ਔਂਡਰਾਇਡ ਫ਼ੋਨ ਦੇ ਲਾਭ ਅਤੇ ਖਾਮੀਆਂ (19-09-2014)

ਔਂਡਰਾਇਡ ਸਮਾਰਟ ਫ਼ੋਨਾਂ ਵਿਚ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਓਪਰੇਟਿੰਗ ਸਿਸਟਮ ਹੈ। ਸਸਤਾ ਹੋਣ ਕਾਰਨ ਔਂਡਰਾਇਡ ਫੋਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਦੇ ਕਈ ਲਾਭ ਹਨ।


ਲਾਭ
  • ਔਂਡਰਾਇਡ ਫ਼ੋਨ ਬਾਕੀ ਫੋਨਾਂ ਜਿਵੇਂ ਕਿ ਆਈ ਫ਼ੋਨ ਅਤੇ ਵਿੰਡੋਜ਼ ਫ਼ੋਨ ਨਾਲੋਂ ਕਾਫ਼ੀ ਸਸਤੇ ਹਨ।
  • ਔਂਡਰਾਇਡ ਫ਼ੋਨਾਂ ਵਿਚ ਖੇਤਰੀ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ ਤੇ ਇਹ ਮੀਨੂ/ਡਰਾਪ ਡਾਊਨ ਸੂਚੀ ਆਦਿ ਨੂੰ ਖੇਤਰੀ ਭਾਸ਼ਾ ਵਿਚ ਦਿਖਾਉਣ ਦੇ ਸਮਰੱਥ ਹੁੰਦੇ ਹਨ।
  • ਔਂਡਰਾਇਡ ਫ਼ੋਨ ਦੀ ਨੋਟੀਫ਼ਿਕੇਸ਼ਨ ਵਿਸ਼ੇਸ਼ਤਾ ਬੇਹੱਦ ਤਾਕਤਵਰ ਹੈ। ਐੱਸਐੱਮਐੱਸ, ਈ-ਮੇਲ ਜਾਂ ਚੈਟ ਆਦਿ ਬਾਰੇ ਨੋਟੀਫ਼ਿਕੇਸ਼ਨ ਵਰਤੋਂਕਾਰ ਨੂੰ ਯਾਦ ਕਰਵਾਉਂਦਾ ਰਹਿੰਦਾ ਹੈ।
  • ਸਾਰੀਆਂ ਚੋਟੀ ਦੀਆਂ ਕੰਪਨੀਆਂ ਜਿਵੇਂ ਕਿ ਸੈਮਸੰਗ, ਸੋਨੀ, ਐੱਚਟੀਸੀ, ਮਾਈਕਰੋਮੈਕਸ, ਕਾਰਬਨ ਆਦਿ ਔਂਡਰਾਇਡ ਫ਼ੋਨ ਬਣਾਉਂਦੀਆਂ ਹਨ। ਹਰੇਕ ਕੰਪਨੀ ਦਾ ਆਪਣਾ ਵਿਲੱਖਣ ਯੂਜ਼ਰ-ਇੰਟਰਫੇਸ ਹੈ।
  • ਔਂਡਰਾਇਡ ਫ਼ੋਨ 'ਚ ਜ਼ਿਆਦਾ ਵਰਤੋਂ ਵਾਲੀਆਂ ਐਪਸ ਨੂੰ ਡੈਸਕਟਾਪ (ਹੋਮ ਸਕਰੀਨ) 'ਤੇ ਖਿਸਕਾ ਕੇ ਰੱਖਿਆ ਜਾ ਸਕਦਾ ਹੈ। 
  • ਔਂਡਰਾਇਡ ਫ਼ੋਨ ਦੀ ਟਾਸਕਬਾਰ ਬੇਹੱਦ ਸਮਾਰਟ ਹੈ। ਵਾਈ-ਫਾਈ ਬਲੂ-ਟੁੱਥ, ਜੀਪੀਐੱਸ, ਡਾਟਾ ਕੂਨੈਕਸ਼ਨ ਅਤੇ ਮੋਬਾਈਲ ਮੋਡ ਬਦਲਣ ਲਈ ਇੱਥੇ ਬਟਨ ਉਪਲਬਧ ਹਨ ਜਿਨ੍ਹਾਂ ਤੋਂ ਕਿਸੇ ਐਪ ਦੇ ਅੰਦਰ ਜਾਣ ਤੋਂ ਬਿਨਾਂ ਹੀ ਸੈਟਿੰਗ ਬਦਲੀ ਜਾ ਸਕਦੀ ਹੈ।
  • ਔਂਡਰਾਇਡ ਵਿਚ ਮਲਟੀ ਟਾਸਕਿੰਗ ਦੀ ਵਿਸ਼ੇਸ਼ਤਾ ਹੈ। ਇਸ ਵਿਚ ਇੱਕੋ ਸਮੇਂ ਇੱਕ ਤੋਂ ਵੱਧ ਐਪਸ ਚਲਾਈਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਫੇਸਬੁਕ ਬ੍ਰਾਊਜ਼ ਕਰਦੇ ਸਮੇਂ ਗੀਤ ਵੀ ਸੁਣੇ ਜਾ ਸਕਦੇ ਹਨ।
  • ਇਸ ਦਾ ਐਪ ਮਾਰਕੀਟ (ਗੂਗਲ ਪਲੇਅ ਸਟੋਰ) ਬਹੁਤ ਵਿਸ਼ਾਲ ਹੈ। ਇਸ ਉੱਤੇ ਹਜ਼ਾਰਾਂ ਮੁਫ਼ਤ ਐਪਸ ਅਤੇ ਗੇਮਾਂ ਆਦਿ ਉਪਲਬਧ ਹਨ।
  • ਔਂਡਰਾਇਡ ਐਪਸ (ਏਪੀਕੇ) ਦਾ ਆਪਣੇ ਦੋਸਤਾਂ ਦਰਮਿਆਨ ਅਦਾਨ-ਪ੍ਰਦਾਨ ਕਰਨਾ ਬੇਹੱਦ ਆਸਾਨ ਹੈ। ਖੋਜਕਾਰ ਔਂਡਰਾਇਡ ਐਪ ਬਣਾ ਕੇ ਇਸ ਨੂੰ ਸਿੱਧਾ ਹੀ ਆਪਣੇ ਮੋਬਾਈਲ  (ਐੱਸਡੀ ਕਾਰਡ) ਵਿਚ ਪਾ ਕੇ ਟੈੱਸਟ ਕਰ ਸਕਦੇ ਹਨ। ਇਸੇ ਤਰ੍ਹਾਂ ਐਪਸ ਨੂੰ ਈ-ਮੇਲ, ਵਟਸ ਐਪ, ਬਲੂ-ਟੁੱਥ ਆਦਿ ਰਾਹੀਂ ਦੂਸਰੇ ਦੇ ਮੋਬਾਈਲ 'ਚ ਭੇਜਿਆ ਜਾ ਸਕਦਾ ਹੈ।
  •  ਔਂਡਰਾਇਡ ਵਿਚ ਗੂਗਲ ਦੇ ਹੋਰਨਾਂ ਉਤਪਾਦਾਂ ਜਿਵੇਂ ਕਿ ਜੀ-ਮੇਲ, ਯੂ-ਟਿਊਬ, ਗੂਗਲ ਮੈਪ ਨੂੰ ਪੁਰਾਣੇ ਖਾਤੇ ਰਾਹੀਂ ਵਰਤਿਆ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਦੀਆਂ ਐਪਸ ਪਲੇਅ ਸਟੋਰ 'ਤੇ ਮੁਫ਼ਤ ਉਪਲਬਧ ਹਨ।
  •  ਔਂਡਰਾਇਡ ਓਪਰੇਟਿੰਗ ਸਿਸਟਮ ਬਿਲਕੁਲ ਮੁਫ਼ਤ ਹੈ। ਕੋਈ ਇਸ ਦਾ ਸੋਰਸ ਕੋਡ ਵੀ ਕੰਪਿਊਟਰ ਵਿਕਾਸਕਾਰ ਵਰਤ ਕੇ ਉਸ ਤੋਂ ਅਗਲੀ ਪੀੜ੍ਹੀ ਦੇ ਸਾਫਟਵੇਅਰਾਂ (ਐਪਸ) ਦਾ ਵਿਕਾਸ ਕਰ ਸਕਦਾ ਹੈ। ਔਂਡਰਾਇਡ ਦੀਆਂ ਕਈ ਐਪਸ ਦੇ ਸੋਰਸ ਕੋਡ ਇੰਟਰਨੈੱਟ 'ਤੇ ਉਪਲਬਧ ਹਨ।

ਖਾਮੀਆਂ
  • ਔਂਡਰਾਇਡ ਫ਼ੋਨ ਦਾ ਪੂਰਾ-ਪੂਰਾ ਲਾਭ ਉਠਾਉਣ ਲਈ ਇਸ ਨੂੰ ਇੰਟਰਨੈੱਟ ਨਾਲ ਜੋੜ ਕੇ ਰੱਖਣਾ ਬੇਹੱਦ ਜ਼ਰੂਰੀ ਹੈ।
  • ਔਂਡਰਾਇਡ ਵਿਚ ਮਲਟੀ ਟਾਸਕਿੰਗ ਦੀ ਸਹੂਲਤ ਹੋਣ ਕਾਰਨ ਇਸ ਵਿਚ ਕਈ ਵਾਰ ਇੱਕ ਤੋਂ ਵੱਧ ਐਪਸ ਕੰਮ ਕਰ ਰਹੀਆਂ ਹੁੰਦੀਆਂ ਹਨ ਪਰ ਵਰਤੋਂਕਾਰ ਨੂੰ ਇਸ ਬਾਰੇ ਪਤਾ ਲਹੀਂ ਲੱਗਦਾ। ਇਸ ਨਾਲ ਰੈਮ 'ਤੇ ਅਸਰ ਪੈਣ ਨਾਲ ਰਫ਼ਤਾਰ ਘੱਟ ਜਾਂਦੀ ਹੈ।
  • ਬੇਲੋੜੀਆਂ ਐਪਸ ਦੇ ਲਗਾਤਾਰ ਚੱਲਦੇ ਰਹਿਣ ਨਾਲ ਮੋਬਾਈਲ  ਦੀ ਬੈਟਰੀ ਵੀ ਖਪਤ ਹੁੰਦੀ ਰਹਿੰਦੀ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਚਾਰਜ ਕਰਨ ਦੀ ਨੌਬਤ ਆਉਂਦੀ ਹੈ।
  • ਔਂਡਰਾਇਡ ਐਪਸ ਦਾ ਆਕਾਰ 5 ਤੋਂ 20 ਐੱਮਬੀ ਤੱਕ ਅਰਥਾਤ ਵੱਡਾ ਹੁੰਦਾ ਹੈ। ਗੇਮਾਂ ਵਾਲੀਆਂ ਐਪਸ ਦਾ ਆਕਾਰ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਇਸ ਲਈ ਅਜਿਹੇ ਫ਼ੋਨ ਲਈ ਵੱਧ ਮੈਮਰੀ (ਰੈਮ) ਦੀ ਜ਼ਰੂਰਤ ਪੈਂਦੀ ਹੈ।
  • ਕਈ ਮੁਫ਼ਤ 'ਚ ਡਾਊਨਲੋਡ ਕੀਤੀਆਂ ਐਪਸ ਵਿਚ ਇਸ਼ਤਿਹਾਰ ਵੀ ਹੁੰਦੇ ਹਨ ਜੋ ਵਰਤੋਂਕਾਰ ਦੀ ਇਕਾਗਰਤਾ ਭੰਗ ਕਰਦੇ ਹਨ। ਅਜਿਹੀ ਸਥਿਤੀ ਵਿਚ ਮੁੱਲ ਦੀਆਂ ਐਪਸ ਵਰਤਣੀਆਂ ਵਰਤੋਂਕਾਰ ਦੀ ਮਜਬੂਰੀ ਬਣ ਜਾਂਦੀ ਹੈ।
  • ਸੈਮਸੰਗ ਨੂੰ ਛੱਡ ਕੇ ਬਾਕੀ ਕੰਪਨੀਆਂ ਦੇ ਔਂਡਰਾਇਡ ਫੋਨਾਂ 'ਤੇ ਪੰਜਾਬੀ 'ਚ ਕੰਮ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਫ਼ੋਨਾਂ ਵਿਚ ਕੰਪਨੀਆਂ ਵੱਲੋਂ ਪੰਜਾਬੀ ਯੂਨੀਕੋਡ (ਰਾਵੀ) ਫੌਂਟ ਦੀ ਸਪੋਰਟ ਨਾ ਦਿੱਤੇ ਜਾਣ ਕਾਰਨ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਫ਼ੋਨਾਂ ਵਿਚ ਕਿਸੇ ਵੱਖਰੇ ਕੀ-ਬੋਰਡ (ਐਪ) ਰਾਹੀਂ ਪੰਜਾਬੀ 'ਚ ਲਿਖਿਆ ਤਾਂ ਜਾ ਸਕਦਾ ਹੈ ਪਰ ਈ-ਮੇਲ, ਐੱਸਐੱਮਐੱਸ ਜਾਂ ਵਟਸ ਐਪ ਰਾਹੀਂ ਪ੍ਰਾਪਤ ਪੰਜਾਬੀ ਸੰਦੇਸ਼ਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ।

Previous
Next Post »