ਸਮਾਰਟ ਫ਼ੋਨ ਦੀ ਵਰਤੋਂ ਸਮੇਂ ਸਾਵਧਾਨੀਆਂ (26-09-2014)

ਸਮਾਰਟ ਫ਼ੋਨ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਕਈ ਵਾਰ ਲੋਕ ਆਪਣਾ ਫ਼ੋਨ ਬੱਚਿਆਂ ਨੂੰ ਫੜਾ ਦਿੰਦੇ ਹਨ। ਬੱਚੇ ਉਸ ਦੀ ਦੁਰਵਰਤੋਂ ਕਰਦੇ ਹਨ। ਇਸ ਨਾਲ ਫ਼ੋਨ ਦੀ ਸੈਟਿੰਗ ਵਿਚ ਵਿਗਾੜ, ਬਕਾਏ ਵਿਚ ਕਟੌਤੀ, ਸਕਰੀਨ 'ਤੇ ਝਰੀਟਾਂ ਪੈਣੀਆਂ ਜਾਂ ਟੁੱਟ ਜਾਣੀ ਆਦਿ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਵਰਤਣ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

  • ਸਕਰੀਨ 'ਤੇ ਹਮੇਸ਼ਾ ਲੌਕ ਲਗਾ ਕੇ ਰੱਖੋ। ਜੇਕਰ ਘਰ ਵਿਚ ਛੋਟੇ ਬੱਚੇ ਹੋਣ ਤਾਂ ਪੈਟਰਨ ਲੌਕ ਦੀ ਵਰਤੋਂ ਨਾ ਕਰੋ। ਪਾਸਵਰਡ ਜਾਂ ਪਿੰਨ ਦੀ ਵਰਤੋਂ ਕਰੋ।
  • ਵਾਰ-ਵਾਰ ਗ਼ਲਤ ਪੈਟਰਨ ਵਰਤ ਕੇ ਲੌਕ ਖੋਲ੍ਹਣ ਦੀ ਕੋਸ਼ਿਸ਼ ਕਰਨ ਨਾਲ ਫ਼ੋਨ ਬਲੌਕ ਹੋ ਸਕਦਾ ਹੈ। ਇਸ ਨੂੰ ਖੋਲ੍ਹਣ ਲਈ ਸਾਫ਼ਟਵੇਅਰ ਦੁਬਾਰਾ ਪਾਉਣ ਦੀ ਨੋਬਤ ਆ ਜਾਂਦੀ ਹੈ। ਹਾਂ, ਜੇਕਰ ਤੁਸੀਂ ਇਸ ਬਾਰੇ ਤਕਨੀਕੀ ਜਾਣਕਾਰੀ ਰੱਖਦੇ ਹੋ ਤੇ ਤੁਹਾਡਾ ਗੂਗਲ ਵਿਚ ਖਾਤਾ ਹੈ ਤਾਂ ਪੈਟਰਨ ਲੌਕ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ।
  • ਆਪਣੇ ਮੋਬਾਈਲ  ਨੂੰ ਹਮੇਸ਼ਾ ਸੁਰੱਖਿਅਤ ਜਗ੍ਹਾ 'ਤੇ ਰੱਖੋ। ਝਰੀਟਾਂ ਤੋਂ ਬਚਾ ਲਈ ਇਸ 'ਤੇ ਚੰਗਾ ਕਵਰ ਚੜ੍ਹਾ ਲੈਣਾ ਚਾਹੀਦਾ ਹੈ। ਸਕਰੀਨ ਦੀ ਸੁਰੱਖਿਆ ਲਈ ਇੱਕ ਖ਼ਾਸ ਕਿਸਮ ਦੀ ਲੈਮੀਨੇਸ਼ਨ ਵੀ ਕਰਵਾਈ ਜਾ ਸਕਦੀ ਹੈ। ਇਸ ਨਾਲ ਸਕਰੀਨ 'ਤੇ ਨਿਸ਼ਾਨ ਜਾਂ ਰਗੜ ਨਹੀਂ ਪੈਂਦੀ।
  • ਸਮਾਰਟ ਫ਼ੋਨ ਨੂੰ ਸੂਰਜ ਦੀ ਸਿੱਧੀ ਰੌਸ਼ਨੀ, ਨਮੀ ਅਤੇ ਸਲ੍ਹਾਬ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
  • ਇਸ ਨੂੰ ਬਕਾਇਦਾ ਚਾਰਜ ਕਰਦੇ ਰਹੋ। ਚਾਰਜ ਕਰਨ ਲਈ 'ਬੈਟਰੀ ਲੋਅ' ਦੇ ਚਿਤਾਵਨੀ ਸੰਦੇਸ਼ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਘੱਟ ਬੈਟਰੀ 'ਤੇ ਫ਼ੋਨ ਵਰਤਣ ਨਾਲ ਵੱਧ ਸ਼ਕਤੀ ਵਾਲਾ ਸਿਗਨਲ ਉਤਪੰਨ ਹੁੰਦਾ ਹੈ ਜਿਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਹੋ ਸਕਦਾ ਹੈ। ਇਸ ਨਾਲ ਬੈਟਰੀ ਦੀ ਉਮਰ ਵੀ ਘੱਟ ਜਾਂਦੀ ਹੈ।
  • ਇੰਟਰਨੈੱਟ ਕੁਨੈਕਸ਼ਨ ਲਈ ਸਿੰਮ ਖ਼ਰੀਦਣ ਤੋਂ ਪਹਿਲਾਂ ਆਪਣੇ ਖੇਤਰ ਦਾ ਸਰਵੇ ਕਰ ਲਓ ਕਿ ਉੱਥੇ ਕਿਹੜੀ ਕੰਪਨੀ ਦੇ ਟਾਵਰ ਦੀ ਰੇਂਜ ਆਉਂਦੀ ਹੈ। ਮਿਸਾਲ ਵਜੋਂ ਜੇਕਰ ਤੁਸੀਂ ਰਿਲਾਇੰਸ ਦਾ 3-ਜੀ ਕੁਨੈਕਸ਼ਨ ਲੈਣ ਜਾ ਰਹੇ ਹੋ ਤਾਂ ਇਹ ਯਕੀਨੀ ਬਣਾ ਲਓ ਕਿ ਤੁਹਾਡਾ ਖੇਤਰ ਰਿਲਾਇੰਸ ਦੇ 3-ਜੀ ਦੀ ਰੇਂਜ 'ਤੇ ਆਉਂਦਾ ਹੈ। ਇਸੇ ਤਰ੍ਹਾਂ ਨੈੱਟ ਪੈਕ ਦੀ ਚੋਣ ਵੀ ਆਪਣੀ ਲੋੜ ਅਨੁਸਾਰ ਕਰ ਲਓ।
  • ਮੋਬਾਈਲ  ਫ਼ੋਨ ਵਿਚ ਸਾਂਭੇ ਸੰਪਰਕ ਨੰਬਰਾਂ ਦਾ ਸਮੇਂ-ਸਮੇਂ 'ਤੇ ਬੈਕ-ਅਪ ਲੈਂਦੇ ਰਹੋ। ਐਪ ਸਟੋਰ 'ਤੇ ਕਈ ਐਪਸ ਉਪਲਬਧ ਹਨ। ਜਿਨ੍ਹਾਂ ਨੂੰ ਵਰਤ ਕੇ ਤੁਸੀਂ ਐਕਸਲ, ਐੱਕਸਐੱਮਐੱਲ ਜਾਂ ਸੀਐੱਸਵੀ ਰੂਪ ਵਿਚ ਸੰਪਰਕ ਸੂਚੀ ਦਾ ਬੈਕ-ਅਪ ਲੈ ਕੇ ਆਪਣੇ ਕੰਪਿਊਟਰ ਵਿਚ ਸਾਂਭ ਸਕਦੇ ਹੋ। ਫ਼ੋਨ ਦੇ ਗੁੰਮ ਹੋਣ ਜਾਂ ਖ਼ਰਾਬ ਹੋਣ ਦੀ ਸਥਿਤੀ ਵਿਚ ਤੁਹਾਡੇ ਮਿੱਤਰਾਂ/ਰਿਸ਼ਤੇਦਾਰਾਂ ਦੇ ਸੰਪਰਕ ਨੰਬਰ ਸੁਰੱਖਿਅਤ ਰਹਿੰਦੇ ਹਨ। ਜਿਨ੍ਹਾਂ ਨੂੰ ਭਵਿੱਖ ਵਿਚ ਨਵੇਂ ਫ਼ੋਨ ਵਿਚ ਪਾ ਕੇ ਵਰਤਿਆ ਜਾ ਸਕਦਾ ਹੈ।
  • ਦੂਹਰੇ ਸਿੰਮ ਵਾਲੇ ਫੋਨਾਂ ਦਾ ਕਾਲ, ਵੀਡੀਓ ਕਾਲ, ਐੱਸਐੱਮਐੱਸ, ਇੰਟਰਨੈੱਟ ਆਦਿ ਦੀ ਵਿਵਸਥਾ ਪਹਿਲਾਂ ਹੀ ਕਰ ਲਓ। ਅਜਿਹਾ ਨਾ ਕਰਨ ਦੀ ਹਾਲਤ ਵਿਚ ਕਾਲ ਕਰਨ ਜਾਂ ਐੱਸਐੱਮਐੱਸ ਕਰਨ ਵੇਲੇ ਮੋਬਾਈਲ ਤੁਹਾਨੂੰ ਸਵਾਲ ਕਰੇਗਾ ਕਿ ਕਿਹੜੇ ਸਿੰਮ (ਸਿੰਮ-1 ਜਾਂ ਸਿੰਮ-2) ਰਾਹੀਂ ਇਹ ਪ੍ਰਕਿਰਿਆ ਪੂਰੀ ਕਰਨੀ ਹੈ। ਸਿੰਮ ਵਿਵਸਥਾ ਕਰਨ ਲਈ ਸੈਟਿੰਗਜ਼ ਵਿਚ ਜਾ ਕੇ ਸਿੰਮ ਮੈਨੇਜਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
  • ਸਮੇਂ-ਸਮੇਂ 'ਤੇ ਮੈਮਰੀ ਕਾਰਡ ਵਿਚਲੇ ਫ਼ਾਲਤੂ ਡਾਟੇ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ।
  • ਆਪਣੇ ਫ਼ੋਨ ਦੇ ਓਪਰੇਟਿੰਗ ਸਿਸਟਮ ਅਤੇ ਇਸ ਵਿਚ ਇੰਸਟਾਲ ਵੱਖ-ਵੱਖ ਐਪਸ ਨੂੰ ਸਮੇਂ-ਸਮੇਂ 'ਤੇ ਅੱਪਡੇਟ ਕਰਦੇ ਰਹਿਣਾ ਚਾਹੀਦਾ ਹੈ।

Previous
Next Post »