ਸਮਾਰਟ ਫ਼ੋਨ ਵਿਚ ਰੋਮਨ ਪੰਜਾਬੀ ਟਾਈਪ ਕਰਨ ਦਾ ਆਸਾਨ ਤਰੀਕਾ (17-10-2014)

ਸਮਾਰਟ ਫ਼ੋਨ ਵਿਚ ਟੱਚ ਪੈਡ ਦੀ ਸੁਵਿਧਾ ਹੁੰਦੀ ਹੈ। ਅਜੋਕੇ ਸਮਾਰਟ ਫੋਨਾਂ ਵਿਚ ਗ਼ਲਤ ਸ਼ਬਦ-ਜੋੜਾਂ ਨੂੰ ਆਪਣੇ-ਆਪ ਠੀਕ ਕਰਨ ਅਤੇ ਰਲਦੇ-ਮਿਲਦੇ ਸ਼ਬਦਾਂ ਨੂੰ ਸੁਝਾਅ ਵਜੋਂ ਦਿਖਾਉਣ ਦੀ ਸ਼ਕਤੀਸ਼ਾਲੀ ਸੁਵਿਧਾ ਹੁੰਦੀ ਹੈ। ਇਹ ਸੁਵਿਧਾ ਉਨ੍ਹਾਂ ਵਰਤੋਂਕਾਰਾਂ ਲਈ ਸਰਾਪ ਸਿੱਧ ਹੁੰਦੀ ਹੈ ਜੋ ਆਪਣਾ ਸੰਦੇਸ਼ ਰੋਮਨ ਪੰਜਾਬੀ ਵਿਚ ਲਿਖਣਾ ਪਸੰਦ ਕਰਦੇ ਹਨ। ਧਿਆਨ ਰਹੇ ਕਿ ਸਾਡਾ ਮੋਬਾਈਲ ਰੋਮਨ ਪੰਜਾਬੀ ਵਿਚ ਲਿਖੇ ਸ਼ਬਦਾਂ ਨੂੰ ਅੰਗਰੇਜ਼ੀ ਵਜੋਂ ਲੈਂਦਾ/ਪੜ੍ਹਦਾ ਹੈ, ਉਸ ਦੇ ਆਧਾਰ 'ਤੇ ਸ਼ਬਦ ਸੁਝਾਉਂਦਾ ਹੈ ਤੇ ਗ਼ਲਤ ਸ਼ਬਦ-ਜੋੜਾਂ ਨੂੰ ਆਪਣੇ ਆਪ ਠੀਕ ਕਰਨ ਦੀ ਵਿਵਸਥਾ ਕਰਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਰੋਮਨ ਵਿਚ haal ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਮੋਬਾਈਲ ਦੀ ਇਹ ਵਿਸ਼ੇਸ਼ਤਾ ਇਸ ਨੂੰ haul ਵਿਚ ਬਦਲ ਦੇਵੇਗੀ। ਇਸੇ ਤਰਾਂ ਸ਼ਬਦ aap ਲਿਖਣ ਉਪਰੰਤ ਆਉਟਪੁਟ SAP ਆਉਣ ਦੀ ਸੰਭਾਵਨਾ ਰਹਿੰਦੀ ਹੈ। ਹੇਠਾਂ ਨਜ਼ਰ ਆਉਣ ਵਾਲੇ ਸੁਝਾਅ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਹੁੰਦੇ ਹਨ ਜਿਸ ਕਾਰਨ ਰੋਮਨ ਪੰਜਾਬੀ ਲਿਖਣ ਵਾਲੇ ਵਰਤੋਂਕਾਰ ਨੂੰ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ।
          ਸਾਡੇ ਸਮਾਰਟ ਫ਼ੋਨ ਵਿਚ ਸ਼ੁੱਧ ਰੋਮਨ ਪੰਜਾਬੀ ਲਿਖਣ ਸਮੇਂ ਪੇਸ਼ ਆਉਂਦੀ ਸਮੱਸਿਆ ਦੇ ਹੱਲ ਦੀ ਮਹੱਤਵਪੂਰਨ ਆਪਸ਼ਨ ਉਪਲਬਧ ਹੁੰਦੀ ਹੈ। ਜਾਣਕਾਰੀ ਦੀ ਘਾਟ ਕਾਰਨ ਜ਼ਿਆਦਾਤਰ ਵਰਤੋਂਕਾਰ ਟਾਈਪਿੰਗ ਦੀ ਅਕਾਊ ਪ੍ਰਕਿਰਿਆ ਦੇ ਚੱਕਰ ਵੀਊ ਵਿਚ ਫਸੇ ਰਹਿੰਦੇ ਹਨ। ਇੱਥੇ ਇਸ ਸਮੱਸਿਆ ਦੇ ਹੱਲ ਦਾ ਸਿੱਕੇਬੰਦ ਤਰੀਕਾ ਦੱਸਿਆ ਜਾ ਰਿਹਾ ਹੈ।
  • ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ "ਸੈਟਿੰਗਜ਼" ਖੋਲ੍ਹੋ।
  • ਇੱਥੋਂ "ਲੈਂਗੂਏਜ ਐਂਡ ਇਨਪੁਟ" ਜਾਂ "ਇਨਪੁਟ" 'ਤੇ ਜਾਓ।
  • ਇੱਥੇ "ਡਿਫਾਲਟ" ਦੇ ਹੇਠਾਂ "ਔਂਡਰਾਇਡ ਕੀ-ਬੋਰਡ (AOSP)" ਨਜ਼ਰ ਆਵੇਗਾ। ਇਸ ਦੇ ਸੱਜੇ ਹੱਥ ਵਾਲੇ ਸੈਟਿੰਗ ਵਾਲੇ ਚਿੰਨ੍ਹ 'ਤੇ ਟੱਚ ਕਰੋ।
  • "ਆਟੋ ਕੈਪੀਟਲਾਈਜੇਸ਼ਨ" ਦੇ ਸਾਹਮਣੇ ਵਾਲੇ ਚੈੱਕ ਬਕਸੇ 'ਤੇ ਟੱਚ ਕਰਕੇ ਖ਼ਾਲੀ ਕਰੋ।
  • ਹੇਠਾਂ "ਆਟੋ ਕੋਰੈਕਸ਼ਨ" ਵਾਲੇ ਹਿੱਸੇ 'ਤੇ ਟੱਚ ਕਰੋ।
  • ਹੁਣ ਇੱਕ ਨਵੀਂ ਸਕਰੀਨ ਨਜ਼ਰ ਆਵੇਗੀ। ਇੱਥੋਂ "ਆਫ਼" ਉੱਤੇ ਟੱਚ ਕਰੋ।
  • ਹੁਣ ਇਸ ਦੇ ਹੇਠਾਂ "ਸ਼ੋਅ ਕੋਰੈਕਸ਼ਨ ਸੁਜੈਸ਼ਨਜ਼" ਨੂੰ ਖੋਲ੍ਹੋ।
  • "ਆਲਵੇਜ਼ ਹਾਈਡ" 'ਤੇ ਟੱਚ ਕਰੋ।
  • ਮੋਬਾਈਲ ਦੇ "ਬੈਕ" ਬਟਨ ਦੀ ਮਦਦ ਨਾਲ ਬਾਹਰ ਆ ਜਾਵੋ।

            ਐੱਸਐੱਮਐੱਸ ਜਾਂ ਵਟਸ ਐਪ ਨੂੰ ਖੋਲ੍ਹ ਕੇ ਜਾਂਚ ਕਰੋ। ਤੁਸੀਂ ਦੇਖੋਗੇ ਕਿ ਆਪਣੇ-ਆਪ ਵੱਡੇ ਅੱਖਰ ਪੈਣ, ਸ਼ਬਦ-ਜੋੜ ਬਦਲ ਜਾਣ ਅਤੇ ਸ਼ਬਦ ਸੁਝਾਅ ਸੂਚੀ ਦਿਖਾਈ ਦੇਣ ਦੀ ਸਮੱਸਿਆ ਹੱਲ ਹੋ ਗਈ ਹੈ।
Previous
Next Post »