ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ -5 (20141102)

ਈ-ਮੇਲ ਸੁਰੱਖਿਆ 
ਸਾਡੇ ਈ-ਮੇਲ ਖਾਤੇ ਵਿਚ ਰੋਜ਼ਾਨਾ ਕਈ ਈ-ਮੇਲ ਸੰਦੇਸ਼ ਅਜਿਹੇ ਆਉਂਦੇ ਹਨ ਜਿਨ੍ਹਾਂ ਨਾਲ ਸਾਡਾ ਕੋਈ ਵਾਹ-ਵਾਸਤਾ ਨਹੀਂ ਹੁੰਦਾ | ਇਨ੍ਹਾਂ ਵਿਚੋਂ ਕੁਝ ਸਮਾਜਿਕ ਨੈੱਟਵਰਕ ਸਾਈਟਾਂ ਤੋਂ, ਕੁਝ ਕੰਪਨੀਆਂ ਵੱਲੋਂ ਮਸ਼ਹੂਰੀ ਵਜੋਂ ਤੇ ਕਈ ਸਾਡੇ ਕੰਪਿਊਟਰ ਦੇ ਸੁਰੱਖਿਆ ਕਵਚ ਨੂੰ ਤੋੜਨ ਲਈ ਭੇਜੀਆਂ ਜਾਂਦੀਆਂ ਹਨ |
ਅਣਚਾਹੀਆਂ ਜਾਂ ਫ਼ਾਲਤੂ ਈ-ਮੇਲ ਸੰਦੇਸ਼ਾਂ ਨੂੰ ਸਪੈਮ ਮੇਲ ਕਿਹਾ ਜਾਂਦਾ ਹੈ | ਆਮ ਤੌਰ 'ਤੇ ਇਹ ਈ-ਮੇਲ ਪ੍ਰੋਗਰਾਮ 'ਚ ਪਹਿਲਾਂ ਤੋਂ ਬਣੇ ਸਪੈਮ ਵਾਲੇ ਫੋਲਡਰ ਵਿਚ ਚਲੀਆਂ ਜਾਂਦੀਆਂ ਹਨ | ਕਈ ਲੋਕ ਦੂਜੇ ਨੂੰ ਮਜ਼ਾਕੀਆ ਅੰਦਾਜ਼ ਵਿਚ ਸੰਦੇਸ਼ ਭੇਜਦੇ ਹਨ | ਕਈਆਂ ਨੂੰ ਧਮਕੀ ਭਰੇ ਜਾਂ ਫਿਰੌਤੀ ਦੀ ਮੰਗ ਵਾਲੇ ਈ-ਮੇਲ ਸੰਦੇਸ਼ ਵੀ ਪ੍ਰਾਪਤ ਹੁੰਦੇ ਹਨ | ਕਈ ਈ-ਮੇਲ ਸੰਦੇਸ਼ ਲਾਟਰੀ ਨਿਕਲਣ ਦੇ ਬਹਾਨੇ ਰਾਹੀਂ ਠੱਗੀ ਮਾਰਨ ਲਈ ਭੇਜੇ ਜਾਂਦੇ ਹਨ | ਕਈ ਮੇਲ ਸੰਦੇਸ਼ਾਂ ਰਾਹੀਂ ਝੂਠੀ ਹਮਦਰਦੀ ਖੱਟ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ
| ਈ-ਮੇਲ ਦੀ ਵਰਤੋਂ ਸਮੇਂ ਸੁਰੱਖਿਆ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਜਿਵੇਂ ਕਿ:

  • ਸਪੈਮ, ਠੱਗੀ/ਲਾਟਰੀ ਵਾਲੀਆਂ, ਮਜ਼ਾਕੀਆ ਅਤੇ ਧਮਕੀ ਭਰੀਆਂ ਈ-ਮੇਲ ਨੂੰ ਬਿਨਾਂ ਪੜ੍ਹੇ ਹਟਾ ਦਿਓ | 
  • ਈ-ਮੇਲ ਅਟੈਚਮੈਂਟ ਬੜੇ ਸੋਚ-ਸਮਝ ਕੇ ਖੋਲ੍ਹੋ | ਆਪਣੇ ਮਤਲਬ ਦੀ ਅਟੈਚਮੈਂਟ 'ਤੇ ਹੀ ਕਲਿੱਕ ਕਰੋ | 
  • ਕਿਸੇ ਅਣਪਛਾਤੇ ਖਾਤੇ ਤੋਂ ਆਈ ਈ-ਮੇਲ ਨਾ ਖੋਲ੍ਹੋ | 
  • ਈ-ਮੇਲ ਦਾ ਪਾਸਵਰਡ ਗੁੰਝਲਦਾਰ ਤੇ ਸੁਰੱਖਿਅਤ ਰੱਖੋ |
  • ਪਾਸਵਰਡ ਹੈੱਕ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਸੈਕਿੰਡ ਮੇਲ-ਆਈਡੀ, ਫ਼ੋਨ ਵੈਰੀਫਿਕੇਸ਼ਨ ਅਤੇ 2-ਸਟੈੱਪ (ਗੂਗਲ) ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਕਰ ਲਓ | ਅਜਿਹਾ ਕਰਨ ਨਾਲ ਅਪਰਾਧੀ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਤੁਹਾਡਾ ਪਾਸਵਰਡ ਨਹੀਂ ਬਦਲ ਸਕੇਗਾ | ਜੇਕਰ ਤੁਸੀਂ ਖ਼ੁਦ ਵੀ ਪਾਸਵਰਡ ਬਦਲਣਾ ਚਾਹੋ ਤਾਂ ਪਹਿਲਾਂ ਇਕ ਲਿੰਕ ਤੁਹਾਡੀ ਦੂਸਰੀ ਮੇਲ ਆਈਡੀ 'ਤੇ ਜਾਵੇਗਾ | ਇਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਇਸ ਨੂੰ ਐਕਟੀਵੇਟ ਕਰੋਗੇ | ਇਸ ਪ੍ਰਕਿਰਿਆ ਦੌਰਾਨ ਤੁਹਾਡੇ ਫ਼ੋਨ ਉੱਤੇ ਇਕ ਕੋਡ ਐੱਸਐੱਮਐੱਸ ਦੇ ਰੂਪ ਵਿਚ ਭੇਜਿਆ ਜਾਵੇਗਾ | ਇਹ ਕੋਡ ਭਰਨ ਉਪਰੰਤ ਹੀ ਤੁਸੀਂ ਆਪਣੇ ਪਾਸਵਰਡ ਨੂੰ ਬਦਲਣ 'ਚ ਕਾਮਯਾਬ ਹੋਵੋਗੇ |
  • ਫ਼ਾਲਤੂ ਮੇਲ ਸੰਦੇਸ਼ਾਂ ਨੂੰ ਸਥਾਈ ਤੌਰ 'ਤੇ ਬਲੌਕ ਕਰਨ ਲਈ ਈ-ਮੇਲ ਦੇ ਸੈਟਿੰਗ, ਫ਼ਿਲਟਰ ਵਿਕਲਪ ਦੀ ਚੋਣ ਕਰਕੇ ਅਣਪਛਾਤੇ ਈ-ਮੇਲ ਖਾਤਿਆਂ ਦੀ ਸੂਚੀ ਤਿਆਰ ਕਰ ਲਓ |

ਅਸ਼ਲੀਲ ਵੈੱਬਸਾਈਟਾਂ 'ਤੇ ਬੰਦਿਸ਼
ਅਸ਼ਲੀਲ ਜਾਂ ਘਟੀਆ ਕਿਸਮ ਦੀਆਂ ਵੈੱਬਸਾਈਟਾਂ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੀਆਂ ਹਨ | ਮਾਪੇ ਅਤੇ ਅਧਿਆਪਕ ਅਜਿਹੀਆਂ ਵੈੱਬਸਾਈਟਾਂ ਨੂੰ 'ਬਲੌਕ' ਕਰਕੇ ਇਨ੍ਹਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਕਰ ਸਕਦੇ ਹਨ |
ਅਣਚਾਹੀਆਂ ਵੈੱਬਸਾਈਟਾਂ ਦੀ ਘੇਰਾਬੰਦੀ ਕਰਨ ਲਈ ਕੁਝ ਵੈੱਬ ਬ੍ਰਾਊਜ਼ਰ ਵਰਤੋਂਕਾਰ ਨੂੰ ਪੂਰਾ ਸਹਿਯੋਗ ਦਿੰਦੇ ਹਨ | ਮਿਸਾਲ ਵਜੋਂ ਇੰਟਰਨੈੱਟ ਐਕਸਪਲੋਰਰ ਵਿਚ 'ਕਨਟੈਂਟ ਫਿਲਟਰਿੰਗ' ਨਾਂਅ ਦੇ ਵਿਕਲਪ ਰਾਹੀਂ ਅਜਿਹੀਆਂ ਵੈੱਬਸਾਈਟਾਂ ਨੂੰ ਬੰਦ ਕੀਤਾ ਜਾ ਸਕਦਾ ਹੈ | ਇਸ ਨੂੰ ਟੂਲ ਮੀਨੂ, ਇੰਟਰਨੈੱਟ ਆਪਸ਼ਨ, ਕਨਟੈਂਟ ਰਸਤੇ ਰਾਹੀਂ ਖੋਲਿ੍ਹਆ ਜਾ ਸਕਦਾ ਹੈ |
ਵੈੱਬਸਾਈਟਾਂ 'ਤੇ ਬਿਨਾਂ ਬੁਲਾਏ ਮਹਿਮਾਨ ਵਾਂਗ ਆ ਧਮਕਣ ਵਾਲੇ ਪੌਪ-ਅਪ ਵਰਤੋਂਕਾਰ ਦਾ ਧਿਆਨ ਤਾਂ ਭਟਕਾਉਂਦੇ ਹੀ ਹਨ, ਨਾਲ ਕੰਪਿਊਟਰ ਦੀ ਸੁਰੱਖਿਆ ਲਈ ਵੀ ਖ਼ਤਰਾ ਖੜ੍ਹਾ ਕਰਦੇ ਹਨ | ਪੌਪ-ਅਪ ਅਸਲ ਵਿਚ ਆਨਲਾਈਨ ਇਸ਼ਤਿਹਾਰ ਹਨ | ਕਈ ਪੌਪ-ਅਪ ਕੰਪਿਊਟਰੀ ਸੁਰੱਖਿਆ ਦੇ ਘੇਰੇ ਨੂੰ ਤੋੜ ਕੇ ਟੌਰਜਨ ਦੇ ਰੂਪ ਵਿਚ ਕੰਪਿਊਟਰ 'ਤੇ ਹਮਲਾ ਕਰਦੇ ਹਨ | ਇਹ ਮਸ਼ੀਨ ਦਾ ਪਤਾ, ਆਈਪੀ ਐਡਰੈੱਸ ਅਤੇ ਇੱਥੋਂ ਤੱਕ ਕਿ ਤੁਹਾਡਾ ਜ਼ਰੂਰੀ ਡਾਟਾ ਵੀ ਆਪਣੇ ਕਲਾਵੇ 'ਚ ਲੈ ਸਕਦੇ ਹਨ | ਇਨ੍ਹਾਂ ਪੌਪ-ਅਪਸ ਨੂੰ ਦਿਖਣ ਸਾਰ ਹੀ ਬੰਦ ਕਰ ਦੇਣਾ ਚਾਹੀਦਾ ਹੈ | ਇੰਟਰਨੈੱਟ ਐਕਸਪਲੋਰਰ ਸਮੇਤ ਕਈ ਬ੍ਰਾਊਜ਼ਰਾਂ ਵਿਚ ਇਨ੍ਹਾਂ ਨੂੰ ਬਲੌਕ ਕਰਨ ਦਾ ਪੱਕਾ ਹੱਲ ਹੈ | ਇੰਟਰਨੈੱਟ ਐਕਸਪਲੋਰਰ ਵਿਚ ਪੌਪ-ਅਪ ਬਲੌਕਰ 'ਆਨ' ਕਰਨ ਉਪਰੰਤ ਇਨ੍ਹਾਂ ਦਾ ਪੱਕਾ ਹੱਲ ਕੱਢਿਆ ਜਾ ਸਕਦਾ ਹੈ |
Previous
Next Post »