ਤਕਨਾਲੋਜੀ ਦਾ ਬੱਚੇ ਦੀ ਪਰਵਰਿਸ਼ 'ਤੇ ਅਸਰ/Technology-Children-Dr-CP-Kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 02-10-2016

ਤਕਨਾਲੋਜੀ ਨੇ ਸਾਡੇ ਰੋਜ਼ਾਨਾ ਦੇ ਕਈ ਕੰਮਾਂ ਨੂੰ ਸੌਖਾ ਬਣਾ ਦਿੱਤਾ ਹੈ | ਬੱਚਿਆਂ ਵਿਚ ਇਸ ਦੀ ਵਧਦੀ ਹੋਈ ਵਰਤੋਂ ਇਕ ਗੰਭੀਰ ਵਿਸ਼ਾ ਹੈ | ਰੀਸੋ-ਰੀਸੀ ਬੱਚੇ ਆਪਣੇ ਮਾਪਿਆਂ ਤੋਂ ਵੀਡੀਓ ਗੇਮ ਕੰਸੋਲ, ਕੰਪਿਊਟਰ, ਟੈਬਲੇਟ, ਸਮਾਰਟ ਫੋਨ ਆਦਿ ਦੀ ਮੰਗ ਕਰਦੇ ਹਨ | ਹੋਲੀ-ਹੋਲੀ ਉਹ ਸਮਾਰਟ ਫੋਨ ਅਤੇ ਹੋਰਨਾਂ ਕੰਪਿਊਟਰੀ ਯੰਤਰਾਂ ਰਾਹੀਂ ਫੇਸਬੁੱਕ, ਟਵਿਟਰ, ਵਟਸਐਪ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਨਾਲ ਜਾ ਜੁੜਦੇ ਹਨ | ਫਿਰ ਉਹ ਦੇਰ ਰਾਤ ਤੱਕ ਜਾਂ ਦਿਨ ਵੇਲੇ ਵੀ ਪਰਿਵਾਰ ਤੋਂ ਵੱਖਰੇ ਬਹਿ ਕੇ ਆਨ-ਲਾਈਨ ਰਹਿੰਦੇ ਹਨ | ਪੂਰੀ ਦੁਨੀਆ ਦੇ ਬਾਲ ਮਾਹਿਰ ਅਤੇ ਮਨੋਵਿਗਿਆਨੀ ਬੱਚਿਆਂ ਦੇ ਵਧਦੇ ਹੋਏ 'ਸਕਰੀਨ ਟਾਈਮ' ਤੋਂ ਬੇਹੱਦ ਚਿੰਤਤ ਹਨ |
'ਸਾਈਬਰ ਸੇਫ਼' ਦਾ ਲੇਖਕ ਅਤੇ ਅਮਰੀਕਨ ਅਕੈਡਮੀ ਆਫ਼ ਪੈਡੀਐਟਰਿਕਸ ਦੇ ਮਾਹਿਰ 7wenn Schurgin ਅਨੁਸਾਰ ਬੱਚਿਆਂ ਨੂੰ ਆਪਣੇ ਹੱਥੀਂ ਡੂੰਘੇ-ਡਿਜੀਟਲ ਟੋਏ ਵਿਚ ਸੁੱਟਣ ਦਾ ਸਾਨੂੰ ਕੋਈ ਅਧਿਕਾਰ ਨਹੀਂ | ਬੱਚਿਆਂ ਵਿਚ ਵਧਦੇ ਸਾਈਬਰ ਰੋਗ ਦਾ ਮਾਪਿਆਂ ਨੂੰ ਕੋਈ ਤੋੜ ਨਹੀਂ ਲੱਭ ਰਿਹਾ | ਕਈ ਮਾਪੇ ਤਾਂ ਤਕਨਾਲੋਜੀ ਦੇ ਨਫ਼ੇ-ਨੁਕਸਾਨ ਤੋਂ ਕੋਰੇ ਅਣਜਾਣ ਹਨ | ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਬੱਚਾ ਕੰਪਿਊਟਰ ਜਾਂ ਸਮਾਰਟ ਫੋਨ 'ਤੇ ਕੋਈ ਚੰਗਾ ਕੰਮ ਕਰ ਰਿਹਾ ਹੈ ਜਾਂ ਕਿਸੇ ਨਵੀਂ ਮਰਜ਼ ਨੂੰ ਸਹੇੜ ਰਿਹਾ ਹੈ | ਕਈ ਮਾਪੇ ਆਪਣੇ ਲਾਡਲੇ ਤੋਂ ਖਹਿੜਾ ਛੁਡਾਉਣ ਲਈ ਆਪ ਹੀ ਉਸ ਦੇ ਹੱਥ ਮੋਬਾਈਲ ਫੜਾ ਛੱਡਦੇ ਹਨ |
ਸੋਸ਼ਲ ਮੀਡੀਆ ਰਾਹੀਂ ਬੱਚੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹਨ | ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਯੂ-ਟਿਊਬ 'ਤੇ ਵੀਡੀਓ ਵੇਖ ਸਕਦੇ ਹਨ | ਸਿੱਖਿਆ, ਗਿਆਨ-ਵਿਗਿਆਨ, ਵਿੱਕੀ ਪੀਡੀਆ, ਇਲੈਕਟ੍ਰੋਨਿਕ ਸ਼ਬਦ ਕੋਸ਼ਾਂ, ਅਨੁਵਾਦ ਲਿਪੀਅੰਤਰਣ ਪ੍ਰੋਗਰਾਮਾਂ ਦਾ ਲਾਭ ਲੈ ਸਕਦੇ ਹਨ | ਕਹਾਣੀਆਂ, ਲੇਖ ਆਦਿ ਪੜ੍ਹਨ ਲਈ ਬੱਚੇ ਈ-ਰੀਡਰ ਦੀ ਵਰਤੋਂ ਕਰ ਸਕਦੇ ਹਨ | ਆਕਿ੍ਤੀਆਂ ਨੂੰ ਕ੍ਰਮ ਵਿਚ ਲਾਉਣ, ਅੰਕਾਂ ਬਾਰੇ ਸਿੱਖਣ, ਸਵਰ ਅਤੇ ਵਿਅੰਜਨਾ ਦੇ ਉਚਾਰਨ ਬਾਰੇ ਸਿਖਲਾਈ ਦੇਣ ਲਈ ਕਈ ਮਹੱਤਵਪੂਰਨ ਐਪਜ਼ ਉਪਲਬਧ ਹਨ | ਕਿੰਡਲ ਈ-ਰੀਡਰ ਦੀ ਵਰਤੋਂ ਕਰਨ ਵਾਲੇ ਬੱਚਿਆਂ ਲਈ ਆਮੇਜ਼ਨ ਬੁੱਕ ਸਟੋਰ 'ਤੇ 3500 ਤੋਂ ਵੱਧ ਬਾਲ ਪੁਸਤਕਾਂ ਉਪਲਬਧ ਹਨ | ਵੱਡੇ ਬੱਚੇ ਭੁੱਲ-ਭੁਲੱਈਆਂ, ਭੁਲਾਵੇਂ ਅੱਖਰ ਅਤੇ ਨਾਮ-ਮੇਲਣੀਆਂ ਖੇਡਾਂ (Matching 7ames) ਵਾਲੀਆਂ ਐਪਜ਼ ਵਰਤ ਸਕਦੇ ਹਨ |
ਖੇਡ-ਖੇਡ ਵਿਚ ਸਿੱਖਿਆ ਦੇਣ ਵਾਲੀਆਂ ਵੀਡੀਓ ਗੇਮਾਂ ਵੀ ਖੇਡੀਆਂ ਜਾ ਸਕਦੀਆਂ ਹਨ | ਬੱਚਿਆਂ ਲਈ ਤਕਨਾਲੋਜੀ ਦੇ ਬੇਹੱਦ ਫ਼ਾਇਦਿਆਂ ਦੇ ਨਾਲ-ਨਾਲ ਇਸ ਦੇ ਕਈ ਨੁਕਸਾਨ ਵੀ ਹਨ | ਜ਼ਿਆਦਾਤਰ ਨੁਕਸਾਨ ਤਕਨਾਲੋਜੀ ਦੀ ਬੇਮੁਹਾਰੀ ਅਤੇ ਲੋੜੋਂ ਵੱਧ ਵਰਤੋਂ ਕਾਰਨ ਹੋ ਰਹੇ ਹਨ | ਅਸ਼ਲੀਲ ਤੇ ਅਸੱਭਿਅਕ ਸਮਗਰੀ ਵਾਲੀਆਂ ਵੈੱਬਸਾਈਟਾਂ, ਜਾਤੀ/ਨਸਲੀ ਭੇਦਭਾਵ ਨੂੰ ਹੁਲਾਰਾ ਦੇਣ ਵਾਲੇ ਗਰੁੱਪ, ਹੈਕਰਸ, ਕਰੈਕਰਸ ਅਤੇ ਵਾਇਰਸ ਕਾਰਨ ਬੱਚੇ ਨੁਕਸਾਨ ਕਰਵਾ ਬਹਿੰਦੇ ਹਨ ਜਿਸ ਕਾਰਨ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਮੋਬਾਈਲ ਫੋਨ ਬਿਜਲ-ਚੁੰਬਕੀ ਤਰੰਗਾਂ ਛੱਡਦਾ ਹੈ ਜਿਨ੍ਹਾਂ ਦਾ ਬੱਚੇ ਦੀਆਂ ਵਿਕਾਸ ਅਧੀਨ ਦਿਮਾਗ਼ੀ ਨਸਾਂ 'ਤੇ ਮਾੜਾ ਅਸਰ ਪੈਂਦਾ ਹੈ |
ਇਕ ਸਰਵੇਖਣ ਰਾਹੀਂ ਇਹ ਪੱਖ ਵੀ ਸਾਹਮਣੇ ਆਇਆ ਹੈ ਕਿ ਖ਼ਬਰਾਂ, ਡਿਸਕਵਰੀ ਮੂਵੀਜ਼ ਅਤੇ ਹੋਰ ਉਸਾਰੂ ਟੀਵੀ ਪ੍ਰੋਗਰਾਮਾਂ ਨਾਲ ਬੱਚੇ ਦੀ ਸ਼ਬਦਾਵਲੀ ਵਿਕਸਿਤ ਹੁੰਦੀ ਹੈ ਪਰ ਗ਼ਲਤ ਪ੍ਰੋਗਰਾਮ ਵੇਖਣ ਨਾਲ ਬੱਚੇ 'ਤੇ ਉਲਟਾ ਅਸਰ ਹੁੰਦਾ ਹੈ | ਸਕਰੀਨ ਉੱਤੇ ਵੱਧ ਸਮਾਂ ਗੁਜ਼ਾਰਨ ਵਾਲੇ ਬੱਚੇ ਮੁਟਾਪੇ ਦਾ ਵੱਧ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਉਨੀਂਦਰੇ ਅਤੇ ਮਾਨਸਿਕ ਪ੍ਰੇਸ਼ਾਨੀ ਦੀ ਸਮੱਸਿਆ ਘੇਰ ਲੈਂਦੀ ਹੈ | ਤਕਨਾਲੋਜੀ ਦੀ ਲੋੜੋਂ ਵੱਧ ਵਰਤੋਂ ਕਰਨ ਵਾਲੇ ਬੱਚੇ ਇਕਾਗਰਤਾ ਨਾਲ ਪੜ੍ਹਾਈ ਨਹੀਂ ਕਰ ਸਕਦੇ |
ਜੇਕਰ ਮਾਪੇ ਬੱਚੇ ਦੀਆਂ ਭਾਵਨਾਵਾਂ ਨੂੰ ਮਨੋਵਿਗਿਆਨਕ ਪਹੁੰਚ ਰਾਹੀਂ ਸਮਝ ਕੇ ਉਸ ਲਈ ਖ਼ਾਸ ਵੀਡੀਓ ਗੇਮਾਂ, ਸਾਫ਼ਟਵੇਅਰ ਅਤੇ ਗੈਜੇਟਸ ਵਰਤਣ ਲਈ ਪ੍ਰੇਰਿਤ ਕਰਨ ਤਾਂ ਇਹ ਮਸਲਾ ਕਾਫ਼ੀ ਹੱਦ ਤੱਕ ਹੱਲ ਹੋ ਸਕਦਾ ਹੈ | ਏਨਾ ਹੀ ਕਾਫ਼ੀ ਨਹੀਂ ਬੱਚੇ ਦਾ ਸਕਰੀਨ ਮੂਹਰੇ ਬੈਠਣ ਦਾ ਸਮਾਂ ਘਟਾਉਣਾ ਅਤੇ ਡਿਜੀਟਲ ਜੰਤਰਾਂ ਨੂੰ ਵਰਤਣ ਦਾ ਪਰਿਵਾਰਕ ਵਿਧੀ-ਵਿਧਾਨ ਬਣਾਉਣ ਦੀ ਵੀ ਉਚੇਚੀ ਲੋੜ ਪਵੇਗੀ | ਨਵੀਂ ਤਕਨਾਲੋਜੀ ਦੇ ਬੱਚਿਆਂ ਨੂੰ ਅਨੇਕਾਂ ਲਾਭ ਹਨ | ਇਨ੍ਹਾਂ ਦਾ ਪੂਰਾ-ਪੂਰਾ ਲਾਹਾ ਲੈਣ ਲਈ ਬੱਚਿਆਂ ਦੀ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੈ |
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 02-10-2016
Previous
Next Post »