ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-7 (20141116)

ਸੁਰੱਖਿਅਤ ਨੈੱਟ ਬੈਂਕਿੰਗ
ਨੈੱਟ ਬੈਂਕਿੰਗ ਇਕ ਆਧੁਨਿਕ ਸੁਵਿਧਾ ਹੈ, ਜਿਸ ਨਾਲ ਪੈਸਿਆਂ ਦਾ ਲੈਣ-ਦੇਣ ਇੰਟਰਨੈੱਟ ਰਾਹੀਂ ਹੋ ਜਾਂਦਾ ਹੈ | ਵਪਾਰ ਅਤੇ ਬੈਂਕਿੰਗ ਦੇ ਖੇਤਰ 'ਚ ਇਸ ਨੇ ਇਕ ਨਵੀਂ ਪਰੰਪਰਾ ਕਾਇਮ ਕੀਤੀ ਹੈ | ਸੁਰੱਖਿਅਤ ਨੈੱਟ ਬੈਂਕਿੰਗ ਦੇ ਨੁਸਿਖ਼ਆਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਲੋਕਾਂ ਨੂੰ ਠੱਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਨੈੱਟ ਬੈਂਕਿੰਗ ਦੀ ਵਰਤੋਂ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
ਪ੍ਰਸਿੱਧ ਬੈਂਕਾਂ ਅਤੇ ਵੱਡੇ ਅਦਾਰਿਆਂ ਦੀਆਂ ਨਕਲੀ ਵੈੱਬਸਾਈਟਾਂ ਵੀ ਉਪਲਬਧ ਹੋ ਸਕਦੀਆਂ ਹਨ | ਬੈਂਕਿੰਗ ਲਈ ਵਰਤੀ ਜਾਣ ਵਾਲੀ ਅਸਲ ਵੈੱਬਸਾਈਟ ਦਾ ਪਤਾ ਲਗਾਉਣ ਲਈ ਬ੍ਰਾਊਜ਼ਰ ਦੀ ਐਡਰੈੱਸ ਬਾਰ 'ਤੇ ਵੇਖੋ ਕਿ ਵੈੱਬਸਾਈਟ ਦੇ ਪਤੇ ਤੋਂ ਪਹਿਲਾਂ ਹਰੇ ਰੰਗ ਦੀ ਪੱਟੀ ਅਤੇ ਇਸ ਵਿਚ ਲੌਕ ਦਾ ਚਿੰਨ੍ਹ ਨਜ਼ਰ ਆ ਰਿਹਾ ਹੈ | ਸਹੀ ਵੈੱਬਸਾਈਟ ਦੀ ਪੁਸ਼ਟੀ ਲਈ ਸ਼ਬਦ http ਜਾਂ https ਲਿਖਿਆ ਨਜ਼ਰ ਆਉਂਦਾ ਹੈ | ਜੇ ਹਾਂ, ਤਾਂ ਤੁਸੀਂ ਸਹੀ ਅਤੇ ਸੁਰੱਖਿਅਤ ਵੈੱਬਸਾਈਟ ਦੀ ਵਰਤੋਂ ਕਰ ਰਹੇ ਹੋ |
ਅਪਰਾਧੀ ਲੋਕ ਅਸਲ ਵੈੱਬਸਾਈਟ ਦੇ ਨਾਂਅ ਨਾਲ ਰਲਦੇ-ਮਿਲਦੇ ਨਾਂਅ ਵਾਲੀ ਵੈੱਬਸਾਈਟ ਦਾ ਸਾਂਚਾ ਤਿਆਰ ਕਰ ਲੈਂਦੇ ਹਨ | ਸਾਂਚੇ ਵਿਚ 'ਜੈਕਿੰਗ ਹੈੱਕ' ਰਾਹੀਂ ਕਿਸੇ ਦੂਸਰੀ ਵੈੱਬਸਾਈਟ ਨੂੰ ਹੂ-ਬ-ਹੂ ਦਿਖਾਇਆ ਜਾਂਦਾ ਹੈ ਜੋ ਕਿ ਅਸਲ ਵੈੱਬਸਾਈਟ ਦਾ ਭੁਲੇਖਾ ਪਾਉਂਦੀ ਹੈ | ਇਸ ਲਈ ਵਰਤੋਂਕਾਰ ਨੂੰ ਵੈੱਬਸਾਈਟ ਦੇ ਪਤੇ (URL) ਬਾਰੇ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ |
ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਹਿਸਾਬ-ਕਿਤਾਬ ਕਰਨ ਵਾਲੇ ਸਾਫਟਵੇਅਰਾਂ ਦਾ ਵਿਕਾਸ ਕਿਸੇ ਪ੍ਰਸਿੱਧ ਤੇ ਚੰਗੇ ਅਕਸ ਵਾਲੀ ਕੰਪਨੀ ਤੋਂ ਕਰਵਾਉਣਾ ਚਾਹੀਦਾ ਹੈ | ਕਈ ਬੈਂਕ 'ਬਲੈਕ ਹੋਲ਼' ਰਾਹੀਂ ਕਿਸ਼ਤ-ਬੱਧੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ | ਬਲੈਕ ਹੋਲ ਸਾਫ਼ਟਵੇਅਰ ਵਿਕਾਸਕਰਤਾ ਵੱਲੋਂ ਜਾਣ ਬੁੱਝ ਕੇ ਰੱਖੀ ਗਈ ਤਰੁੱਟੀ ਹੈ | ਇਸ ਰਾਹੀਂ ਬੈਂਕ ਦੇ ਹਰੇਕ ਖਾਤੇ ਵਿਚੋਂ ਕਿਸ਼ਤ-ਦਰ-ਕਿਸ਼ਤ ਥੋੜ੍ਹੇ-ਥੋੜ੍ਹੇ ਪੈਸੇ ਕੱਟੇ ਜਾਂਦੇ ਹਨ | ਇਹ ਰਾਸ਼ੀ ਸਿੱਧੀ ਸਾਫ਼ਟਵੇਅਰ ਵਿਕਾਸਕਾਰ ਦੇ ਖਾਤੇ 'ਚ ਜਮ੍ਹਾਂ ਹੁੰਦੀ ਰਹਿੰਦੀ ਹੈ | ਇਸ ਦੀ ਭਿਣਕ ਬੈਂਕ ਅਧਿਕਾਰੀਆਂ ਨੂੰ ਵੀ ਨਹੀਂ ਪੈਂਦੀ |
ਸਮਾਰਟ ਫ਼ੋਨ 'ਤੇ ਨੈੱਟ ਬੈਂਕਿੰਗ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰੋ | ਪਾਸਵਰਡ ਨੂੰ ਕਦੇ ਵੀ ਸਥਾਈ ਤੌਰ 'ਤੇ ਸੇਵ ਕਰਕੇ ਨਾ ਰੱਖੋ |
ਬੈਂਕ ਖਾਤੇ ਵਿਚ ਪੈਸੇ ਪਾਉਣ ਜਾਂ ਕਢਵਾਉਣ ਦਾ ਤੁਰੰਤ ਵੇਰਵਾ ਜਾਣਨ ਲਈ ਐੱਸਐੱਮਐੱਸ ਅਲਰਟ ਲਗਵਾ ਲਓ |
ਕਰੈਡਿਟ, ਡੈਬਿਟ ਅਤੇ ਏਟੀਐੱਮ ਕਾਰਡ ਬਾਰੇ ਜਾਣਕਾਰੀ ਗੁਪਤ ਰੱਖੋ |
ਨੈੱਟ ਬੈਂਕਿੰਗ ਦਾ ਪਾਸਵਰਡ ਖੋਲ੍ਹਣ ਸਮੇਂ ਜਿੱਥੋਂ ਤੱਕ ਹੋ ਸਕੇ ਵਰਚੂਅਲ ਕੀ-ਬੋਰਡ ਦੀ ਵਰਤੋਂ ਕਰੋ |
ਕਿਸੇ ਸਟੋਰ ਮੌਲ ਜਾਂ ਦੁਕਾਨ ਤੋਂ ਕੀਤੀ ਖ਼ਰੀਦਦਾਰੀ ਦਾ ਆਨਲਾਈਨ ਭੁਗਤਾਨ ਕਰਨ ਸਮੇਂ ਡੈਬਿਟ ਕਾਰਡ/ਏਟੀਐੱਮ ਕਾਰਡ ਨੂੰ ਸਵਾਈਪ ਕਰਵਾਉਣ ਉਪਰੰਤ ਵਾਪਸ ਲੈ ਲਓ ਤੇ ਪਾਸਵਰਡ ਬੜੀ ਸਾਵਧਾਨੀ ਨਾਲ ਲਗਾਓ |
ਕਦੇ ਵੀ ਏਟੀਐੱਮ ਕਾਰਡ ਅਤੇ ਉਸ ਦਾ ਪਿੰਨ (ਪਾਸਵਰਡ) ਇਕੱਠੇ ਨਾ ਰੱਖੋ |
ਆਨਲਾਈਨ ਖ਼ਰੀਦਦਾਰੀ ਲਈ ਤਸੱਲੀਬਖ਼ਸ਼ ਵੈੱਬਸਾਈਟ ਦੀ ਵਰਤੋਂ ਕਰੋ 
Previous
Next Post »