ਮੋਬਾਈਲ ਫ਼ੌਨਾਂ 'ਤੇ ਟਾਈਪ ਕਰਨ ਦਾ ਮਸਲਾ (10-10-2014)

ਮੋਬਾਈਲ 'ਤੇ ਇਨਪੁਟ ਦੇਣ ਲਈ ਭੌਤਿਕ ਕੀ-ਬੋਰਡ ਅਤੇ ਆਨ-ਸਕਰੀਨ ਕੀ-ਬੋਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। 12 ਬਟਨਾਂ ਵਾਲਾ ਕੀ-ਬੋਰਡ (ਬਟਨ ਪੈਡ) ਅਤੇ ਕਵੇਰਟੀ (WERTY) ਕੀ-ਬੋਰਡ ਪ੍ਰਚਲਿਤ ਭੌਤਿਕ ਕੀ-ਬੋਰਡ ਹਨ। 12 ਬਟਨਾਂ ਵਾਲੀ (ਟੀ-9) ਕੀਪੈਡ ਵਿਚ ਸਿਫ਼ਰ (0) ਤੋਂ ਨੌਂ (9) ਤੱਕ ਅਤੇ ਦੋ ਵਾਧੂ (ਸਟਾਰ ਅਤੇ ਹੈਸ਼) ਬਟਨ ਹੁੰਦੇ ਹਨ।
          ਕਵੇਰਟੀ (ਮਿੰਨੀ ਕਵੇਰਟੀ) ਕੀ-ਬੋਰਡ ਵੱਡੇ ਆਕਾਰ ਵਾਲੇ ਮੋਬਾਈਲ ਫੋਨਾਂ ਵਿਚ ਉਪਲਬਧ ਹੁੰਦਾ ਹੈ। ਇਸ ਵਿਚ ਬਟਨਾਂ ਦੀ ਗਿਣਤੀ ਵੱਧ ਹੋਣ ਕਾਰਨ ਟੀ-9 ਦੇ ਮੁਕਾਬਲੇ ਤੇਜ਼ ਗਤੀ ਨਾਲ ਲਿਖਿਆ ਜਾ ਸਕਦਾ ਹੈ। ਦੂਸਰੀ ਕਿਸਮ ਦਾ ਆਨ-ਸਕਰੀਨ ਜਾਂ ਵਰਚੂਅਲ ਕੀ-ਬੋਰਡ ਮੋਬਾਈਲ ਦੀ ਸਕਰੀਨ ਉੱਤੇ ਨਜ਼ਰ ਆਉਂਦਾ ਹੈ। ਜਿਸ ਨੂੰ ਉਂਗਲ ਦੀ ਛੋਹ ਜਾਂ ਸਟਾਈਲਸ ਰਾਹੀਂ ਟਾਈਪ ਕੀਤਾ ਜਾਂਦਾ ਹੈ।
ਮਲਟੀ ਅਤੇ ਲੈੱਸ ਟੈਪ ਵਿਧੀ
          ਮੋਬਾਈਲ ਫੋਨਾਂ ਉੱਤੇ ਕਈ ਪ੍ਰਕਾਰ ਦੀਆਂ ਟਾਈਪਿੰਗ ਵਿਧੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿਧੀਆਂ ਵਿਚੋਂ ਸਭ ਤੋਂ ਪਹਿਲੀ ਵਿਧੀ ਹੈ- ਇੱਕ ਤੋਂ ਵੱਧ ਬਟਨਾਂ ਵਾਲੀ ਵਿਧੀ। ਇਸ ਨੂੰ ਅੱਗੇ 4 ਭਾਗਾਂ ਵਿਚ ਵੰਡਿਆਂ ਜਾਂਦਾ ਹੈ। ਇਹ ਹਨ- ਮਲਟੀ-ਟੈਪ, ਲੈੱਸ-ਟੈਪ ਅਤੇ 2-ਟੈਪ ਵਿਧੀ। ਮਲਟੀ-ਟੈਪ ਵਿਚ ਕੋਈ ਅੱਖਰ ਪਾਉਣ ਲਈ ਬਟਨ ਨੂੰ ਇੱਕ ਤੋਂ ਵੱਧ ਵਾਰ ਦਬਾਉਣ ਦੀ ਜ਼ਰੂਰਤ ਪੈਂਦੀ ਹੈ। ਭਾਵੇਂ ਇਸ ਵਿਧੀ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਪਰ ਇਹ ਬਹੁਤ ਧੀਮੀ ਵਿਧੀ ਹੈ।
ਆਈ-ਟੈਪ
12 ਬਟਨਾਂ ਵਾਲੀ ਵਿਧੀ
(ਮਿੰਨੀ) ਕਵੇਰਟੀ ਕੀ-ਬੋਰਡ
ਰੋਲ ਪੈਡ
ਟਿਲਟ ਟੈਕਸਟ
2-ਕੀਅ ਵਿਧੀ
ਆਨ-ਸਕਰੀਨ
          ਮਲਟੀ-ਟੈਪ (ਮਲਟੀ-ਪ੍ਰੈੱਸ) ਵਿਚ ਟਾਈਮ ਆਉਟ (timeout) ਦੀ ਸਮੱਸਿਆ ਵੀ ਪੇਸ਼ ਆਉਂਦੀ ਹੈ। ਇਸ ਵਿਧੀ ਵਿਚ ਇਕੋ ਬਟਨ ਤੋਂ ਦੂਸਰੇ ਨੰਬਰ ਵਾਲਾ ਅੱਖਰ ਪਾਉਣ ਲਈ, ਬਟਨ ਨੂੰ ਟਾਈਮ ਆਉਟ (1 ਸੈਕਿੰਟ) ਸਮਾਂ ਸਮਾਪਤ ਹੋਣ ਤੋਂ ਪਹਿਲਾਂ ਦੱਬਣਾ ਪੈਂਦਾ ਹੈ। ਇਸੇ ਤਰ੍ਹਾਂ ਕਿਸੇ ਹੋਰ ਬਟਨ 'ਤੇ ਪੈਣ ਵਾਲੇ ਅੱਖਰ ਨੂੰ ਟਾਈਪ ਕਰਨ ਲਈ ਵਰਤੋਂਕਾਰ ਪਹਿਲੇ ਬਟਨ ਦੇ ਟਾਈਮ ਸਮਾਪਤ ਹੋਣ ਦਾ ਇੰਤਜ਼ਾਰ ਕਰਦਾ ਹੈ ਜਿਸ ਕਾਰਨ ਰਫ਼ਤਾਰ ਹੋਰ ਵੀ ਘੱਟ ਜਾਂਦੀ ਹੈ।
          ਲੈੱਸ-ਟੈਪ ਵਿਧੀ ਵਿਚ ਬਟਨ ਪੈਡ ਦੇ ਬਟਨਾਂ ਉੱਤੇ ਅੱਖਰਾਂ ਨੂੰ ਕ੍ਰਮਵਾਰ ਰੱਖਣ ਦੀ ਬਜਾਏ ਵੱਧ ਵਰਤੋਂ ਦੇ ਆਧਾਰ ਉੱਤੇ ਰੱਖਿਆ ਜਾਂਦਾ ਹੈ। 2-ਟੈਪ ਵਿਧੀ ਵਿਚ ਕੋਈ ਅੱਖਰ ਪਾਉਣ ਲਈ ਸਿਰਫ਼ 2 ਬਟਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੋਨ੍ਹੇਂ ਵਿਧੀਆਂ ਮਲਟੀ-ਟੈਪ ਨਾਲੋਂ ਤੇਜ਼ ਤੇ ਸੁਵਿਧਾਜਨਕ ਮੰਨੀਆਂ ਗਈਆਂ ਹਨ।
          ਆਧੁਨਿਕ ਖੋਜਾਂ ਰਾਹੀਂ ਮੋਬਾਈਲ 'ਤੇ ਇਨਪੁਟ ਲਈ ਮਹੱਤਵਪੂਰਨ ਤਰਕੀਬਾਂ ਵਿਕਸਿਤ ਕੀਤੀਆਂ ਗਈਆਂ ਹਨ। ਟੀ-9, ਆਈ-ਟੈਪ, ਇਜ਼ੀ ਟੈਕਸਟ, ਪ੍ਰਡਿਕਟਿਵ ਵਿਧੀ, ਟਿਲਟ ਪੈਡ ਅਤੇ ਰੋਲ ਪੈਡ ਅਜਿਹੀਆਂ ਹੀ ਮਹੱਤਵਪੂਰਨ ਵਿਧੀਆਂ ਹਨ।
          ਟੇਜਿਕ ਕਮਿਊਨੀਕੇਸ਼ਨ ਦੁਆਰਾ ਵਿਕਸਿਤ ਕੀਤੀ ਟੀ-9 ਤਕਨੀਕ ਅੰਗਰੇਜ਼ੀ ਅਤੇ ਰੋਮਨ ਲਿਪੀ ਆਧਾਰਿਤ ਭਾਸ਼ਾਵਾਂ ਲਈ ਵਰਦਾਨ ਸਿੱਧ ਹੋਈ ਹੈ। ਇਸ ਪ੍ਰਣਾਲੀ ਵਿਚ ਵਰਤੋਂਕਾਰ ਬਟਨ-ਪੈਡ 'ਤੇ ਬਟਨ ਦੱਬਦਾ ਹੈ ਤੇ ਸਿਸਟਮ ਇਹਨਾਂ ਅੱਖਰਾਂ ਤੋਂ ਬਣਨ ਵਾਲੇ ਢੁਕਵੇਂ ਅਤੇ ਪ੍ਰਚਲਿਤ ਸ਼ਬਦਾਂ ਦੀ ਸਿਰਜਣਾ ਕਰਦਾ ਹੈ। ਇਸ ਵਿਧੀ ਵਿਚ ਕਈ ਵਾਰ ਸਹੀ ਨਤੀਜੇ ਨਹੀਂ ਮਿਲਦੇ। ਮਿਸਾਲ ਵਜੋਂ and ਪਾਉਣ ਲਈ ਬਟਨ 2,6 ਅਤੇ 3 ਨੂੰ ਦਬਾਇਆ ਜਾਵੇ ਤਾਂ ਸ਼ਬਦ cod ਦੀ (ਗਲਤ) ਚੋਣ ਵੀ ਹੋ ਸਕਦੀ ਹੈ।
          ਇਜ਼ੀ-ਟੈਕਸਟ ਅਤੇ ਇਜ਼ੀ-ਟੈਪ ਮੋਬਾਈਲ ਇਨਪੁਟ ਦੀਆਂ ਲਾਹੇਵੰਦ ਵਿਧੀਆਂ ਹਨ। ਇਨ੍ਹਾਂ ਵਿਧੀਆਂ ਦਾ ਵਿਕਾਸ ਜ਼ੀ-ਕਾਰਪ (Zicorp) ਨਾਂ ਦੀ ਕੰਪਨੀ ਨੇ ਕੀਤਾ ਸੀ। ਇਸ ਵਿਚ ਸ਼ਬਦ ਆਟੋ-ਕੰਪਲੀਟ ਦੀ ਸੁਵਿਧਾ ਸ਼ੁਮਾਰ ਹੁੰਦੀ ਹੈ।
          ਪ੍ਰਡਿਕਟਿਵ ਵਿਧੀ ਟਾਈਪ ਕਰਨ ਦੀ ਤੇਜ਼-ਤਰਾਰ ਵਿਧੀ ਹੈ। ਇਸ ਵਿਧੀ ਵਿਚ ਪ੍ਰੋਗਰਾਮ ਨੂੰ ਇੱਕ ਵੱਡੇ ਸ਼ਬਦ ਸੰਗ੍ਰਹਿ (ਕਾਰਪਸ) ਨਾਲ ਜੋੜਿਆ ਜਾਂਦਾ ਹੈ। ਵਰਤੋਂਕਾਰ ਸਿਰਫ਼ ਪਾਏ ਜਾਣ ਵਾਲੇ ਸ਼ਬਦ ਦਾ ਪਹਿਲਾ/ਪਹਿਲੇ ਕੁੱਝ ਅੱਖਰ ਟਾਈਪ ਕਰਦਾ ਹੈ ਤਾਂ ਉਸ ਸ਼ਬਦ ਨਾਲ ਸ਼ੁਰੂ ਹੋਣ ਵਾਲੇ ਅਤੇ/ਜਾਂ ਵੱਧ ਵਰਤੋਂ ਵਾਲੇ ਸ਼ਬਦ ਦਿਖਾ ਦਿੱਤੇ ਜਾਂਦੇ ਹਨ। ਵਰਤੋਂਕਾਰ ਸੁਝਾਅ ਵਜੋਂ ਦਰਸਾਏ ਇਨ੍ਹਾਂ ਸ਼ਬਦਾਂ ਵਿਚੋਂ ਢੁਕਵੇਂ ਸ਼ਬਦ ਦੀ ਚੋਣ ਕਰ ਲੈਂਦਾ ਹੈ।

          ਟਿਲਟ ਟੈਕਸਟ ਵਿਧੀ ਵਿਚ ਬਟਨ ਦੇ ਸੱਜੇ ਪਾਸੇ ਵਾਲਾ ਅੱਖਰ ਪਾਉਣ ਲਈ ਉਂਗਲ ਦੀ ਛੋਹ ਉਪਰੰਤ ਮੋਬਾਈਲ ਨੂੰ ਥੋੜ੍ਹਾ ਜਿਹਾ ਸੱਜੇ ਪਾਸੇ ਟੇਢਾ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਖੱਬੇ ਹੱਥ ਵਾਲਾ ਅੱਖਰ ਪਾਉਣ ਲਈ ਖੱਬੇ ਪਾਸੇ ਟੇਢਾ ਕੀਤਾ ਜਾਂਦਾ ਹੈ। ਰੋਲ ਪੈਡ ਵਿਚ ਬਟਨ ਦੇ ਸੱਜੇ ਜਾਂ ਖੱਬੇ ਹੱਥ ਵਾਲਾ ਅੱਖਰ ਪਾਉਣ ਲਈ ਟੱਚ ਕਰਨ ਉਪਰੰਤ ਬਟਨ ਨੂੰ ਕ੍ਰਮਵਾਰ ਸੱਜੇ ਜਾਂ ਖੱਬੇ ਹੱਥ ਰੋਲ ਕੀਤਾ (ਘੁਮਾਇਆ) ਲਿਆ ਜਾਂਦਾ ਹੈ।
Previous
Next Post »