ਸੰਪਰਕ ਸੂਚੀ ਨੂੰ ਸਮਾਰਟ ਫੋਨ ’ਚ ਕਿਵੇਂ ਸਾਂਭੀਏ? (20141114)

ਸੂਚਨਾ ਤਕਨਾਲੋਜੀ ਦੇ ਸਾਏ ਹੇਠ ਨਿਤ-ਰੋਜ਼ ਨਵੇਂ ਇਲੈਕਟ੍ਰੋਨਿਕ ਉਤਪਾਦਾਂ ਦਾ ਵਿਕਾਸ ਹੋ ਰਿਹਾ ਹੈ। ਕੰਪਿਊਟਰ ਤਕਨਾਲੋਜੀ ਅਕਾਸ਼ ਦੀਆਂ ਬੁਲੰਦੀਆਂ ਛੂਹ ਰਹੀ ਹੈ। ਅਜੋਕੇ ਸਮਾਰਟ ਤਕਨਾਲੋਜੀ ਦੇ ਸਮਾਰਟ ਦੌਰ ਵਿੱਚ ਸਾਡੇ ਵਿੱਚੋਂ ਕਈ ਪਾਠਕ ਸਮਾਰਟ ਫੋਨ ਦੀ ਵਰਤੋਂ ਕਰ ਰਹੇ ਹੋਣਗੇ।
ਨਵੇਂ ਵਰਤੋਂਕਾਰਾਂ ਨੂੰ ਨਵੀਂ ਤਕਨੀਕ ਵਰਤਦਿਆਂ ਕਈ ਮੁਸ਼ਕਲਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਸੰਪਰਕ ਸੂਚੀ ਜਾਂ ਐਡਰੈੱਸ ਬੁੱਕ ਨੂੰ ਆਪਣੇ ਫੋਨ ਜਾਂ ਈ-ਮੇਲ ਖਾਤੇ ਵਿੱਚ ਸਾਂਭਣਾ ਇੱਕ ਅਹਿਮ ਮਸਲਾ ਹੈ। ਅਸੀਂ ਆਪਣੀ ਸੰਪਰਕ ਸੂਚੀ ਨੂੰ ਐਕਸਲ ਵਿੱਚ ਤਿਆਰ ਕਰ ਕੇ ਆਪਣੇ ਸਮਾਰਟ ਫੋਨ ਵਿੱਚ ਸਾਂਭ ਸਕਦੇ ਹਾਂ। ਆਓ ਇਸ ਬਾਰੇ ਵਿਸਥਾਰ ਸਹਿਤ ਚਰਚਾ ਕਰੀਏ।
ਸਮਾਰਟ ਫੋਨ
ਅਸੀਂ ਜਾਣਦੇ ਹਾਂ ਕਿ ਸਮਾਰਟ ਫੋਨ ਵਿੱਚ ਸੰਪਰਕ ਨਾਂ ਅਤੇ ਫੋਨ ਨੰਬਰ ਸਟੋਰ ਕਰਨ ਦੀ ਸੁਵਿਧਾ ਹੁੰਦੀ ਹੈ। ਇਨ੍ਹਾਂ ਨੰਬਰਾਂ ਨੂੰ ਅਸੀਂ ਫੋਨ ਵਿੱਚੋਂ ਸਰਚ ਕਰਕੇ ਡਾਇਲ ਕਰ ਸਕਦੇ ਹਾਂ। ਕਈ ਵਾਰ ਫੋਨ ਵਿੱਚ ਕੋਈ ਖ਼ਰਾਬੀ ਹੋਣ ਕਾਰਨ ਜਾਂ ਫੋਨ ਦੇ ਗੁੰਮ ਹੋਣ ਦੀ ਸੂਰਤ ਵਿੱਚ ਅਸੀਂ ਸੰਪਰਕ ਨੰਬਰ ਗੁਆ ਬੈਠਦੇ ਹਾਂ। ਇਸ ਸਮੱਸਿਆ ਨੂੰ ਹੱਲ ਕਰਨ ਦੇ ਕਈ ਤਰੀਕੇ ਹਨ। ਅਸੀਂ ਆਪਣੇ ਸੰਪਰਕ ਨੰਬਰਾਂ ਨੂੰ ਐਕਸਪੋਰਟ ਕਰਕੇ ਆਪਣੇ ਆਪ ਨੂੰ ਈ-ਮੇਲ ਭੇਜ ਕੇ ਸਾਂਭ ਸਕਦੇ ਹਾਂ। ਸੰਪਰਕ ਸੂਚੀ ਨੂੰ ਸੌਖੇ ਤਰੀਕੇ ਨਾਲ ਤਿਆਰ ਕਰਨਾ ਇੱਕ ਅਲੱਗ ਮਸਲਾ ਹੈ। ਇਸ ਮਸਲੇ ਦੇ ਹੱਲ ਲਈ ਐਕਸਲ ਵਰਕਸ਼ੀਟ ਦਾ ਸਹਾਰਾ ਲੈਣਾ ਸਭ ਤੋਂ ਸਿੱਕੇਬੰਦ ਤਰੀਕਾ ਹੈ।
ਐਕਸਲ ਵਿੱਚ ਸੂਚੀ ਬਣਾਉਣਾ
* ਐਕਸਲ ਦੇ ਪਹਿਲੇ ਕਾਲਮ (ਕਾਲਮ 1) ਵਿੱਚ ਦੇ ਸਿਖ਼ਰ ’ਤੇ Contact Name ਅਤੇ ਦੂਜੇ ਕਾਲਮ (ਕਾਲਮ 2) ਦੇ ਸਿਖ਼ਰ ’ਤੇ Number ਟਾਈਪ ਕਰੋ।
* ਹੇਠਾਂ (ਕ੍ਰਮਵਾਰ) ਨਾਂ ਅਤੇ ਨੰਬਰ ਟਾਈਪ ਕਰਦੇ ਜਾਓ।
* ਐਕਸਲ ਦੀਆਂ ਬਾਕੀ ਦੀਆਂ ਵਰਕਸ਼ੀਟਾਂ ਵਾਲੇ ਹੇਠਾਂ ਨਜ਼ਰ ਆਉਣ ਵਾਲੇ ਟੈਬ (Sheet 2 ਅਤੇ Sheet 3) ਨੁੂੰ ਡਿਲੀਟ ਕਰ ਦਿਓ।
* ਵਰਕਸ਼ੀਟ ਨੂੰ ਸੇਵ ਕਰ ਲਓ।
ਐਕਸਲ ਦੀ ਫਾਈਲ ਨੂੰ ਮੋਬਾਈਲ ਫੋਨ ਵਿੱਚ ਪਾਉਣਾ
* ਸਭ ਤੋਂ ਪਹਿਲਾਂ ਆਪਣੇ ਸਮਾਰਟ ਫੋਨ ਦੇ ਫਾਈਲ ਮੈਨੇਜਰ ਨੂੰ ਖੋਲ੍ਹ ਕੇ ਇੰਟਰਨਲ ਐਸਡੀ ਕਾਰਡ ਵਿੱਚ ਜਾਓ। ਇੱਥੇ ਇੱਕ ਐਕਸਲ ਕਾਨਟੈਕਟਸ (Excel Contacts) ਨਾਂ ਦਾ ਫੋਲਡਰ ਬਣਾਓ।
* ਆਪਣੇ ਮੋਬਾਈਲ ਫੋਨ ਨੂੰ ਕੰਪਿਊਟਰ ਨਾਲ ਜੋੜਨ ਲਈ ਯੂਐੱਸਬੀ ਕੇਬਲ ਦੀ ਵਰਤੋਂ ਕਰੋ। ਉਂਜ ਇੱਕ ‘ਸਾਫ਼ਟਵੇਅਰ ਡਾਟਾ ਕੇਬਲ’ ਨਾਂ ਦੀ ਐਂਡਰਾਇਡ ਐਪ ਰਾਹੀਂ ਅਸੀਂ ਆਪਣੇ ਫੋਨ ਨੂੰ ਵਾਈ-ਫਾਈ ਰਾਹੀਂ ਕੰਪਿਊਟਰ ਨਾਲ ਜੋੜ ਸਕਦੇ ਹਾਂ।
* ਜਦੋਂ ਮੋਬਾਇਲ ਅਤੇ ਕੰਪਿਊਟਰ ਆਪਸ ਵਿੱਚ ਜੁੜ ਜਾਣ ਤਾਂ ਆਪਣੇ ਕੰਪਿਊਟਰ ਦੇ ਵਿੰਡੋਜ਼ ਐਕਸਪਲੋਰਰ ’ਚ ਇਨਟਰਨਲ ਐੱਸਡੀ ਕਾਰਡ ਖੋਲ੍ਹੋ ਅਤੇ ਇਸ ਵਿੱਚ ਬਣੇ (ਨਵੇਂ) ਫੋਲਡਰ (Excel Contacts) ਵਿੱਚ ਆਪਣੀ ਐਕਸਲ ਦੀ ਫਾਈਲ ਸੇਵ ਕਰੋ।
* ਯੂਐੱਸਬੀ ਜਾਂ ਵਾਈ-ਫਾਈ ਕੁਨੈਕਸ਼ਨ ਕੱਟ ਦਿਓ।
ਸੰਪਰਕ ਸੂਚੀ ਵਾਲੀ ਐਪ ਡਾਊਨਲੋਡ ਕਰਨਾ
* ਐਪ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦਾ ਇੰਟਰਨੈੱਟ ਕੁਨੈਕਸ਼ਨ ਚਾਲੂ ਕਰੋ।
* ਗੂਗਲ ਐਪ ਸਟੋਰ ’ਤੇ ਜਾਓ।
* ਸਰਚ ਬਾਰ ਵਿੱਚ Excel Contacts ਭਰ ਕੇ ਸਰਚ ਕਰੋ।
* ਉਪਰੋਕਤ ਨਾਂ ਵਾਲੀ ਐਪ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲਓ।
ਸੰਪਰਕ ਸੂਚੀ ਦਾਖ਼ਲ (import) ਕਰਨਾ
ਐਕਸਲ ਦੀ ਸੰਪਰਕ ਸੂਚੀ ਨੂੰ ਮੋਬਾਈਲ ਵਿੱਚ ਵਰਤਣ (ਇੰਪੋਰਟ ਕਰਨ) ਲਈ ਹੇਠਾਂ ਲਿਖੇ ਸਟੈੱਪ ਵਰਤੋ:
* ਸਭ ਤੋਂ ਪਹਿਲਾਂ ਐਪ ਖੋਲ੍ਹੋ।
* ਇੰਪੋਰਟ ਐਕਸਲ (import Excel) ’ਤੇ ਟੱਚ ਕਰੋ।
* ਅੰਦਰੂਨੀ ਐੱਸਡੀ ਕਾਰਡ ਵਿੱਚ ਨਵੇਂ ਬਣਾਏ ਫੋਲਡਰ ਵਿਚਲੀ ਐਕਸਲ ਫਾਈਲ ਨਜ਼ਰ ਆਵੇਗੀ। ਇਸ ਨੂੰ ਚੁਣੋ ਅਤੇ ਓਕੇ ’ਤੇ ਟੱਚ ਕਰੋ।
* ਤੁਸੀਂ ਦੇਖੋਗੇ ਕਿ ਕੁਝ ਕੁ ਸਕਿੰਟਾਂ ਵਿੱਚ ਐਕਸਲ ਵਿਚਲੀ ਸੰਪਰਕ ਸੂਚੀ ਤੁਹਾਡੇ ਮੋਬਾਈਲ ਵਿੱਚ ਇੰਸਟਾਲ ਹੋ ਜਾਵੇਗੀ।
ਸੰਪਰਕ ਸੂਚੀ ਨੂੰ ਸੁਰੱਖਿਅਤ (Export) ਕਰਨਾ
ਆਪਣੇ ਮੋਬਾਈਲ ਵਿੱਚ ਸਾਂਭੀ ਸੰਪਰਕ ਸੂਚੀ ਦਾ ਐਕਸਲ ਸ਼ੀਟ ਦੇ ਰੂਪ ਵਿੱਚ ਬੈਕ-ਅਪ ਰੱਖਣ ਲਈ ਹੇਠਾਂ ਲਿਖਿਆ ਤਰੀਕਾ ਅਪਣਾਇਆ ਜਾ ਸਕਦਾ ਹੈ:
* ਐਪ ਖੋਲ੍ਹ ਕੇ ਐਕਸਪੋਰਟ ਐਕਸਲ (Export Excel) ’ਤੇ ਟੱਚ ਕਰੋ।
* ਸੀਵੀਐੱਸ (CVS) ਫਾਰਮੈਟ ਵਾਲੀ ਫਾਈਲ ਅੰਦਰੂਨੀ ਐਸਡੀ ਕਾਰਡ ਵਿੱਚ ਬਣੇ ਐਕਸਲ ਕਾਨਟੈਕਟਸ (Excel Contacts) ਨਾਂ ਦੇ ਫੋਲਡਰ ਵਿੱਚ ਸੇਵ ਹੋ ਜਾਵੇਗੀ।
* ਫਾਈਲ ਨੂੰ ਡਾਟਾ ਕੇਬਲ ਜਾਂ ਵਾਈ-ਫਾਈ ਵਾਲੀ ਐਪ ਰਾਹੀਂ ਆਪਣੇ ਕੰਪਿਊਟਰ ਵਿੱਚ ਭੇਜ ਕੇ ਸੇਵ ਕੀਤਾ ਜਾ ਸਕਦਾ ਹੈ। ਇਸ ਫਾਈਲ ਨੂੰ ਐਕਸਲ ਵਰਕਸ਼ੀਟ ਵਜੋਂ ਖੋਲ੍ਹ ਕੇ ਸੰਪਾਦਿਤ ਕੀਤਾ ਜਾ ਸਕਦਾ ਹੈ ਤੇ ਮੁੜ ਫੋਨ ਵਿੱਚ ਪਾਇਆ (Import) ਕੀਤਾ ਜਾ ਸਕਦਾ ਹੈ।
ਸੰਪਰਕ ਸੂਚੀ ਸਾਂਝੀ (Share) ਕਰਨਾ

ਇਸ ਐਪ ਵਿੱਚ Export ਕੀਤੀ ਸੰਪਰਕ ਸੂਚੀ ਵਾਲੀ ਫਾਈਲ ਨੂੰ ਈ-ਮੇਲ, ਬਲਿਊ ਟੁੱਥ, ਮੈਸੇਜ, ਵਟਸ ਐਪ ਆਦਿ ਰਾਹੀਂ ਸਾਂਝਾ (Share) ਕਰਨ ਦੀ ਸੁਵਿਧਾ ਵੀ ਹੈ। ਇਸ ਦੇ ਸਟੈੱਪ ਨਿਮਨ ਅਨੁਸਾਰ ਹਨ:
* ਐਪ ਚਾਲੂ ਕਰਨ ਉਪਰੰਤ ਸ਼ੇਅਰ ਐਕਸਲ (Share Excel) ’ਤੇ ਕਲਿੱਕ ਕਰੋ।
* ਜੇ ਸੰਪਰਕ ਸੂਚੀ ਜੀ-ਮੇਲ ਰਾਹੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ’ਜੀ-ਮੇਲ’ ’ਤੇ ਕਲਿੱਕ ਕਰੋ।
* ਐਕਸਲ ਦੀ ਫਾਈਲ ਅਟੈਚ ਹੋ ਜਾਵੇਗੀ। ਸੂਚੀ ਕਿਸ ਨੂੰ ਭੇਜੀ ਜਾਣੀ ਹੈ ਉਸ ਦਾ ਈ-ਮੇਲ ਪਤਾ ਟਾਈਪ ਕਰੋ ਤੇ ਸੈਂਡ (Send) ’ਤੇ ਕਲਿੱਕ ਕਰ ਦਿਓ।
ਵੱਖ-ਵੱਖ ਫਾਈਲ ਫਾਰਮੈਟ

  • CSV (ਕੌਮਾਂ ਸਪਰੇਟਿਡ ਵੈਲਿਯੂ): ਇਹ ਵੱਖ-ਵੱਖ ਐਪਲੀਕੇਸ਼ਨਾਂ, ਸਪਰੈੱਡਸ਼ੀਟ ਡਾਟਾਬੇਸ ਆਦਿ ’ਚ ਵਰਤਿਆ ਜਾਣ ਵਾਲਾ ਫਾਈਲ ਫਾਰਮੈਟ ਹੈ।
  • VCard: ਇਹ ਇਲੈਕਟ੍ਰੋਨਿਕ ਬਿਜ਼ਨੈੱਸ ਕਾਰਡ ਲਈ ਵਰਤਿਆ ਜਾਣ ਵਾਲਾ ਇੱਕ ਮਿਆਰੀ ਫਾਈਲ ਫਾਰਮੈਟ ਹੈ।
  • apk: ਇਹ ਮੋਬਾਈਲ ਐਪਸ ਲਈ ਵਰਤਿਆ ਜਾਣ ਵਾਲਾ ਇੱਕ ਮਿਆਰੀ ਫਾਰਮੈਟ ਹੈ।
  • xls: ਇਹ ਐਕਸਲ-2003 ਦਾ ਐਕਸਟੈਨਸ਼ਨ (ਫਾਈਲ) ਨਾਂ ਹੈ।
  • xlsx: ਇਹ ਐਕਸਲ- 2007 ਦਾ ਐਕਸਟੈਨਸ਼ਨ ਨਾਂ ਹੈ।

ਐਕਸਲ ਸੰਪਰਕ ਸੂਚੀ ਲਈ ਮਹੱਤਵਪੂਰਨ ਐਪਸ
ਐਕਸਲ ਵਿੱਚ ਸੰਪਰਕ ਸੂਚੀ ਬਣਾ ਕੇ ਮੋਬਾਈਲ ਫੋਨ ਵਿੱਚ ਪਾਉਣ ਲਈ ਕਈ ਐਂਡਰਾਇਡ ਐਪਸ ਉਪਲਬਧ ਹਨ। ਇਨ੍ਹਾਂ ਵਿੱਚੋਂ Excel Contacts, Contact To Excel, Excel Contacts life ਅਤੇ Contact ਆਦਿ ਪ੍ਰਮੁੱਖ ਹਨ।
ਆਈ ਫੋਨ ਵਾਲੇ ਪਾਠਕ ਸਮਾਰਟ ਕੰਨੈਕਟਸ, ਲਾਈਫ ਹੈਕਰ ਆਦਿ ਵਿੱਚੋਂ ਕਿਸੇ ਐਪ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹਨ।
Previous
Next Post »