ਤੋਂ ਵੱਧ ਰਹੇਗੀ। ਇਸ ਖੇਤਰ (3ontent Marketing) ਵਿੱਚ ਜੋਮਾਟੋ (Zomoto),  ਓਰੀਓ ਇੰਡੀਆ, ਅਮੂਲ, ਫਲਿੱਪਕਾਰਟ ਤੇ ਸ਼ਾਦੀ ਡਾਟਕਾਮ ਆਦਿ ਭਾਰਤੀ ਕੰਪਨੀਆਂ ਪਹਿਲਾਂ ਹੀ ਆਪਣਾ ਪੈਰ ਜਮ੍ਹਾ ਚੁੱਕੀਆਂ ਹਨ।
‘ਬਿਗ ਡਾਟਾ’ ਦਾ 2017 ਦੀ ਡਿਜੀਟਲ ਖ਼ਰੀਦੋ-ਫ਼ਰੋਖ਼ਤ ’ਚ ਦੂਜਾ ਸਥਾਨ ਰਹੇਗਾ। ਵੱਡੀ ਤਾਦਾਦ ਵਿੱਚ ਵਿਵਸਥਿਤ ਜਾਂ ਗ਼ੈਰ-ਵਿਵਸਥਿਤ ਅੰਕੜਿਆਂ ਲਈ ‘ਬਿਗ ਡਾਟਾ’ ਨਾਂ ਦੇ ਵਾਕਾਂਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਬਿਗ ਡਾਟਾ ਦੀ ਇੱਕ ਆਪਣੀ ਸਨਅਤ ਹੈ ਜਿਸ ਤਹਿਤ ਵਡੇਰੇ ਅੰਕੜਿਆਂ ਨੂੰ ਕੰਪਿਊਟਰ ਰਾਹੀਂ ਵਿਸ਼ਲੇਸ਼ਿਤ ਕਰਕੇ ਫ਼ਾਇਦੇਮੰਦ ਰੁਝਾਨ ਜਾਂ ਨਤੀਜੇ ਪੈਦਾ ਕੀਤੇ ਜਾਂਦੇ ਹਨ। ਰਿਪੋਰਟ ਅਨੁਸਾਰ ਅਗਲੇ ਵਰ੍ਹੇ ਸਵੈਚਾਲਿਤ ਖ਼ਰੀਦੋ-ਫ਼ਰੋਖ਼ਤ ਦਾ ਰੁਝਾਨ ਤੀਜੇ ਥਾਂ ’ਤੇ ਰਹਿਣ ਦੀ ਆਸ ਹੈ। ਕੰਪਨੀਆਂ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਆਟੋਮੈਟਿਕ ਸਿਸਟਮ ਦੀ ਵਰਤੋਂ ਕਰਨਗੀਆਂ। ਸਾਫਟਵੇਅਰ ਆਧਾਰਿਤ ਇਹ ਸਿਸਟਮ ਕਿਸੇ ਨੂੰ ਆਪਣੇ ਆਪ ਈ-ਮੇਲ ਕਰਨ, ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਅਤੇ ਹੋਰਨਾਂ ਵੈੱਬਸਾਈਟਾਂ ਉੱਤੇ ਸਨੇਹਾ ਛੱਡਣ ਲਈ ਵਰਤੇ ਜਾਣਗੇ।
ਸਮਾਰਟ ਫ਼ੋਨ ਉੱਤੇ ਚੱਲਣ ਵਾਲੇ ਇਸ਼ਤਿਹਾਰ ਅਤੇ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਲਈ ਬਣਾਈਆਂ ਵੈੱਬਸਾਈਟਾਂ ਜਾਂ ਐਪਸ ਦਾ ਵਿਕਾਸ ਕਰਨਾ ਮੋਬਾਈਲ ਮਾਰਕੀਟਿੰਗ ਅਖਵਾਉਂਦਾ ਹੈ। ਇਸ ਵਰ੍ਹੇ ਮੋਬਾਈਲ ਮਾਰਕੀਟਿੰਗ ਦੀ ਵੁੱਕਤ ਹੋਰ ਵਧੇਗੀ। ਖ਼ਰੀਦਦਾਰੀ ਮਾਹਿਰਾਂ ਦਾ ਇੱਕ ਮੰਤਵ ਇਹ ਵੀ ਹੋਵੇਗਾ ਕਿ ਫੇਸਬੁੱਕ, ਵਟਸਐਪ, ਟਵਿੱਟਰ ਤੇ ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਵੈੱਬਸਾਈਟਾਂ ਤੋਂ ਗਾਹਕਾਂ ਨੂੰ ਕਿਵੇਂ ਮਾਰਕੀਟਿੰਗ ਵੈੱਬਸਾਈਟਾਂ ਵੱਲ ਲਿਆਂਦਾ ਜਾਵੇ।
ਗਾਹਕ ਰੁਝਾਨ ਬਦਲੀ (3onversion Rate Optimisation) ਡਿਜੀਟਲ ਮਾਰਕੀਟਿੰਗ ਦਾ ਇੱਕ ਮਹੱਤਵਪੂਰਨ ਖੇਤਰ ਹੈ। ਖੋਜਕਾਰ ਅਜਿਹੀਆਂ ਤਕਨੀਕਾਂ ਨੂੰ ਵਿਕਸਿਤ ਕਰਨ ’ਚ ਲੱਗੇ ਹੋਏ ਹਨ ਜਿਨ੍ਹਾਂ ਰਾਹੀਂ ਸ਼ਾਪਿੰਗ ਸਾਈਟਾਂ ’ਤੇ ਆਉਣ ਵਾਲੇ ਵਿਅਕਤੀਆਂ ਵਿੱਚੋਂ ਵੱਧ ਤੋਂ ਵੱਧ ਨੂੰ ਖ਼ਰੀਦ ਕਰਨ ਵੱਲ ਪ੍ਰੇਰਿਆ ਜਾਵੇ।
ਇਸ ਵਰ੍ਹੇ ਵੱਡੀਆਂ ਕੰਪਨੀਆਂ ਗਾਹਕਾਂ ਦੀ ਮੰਗ ਦੀ ਫ਼ੌਰੀ ਪੂਰਤੀ ਲਈ ਆਲਾ ਦਰਜੇ ਦੀ ਤਕਨੀਕ ਦਾ ਪੱਲਾ ਫੜਨ ਜਾ ਰਹੀਆਂ ਹਨ। ਇਸ ਤਕਨੀਕ ਨੂੰ ਇੰਟਰਨੈੱਟ ਆਫ ਥਿੰਗਸ ਕਿਹਾ ਜਾਂਦਾ ਹੈ ਤੇ ਇਸ ਦੇ ਜ਼ਰੀਏ ਚੀਜ਼ਾਂ ਨੂੰ ਕੰਪਿਊਟਰ ਜਾਂ ਇੰਟਰਨੈੱਟ ਨਾਲ ਆਟੋਮੈਟਿਕ ਜੋੜਨਾ ਸੰਭਵ ਹੁੰਦਾ ਹੈ। ਇਸ ਨਾਲ ਬੰਦੇ ਦੇ ਦਖ਼ਲ ਤੋਂ ਬਿਨਾਂ ਮਸ਼ੀਨ ਤੋਂ ਮਸ਼ੀਨ ਸੰਚਾਰ ਵਧੇਗਾ, ਰੋਬੋਟ ਆਪਣੇ ਤਜਰਬੇ ਤੋਂ ਖ਼ੁਦ ਸਿੱਖਣ ਦਾ ਕੰਮ ਕਰਨਗੇ। ਗੂਗਲ ਗਲਾਸ ਅਤੇ ਪਹਿਨਣਯੋਗ ਉਤਪਾਦ ਇੰਟਰਨੈੱਟ ਆਫ ਥਿੰਗਸ ਦੀਆਂ ਅਹਿਮ ਮਿਸਾਲਾਂ ਹਨ। ਐਪਲ ਘੜੀ ਦੀ ਗੱਲ ਹੀ ਲੈ ਲਓ ਜਿਸ ਵਿੱਚ ਜੀਪੀਐੱਫ ਆਧਾਰਿਤ ਟਰੈਕਿੰਗ ਸਿਸਟਮ ਉਪਲਬਧ ਹੈ ਤੇ ਬੋਲਾਂ ਨੂੰ ਪਕੜਨ, ਸਮਝਣ ਤੇ ਹੋਰਨਾਂ ਜ਼ੁਬਾਨਾਂ ਵਿੱਚ ਉਲੱਥਾ ਕਰਨ ਦਾ ਹੁਨਰ ਹੈ। ਐਕਟੀਵਿਟੀ ਟਰੈਕਰ ਪੂਰੇ ਦਿਹਾੜੇ ਦੀਆਂ ਗਤੀਵਿਧੀਆਂ ਦਾ ਰਿਕਾਰਡ ਰੱਖ ਲੈਂਦਾ ਹੈ। ਇਸ ਵਰ੍ਹੇ ਪਹਿਨਣ ਯੋਗ ਕੰਪਿਊਟਰੀ ਉਤਪਾਦਾਂ ਦੀ ਵਰਤੋਂ ਅਸੀਂ ਸਿਹਤ-ਤੰਦਰੁਸਤੀ, ਫੈਸ਼ਨ, ਦਵਾ-ਦਾਰੂ, ਖੇਡਾਂ, ਦਿਮਾਗੀ ਪ੍ਰੇਸ਼ਾਨੀ ਪ੍ਰਬੰਧ ਵਜੋਂ ਬਾਖ਼ੂਬੀ ਕਰ ਸਕਾਂਗੇ।
ਇਸ ਸਮਾਰਟ ਤਕਨਾਲੋਜੀ ਦੀ ਵੱਧ ਤੋਂ ਵੱਧ ਅਤੇ ਢੁਕਵੇਂ ਤਰੀਕੇ ਨਾਲ ਵਰਤੋਂ ਕਰਨ ਦੀ ਲੋੜ ਹੈ। ਸਾਡੇ ਵਿੱਚੋਂ ਕਈ ਪੜ੍ਹੇ-ਲਿਖੇ ਵੀ ਇਸ ਪਾਸੇ ਤੋਂ ਫਾਡੀ ਰਹਿ ਗਏ ਹਨ। ਨਗਦੀ ਦੀ ਬਜਾਏ ਸੰਭਲ ਕੇ  ਕੀਤੀ ਗਈ ਡਿਜੀਟਲ ਖ਼ਰੀਦਦਾਰੀ ਗਾਹਕਾਂ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  06-01-2017

ਮਸ਼ਹੂਰ ਪੋਸਟਾਂ

ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE