2014-10-30

ਯੂਐੱਸਬੀ ਕੇਬਲ ਰਾਹੀਂ ਡਾਟਾ ਦਾ ਅਦਾਨ-ਪ੍ਰਦਾਨ ਕਰਨਾ (2014-10-31)

ਸਮਾਰਟ ਫੋਨ ਅਤੇ ਕੰਪਿਊਟਰ ਵਿਚਕਾਰ ਡਾਟਾ ਦਾ ਆਦਾਨ-ਪ੍ਰਦਾਨ ਕਰਨ ਲਈ ਯੂਐੱਸਬੀ ਕੇਬਲ, ਬਲੂਟੁੱਥ ਅਤੇ ਵਾਈ-ਫਾਈ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਮਾਰਟ ਫੋਨ ਦਾ ਯੂਐੱਸਬੀ ਰਾਹੀਂ ਕੰਪਿਊਟਰ ਨਾਲ ਸੰਪਰਕ ਬਣਾਉਣਾ ਇੱਕ ਰਵਾਇਤੀ ਤਰੀਕਾ ਹੈ। ਮੋਬਾਈਲ ਨੂੰ ਪੀਸੀ ਨਾਲ ਜੋੜ ਕੇ ਮੋਬਾਈਲ ਦੇ ਐੱਸਡੀ ਕਾਰਡ ਤਕ ਪਹੁੰਚ ਬਣਾਈ ਜਾ ਸਕਦੀ ਹੈ। ਇਸ ਤਰ੍ਹਾਂ ਫੋਟੋਆਂ, ਵੀਡੀਓ ਅਤੇ ਐਪਸ ਨੂੰ ਐੱਸਡੀ ਕਾਰਡ ਤੋਂ ਕੰਪਿਊਟਰ ਵਿੱਚ ਜਾਂ ਕੰਪਿਊਟਰ ਵਿੱਚੋਂ ਫੋਨ ਵਿੱਚ ਕਾਪੀ ਕੀਤਾ ਜਾ ਸਕਦਾ ਹੈ।

ਯੂਐੱਸਬੀ ਨਾਲ ਜੋੜਨਾ

* ਆਪਣੇ ਮੋਬਾਈਲ ਫੋਨ ਨੂੰ ਯੂਐੱਸਬੀ ਕੇਬਲ ਰਾਹੀਂ ਕੰਪਿਊਟਰ ਨਾਲ ਜੋੜੋ।
* ਮੋਬਾਈਲ ਦੀ ਸਕਰੀਨ ’ਤੇ ਇੱਕ ਸੰਦੇਸ਼ ‘ਟਰਨ ਆਨ ਯੂਐੱਸਬੀ ਸਟੋਰੇਜ’ ਆਵੇਗਾ। ਇਸ ’ਤੇ ਟੱਚ ਕਰ ਦਿਓ।
* ਹੁਣ ਇੱਕ ਹੋਰ ਸੰਦੇਸ਼ ਟਰਨ-ਆਨ ਯੂਐੱਸਬੀ ਸਟੋਰੇਜ ਦਿਖਾਈ ਦੇਵੇਗਾ। ਇਸ ਨੂੰ ਓਕੇ ਕਰ ਦਿਓ।
* ਕੁਝ ਦੇਰ ਇੰਤਜ਼ਾਰ ਕਰਨ ਮਗਰੋਂ ਤੁਹਾਡਾ ਮੋਬਾਈਲ ਕੰਪਿਊਟਰ ਨਾਲ ਜੁੜ ਜਾਵੇਗਾ। ਕੰਪਿਊਟਰ ਦਾ ਵਿੰਡੋਜ਼ ਐਕਸਪਲੋਰਰ ਜਾਂ ‘ਮਾਈ ਕੰਪਿਊਟਰ’ ਖੋਲ੍ਹੋ। ਇੱਥੇ ਤੁਹਾਡੇ ਮੋਬਾਈਲ ਦਾ ਐੱਸਡੀ ਕਾਰਡ ਨਜ਼ਰ ਆਵੇਗਾ।

ਡਾਟਾ ਦਾ ਅਦਾਨ-ਪ੍ਰਦਾਨ ਕਰਨਾ

ਜਦੋਂ ਤੁਹਾਡੇ ਸਮਾਰਟ ਫੋਨ ਦਾ ਸੰਪਰਕ ਪੀਸੀ ਨਾਲ ਸਥਾਪਿਤ ਹੋ ਜਾਵੇ ਤਾਂ ਇਸ ਉਪਰੰਤ ਮੋਬਾਈਲ ਦਾ ਐੱਸਡੀ ਕਾਰਡ ਵਿੰਡੋਜ਼ ਐਕਸਪਲੋਰਰ ਵਿੱਚ ਰੀਮੂਵੇਬਲ ਡਿਸਕ (ਪੈੱਨ ਡਰਾਈਵ) ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਇੱਥੋਂ ਵਟਸ ਐਪ ਤੋਂ ਡਾਊਨਲੋਡ ਕੀਤੀਆਂ ਫੋਟੋਆਂ ਜਾਂ ਹੋਰ ਤਰ੍ਹਾਂ ਦੇ ਮੀਡੀਆ ਨੂੰ ਐੱਸਡੀ ਕਾਰਡ ਤੋਂ ਕਾਪੀ ਕਰਕੇ ਕੰਪਿਊਟਰ ਦੀ ਕਿਸੇ ਹਾਰਡ ਡਿਸਕ ਡਰਾਈਵ ’ਚ ਪੇਸਟ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਕੰਪਿਊਟਰ ਵਿੱਚ ਪਈਆਂ ਰਿੰਗ ਟੋਨ, ਵੀਡੀਓ ਅਤੇ ਐਪਸ ਆਦਿ ਨੂੰ ਮੋਬਾਈਲ ਦੇ ਐੱਸਡੀ ਕਾਰਡ ’ਚ ਸਟੋਰ ਕੀਤਾ ਜਾ ਸਕਦਾ ਹੈ। ਕੰਮ ਪੂਰਾ ਹੋਣ ਉਪਰੰਤ ਆਪਣੇ ਸਮਾਰਟ ਫੋਨ ਦੀ ਸਕਰੀਨ ’ਤੇ ‘ਟਰਨ ਆਫ਼ ਯੂਐੱਸਬੀ ਸਟੋਰੇਜ’ ਨਾਂ ਦੇ ਸੰਦੇਸ਼ ’ਤੇ ਟੱਚ ਕਰੋ ਅਤੇ ਯੂਐੱਸਬੀ ਕੇਬਲ ਉਤਾਰ ਦਿਓ।

2014-10-26

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ -4 (2014-10-26)

ਇਕ ਵਧੀਆ ਐਾਟੀਵਾਇਰਸ ਪ੍ਰੋਗਰਾਮ ਸਾਨੂੰ ਕਈ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ। ਇਨ੍ਹਾਂ ਵਿਚੋਂ ਪ੍ਰਮੁੱਖ ਹਨ:
ਆਟੋਮੈਟਿਕ ਅੱਪਡੇਟ: 
ਇਹ ਵਿਕਲਪ ਚਾਲੂ ਕਰਨ ਨਾਲ ਪ੍ਰੋਗਰਾਮ ਆਪਣੇ-ਆਪ ਅੱਪਡੇਟ ਹੁੰਦਾ ਰਹਿੰਦਾ ਹੈ |

ਆਟੋਮੈਟਿਕ ਸ਼ਡਿਊਲ: 
ਜੇਕਰ ਤੁਸੀਂ ਚਾਹੁੰਦੇ ਹੋ ਕਿ ਕੰਪਿਊਟਰ ਨਿਰਧਾਰਿਤ ਦਿਨ ਅਤੇ ਸਮੇਂ ਨੂੰ ਆਪਣੇ-ਆਪ ਸਕੈਨਿੰਗ ਸ਼ੁਰੂ ਕਰ ਦੇਵੇ ਤਾਂ ਤੁਸੀਂ ਉਸ ਦੇ ਆਟੋਮੈਟਿਕ ਸ਼ਡਿਊਲ ਵਿਕਲਪ ਵਿਚ ਜਾ ਕੇ ਇਹ ਸੁਨਿਸ਼ਚਿਤ ਕਰ ਸਕਦੇ ਹੋ |
ਪੈੱਨ ਡਰਾਈਵ ਪਾਸਵਰਡ ਸੁਰੱਖਿਆ: 
ਜੇਕਰ ਤੁਸੀਂ ਚਾਹੁੰਦੇ ਹੋ ਕਿ ਪੈਨ ਡਰਾਈਵ ਖੋਲ੍ਹਣ ਤੋਂ ਪਹਿਲਾਂ ਪਾਸਵਰਡ ਲਗਾਉਣਾ ਲਾਜ਼ਮੀ ਹੋਵੇ ਤਾਂ ਤੁਸੀਂ ਇਸ ਵਿਕਲਪ ਰਾਹੀਂ ਅਜਿਹਾ ਕਰ ਸਕਦੇ ਹੋ | ਇਸ ਨਾਲ ਤੁਹਾਡੇ ਕੰਪਿਊਟਰ 'ਤੇ ਤੁਹਾਡੀ ਆਗਿਆ ਤੋਂ ਬਿਨਾਂ ਕੋਈ ਪੈੱਨ ਡਰਾਈਵ ਨਹੀਂ ਵਰਤ ਸਕੇਗਾ |
ਐਾਟੀ ਸਪੈਮ ਵੈੱਬਸਾਈਟਾਂ: 
ਜੇਕਰ ਤੁਸੀਂ ਫ਼ਾਲਤੂ ਅਤੇ ਧਿਆਨ ਭਟਕਾਉਣ ਵਾਲੀਆਂ ਵੈੱਬਸਾਈਟਾਂ ਤੋਂ ਪ੍ਰੇਸ਼ਾਨ ਹੋ ਤਾਂ ਐਾਟੀ ਸਪੈਮ ਵਿਕਲਪ ਰਾਹੀਂ ਇਹ ਮਸਲਾ ਹੱਲ ਕਰ ਸਕਦੇ ਹੋ |
ਸਕੈਨ ਰਿਪੋਰਟ: 
ਸਕੈਨ ਪੂਰਾ ਹੋਣ ਉਪਰੰਤ ਪ੍ਰੋਗਰਾਮ ਇਕ ਰਿਪੋਰਟ ਪੇਸ਼ ਕਰਦਾ ਹੈ | ਵਰਤੋਂਕਾਰ ਨੂੰ ਚਾਹੀਦਾ ਹੈ ਕਿ ਉਹ ਵਾਇਰਸ ਦੇ ਖ਼ਾਤਮੇ ਲਈ ਢੁਕਵੇਂ ਵਿਕਲਪਾਂ ਦਾ ਪਾਲਣ ਕਰੇ |
ਫਾਇਰ-ਵਾਲ: 
ਕੰਪਿਊਟਰ ਲਈ ਸੁਰੱਖਿਅਤ ਦੀਵਾਰ ਲਈ ਫਾਇਰ-ਵਾਲ ਦੀ ਵਰਤੋਂ ਕਰੋ | ਫਾਇਰ-ਵਾਲ ਜਾਂ ਫ਼ਿਲਟਰ ਦੀ ਸਹੂਲਤ ਐਾਟੀਵਾਇਰਸ ਦੇ ਮੁੱਢਲੇ ਸੰਸਕਰਨ ਵਿਚ ਹੁੰਦੀ ਹੈ ਪਰ ਕਈ ਵਾਰ ਇਸ ਨੂੰ ਕਿਰਿਆਸ਼ੀਲ ਕਰਨ ਦੀ ਲੋੜ ਪੈਂਦੀ ਹੈ |
ਸੰਭਾਲ ਕੇ ਰੱਖੋ ਪਾਸਵਰਡ 
ਈ-ਮੇਲ, ਫੇਸਬੁਕ, ਟਵੀਟਰ, ਗੂਗਲ ਨੈੱਟ ਬੈਂਕਿੰਗ ਆਦਿ ਦਾ ਪਾਸਵਰਡ ਚੇਤੇ ਰੱਖਣ ਦੇ ਝੰਜਟ ਤੋਂ ਹਰ ਕੋਈ ਦੁਖੀ ਹੈ | ਕਈ ਵਰਤੋਂਕਾਰ ਆਪਣੇ ਕੰਮ ਨੂੰ ਸੌਖਾ ਬਣਾਉਣ ਲਈ ਆਪਣੇ ਪਾਸਵਰਡ ਦਾ ਨਾਂਅ Password ਹੀ ਰੱਖ ਲੈਂਦੇ ਹਨ | ਕਈ ਆਪਣੇ ਨਾਂਅ, ਜਨਮ ਤਾਰੀਖ਼ ਜਾਂ ਫ਼ੋਨ/ਮੋਬਾਈਲ ਨੰਬਰ ਦੇ ਨਾਂਅ 'ਤੇ ਜਾਂ ਇਸ ਨਾਲ ਮਿਲਦਾ-ਜੁਲਦਾ ਪਾਸਵਰਡ ਰੱਖਦੇ ਹਨ | ਅਜਿਹੀ ਸਥਿਤੀ ਵਿਚ ਪਾਸਵਰਡ ਦੇ ਹੈੱਕ (ਚੋਰੀ) ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ | 
ਪਾਸਵਰਡ ਨੂੰ ਸੁਰੱਖਿਅਤ ਬਣਾਉਣ ਲਈ ਕੁੱਝ ਗੱਲਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ-
  • ਪਾਸਵਰਡ ਆਪਣੇ ਨਾਂਅ, ਘਰ ਨੰਬਰ, ਫ਼ੋਨ ਨੰਬਰ, ਗੱਡੀ ਨੰਬਰ, ਜਨਮ ਤਾਰੀਖ਼ 'ਤੇ ਆਧਾਰਿਤ ਨਾ ਰੱਖੋ | ਇਨ੍ਹਾਂ ਦੇ ਕੁਝ ਚੋਣਵੇਂ ਅੱਖਰਾਂ ਨੂੰ ਇਕੱਠਾ ਕਰਕੇ ਪਾਸਵਰਡ ਬਣਾਇਆ ਜਾ ਸਕਦਾ ਹੈ |
  • ਪਾਸਵਰਡ ਇੰਨਾ ਸੌਖਾ ਨਾ ਹੋਵੇ ਕਿ ਹਰੇਕ ਨੂੰ ਪਤਾ ਲੱਗ ਜਾਵੇ | ਦੂਜੇ ਪਾਸੇ ਇਹ ਇੰਨਾ ਗੁੰਝਲਦਾਰ ਵੀ ਨਾ ਹੋਵੇ ਕਿ ਤੁਸੀਂ ਖ਼ੁਦ ਭੁੱਲ ਜਾਵੋ | ਪਾਸਵਰਡ 'ਚ ਘੱਟੋ-ਘੱਟ ਇਕ ਅੰਕ ਅਤੇ ਇਕ ਵਿਸ਼ੇਸ਼ ਚਿੰਨ੍ਹ ਜ਼ਰੂਰ ਸ਼ਾਮਿਲ ਕਰੋ | 
  • ਵੱਖ-ਵੱਖ ਖਾਤਿਆਂ ਦੇ ਪਾਸਵਰਡਾਂ ਨੂੰ ਕਿਸੇ ਖ਼ਾਸ ਤਰਕ, ਗੁਪਤ ਭਾਸ਼ਾ ਜਾਂ ਲੜੀ ਦੇ ਰੂਪ ਵਿਚ ਯੋਜਨਾਬੱਧ ਤਰੀਕੇ ਨਾਲ ਰੱਖੋ |
          ਸਾਈਬਰ ਸੁਰੱਖਿਆ ਦਾ ਚਲਾਓ ਅਭਿਆਨ,
          ਉਡਾਰੀਆਂ ਲਾਓ ਵਿਚ ਅਸਮਾਨ |
          ਪਾਸਵਰਡ ਦਾ ਜੇ ਕੀਤਾ ਅਦਾਨ-ਪ੍ਰਦਾਨ,
          ਹੋ ਸਕਦੈ ਕੋਈ ਵੱਡਾ ਨੁਕਸਾਨ |

  • ਪਾਸਵਰਡ ਨੂੰ ਕਿਸੇ ਕਾਗ਼ਜ਼, ਡਾਇਰੀ ਜਾਂ ਮੋਬਾਈਲ ਵਿਚ ਨਾ ਲਿਖ ਕੇ ਰੱਖੋ | ਜੇਕਰ ਕਿਧਰੇ ਨੋਟ ਕਰਨਾ ਵੀ ਪਵੇ ਤਾਂ ਹਮੇਸ਼ਾ ਗੁਪਤ ਭਾਸ਼ਾ (ਕੋਡ) ਦਾ ਸਹਾਰਾ ਲਓ | ਮਿਸਾਲ ਵਜੋਂ ਵੱਖ-ਵੱਖ ਪਾਸਵਰਡਾਂ ਵਿਚ ਇਕ ਅੱਖਰ ਜਾਂ ਅੰਕ ਵਰਤਿਆ ਜਾ ਸਕਦਾ ਹੈ | ਨੋਟ ਕਰਨ ਸਮੇਂ ਇਸ ਅੱਖਰ ਜਾਂ ਅੰਕ ਦਾ ਅਜਿਹਾ ਗੁਪਤ ਕੋਡ ਬਣਾ ਲਓ, ਜਿਸ ਦਾ ਤੋੜ ਸਿਰਫ਼ ਤੁਹਾਡੇ ਕੋਲ ਹੀ ਹੋਵੇ | ਮਿਸਾਲ ਵਜੋਂ ਪਾਸਵਰਡ ram#13 ਵਿਚ 3 ਨੂੰ abc ਅਤੇ a ਨੂੰ 123 ਵਿਚ ਬਦਲ ਕੇ ਕੋਡ ਬਣਾ ਲਿਆ ਤਾਂ ਇਹ ਬਣੇਗਾ:  r123m# 1abc
  • ਅਜਿਹੀ ਕੋਡ ਭਾਸ਼ਾ ਵਿਚ ਨੋਟ ਕੀਤਾ ਪਾਸਵਰਡ ਅਪਰਾਧੀਆਂ ਦੁਆਰਾ ਸਮਝਣਾ ਔਖਾ ਹੁੰਦਾ ਹੈ |
  • ਪਾਸਵਰਡ ਨੂੰ ਇਕ ਵਖਵੇ ਬਾਅਦ ਨਿਰੰਤਰ ਬਦਲਦੇ ਰਹੋ |
  • ਦੂਸਰੇ ਦੇ ਲੈਪਟਾਪ, ਸਾਂਝੇ ਕੰਪਿਊਟਰ ਜਾਂ ਮੋਬਾਈਲ ਉੱਤੇ ਪਾਸਵਰਡ ਨੂੰ ਸਥਾਈ ਤੌਰ 'ਤੇ ਸੇਵ ਨਾ ਕਰੋ |
  • ਮੋਬਾਈਲ 'ਤੇ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਸਮੇਂ ਪਾਸਵਰਡ ਨੂੰ ਆਪਣੇ-ਆਪ ਸੇਵ ਕਰਨ ਦੀ ਆਪਸ਼ਨ ਤੋਂ ਮੁਕਤ ਰੱਖੋ | ਇਹ ਮੋਬਾਈਲ ਦੇ ਗੁੰਮ ਹੋਣ ਦੀ ਸੂਰਤ ਵਿਚ ਤੁਹਾਡੇ ਬੈਂਕ ਖਾਤੇ ਦੇ ਸਫ਼ਾਏ ਹੋਣ ਦਾ ਕਾਰਨ ਬਣ ਸਕਦਾ ਹੈ | 

2014-10-20

ਸਾਈਬਰ ਅਪਰਾਧ (2014-10-20)

ਇੱਕ ਵਾਇਰਸ ਤੇ ਹੈਕਿੰਗ ਨੇ ਜ਼ੋਰ ਪਾਇਆ,
ਦੂਜਾ ਅਸ਼ਲੀਲ ਸਾਈਟਾਂ ਦੀ ਭਰਮਾਰ ਹੈ ਜੀ।


ਮੁੰਡੇ ਕੁੜੀਆਂ ਜਿਹੜੀ ਪਏ ਕਰਨ ਚੈਟਿੰਗ,
ਅਨੈਤਿਕਤਾ ਦੀ ਜਿਉਂਦੀ ਮਿਸਾਲ ਹੈ ਜੀ।


'ਮੁੰਡੀਰ' ਇਕੱਠੀ ਹੁੰਦੀ ਨਿੱਤ ਕੈਫ਼ਿਆਂ 'ਤੇ,
ਰੋਕਣ ਵਾਲਾ ਕੋਈ ਮਾਈ ਦਾ ਲਾਲ ਹੈ ਨਹੀਂ।


ਬਹੁਤਾ ਸਮਾਂ ਜੋ ਇੰਜ ਹੀ ਗੁਜ਼ਾਰ ਦਿੰਦੇ,
ਜ਼ਿੰਦਗੀ ਤਬਾਹ ਹੋ ਜਾਊ ਅਜਿਹੇ ਸਾਈਬਰ ਲਾੜਿਆਂ ਦੀ।


ਵਰਤਣ ਬਹੁ-ਅਰਥੀ ਸ਼ਬਦਾਵਲੀ ਇਹ ਮੇਲ ਅੰਦਰ,
'ਕੰਬੋਜ' ਖ਼ੈਰ ਕਰੇ ਇਹਨਾਂ ਚੈਟਿੰਗ ਘਾੜਿਆਂ ਦੀ।

ਕੰਪਿਊਟਰ ਅਤੇ ਬਿਜਲੀ (2014-10-20)

ਕਹਿੰਦੀ ਬਿਜਲੀ ਕੰਪਿਊਟਰ ਚਲਾਕੜਿਆ ਵੇ
ਕਿਉਂ ਰਹਿੰਦਾ ਤੂੰ ਆਕੜਿਆ-ਆਕੜਿਆ ਵੇ
 
ਲੋਕ ਆਖਦੇ ਤੂੰ ਬੜੀ ਮਸ਼ੀਨ ਅਨੋਖੀ
ਕਹਿੰਦੇ ਬੱਚੇ ਸਿੱਖਣ ਨੂੰ ਲੱਗੇ ਸੌਖੀ
ਸੱਭੇ ਚਾਹੁਣ ਨਾਲ ਤੇਰੇ ਪਾਉਣ ਯਾਰੀ, ਮਿਲਾਪੜਿਆ ਵੇ
ਕਹਿੰਦੀ ਬਿਜਲੀ......
 
ਮੈਂ ਨਾ ਹੋਵਾਂ ਤਾਂ ਤੂੰ ਉੱਥੇ ਹੀ ਰੁਕ ਜਾਵੇਂ
ਮੇਰੀ ਉਡੀਕ ਕਰਦਾ-ਕਰਦਾ ਤੂੰ ਸੁੱਕ ਜਾਵੇਂ
'ਕੰਬੋਜ' ਕਹਿੰਦਾ ਨਾ ਮਾਰ ਸ਼ੇਖ਼ੀਆਂ, ਜਵਾਕੜਿਆ ਵੇ,
ਕਹਿੰਦੀ ਬਿਜਲੀ......

ਸਾਈਬਰ ਸੁਰੱਖਿਆ (2014-10-20)


ਮਿੱਤਰੋ ਹੋਵੋ ਸਾਵਧਾਨ,
ਗੱਲ ਮੇਰੀ ਇਹ ਕਰਿਓ ਪ੍ਰਵਾਨ,
ਸੁਰੱਖਿਆ ਦਾ ਰੱਖੋ ਗੂੜ੍ਹ ਗਿਆਨ।
ਸਾਈਬਰ ਸੁਰੱਖਿਆ ਦਾ ਚਲਾਓ ਅਭਿਆਨ,
ਹੋਵੇਗਾ ਨਾ ਕਦੀ ਨੁਕਸਾਨ।
ਜੇ ਤੁਸੀਂ ਹੋ ਗਏ ਬੇਧਿਆਨ,
ਅਪਰਾਧਾਂ ਦਾ ਵਧੂ ਹੋਰ ਰੁਝਾਨ।
'ਫਰੀਵੇਅਰ' ਦਾ ਨਾ ਹੋਵੇ ਸਥਾਨ,
'ਪੌਪ-ਅਪ' ਦਾ ਕੱਟੋ ਚਲਾਨ।
ਨੈਕਸਟ-ਨੈਕਸਟ' ਦਾ ਛੱਡੋ ਰੁਝਾਨ,
ਮੇਰੇ ਵੱਲ ਨੂੰ ਧਰੋ ਧਿਆਨ।
ਪਾਸਵਰਡ ਦਾ ਨਾ ਕਰੋ ਅਦਾਨ-ਪ੍ਰਦਾਨ,
ਹੋ ਨਾ ਜਾਵੇ ਕੋਈ ਨੁਕਸਾਨ।
ਬਣ ਕੇ ਰਹੋ ਇੱਕ ਚੰਗੇ ਨਿਗਰਾਨ,
ਹੋਵੇਗਾ ਨਾ ਕਦੀ ਨੁਕਸਾਨ।
ਮੇਰੇ ਵੱਲ ਨੂੰ ਧਰੋ ਧਿਆਨ,
ਕਿਧਰੇ ਨਾ ਰਹਿ ਜਾਓ ਅਗਿਆਨ।

2014-10-19

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-3 (19-10-2014)

ਸ਼ਿਕਾਰ ਕੌਣ ?
ਪ੍ਰਤੀ ਦਿਨ ਹਜ਼ਾਰਾਂ ਵਿਅਕਤੀ ਸਾਈਬਰ ਅਪਰਾਧਾਂ ਦੀ ਗਿ੍ਫ਼ਤ 'ਚ ਆਉਂਦੇ ਹਨ | ਆਮ ਤੌਰ 'ਤੇ ਭੋਲ਼ੇ-ਭਾਲ਼ੇ, ਲਾਲਚੀ, ਗੈਰ-ਹੁਨਰਮੰਦ ਅਤੇ ਬਦਕਿਸਮਤ ਵਿਅਕਤੀ ਅਜਿਹੇ ਅਪਰਾਧਾਂ ਦਾ ਸ਼ਿਕਾਰ ਬਣਦੇ ਹਨ | ਕਈ ਲਾਲਚੀ ਵਿਅਕਤੀ ਲਾਟਰੀ ਨਿਕਲਣ ਦੇ ਈ-ਮੇਲ ਸੰਦੇਸ਼ਾਂ ਦੇ ਚੱਕਰਵਿਊ ਵਿਚ ਪੈ ਕੇ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਕਰਵਾ ਚੁੱਕੇ ਹਨ | ਕਈ ਤਕਨੀਕੀ ਜਾਣਕਾਰੀ ਨਾ ਹੋਣ ਦੀ ਵਜ੍ਹਾ ਕਾਰਨ ਆਪਣੀ ਖ਼ੁਫ਼ੀਆ ਜਾਣਕਾਰੀ 'ਤੇ ਡਾਕਾ ਮਰਵਾ ਬਹਿੰਦੇ ਹਨ |
ਪ੍ਰਭਾਵ : 
ਸਾਈਬਰ ਅਪਰਾਧਾਂ ਕਾਰਨ ਗੰਭੀਰ ਨਤੀਜੇ ਸਾਹਮਣੇ ਆਏ ਹਨ | ਵਰਤੋਂਕਾਰਾਂ ਨੂੰ ਅੰਕੜਾ ਤਬਾਹੀ, ਵਿੱਤੀ ਠੱਗੀ, ਨਿੱੱਜਤਾ 'ਤੇ ਡਾਕਾ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਈ-ਫਰੈਂਡਸ਼ਿਪ ਦੇ ਰਾਸ ਨਾ ਆਉਣ ਅਤੇ ਮੋਟੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੈਂਕੜੇ ਲੋਕ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਚੁੱਕੇ ਹਨ | ਕੰਪਿਊਟਰ ਅਤੇ ਇੰਟਰਨੈੱਟ ਦੀ ਸੁਚੱਜੀ ਅਤੇ ਸੁਰੱਖਿਅਤ ਵਰਤੋਂ ਲਈ ਕਈ ਉਪਾਅ ਕੀਤੇ ਜਾ ਸਕਦੇ ਹਨ |
ਕੰਪਿਊਟਰ ਵਾਇਰਸ : 
ਕੰਪਿਊਟਰ ਵਾਇਰਸ ਇਕ ਤਰ੍ਹਾਂ ਦਾ ਵਿਸ਼ਾਣੂ ਹੈ, ਜੋ ਕੰਪਿਊਟਰ ਵਿਚ ਦਾਖਲ ਹੋਣ ਉਪਰੰਤ ਨੁਕਸਾਨ ਕਰ ਸਕਦਾ ਹੈ | ਇਸ (ਜੈਵਿਕ) ਵਿਸ਼ਾਣੂ ਦੀ ਪੈਦਾਇਸ਼ ਦਾ ਮੁੱਖ ਸੋਮਾ ਕੰਪਿਊਟਰੀ ਪ੍ਰੋਗਰਾਮ ਹਨ | ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਪਿਊਟਰੀ ਪ੍ਰੋਗਰਾਮ ਜਾਂ ਸਾਫ਼ਟਵੇਅਰ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਕੰਪਿਊਟਰ ਵਾਇਰਸ ਕਿਹਾ ਜਾਂਦਾ ਹੈ | ਇਹ ਵਾਇਰਸ ਕੰਪਿਊਟਰ ਵਿਚ ਪਹੁੰਚ ਕੇ ਆਪਣੇ-ਆਪ ਵਧਦੇ ਰਹਿੰਦੇ ਹਨ | ਇਹ ਕੰਪਿਊਟਰੀ ਸਾਫ਼ਟਵੇਅਰ ਦੇ ਨਾਲ-ਨਾਲ ਹਾਰਡਵੇਅਰ 'ਤੇ ਮਾੜਾ ਅਸਰ ਕਰ ਸਕਦੇ ਹਨ |
ਵਾਇਰਸ ਤੋਂ ਬਚਾਅ ਲਈ ਕੰਪਿਊਟਰ ਵਿਚ ਨਾਮਵਰ ਕੰਪਨੀ ਦਾ ਖ਼ਰੀਦਿਆ ਹੋਇਆ ਐਾਟੀਵਾਇਰਸ ਪ੍ਰੋਗਰਾਮ ਹੀ ਪਾਉਣਾ ਚਾਹੀਦਾ ਹੈ | ਬਾਜ਼ਾਰ ਵਿਚ ਮਿਲਣ ਵਾਲੇ ਸੁਰੱਖਿਆ ਸਾਫ਼ਟਵੇਅਰ ਜਾਂ ਐਾਟੀਵਾਇਰਸ ਕਈ ਪ੍ਰਕਾਰ ਦੇ ਹੁੰਦੇ ਹਨ | ਜਿਵੇਂ ਕਿ- ਸਾਧਾਰਨ ਐਾਟੀਵਾਇਰਸ, ਇੰਟਰਨੈੱਟ ਸਕਿਉਰਿਟੀ ਅਤੇ ਟੋਟਲ ਸਕਿਉਰਿਟੀ | ਸਾਧਾਰਨ ਐਾਟੀਵਾਇਰਸ ਵੱਖ-ਵੱਖ ਵਾਇਰਸਾਂ ਤੋਂ ਕੰਪਿਊਟਰ ਨੂੰ ਮੁਕਤ ਰੱਖਣ 'ਚ ਮਦਦ ਕਰਦਾ ਹੈ | ਨੈੱਟਵਰਕ ਜਾਂ ਇੰਟਰਨੈੱਟ ਰਾਹੀਂ ਪੇਸ਼ ਆਉਣ ਵਾਲੇ ਖ਼ਤਰਿਆਂ 'ਤੇ ਕਾਬੂ ਪਾਉਣ ਲਈ ਇੰਟਰਨੈੱਟ ਸਕਿਉਰਿਟੀ ਪੈਕ ਦੀ ਲੋੜ ਪੈਂਦੀ ਹੈ | ਇਸੇ ਤਰ੍ਹਾਂ ਨੈੱਟ-ਬੈਂਕਿੰਗ, ਆਨਲਾਈਨ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਵਰਤੋਂਕਾਰ ਟੋਟਲ ਸਕਿਉਰਿਟੀ ਪੈਕ ਰਾਹੀਂ ਆਪਣੇ ਡਾਟੇ ਨੂੰ ਸੁਰੱਖਿਅਤ ਰੱਖ ਸਕਦੇ ਹਨ | ਕਿਸੇ ਐਾਟੀਵਾਇਰਸ ਨੂੰ ਅਜਮਾਉਣ ਲਈ ਉਸ ਦੇ ਟਰਾਇਲ ਪੀਰੀਅਡ ਨੂੰ ਵਰਤਿਆ ਜਾ ਸਕਦਾ ਹੈ ਪਰ ਮੁਫ਼ਤ ਦੇ ਪ੍ਰੋਗਰਾਮਾਂ ਨੂੰ ਉੱਕਾ ਹੀ ਮੂੰਹ ਨਹੀਂ ਲਗਾਉਣਾ ਚਾਹੀਦਾ | 

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-2 (12-10-2014)

ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਪਰ ਕਈ ਲੋਕ ਤਕਨਾਲੋਜੀ ਨੂੰ ਦੂਜਿਆਂ ਦੇ ਨੁਕਸਾਨ ਲਈ ਵਰਤ ਰਹੇ ਹਨ | ਇਸ ਨਾਲ ਅਪਰਾਧਾਂ ਦਾ ਇਕ ਨਵਾਂ ਪਹਿਲੂ ਸਾਹਮਣੇ ਆਇਆ ਹੈ | 
ਅਜੋਕੇ ਅਪਰਾਧ ਨਾ ਬੰਦੂਕ ਦੀ ਨੋਕ 'ਤੇ, ਨਾ ਤਲਵਾਰ ਦੀ ਧਾਰ 'ਤੇ, ਸਗੋਂ ਇਕ ਮਾਊਸ ਦੇ ਕਲਿੱਕ ਰਾਹੀਂ ਹੀ ਅੰਜਾਮ ਦਿੱਤੇ ਜਾਂਦੇ ਹਨ | ਅਜਿਹੇ ਵਿਲੱਖਣ ਤੇ ਗੰਭੀਰ ਅਪਰਾਧਾਂ ਨੂੰ ਸਾਈਬਰ ਅਪਰਾਧਾਂ ਦਾ ਨਾਂਅ ਦਿੱਤਾ ਗਿਆ ਹੈ | ਇਨ੍ਹਾਂ ਅਪਰਾਧਾਂ 'ਚ ਕੰਪਿਊਟਰ ਜਾਂ ਇੰਟਰਨੈੱਟ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਹੈ | 
ਅੱਜ ਹਜ਼ਾਰਾਂ ਹੈੱਕਰ, ਕਰੈੱਕਰ ਅਤੇ ਹੋਰ ਸ਼ਰਾਰਤੀ ਅਨਸਰ ਹਰ, ਰੋਜ਼ ਅਨੇਕਾਂ ਵੈੱਬਸਾਈਟਾਂ, ਈ-ਮੇਲ, ਫੇਸਬੁਕ ਅਤੇ ਬੈਂਕ ਖਾਤਿਆਂ ਵਿਚੋਂ ਅਰਬਾਂ ਰੁਪਈਆਂ 'ਚੋਂ ਚੂਨਾ ਲਗਾਉਂਦੇ ਹਨ | ਕਈ ਅਪਰਾਧਾਂ ਵਿਚ ਵਰਤੋਂਕਾਰਾਂ ਨੂੰ ਬੁੱਧੂ ਬਣਾ ਕੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾਂਦਾ ਹੈ | ਈ-ਮੇਲ ਖਾਤਿਆਂ ਵਿਚ ਬਿਨਾਂ ਬੁਲਾਏ ਮਹਿਮਾਨ ਵਾਂਗ ਆ ਧਮਕਦੇ ਬੇਲਗ਼ਾਮ ਸੰਦੇਸ਼ਾਂ ਦਾ ਹੜ੍ਹ ਵੀ ਸਾਈਬਰ ਅਪਰਾਧਾਂ ਦੀ ਸ਼੍ਰੇਣੀ 'ਚ ਆਉਂਦਾ ਹੈ | ਖ਼ੁਫ਼ੀਆ ਤਰੀਕੇ ਰਾਹੀਂ ਕਿਸੇ ਦੇ ਈ-ਮੇਲ ਜਾਂ ਏਟੀਐੱਮ ਪਾਸਵਰਡ ਦੀ ਚੋਰੀ, ਕੰਪਿਊਟਰੀ ਡਾਟੇ ਉੱਤੇ ਝਪਟਾ ਮਾਰਨਾ ਅਤੇ ਨਿੱਜੀ ਜਾਣਕਾਰੀ 'ਤੇ ਡਾਕਾ ਮਾਰਨਾ ਆਮ ਜਿਹੀਆਂ ਹੀ ਘਟਨਾਵਾਂ ਹਨ | ਖ਼ੌਫ਼ ਕਾਰਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ | ਜੇਕਰ ਅਸੀਂ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਕੁਝ ਸਾਵਧਾਨੀਆਂ ਵਰਤੀਏ ਤਾਂ ਸਾਈਬਰ ਅਪਰਾਧਾਂ ਦੇ ਖ਼ਤਰਿਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ |
ਸਾਈਬਰ ਅਪਰਾਧਾਂ ਦੀਆਂ ਕਿਸਮਾਂ
ਸਾਈਬਰ ਅਪਰਾਧਾਂ ਨੂੰ ਦੋ ਮੁੱਖ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ | ਪਹਿਲੀ ਸ਼੍ਰੇਣੀ 'ਚ ਉਹ ਅਪਰਾਧ ਸ਼ਾਮਿਲ ਹਨ, ਜਿਨ੍ਹਾਂ ਵਿਚ ਕੰਪਿਊਟਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ | ਦੂਸਰੀ ਕਿਸਮ ਦੇ ਅਪਰਾਧਾਂ ਵਿਚ ਕੰਪਿਊਟਰ ਨੂੰ ਇਕ ਸੰਦ ਵਜੋਂ ਵਰਤ ਕੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ | ਕੰਪਿਊਟਰ ਵਾਇਰਸ ਦਾ ਪਸਾਰਾ ਪਹਿਲੀ ਅਤੇ ਕਿਸੇ ਦੇ ਬੈਂਕ ਖਾਤੇ ਵਿਚੋਂ ਧੋਖੇ ਨਾਲ ਪੈਸੇ ਕਢਵਾਉਣੇ ਦੂਜੀ ਕਿਸਮ ਦੇ ਅਪਰਾਧਾਂ ਦੀਆਂ ਉਦਾਹਰਨਾਂ ਹਨ |
ਅਪਰਾਧ ਕਿਉਂ?
ਲੋਕ ਸਾਈਬਰ ਅਪਰਾਧ ਕਿਉਂ ਕਰਦੇ ਹਨ | ਅਜਿਹੇ ਅਪਰਾਧਾਂ ਪਿੱਛੇ ਕਈ ਕਾਰਨ ਹੋ ਸਕਦੇ ਹਨ | ਫਿਰ ਵੀ ਇਨ੍ਹਾਂ ਨੂੰ ਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ | ਕਈ ਨੌਜਵਾਨ ਆਤਮ ਪ੍ਰਸੰਸਾ ਲਈ ਅਜਿਹੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ | ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮਜਬੂਰੀਵੱਸ ਇਸ ਪਾਸੇ ਤੁਰ ਪੈਂਦੇ ਹਨ | ਕਈ ਲੋਕ ਅਮੀਰ ਹੋਣ ਦੀ ਲਾਲਸਾ ਕਾਰਨ ਅਜਿਹੇ ਸੰਗੀਨ ਗੁਨਾਹ ਕਰਦੇ ਹਨ |
ਅਪਰਾਧੀ ਕੌਣ?
ਅੱਜ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਤੇ ਤਕਨੀਕੀ ਮਾਹਿਰ ਅਜਿਹੇ ਅਪਰਾਧਾਂ ਦੀ ਦਲਦਲ 'ਚ ਫਸ ਚੁੱਕੇ ਹਨ | ਆਮ ਤੌਰ 'ਤੇ ਕੱਚੇ ਜਾਂ ਠੇਕੇ 'ਤੇ ਰੱਖੇ ਮੁਲਾਜ਼ਮ, ਨੌਕਰੀਓਾ ਕੱਢੇ ਨੌਜਵਾਨ, ਕਾਮੁਕ ਭੁੱਖ ਦੀ ਤਿ੍ਪਤੀ ਕਰਨ ਵਾਲੇ ਨੌਜਵਾਨ, ਦੂਜੀ ਰਾਜਨੀਤਕ ਪਾਰਟੀ ਜਾਂ ਨੇਤਾ ਨੂੰ ਨੀਵਾਂ ਦਿਖਾਉਣ ਵਾਲੇ ਰਾਜਨੀਤੀਵਾਨ, ਫਿਰੌਤੀਆਂ 'ਤੇ ਪਲਣ ਵਾਲੇ ਪੇਸ਼ੇਵਰ ਅਪਰਾਧੀ, ਦੂਸਰੇ ਨੂੰ ਫ਼ੇਲ੍ਹ ਕਰਨ ਦੀ ਭਾਵਨਾ ਵਾਲੇ ਵਪਾਰੀ, ਪੁਰਾਣੇ ਮਿੱਤਰ ਅਤੇ ਤਲਾਕਸ਼ੁਦਾ ਪਤੀ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ 'ਚ ਮਦਦ ਕਰਦੇ ਹਨ |

ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ -1 (05-10-2014)


  • ਬੰਦੂਕ ਦੀ ਨੋਕ ਜਾਂ ਤਲਵਾਰ ਦੀ ਧਾਰ 'ਤੇ ਨਹੀਂ, ਸਗੋਂ ਇਕ ਮਾਊਸ ਦੇ ਕਲਿੱਕ ਰਾਹੀਂ ਹੁੰਦੇ ਨੇ ਸਾਈਬਰ ਅਪਰਾਧ |
  • ਸਾਲ 1920 'ਚ ਫਰਾਂਸ 'ਚ ਹੋਇਆ ਸੀ ਪਹਿਲਾ ਸਾਈਬਰ ਅਪਰਾਧ |
  • ਅੰਮਿ੍ਤਸਰ 'ਚ ਵਾਪਰਿਆ ਸੀ ਪੰਜਾਬੀ ਦਾ ਸਭ ਤੋਂ ਪਹਿਲਾ ਸਾਈਬਰ ਅਪਰਾਧ |
  • ਪਾਕਿ ਹੈੱਕਰ ਪ੍ਰਤੀ-ਦਿਨ 60 ਤੋਂ ਵੱਧ ਭਾਰਤੀ ਵੈੱਬਸਾਈਟਾਂ ਨੂੰ ਬਣਾਉਂਦੇ ਨੇ ਨਿਸ਼ਾਨਾ | 
  • ਹਰ ਰੋਜ਼ ਹਜ਼ਾਰਾਂ ਹੈੱਕਰ, ਕਰੈੱਕਰ ਅਤੇ ਹੋਰ ਸ਼ਰਾਰਤੀ ਅਨਸਰ ਵੈੱਬਸਾਈਟਾਂ, ਈ-ਮੇਲ, ਫੇਸਬੁਕ ਅਤੇ ਬੈਂਕ ਖਾਤਿਆਂ ਰੁਪਈਆਂ 'ਚੋਂ ਪੈਸਾ ਕਢਾ ਕੇ ਲਗਾਉਂਦੇ ਨੇ ਅਰਬਾਂ ਨੂੰ ਚੂਨਾ |
  • ਖ਼ੌਫ਼ ਅਤੇ ਜਾਗਰੂਕਤਾ ਦੀ ਘਾਟ ਸਦਕਾ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੀ ਵਰਤੋਂ 'ਤੇ ਲੱਗਾ ਸਵਾਲੀਆ ਨਿਸ਼ਾਨ |
  • ਆਤਮ ਪ੍ਰਸੰਸਾ ਖੱਟਣ, ਬੇਰੁਜ਼ਗਾਰੀ ਅਤੇ ਅਮੀਰ ਹੋਣ ਦੀ ਲਾਲਸਾ ਸਦਕਾ ਵਾਪਰ ਰਹੇ ਨੇ ਸਾਈਬਰ ਅਪਰਾਧ |
  • ਕੱਚੇ ਜਾਂ ਠੇਕੇ 'ਤੇ ਰੱਖੇ ਮੁਲਾਜ਼ਮ, ਨੌਕਰੀਓਾ ਕੱਢੇ ਨੌਜਵਾਨ, ਕਾਮੁਕ ਭੁੱਖ ਦੀ ਤਿ੍ਪਤੀ ਕਰਨ ਵਾਲੇ ਨੌਜਵਾਨ, ਦੂਜੀ ਰਾਜਨੀਤਕ ਪਾਰਟੀ ਜਾਂ ਨੇਤਾ ਨੂੰ ਨੀਵਾਂ ਦਿਖਾਉਣ ਵਾਲੇ ਰਾਜਨੀਤੀਵਾਨ, ਫਿਰੌਤੀਆਂ 'ਤੇ ਪਲਣ ਵਾਲੇ ਪੇਸ਼ੇਵਰ ਅਪਰਾਧੀ, ਦੂਸਰੇ ਨੂੰ ਫ਼ੇਲ੍ਹ ਕਰਨ ਦੀ ਭਾਵਨਾ ਵਾਲੇ ਵਪਾਰੀ, ਪੁਰਾਣੇ ਮਿੱਤਰ ਅਤੇ ਤਲਾਕਸ਼ੁਦਾ ਪਤੀ ਹੁੰਦੇ ਨੇ ਅਜਿਹੇ ਅਪਰਾਧਾਂ ਦੀ ਭੀੜ 'ਚ ਸ਼ਾਮਿਲ |
  • ਭੋਲ਼ੇ-ਭਾਲ਼ੇ, ਲਾਲਚੀ, ਗੈਰ-ਹੁੰਨਰਮੰਦ ਅਤੇ ਬਦਕਿਸਮਤ ਵਿਅਕਤੀ ਹੁੰਦੇ ਨੇ ਅਜਿਹੇ ਅਪਰਾਧਾਂ ਦੇ ਸ਼ਿਕਾਰ |
  • ਅੰਕੜਾ ਤਬਾਹੀ, ਵਿੱਤੀ ਠੱਗੀ, ਨਿੱਜਤਾ 'ਤੇ ਡਾਕਾ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਕਰਨਾ ਪੈਂਦਾ ਏ ਵਰਤੋਂਕਾਰਾਂ ਨੂੰ ਸਾਹਮਣਾ | 
  • ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਪਿਊਟਰੀ ਪ੍ਰੋਗਰਾਮ ਜਾਂ ਸਾਫ਼ਟਵੇਅਰਾਂ ਨੂੰ ਕਿਹਾ ਜਾਂਦਾ ਹੈ ਕੰਪਿਊਟਰ ਵਾਇਰਸ |
  • ਆਪਣੇ ਨਾਂਅ, ਘਰ ਨੰਬਰ, ਫ਼ੋਨ ਨੰਬਰ, ਗੱਡੀ ਨੰਬਰ, ਜਨਮ ਤਾਰੀਖ਼ ਆਦਿ 'ਤੇ ਨਾ ਰੱਖੋ ਪਾਸਵਰਡ | ਇਨ੍ਹਾਂ ਦੇ ਕੁਝ ਚੋਣਵੇਂ ਅੱਖਰਾਂ ਨੂੰ ਇਕੱਠਾ ਕਰਕੇ ਕਿਸੇ ਖ਼ਾਸ ਤਰਕ, ਗੁਪਤ ਭਾਸ਼ਾ ਜਾਂ ਲੜੀ ਦੇ ਰੂਪ ਵਿਚ ਯੋਜਨਾਬੱਧ ਤਰੀਕੇ ਨਾਲ ਰੱਖੋ ਸੁਰੱਖਿਅਤ ਪਾਸਵਰਡ |
  • ਬਿਨਾਂ ਪੜ੍ਹੇ ਹਟਾ ਦਿਓ ਸਪੈਮ, ਠੱਗੀ, ਲਾਟਰੀ ਵਾਲੀਆਂ, ਮਜ਼ਾਕੀਆ ਅਤੇ ਧਮਕੀ ਭਰੀਆਂ ਈ-ਮੇਲ |
  • ਪਾਸਵਰਡ ਹੈੱਕ ਹੋਣ ਦੀ ਸਥਿਤੀ ਨਾਲ ਨਿਪਟਣ ਲਈ ਅਪਣਾਓ 2-ਸਟੈੱਪ ਵੈਰੀਫਿਕੇਸ਼ਨ ਤਕਨੀਕ | 
  • ਅਣਚਾਹੀਆਂ ਵੈੱਬਸਾਈਟਾਂ ਨੂੰ ਬੰਦ ਕਰਨ ਲਈ ਵਰਤੋਂ ਇੰਟਰਨੈੱਟ ਐਕਸਪਲੋਰਰ ਦਾ 'ਕਨਟੈਂਟ ਫਿਲਟਰਿੰਗ' ਵਿਕਲਪ |
  • ਗੈਰ-ਪ੍ਰਵਾਨਿਤ ਵੈੱਬਸਾਈਟਾਂ ਮੁਫ਼ਤ ਕੰਪਿਊਟਰ ਵਾਇਰਸ, ਟੌਰਜਨ ਅਤੇ ਫਰੀਵੇਅਰ ਦੇ ਲਾਲਚ ਰਾਹੀਂ ਫੈਲਾਅ ਰਹੀਆਂ ਨੇ ਦਹਿਸ਼ਤ |


  • ਨੈੱਟ ਬੈਂਕਿੰਗ ਜਾਂ ਆਨਲਾਈਨ ਖ਼ਰੀਦਦਾਰੀ ਲਈ ਸੁਰੱਖਿਅਤ ਵੈੱਬਸਾਈਟ ਦਾ ਪਤਾ ਲਗਾਉਣ ਲਈ ਬ੍ਰਾਊਜ਼ਰ ਦੀ ਐਡਰੈੱਸ ਬਾਰ 'ਤੇ ਵੈੱਬਸਾਈਟ ਦੇ ਪਤੇ ਤੋਂ ਪਹਿਲਾਂ ਹਰੇ ਰੰਗ ਦੀ ਪੱਟੀ ਅਤੇ http ਜਾਂ https ਲਿਖਿਆ ਹੋਣਾ ਜ਼ਰੂਰੀ |
  • ਸਮਾਜਿਕ ਨੈੱਟਵਰਕ ਸਾਈਟਾਂ 'ਤੇ ਕਈ ਵਰਤੋਂਕਾਰ ਕਰ ਰਹੇ ਨੇ ਅਸ਼ਲੀਲ ਟਿੱਪਣੀਆਂ, ਭੜਕਾਊ ਬਿਆਨਬਾਜ਼ੀ, ਗ਼ਲਤ ਫ਼ੋਟੋਆਂ ਅਤੇ ਵੀਡੀਉਜ਼ ਨੂੰ ਅੱਪਲੋਡ, ਜਿਨ੍ਹਾਂ 'ਤੇ ਧਿਆਨ ਰੱਖਣ ਦੀ ਹੈ ਉਚੇਚੀ ਲੋੜ |
  • ਪਾਈਰੇਟਿਡ (ਚੋਰੀ ਦੇ ਜਾਂ ਨਕਲੀ) ਸਾਫਟਵੇਅਰਾਂ ਦੀ ਵਰਤੋਂ ਕਾਰਨ ਸਾਫ਼ਟਵੇਅਰ ਵਿਕਾਸਕਾਰਾਂ ਅਤੇ ਆਈਟੀ ਕੰਪਨੀਆਂ ਨੂੰ ਰੋਜ਼ਾਨਾ ਲੱਗਦਾ ਹੈ ਕਰੋੜਾਂ ਰੁਪਏ ਦਾ ਚੂਨਾ | 
  • ਫ਼ਾਲਤੂ ਈ-ਮੇਲ ਸੰਦੇਸ਼ਾਂ, ਸਮਾਜ ਨੂੰ ਕੁਰਾਹੇ ਪਾਉਣ ਵਾਲੀਆਂ ਵੈੱਬਸਾਈਟਾਂ, ਵਾਇਰਸ ਫੈਲਾਉਣ ਵਾਲੇ ਠਿਕਾਣਿਆਂ, ਸਾਈਬਰ ਠੱਗਾਂ, ਫੇਸਬੁਕ ਅਤੇ ਹੋਰਨਾਂ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਭੜਕਾਊ ਤੇ ਦੂਜਿਆਂ ਨੂੰ ਜ਼ਲੀਲ ਕਰਨ ਵਾਲੀਆਂ ਪੋਸਟਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੁਹਾਲੀ 'ਚ ਬਣੇ ਸਾਈਬਰ ਪੁਲਿਸ ਥਾਣੇ ਦੀ ਲਓ ਮਦਦ | 

ਵਿੰਡੋਜ਼ ਟਿਪਸ (14-09-2014)


ਕੰਪਿਊਟਰ 'ਤੇ ਕੰਮ ਕਰਨ ਦੇ ਅਮਲ ਨੂੰ ਰਿਕਾਰਡ ਕਰੋ 'ਪ੍ਰੌਬਲਮ ਸਟੈੱਪਸ ਰਿਕਾਰਡ' ਰਾਹੀਂ
ਵਿੰਡੋਜ਼ ਵਿਚ ਅਨੇਕਾਂ ਤਕਨੀਕੀ ਮਸਲਿਆਂ ਨੂੰ ਹੱਲ ਕਰਨ ਦੀਆਂ ਬੇਸ਼ੁਮਾਰ ਸਹੂਲਤਾਂ ਸ਼ੁਮਾਰ ਹਨ | ਕਿਸੇ ਨੂੰ ਕੰਪਿਊਟਰ 'ਤੇ ਕੀਤੇ ਜਾਣ ਵਾਲੇ ਕੰਮ ਨੂੰ ਪੜਾਅ-ਦਰ-ਪੜਾਅ ਸਮਝਾਉਣਾ ਹੋਵੇ ਜਾਂ ਫਿਰ ਖ਼ੁਦ ਲਈ ਕੰਮ ਕਰਨ ਦੇ ਅਮਲ ਨੂੰ ਰਿਕਾਰਡ ਕਰਕੇ ਰੱਖਣਾ ਹੋਵੇ ਤਾਂ 'ਪ੍ਰੌਬਲਮ ਸਟੈੱਪਸ ਰਿਕਾਰਡ' ਸਾਡੀ ਮਦਦ ਕਰ ਸਕਦਾ ਹੈ | ਪ੍ਰੌਬਲਮ ਸਟੈੱਪਸ ਰਿਕਾਰਡ' ਵਿੰਡੋਜ਼ ਦੀ ਇੱਕ ਬੇਮਿਸਾਲ ਸਹੂਲਤ ਹੈ | ਇਸ ਰਾਹੀਂ ਅਸੀਂ ਕੀਤੇ ਜਾਣ ਵਾਲੇ ਕੰਮ ਦੇ ਹਰੇਕ ਸਟੈੱਪ ਦਾ ਰਿਕਾਰਡ ਰੱਖ ਸਕਦੇ ਹਾਂ | ਰਿਕਾਰਡ ਕੀਤੇ ਸਟੈੱਪ ਨੂੰ ਇਹ ਪ੍ਰੋਗਰਾਮ ਵੈੱਬ ਫਾਰਮੈਟ ਫਾਈਲ (.mht) ਦੇ ਰੂਪ ਵਿਚ ਸੇਵ ਕਰਦਾ ਹੈ ਜਿਸ ਨੂੰ ਬਾਅਦ ਵਿਚ ਕਿਸੇ ਵੀ ਵਿੰਡੋਜ਼ ਬ੍ਰਾਊਜ਼ਰ ਵਿਚ ਚਲਾਇਆ ਜਾ ਸਕਦਾ ਹੈ | ਮਿਸਾਲ ਵਜੋਂ ਕੋਈ ਦੋਸਤ ਤੁਹਾਡੇ ਤੋਂ ਐਕਸਲ ਵਿਚ ਫ਼ਾਰਮੂਲੇ ਦੀ ਵਰਤੋਂ ਬਾਰੇ ਪੁੱਛ ਰਿਹਾ ਹੈ | ਤੁਸੀਂ ਫ਼ੋਨ, ਈ-ਮੇਲ ਜਾਂ ਚੈਟਿੰਗ ਰਾਹੀਂ ਸਮਝਾਉਣ 'ਚ ਸਫਲ ਨਹੀਂ ਹੋ ਰਹੇ ਤਾਂ ਇਸ ਦਾ ਸਭ ਤੋਂ ਸੌਖਾ ਤੇ ਸਿੱਕੇਬੰਦ ਤਰੀਕਾ ਹੈ 'ਪ੍ਰੌਬਲਮ ਸਟੈੱਪਸ ਰਿਕਾਰਡ' ਦੀ ਵਰਤੋਂ | 
ਇਹ ਪ੍ਰੋਗਰਾਮ ਵਿੰਡੋਜ਼ (7 ਜਾਂ ਇਸ ਤੋਂ ਉੱਪਰਲੇ ਸੰਸਕਰਨਾਂ) ਵਿਚ ਪਹਿਲਾਂ ਤੋਂ ਹੀ ਉਪਲਬਧ ਹੁੰਦਾ ਹੈ | ਇਹ ਪ੍ਰੋਗਰਾਮ ਤੁਹਾਡੇ ਦੁਆਰਾ ਕੀਤੇ ਕੰਮਾਂ ਦਾ ਵੇਰਵਾ ਜਿਵੇਂ ਕਿ ਮਾਊਸ ਕਲਿੱਕ, ਕੀ-ਬੋਰਡ ਦੀ ਵਰਤੋਂ ਆਦਿ ਨੂੰ ਸਕਰੀਨ ਸ਼ੌਰਟ ਸਮੇਤ ਸਾਂਭਦਾ ਜਾਂਦਾ ਹੈ | ਆਓ, ਇਸ ਨੂੰ ਵਰਤਣ ਦੇ ਤਰੀਕੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ:
ਸਭ ਤੋਂ ਪਹਿਲਾਂ ਵਿੰਡੋਜ਼ ਡੈਸਕਟਾਪ ਦੇ ਐਨ ਹੇਠਲੇ ਖੱਬੇ ਕਿਨਾਰੇ 'ਤੇ ਨਜ਼ਰ ਆਉਣ ਵਾਲੇ ਸਟਾਰਟ ਬਟਨ 'ਤੇ ਕਲਿੱਕ ਕਰੋ | ਨਾਲ ਹੀ ਉੱਪਰਲੇ ਪਾਸੇ ਖੁੱਲ੍ਹੇ ਸਰਚ ਬਕਸੇ ਵਿਚ 'PSR' ਟਾਈਪ ਕਰੋ ਤੇ ਐਾਟਰ ਬਟਨ ਦਬਾਓ | ਮੀਨੂੰ ਦੇ ਸਿਖਰ ਤੋਂ ਇਸ (ਪ੍ਰੌਬਲਮ ਸਟੈੱਪਸ ਰਿਕਾਰਡ) ਪ੍ਰੋਗਰਾਮ ਨੂੰ ਚੁਣੋ ਤੇ ਚਾਲੂ ਕਰੋ | ਰਿਕਾਰਡਰ ਇਕ ਛੋਟੀ ਜਿਹੀ ਪੱਟੀ ਵਿਚ ਖੁੱਲ੍ਹੇਗਾ | ਇਸ ਉੱਤੇ ਸਟਾਰਟ ਰਿਕਾਰਡ, ਸਟਾਪ ਰਿਕਾਰਡ ਅਤੇ ਕਾਮੈਂਟਸ ਨਾਂਅ ਦੇ ਤਿੰਨ ਬਟਨ ਨਜ਼ਰ ਆਉਣਗੇ | ਸਟਾਰਟ ਰਿਕਾਰਡ 'ਤੇ ਕਲਿੱਕ ਕਰਕੇ ਕੰਮ ਸ਼ੁਰੂ ਕਰੋ | 
ਲੋੜੀਂਦਾ ਪ੍ਰੋਗਰਾਮ ਜਿਵੇਂ ਕਿ ਐਕਸਲ ਖੋਲ੍ਹੋ | ਸਾਰੇ ਕੰਮਾਂ ਨੂੰ ਪੜਾਅ-ਦਰ-ਪੜਾਅ ਕਰਦੇ ਜਾਵੋ | ਮਿਸਾਲ ਵਜੋਂ ਕੁਝ ਅੰਕੜੇ ਦਾਖਲ ਕਰੋ | ਉਨ੍ਹਾਂ 'ਤੇ ਫ਼ਾਰਮੂਲਾ ਲਗਾਓ 'ਤੇ ਨਤੀਜਾ ਕੱਢ ਕੇ ਦਿਖਾਓ | ਹੁਣ ਸਟਾਪ ਰਿਕਾਰਡ 'ਤੇ ਕਲਿੱਕ ਕਰਕੇ ਇਸ ਨੂੰ ਬੰਦ ਕਰ ਲਓ | ਕੰਮ ਦੌਰਾਨ ਰਿਕਾਰਡ ਨੂੰ ਮਿਨੀਮਾਈਜ਼ ਕਰਕੇ ਵੀ ਰੱਖਿਆ ਜਾ ਸਕਦਾ ਹੈ | ਥੋੜ੍ਹਾ ਇੰਤਜ਼ਾਰ ਕਰਨ ਮਗਰੋਂ ਰਿਕਾਰਡ ਫਾਈਲ ਵਿਚ ਤੁਹਾਡੇ ਵੱਲੋਂ ਕੀਤੇ ਕੰਮਾਂ ਦਾ ਪੂਰਾ ਵੇਰਵਾ ਦਰਜ ਹੋ ਜਾਵੇਗਾ | ਇਸ ਨੂੰ ਐਕਸਟਰੈਕਟ ਕਰਕੇ ਵੈੱਬ ਬ੍ਰਾਊਜ਼ਰ ਵਿਚ ਖੋਲਿ੍ਹਆ ਜਾ ਸਕਦਾ ਹੈ | ਅਸੀਂ ਇਹ ਫਾਈਲ ਆਪਣੇ ਦੋਸਤਾਂ ਨੂੰ ਈ-ਮੇਲ ਅਟੈਚਮੈਂਟ ਰਾਹੀਂ ਭੇਜ ਕੇ ਮਦਦ ਕਰ ਸਕਦੇ ਹਾਂ | 

ਪੰਜਾਬੀ ਯੂਨੀਵਰਸਿਟੀ ਵੱਲੋਂ ਮਾਤ-ਭਾਸ਼ਾ ਦੇ ਸਾਫ਼ਟਵੇਅਰਾਂ ਦੀ ਸੀਡੀ ਜਾਰੀ (24-08-2014)

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਕੰਪਿਊਟਰ ਦੀਆਂ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਕੰਮ ਕਰ ਰਿਹਾ ਹੈ | ਪ੍ਰੋ: ਦੇਵਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਇਹ ਕੇਂਦਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਦੀ ਦੂਰ-ਅੰਦੇਸ਼ੀ ਦਾ ਸਿੱਟਾ ਹੈ | ਕੇਂਦਰ ਦੀ ਵੈੱਬਸਾਈਟ www.punjabicomputer.com ਤੋਂ ਕੇਂਦਰ ਦੀਆਂ ਵਿਭਿੰਨ ਗਤੀਵਿਧੀਆਂ ਅਤੇ ਪੰਜਾਬੀ ਕੰਪਿਊਟਰ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਕੇਂਦਰ ਵੱਲੋਂ ਕੰਪਿਊਟਰ ਜਾਗਰੂਕਤਾ ਪ੍ਰੋਗਰਾਮ, ਸਿਖਲਾਈ ਵਰਕਸ਼ਾਪਾਂ ਅਤੇ ਪੜ੍ਹਨ-ਸਿੱਖਣ ਸਮੱਗਰੀ ਤਿਆਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ |
ਪੰਜਾਬੀ ਵਰਤੋਂਕਾਰਾਂ ਦੀ ਮੰਗ ਤੇ ਵੱਖ-ਵੱਖ ਕੰਪਿਊਟਰ ਮਾਹਿਰਾਂ ਵੱਲੋਂ ਤਿਆਰ ਕੀਤੇ ਪੰਜਾਬੀ ਫੌਾਟਾਂ, ਕੀ-ਬੋਰਡ ਪ੍ਰੋਗਰਾਮਾਂ, ਟਾਈਪਿੰਗ ਪੱਧਤੀਆਂ, ਫੌਾਟ ਪਲਟਾਊ ਪ੍ਰੋਗਰਾਮਾਂ, ਭਾਸ਼ਾਈ ਪ੍ਰੋਗਰਾਮਾਂ ਅਤੇ ਵਿੰਡੋਜ਼ ਭਾਸ਼ਾ ਪੈਕ ਆਦਿ ਸਮੇਤ ਕੁੱਲ 20 ਸਾਫ਼ਟਵੇਅਰਾਂ ਦੀ ਇਕ ਸੀਡੀ ਤਿਆਰ ਕੀਤੀ ਗਈ ਹੈ ਜਿਸ ਨੂੰ ਵੈੱਬਸਾਈਟ ਦੇ 'ਡਾਊਨਲੋਡ' ਨਾਂਅ ਦੇ ਲਿੰਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ |
ਡਾ: ਗੁਰਪ੍ਰੀਤ ਸਿੰਘ ਲਹਿਲ ਅਤੇ ਇੰਜ: ਰਾਕੇਸ਼ ਕੁਮਾਰ ਦੁਆਰਾ ਤਿਆਰ ਕੀਤੇ ਜੀ-ਟਰਾਂਸ ਸਾਫ਼ਟਵੇਅਰ ਨੂੰ ਗੁਰਮੁਖੀ ਤੋਂ ਰੋਮਨ ਲਿਪੀਅੰਤਰਨ ਲਈ ਵਰਤਿਆ ਜਾ ਸਕਦਾ ਹੈ | ਗੂਗਲ ਦੁਆਰਾ ਤਿਆਰ ਕੀਤੇ ਗੂਗਲ ਟਾਈਪਿੰਗ ਟੂਲ (ਆਈਐੱਮਈ) ਰਾਹੀਂ ਰੋਮਨ ਅੱਖਰਾਂ ਰਾਹੀਂ ਯੂਨੀਕੋਡ ਪੰਜਾਬੀ 'ਚ ਲਿਖਿਆ ਜਾ ਸਕਦਾ ਹੈ | ਬਾਬਾ ਬਲਜਿੰਦਰ ਸਿੰਘ (ਰਾੜਾ ਸਾਹਿਬ) ਦੁਆਰਾ ਵਿਕਸਿਤ ਈਸ਼ਰ ਮਾਈਕਰੋਮੀਡੀਆ ਗੁਰਬਾਣੀ ਦਾ ਸ਼ਕਤੀਸ਼ਾਲੀ ਸਰਚ ਇੰਜਣ ਹੈ | ਉਨ੍ਹਾਂ ਵੱਲੋਂ ਤਿਆਰ ਕਰਵਾਏ ਕਿਸ਼ਨ ਮਾਈਕਰੋਮੀਡੀਆ ਵਿਚ ਆਮ ਵਰਤੋਂ ਵਾਲੇ ਕੁਝ ਚੋਣਵੇਂ ਫੌਾਟਾਂ ਨੂੰ ਪਲਟਾਉਣ ਅਤੇ ਗੁਰਮੁਖੀ ਨੂੰ ਸ਼ਾਹਮੁਖੀ 'ਚ ਬਦਲਣ ਦੀ ਸੁਵਿਧਾ ਹੈ | ਸੀਡੀ ਵਿਚ ਡਾ: ਕੁਲਬੀਰ ਸਿੰਘ ਥਿੰਦ ਅਤੇ ਡਾ: ਰਾਜਵਿੰਦਰ ਸਿੰਘ ਦੁਆਰਾ ਵਿਕਸਿਤ ਕੀਤੇ ਵੱਖ-ਵੱਖ ਕੀ-ਬੋਰਡ ਲੇਆਉਟ ਪ੍ਰੋਗਰਾਮ ਸ਼ਾਮਿਲ ਹਨ ਜਿਨ੍ਹਾਂ ਨੂੰ ਵਰਤ ਕੇ ਵੱਖ-ਵੱਖ ਕੀ-ਬੋਰਡ ਪੱਧਤੀਆਂ ਰਾਹੀਂ ਯੂਨੀਕੋਡ ਜਾਂ ਹੋਰਨਾਂ ਫੌਾਟਾਂ 'ਚ ਟਾਈਪ ਕੀਤਾ ਜਾ ਸਕਦਾ ਹੈ |
ਸੀਡੀ 'ਚ ਦਰਜ ਐਨੀਮੇਟਿਡ ਕਹਾਣੀਆਂ, ਗੁਰਮੁਖੀ ਪੈਂਤੀ, ਪੰਜਾਬੀ ਮੁਹਾਰਨੀ, ਕਾਵਿ-ਤੁਕਾਂਤ, ਭਾਸ਼ਾਈ ਟੂਲ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ਗਏ ਹਨ | ਇਸ ਕੇਂਦਰ ਵੱਲੋਂ ਤਿਆਰ ਕੀਤਾ ਪੰਜਾਬੀ ਰੂਪ-ਵਿਗਿਆਨਕ ਵਿਸ਼ਲੇਸ਼ਕ ਅਤੇ ਉਤਪਾਦਕ ਇੱਕ ਵਿਸ਼ੇਸ਼ ਪ੍ਰੋਗਰਾਮ ਹੈ |
ਸੀਡੀ ਵਿਚਲਾ ਵਿੰਡੋਜ਼ ਭਾਸ਼ਾ ਪੈਕ (ਐੱਲਆਈਪੀ) ਮਾਈਕਰੋਸਾਫ਼ਟ ਮਾਈਕਰੋਸਾਫ਼ਟ ਦਾ ਇਕ ਵਿਸ਼ੇਸ਼ ਸਾਫ਼ਟਵੇਅਰ ਹੈ ਜਿਸ ਨਾਲ ਵਿੰਡੋਜ਼ ਦੇ ਪੂਰੇ ਇੰਟਰਫੇਸ ਅਰਥਾਤ ਮੀਨੂ, ਡਰਾਪ-ਡਾਊਨ, ਕਮਾਂਡਾਂ ਆਦਿ ਨੂੰ ਪੰਜਾਬੀ 'ਚ ਬਦਲਿਆ ਜਾ ਸਕਦਾ ਹੈ |
ਯੂਨੀਵਰਸਿਟੀ ਦੇ ਡਾ: ਰਾਜਵਿੰਦਰ ਸਿੰਘ ਅਤੇ ਸ: ਚਰਨਜੀਵ ਸਿੰਘ ਦੁਆਰਾ ਤਿਆਰ ਕੀਤਾ ਪੰਜਾਬੀ ਯੂਨੀਕੋਡ ਫੌਾਟ ਕਨਵਰਟਰ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ | ਇਹ ਪ੍ਰੋਗਰਾਮ ਪੰਜ ਦਰਜਨ ਤੋਂ ਵੱਧ ਫੌਾਟਾਂ ਨੂੰ ਆਪਸ ਵਿਚ ਬੜੀ ਕੁਸ਼ਲਤਾ ਨਾਲ ਪਲਟਾਉਣ ਦੀ ਸਮਰੱਥਾ ਰੱਖਦਾ ਹੈ | ਪੰਜਾਬੀ ਵਰਤੋਂਕਾਰਾਂ ਦੀ ਵੱਖ-ਵੱਖ ਫੌਾਟਾਂ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਸੀਡੀ 'ਚ 250 ਤੋਂ ਵੱਧ ਪੰਜਾਬੀ ਫੌਾਟਾਂ ਨੂੰ ਪਾਇਆ ਗਿਆ ਹੈ | ਇਹ ਫੌਾਟ ਸ. ਜਨਮੇਜਾ ਸਿੰਘ ਜੌਹਲ, ਪਾਲ ਏਲਨ ਗਰੋਸ ਅਤੇ ਹੋਰਨਾਂ ਵੱਲੋਂ ਤਿਆਰ ਕੀਤੇ ਹੋਏ ਹਨ | ਇਸ ਵਿਚ 224 ਪੰਜਾਬੀ (ਗੁਰਮੁਖੀ) ਫੌਾਟਾਂ ਦਾ ਇਕ ਵੱਖਰਾ ਫੋਲਡਰ ਹੈ | ਇਨ੍ਹਾਂ ਵਿਚੋਂ ਕੁਝ ਫੌਾਟ ਖੁਦ ਸ. ਜੌਹਲ ਵੱਲੋਂ ਤਿਆਰ ਕੀਤੇ ਗਏ ਹਨ ਤੇ ਕੁਝ ਉਨ੍ਹਾਂ ਵੱਲੋਂ ਉਚੇਚੇ ਤੌਰ 'ਤੇ ਇਕੱਤਰ ਕੀਤੇ ਗਏ ਹਨ | ਸਾਧਾਰਨ ਫੌਾਟ ਪੈਕ ਨਾਂਅ ਦੇ ਫੋਲਡਰ ਵਿਚ ਪੰਜਾਬੀ ਦੇ ਆਮ ਵਰਤੋਂ ਵਾਲੇ ਅਸੀਸ (ਰਮਿੰਗਟਨ), ਅਨਮੋਲ ਯੂਨੀ ਬਾਣੀ (ਯੂਨੀਕੋਡ), ਅਨਮੋਲ ਲਿਪੀ (ਫੋਨੈਟਿਕ), ਸਤਲੁਜ (ਫੁਟਕਲ ਸ਼੍ਰੇਣੀ), ਸਾਬ (ਯੂਨੀਕੋਡ), ਗੁਰਮੁਖੀ (ਰਮਿੰਗਟਨ), ਜੁਆਏ (ਰਮਿੰਗਟਨ) ਆਦਿ ਫੌਾਟ ਸ਼ਾਮਿਲ ਹਨ | 'ਹੈਂਡ ਰਿਟਨ' ਨਾਂਅ ਦੇ ਫੋਲਡਰ ਵਿਚ ਪਾਲ ਏਲਨ ਗਰੋਸ ਵੱਲੋਂ ਤਿਆਰ ਕੀਤੇ 12 ਹੱਥ ਲਿਖਤ ਫੌਾਟ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਫੌਾਟ ਫੋਨੈਟਿਕ ਕੀ-ਬੋਰਡ ਲੇਆਉਟ 'ਤੇ ਆਧਾਰਿਤ ਹਨ | ਇਨ੍ਹਾਂ ਫੌਾਟਾਂ 'ਚ ਅਧਿਆਪਕ, ਕਾਰਮਿਕ, ਦਵਾਰਕਾ, ਦੁਕਾਨਦਾਰ, ਪਨ-ਟਾਈਪ, ਪੁਰਾਣੀ, ਫ਼ੁਲ, ਬੁਲਾਰਾ, ਮਗ਼ਜ਼, ਮੋਧੇਰਾ, ਰੁਪਏ ਆਦਿ ਪ੍ਰਮੁੱਖ ਹਨ |

ਸਮਾਰਟ ਫ਼ੋਨ ਵਿਚ ਰੋਮਨ ਪੰਜਾਬੀ ਟਾਈਪ ਕਰਨ ਦਾ ਆਸਾਨ ਤਰੀਕਾ (17-10-2014)

ਸਮਾਰਟ ਫ਼ੋਨ ਵਿਚ ਟੱਚ ਪੈਡ ਦੀ ਸੁਵਿਧਾ ਹੁੰਦੀ ਹੈ। ਅਜੋਕੇ ਸਮਾਰਟ ਫੋਨਾਂ ਵਿਚ ਗ਼ਲਤ ਸ਼ਬਦ-ਜੋੜਾਂ ਨੂੰ ਆਪਣੇ-ਆਪ ਠੀਕ ਕਰਨ ਅਤੇ ਰਲਦੇ-ਮਿਲਦੇ ਸ਼ਬਦਾਂ ਨੂੰ ਸੁਝਾਅ ਵਜੋਂ ਦਿਖਾਉਣ ਦੀ ਸ਼ਕਤੀਸ਼ਾਲੀ ਸੁਵਿਧਾ ਹੁੰਦੀ ਹੈ। ਇਹ ਸੁਵਿਧਾ ਉਨ੍ਹਾਂ ਵਰਤੋਂਕਾਰਾਂ ਲਈ ਸਰਾਪ ਸਿੱਧ ਹੁੰਦੀ ਹੈ ਜੋ ਆਪਣਾ ਸੰਦੇਸ਼ ਰੋਮਨ ਪੰਜਾਬੀ ਵਿਚ ਲਿਖਣਾ ਪਸੰਦ ਕਰਦੇ ਹਨ। ਧਿਆਨ ਰਹੇ ਕਿ ਸਾਡਾ ਮੋਬਾਈਲ ਰੋਮਨ ਪੰਜਾਬੀ ਵਿਚ ਲਿਖੇ ਸ਼ਬਦਾਂ ਨੂੰ ਅੰਗਰੇਜ਼ੀ ਵਜੋਂ ਲੈਂਦਾ/ਪੜ੍ਹਦਾ ਹੈ, ਉਸ ਦੇ ਆਧਾਰ 'ਤੇ ਸ਼ਬਦ ਸੁਝਾਉਂਦਾ ਹੈ ਤੇ ਗ਼ਲਤ ਸ਼ਬਦ-ਜੋੜਾਂ ਨੂੰ ਆਪਣੇ ਆਪ ਠੀਕ ਕਰਨ ਦੀ ਵਿਵਸਥਾ ਕਰਦਾ ਹੈ। ਮਿਸਾਲ ਵਜੋਂ ਜਦੋਂ ਅਸੀਂ ਰੋਮਨ ਵਿਚ haal ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਮੋਬਾਈਲ ਦੀ ਇਹ ਵਿਸ਼ੇਸ਼ਤਾ ਇਸ ਨੂੰ haul ਵਿਚ ਬਦਲ ਦੇਵੇਗੀ। ਇਸੇ ਤਰਾਂ ਸ਼ਬਦ aap ਲਿਖਣ ਉਪਰੰਤ ਆਉਟਪੁਟ SAP ਆਉਣ ਦੀ ਸੰਭਾਵਨਾ ਰਹਿੰਦੀ ਹੈ। ਹੇਠਾਂ ਨਜ਼ਰ ਆਉਣ ਵਾਲੇ ਸੁਝਾਅ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਹੁੰਦੇ ਹਨ ਜਿਸ ਕਾਰਨ ਰੋਮਨ ਪੰਜਾਬੀ ਲਿਖਣ ਵਾਲੇ ਵਰਤੋਂਕਾਰ ਨੂੰ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ।
          ਸਾਡੇ ਸਮਾਰਟ ਫ਼ੋਨ ਵਿਚ ਸ਼ੁੱਧ ਰੋਮਨ ਪੰਜਾਬੀ ਲਿਖਣ ਸਮੇਂ ਪੇਸ਼ ਆਉਂਦੀ ਸਮੱਸਿਆ ਦੇ ਹੱਲ ਦੀ ਮਹੱਤਵਪੂਰਨ ਆਪਸ਼ਨ ਉਪਲਬਧ ਹੁੰਦੀ ਹੈ। ਜਾਣਕਾਰੀ ਦੀ ਘਾਟ ਕਾਰਨ ਜ਼ਿਆਦਾਤਰ ਵਰਤੋਂਕਾਰ ਟਾਈਪਿੰਗ ਦੀ ਅਕਾਊ ਪ੍ਰਕਿਰਿਆ ਦੇ ਚੱਕਰ ਵੀਊ ਵਿਚ ਫਸੇ ਰਹਿੰਦੇ ਹਨ। ਇੱਥੇ ਇਸ ਸਮੱਸਿਆ ਦੇ ਹੱਲ ਦਾ ਸਿੱਕੇਬੰਦ ਤਰੀਕਾ ਦੱਸਿਆ ਜਾ ਰਿਹਾ ਹੈ।
  • ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ "ਸੈਟਿੰਗਜ਼" ਖੋਲ੍ਹੋ।
  • ਇੱਥੋਂ "ਲੈਂਗੂਏਜ ਐਂਡ ਇਨਪੁਟ" ਜਾਂ "ਇਨਪੁਟ" 'ਤੇ ਜਾਓ।
  • ਇੱਥੇ "ਡਿਫਾਲਟ" ਦੇ ਹੇਠਾਂ "ਔਂਡਰਾਇਡ ਕੀ-ਬੋਰਡ (AOSP)" ਨਜ਼ਰ ਆਵੇਗਾ। ਇਸ ਦੇ ਸੱਜੇ ਹੱਥ ਵਾਲੇ ਸੈਟਿੰਗ ਵਾਲੇ ਚਿੰਨ੍ਹ 'ਤੇ ਟੱਚ ਕਰੋ।
  • "ਆਟੋ ਕੈਪੀਟਲਾਈਜੇਸ਼ਨ" ਦੇ ਸਾਹਮਣੇ ਵਾਲੇ ਚੈੱਕ ਬਕਸੇ 'ਤੇ ਟੱਚ ਕਰਕੇ ਖ਼ਾਲੀ ਕਰੋ।
  • ਹੇਠਾਂ "ਆਟੋ ਕੋਰੈਕਸ਼ਨ" ਵਾਲੇ ਹਿੱਸੇ 'ਤੇ ਟੱਚ ਕਰੋ।
  • ਹੁਣ ਇੱਕ ਨਵੀਂ ਸਕਰੀਨ ਨਜ਼ਰ ਆਵੇਗੀ। ਇੱਥੋਂ "ਆਫ਼" ਉੱਤੇ ਟੱਚ ਕਰੋ।
  • ਹੁਣ ਇਸ ਦੇ ਹੇਠਾਂ "ਸ਼ੋਅ ਕੋਰੈਕਸ਼ਨ ਸੁਜੈਸ਼ਨਜ਼" ਨੂੰ ਖੋਲ੍ਹੋ।
  • "ਆਲਵੇਜ਼ ਹਾਈਡ" 'ਤੇ ਟੱਚ ਕਰੋ।
  • ਮੋਬਾਈਲ ਦੇ "ਬੈਕ" ਬਟਨ ਦੀ ਮਦਦ ਨਾਲ ਬਾਹਰ ਆ ਜਾਵੋ।

            ਐੱਸਐੱਮਐੱਸ ਜਾਂ ਵਟਸ ਐਪ ਨੂੰ ਖੋਲ੍ਹ ਕੇ ਜਾਂਚ ਕਰੋ। ਤੁਸੀਂ ਦੇਖੋਗੇ ਕਿ ਆਪਣੇ-ਆਪ ਵੱਡੇ ਅੱਖਰ ਪੈਣ, ਸ਼ਬਦ-ਜੋੜ ਬਦਲ ਜਾਣ ਅਤੇ ਸ਼ਬਦ ਸੁਝਾਅ ਸੂਚੀ ਦਿਖਾਈ ਦੇਣ ਦੀ ਸਮੱਸਿਆ ਹੱਲ ਹੋ ਗਈ ਹੈ।

ਮੋਬਾਈਲ ਫ਼ੌਨਾਂ 'ਤੇ ਟਾਈਪ ਕਰਨ ਦਾ ਮਸਲਾ (10-10-2014)

ਮੋਬਾਈਲ 'ਤੇ ਇਨਪੁਟ ਦੇਣ ਲਈ ਭੌਤਿਕ ਕੀ-ਬੋਰਡ ਅਤੇ ਆਨ-ਸਕਰੀਨ ਕੀ-ਬੋਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। 12 ਬਟਨਾਂ ਵਾਲਾ ਕੀ-ਬੋਰਡ (ਬਟਨ ਪੈਡ) ਅਤੇ ਕਵੇਰਟੀ (WERTY) ਕੀ-ਬੋਰਡ ਪ੍ਰਚਲਿਤ ਭੌਤਿਕ ਕੀ-ਬੋਰਡ ਹਨ। 12 ਬਟਨਾਂ ਵਾਲੀ (ਟੀ-9) ਕੀਪੈਡ ਵਿਚ ਸਿਫ਼ਰ (0) ਤੋਂ ਨੌਂ (9) ਤੱਕ ਅਤੇ ਦੋ ਵਾਧੂ (ਸਟਾਰ ਅਤੇ ਹੈਸ਼) ਬਟਨ ਹੁੰਦੇ ਹਨ।
          ਕਵੇਰਟੀ (ਮਿੰਨੀ ਕਵੇਰਟੀ) ਕੀ-ਬੋਰਡ ਵੱਡੇ ਆਕਾਰ ਵਾਲੇ ਮੋਬਾਈਲ ਫੋਨਾਂ ਵਿਚ ਉਪਲਬਧ ਹੁੰਦਾ ਹੈ। ਇਸ ਵਿਚ ਬਟਨਾਂ ਦੀ ਗਿਣਤੀ ਵੱਧ ਹੋਣ ਕਾਰਨ ਟੀ-9 ਦੇ ਮੁਕਾਬਲੇ ਤੇਜ਼ ਗਤੀ ਨਾਲ ਲਿਖਿਆ ਜਾ ਸਕਦਾ ਹੈ। ਦੂਸਰੀ ਕਿਸਮ ਦਾ ਆਨ-ਸਕਰੀਨ ਜਾਂ ਵਰਚੂਅਲ ਕੀ-ਬੋਰਡ ਮੋਬਾਈਲ ਦੀ ਸਕਰੀਨ ਉੱਤੇ ਨਜ਼ਰ ਆਉਂਦਾ ਹੈ। ਜਿਸ ਨੂੰ ਉਂਗਲ ਦੀ ਛੋਹ ਜਾਂ ਸਟਾਈਲਸ ਰਾਹੀਂ ਟਾਈਪ ਕੀਤਾ ਜਾਂਦਾ ਹੈ।
ਮਲਟੀ ਅਤੇ ਲੈੱਸ ਟੈਪ ਵਿਧੀ
          ਮੋਬਾਈਲ ਫੋਨਾਂ ਉੱਤੇ ਕਈ ਪ੍ਰਕਾਰ ਦੀਆਂ ਟਾਈਪਿੰਗ ਵਿਧੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿਧੀਆਂ ਵਿਚੋਂ ਸਭ ਤੋਂ ਪਹਿਲੀ ਵਿਧੀ ਹੈ- ਇੱਕ ਤੋਂ ਵੱਧ ਬਟਨਾਂ ਵਾਲੀ ਵਿਧੀ। ਇਸ ਨੂੰ ਅੱਗੇ 4 ਭਾਗਾਂ ਵਿਚ ਵੰਡਿਆਂ ਜਾਂਦਾ ਹੈ। ਇਹ ਹਨ- ਮਲਟੀ-ਟੈਪ, ਲੈੱਸ-ਟੈਪ ਅਤੇ 2-ਟੈਪ ਵਿਧੀ। ਮਲਟੀ-ਟੈਪ ਵਿਚ ਕੋਈ ਅੱਖਰ ਪਾਉਣ ਲਈ ਬਟਨ ਨੂੰ ਇੱਕ ਤੋਂ ਵੱਧ ਵਾਰ ਦਬਾਉਣ ਦੀ ਜ਼ਰੂਰਤ ਪੈਂਦੀ ਹੈ। ਭਾਵੇਂ ਇਸ ਵਿਧੀ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਪਰ ਇਹ ਬਹੁਤ ਧੀਮੀ ਵਿਧੀ ਹੈ।
ਆਈ-ਟੈਪ
12 ਬਟਨਾਂ ਵਾਲੀ ਵਿਧੀ
(ਮਿੰਨੀ) ਕਵੇਰਟੀ ਕੀ-ਬੋਰਡ
ਰੋਲ ਪੈਡ
ਟਿਲਟ ਟੈਕਸਟ
2-ਕੀਅ ਵਿਧੀ
ਆਨ-ਸਕਰੀਨ
          ਮਲਟੀ-ਟੈਪ (ਮਲਟੀ-ਪ੍ਰੈੱਸ) ਵਿਚ ਟਾਈਮ ਆਉਟ (timeout) ਦੀ ਸਮੱਸਿਆ ਵੀ ਪੇਸ਼ ਆਉਂਦੀ ਹੈ। ਇਸ ਵਿਧੀ ਵਿਚ ਇਕੋ ਬਟਨ ਤੋਂ ਦੂਸਰੇ ਨੰਬਰ ਵਾਲਾ ਅੱਖਰ ਪਾਉਣ ਲਈ, ਬਟਨ ਨੂੰ ਟਾਈਮ ਆਉਟ (1 ਸੈਕਿੰਟ) ਸਮਾਂ ਸਮਾਪਤ ਹੋਣ ਤੋਂ ਪਹਿਲਾਂ ਦੱਬਣਾ ਪੈਂਦਾ ਹੈ। ਇਸੇ ਤਰ੍ਹਾਂ ਕਿਸੇ ਹੋਰ ਬਟਨ 'ਤੇ ਪੈਣ ਵਾਲੇ ਅੱਖਰ ਨੂੰ ਟਾਈਪ ਕਰਨ ਲਈ ਵਰਤੋਂਕਾਰ ਪਹਿਲੇ ਬਟਨ ਦੇ ਟਾਈਮ ਸਮਾਪਤ ਹੋਣ ਦਾ ਇੰਤਜ਼ਾਰ ਕਰਦਾ ਹੈ ਜਿਸ ਕਾਰਨ ਰਫ਼ਤਾਰ ਹੋਰ ਵੀ ਘੱਟ ਜਾਂਦੀ ਹੈ।
          ਲੈੱਸ-ਟੈਪ ਵਿਧੀ ਵਿਚ ਬਟਨ ਪੈਡ ਦੇ ਬਟਨਾਂ ਉੱਤੇ ਅੱਖਰਾਂ ਨੂੰ ਕ੍ਰਮਵਾਰ ਰੱਖਣ ਦੀ ਬਜਾਏ ਵੱਧ ਵਰਤੋਂ ਦੇ ਆਧਾਰ ਉੱਤੇ ਰੱਖਿਆ ਜਾਂਦਾ ਹੈ। 2-ਟੈਪ ਵਿਧੀ ਵਿਚ ਕੋਈ ਅੱਖਰ ਪਾਉਣ ਲਈ ਸਿਰਫ਼ 2 ਬਟਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੋਨ੍ਹੇਂ ਵਿਧੀਆਂ ਮਲਟੀ-ਟੈਪ ਨਾਲੋਂ ਤੇਜ਼ ਤੇ ਸੁਵਿਧਾਜਨਕ ਮੰਨੀਆਂ ਗਈਆਂ ਹਨ।
          ਆਧੁਨਿਕ ਖੋਜਾਂ ਰਾਹੀਂ ਮੋਬਾਈਲ 'ਤੇ ਇਨਪੁਟ ਲਈ ਮਹੱਤਵਪੂਰਨ ਤਰਕੀਬਾਂ ਵਿਕਸਿਤ ਕੀਤੀਆਂ ਗਈਆਂ ਹਨ। ਟੀ-9, ਆਈ-ਟੈਪ, ਇਜ਼ੀ ਟੈਕਸਟ, ਪ੍ਰਡਿਕਟਿਵ ਵਿਧੀ, ਟਿਲਟ ਪੈਡ ਅਤੇ ਰੋਲ ਪੈਡ ਅਜਿਹੀਆਂ ਹੀ ਮਹੱਤਵਪੂਰਨ ਵਿਧੀਆਂ ਹਨ।
          ਟੇਜਿਕ ਕਮਿਊਨੀਕੇਸ਼ਨ ਦੁਆਰਾ ਵਿਕਸਿਤ ਕੀਤੀ ਟੀ-9 ਤਕਨੀਕ ਅੰਗਰੇਜ਼ੀ ਅਤੇ ਰੋਮਨ ਲਿਪੀ ਆਧਾਰਿਤ ਭਾਸ਼ਾਵਾਂ ਲਈ ਵਰਦਾਨ ਸਿੱਧ ਹੋਈ ਹੈ। ਇਸ ਪ੍ਰਣਾਲੀ ਵਿਚ ਵਰਤੋਂਕਾਰ ਬਟਨ-ਪੈਡ 'ਤੇ ਬਟਨ ਦੱਬਦਾ ਹੈ ਤੇ ਸਿਸਟਮ ਇਹਨਾਂ ਅੱਖਰਾਂ ਤੋਂ ਬਣਨ ਵਾਲੇ ਢੁਕਵੇਂ ਅਤੇ ਪ੍ਰਚਲਿਤ ਸ਼ਬਦਾਂ ਦੀ ਸਿਰਜਣਾ ਕਰਦਾ ਹੈ। ਇਸ ਵਿਧੀ ਵਿਚ ਕਈ ਵਾਰ ਸਹੀ ਨਤੀਜੇ ਨਹੀਂ ਮਿਲਦੇ। ਮਿਸਾਲ ਵਜੋਂ and ਪਾਉਣ ਲਈ ਬਟਨ 2,6 ਅਤੇ 3 ਨੂੰ ਦਬਾਇਆ ਜਾਵੇ ਤਾਂ ਸ਼ਬਦ cod ਦੀ (ਗਲਤ) ਚੋਣ ਵੀ ਹੋ ਸਕਦੀ ਹੈ।
          ਇਜ਼ੀ-ਟੈਕਸਟ ਅਤੇ ਇਜ਼ੀ-ਟੈਪ ਮੋਬਾਈਲ ਇਨਪੁਟ ਦੀਆਂ ਲਾਹੇਵੰਦ ਵਿਧੀਆਂ ਹਨ। ਇਨ੍ਹਾਂ ਵਿਧੀਆਂ ਦਾ ਵਿਕਾਸ ਜ਼ੀ-ਕਾਰਪ (Zicorp) ਨਾਂ ਦੀ ਕੰਪਨੀ ਨੇ ਕੀਤਾ ਸੀ। ਇਸ ਵਿਚ ਸ਼ਬਦ ਆਟੋ-ਕੰਪਲੀਟ ਦੀ ਸੁਵਿਧਾ ਸ਼ੁਮਾਰ ਹੁੰਦੀ ਹੈ।
          ਪ੍ਰਡਿਕਟਿਵ ਵਿਧੀ ਟਾਈਪ ਕਰਨ ਦੀ ਤੇਜ਼-ਤਰਾਰ ਵਿਧੀ ਹੈ। ਇਸ ਵਿਧੀ ਵਿਚ ਪ੍ਰੋਗਰਾਮ ਨੂੰ ਇੱਕ ਵੱਡੇ ਸ਼ਬਦ ਸੰਗ੍ਰਹਿ (ਕਾਰਪਸ) ਨਾਲ ਜੋੜਿਆ ਜਾਂਦਾ ਹੈ। ਵਰਤੋਂਕਾਰ ਸਿਰਫ਼ ਪਾਏ ਜਾਣ ਵਾਲੇ ਸ਼ਬਦ ਦਾ ਪਹਿਲਾ/ਪਹਿਲੇ ਕੁੱਝ ਅੱਖਰ ਟਾਈਪ ਕਰਦਾ ਹੈ ਤਾਂ ਉਸ ਸ਼ਬਦ ਨਾਲ ਸ਼ੁਰੂ ਹੋਣ ਵਾਲੇ ਅਤੇ/ਜਾਂ ਵੱਧ ਵਰਤੋਂ ਵਾਲੇ ਸ਼ਬਦ ਦਿਖਾ ਦਿੱਤੇ ਜਾਂਦੇ ਹਨ। ਵਰਤੋਂਕਾਰ ਸੁਝਾਅ ਵਜੋਂ ਦਰਸਾਏ ਇਨ੍ਹਾਂ ਸ਼ਬਦਾਂ ਵਿਚੋਂ ਢੁਕਵੇਂ ਸ਼ਬਦ ਦੀ ਚੋਣ ਕਰ ਲੈਂਦਾ ਹੈ।

          ਟਿਲਟ ਟੈਕਸਟ ਵਿਧੀ ਵਿਚ ਬਟਨ ਦੇ ਸੱਜੇ ਪਾਸੇ ਵਾਲਾ ਅੱਖਰ ਪਾਉਣ ਲਈ ਉਂਗਲ ਦੀ ਛੋਹ ਉਪਰੰਤ ਮੋਬਾਈਲ ਨੂੰ ਥੋੜ੍ਹਾ ਜਿਹਾ ਸੱਜੇ ਪਾਸੇ ਟੇਢਾ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਖੱਬੇ ਹੱਥ ਵਾਲਾ ਅੱਖਰ ਪਾਉਣ ਲਈ ਖੱਬੇ ਪਾਸੇ ਟੇਢਾ ਕੀਤਾ ਜਾਂਦਾ ਹੈ। ਰੋਲ ਪੈਡ ਵਿਚ ਬਟਨ ਦੇ ਸੱਜੇ ਜਾਂ ਖੱਬੇ ਹੱਥ ਵਾਲਾ ਅੱਖਰ ਪਾਉਣ ਲਈ ਟੱਚ ਕਰਨ ਉਪਰੰਤ ਬਟਨ ਨੂੰ ਕ੍ਰਮਵਾਰ ਸੱਜੇ ਜਾਂ ਖੱਬੇ ਹੱਥ ਰੋਲ ਕੀਤਾ (ਘੁਮਾਇਆ) ਲਿਆ ਜਾਂਦਾ ਹੈ।

ਔਂਡਰਾਇਡ ਕੀ-ਬੋਰਡਾਂ ਦੀ ਦੁਨੀਆ (03-10-2014)

ਦੋਸਤੋ, ਔਂਡਰਾਇਡ ਫੋਨਾਂ 'ਤੇ ਪੰਜਾਬੀ 'ਚ ਕੰਮ ਕਰਨ ਲਈ ਅੱਧੀ ਦਰਜਨ ਦੇ ਕਰੀਬ ਕੀ-ਬੋਰਡ ਵਿਕਸਿਤ ਹੋ ਚੁੱਕੇ ਹਨ। ਅੱਜ ਅਸੀਂ ਇਨ੍ਹਾਂ ਵਿਚੋਂ ਕੁੱਝ ਕੀ-ਬੋਰਡਾਂ ਬਾਰੇ ਜਾਣਾਂਗੇ। ਇਨ੍ਹਾਂ ਨੂੰ ਗੂਗਲ ਦੇ ਐਪ ਸਟੋਰ ਤੋਂ ਮੁਫ਼ਤ ਡਾਊਨਲੋਡ ਕਰਕੇ ਵਰਤਿਆ ਜਾ ਸਕਦਾ ਹੈ।
ਮਲਟੀਲਿੰਗ ਕੀ-ਬੋਰਡ

ਮਲਟੀਲਿੰਗ ਕੀ-ਬੋਰਡ ਕਈ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਵਿਚ ਕੰਮ ਕਰਨ ਵਾਲਾ ਸ਼ਕਤੀਸ਼ਾਲੀ ਪ੍ਰੋਗਰਾਮ ਹੈ। ਇਸ ਦਾ ਲੇਆਉਟ ਕਵੇਰਟੀ ਆਧਾਰਿਤ ਹੈ। ਇਹ ਔਂਡਰਾਇਡ 4.2 (ਜੈਲੀ ਬੀਨ) 'ਤੇ ਭਰਵੀਂ ਸਪੋਰਟ ਦਿੰਦਾ ਹੈ। ਇਸ ਵਿਚ ਦਵੋਰਕ, ਅਜੇਰਟੀ ਆਦਿ ਸਮੇਤ ਕਈ ਕੀ-ਬੋਰਡ ਲੇਆਉਟਾਂ ਦੀ ਸਹੂਲਤ ਹੈ। ਵਰਤੋਂਕਾਰ ਆਪਣੀ ਸਹੂਲਤ ਅਨੁਸਾਰ ਮਲਟੀ-ਟੱਚ ਜਾਂ ਲੌਂਗ-ਟੱਚ ਦੀ ਸਹੂਲਤ ਮਾਣ ਸਕਦਾ ਹੈ। ਇਸ ਵਿਚ ਭਾਸ਼ਾ, ਕੀ-ਬੋਰਡ ਦੀ ਦਿੱਖ, ਕੀ-ਬੋਰਡ ਲੇਆਉਟ, ਟੱਚ ਤਕਨੀਕਾਂ ਆਦਿ ਬਦਲਣ ਦੇ ਕਈ ਮਹੱਤਵਪੂਰਨ ਵਿਕਲਪ ਉਪਲਬਧ ਹਨ।
ਗੁਰਮੁਖੀ ਕੀ-ਬੋਰਡ
ਸੁਰਿੰਦਰ ਬਿੰਦਰਾ ਨਾਂਦੇ ਖੋਜਕਾਰ ਨੇ ਔਂਡਰਾਇਡ ਦੇ ਸੰਸਕਰਨ 4.0 ਲਈ 'ਗੁਰਮੁਖੀ ਕੀ-ਬੋਰਡ' ਤਿਆਰ ਕੀਤਾ ਹੈ। ਇਹ ਕੀ-ਬੋਰਡ ਫੋਨੈਟਿਕ ਲੇਆਉਟ 'ਤੇ ਆਧਾਰਿਤ ਹੈ। ਇਸ ਵਿਚ ਕੰਪਿਊਟਰੀ ਕੀ-ਬੋਰਡ ਵਾਂਗ ਅੱਧੇ ਅੱਖਰ ਸ਼ਿਫ਼ਟ ਬਟਨ ਦੱਬਣ ਉਪਰੰਤ ਪੈਂਦੇ ਹਨ। ਵਿਸ਼ੇਸ਼ ਚਿੰਨ੍ਹ ਅਤੇ ਕੁੱਝ ਪੈਰ ਬਿੰਦੀ ਵਾਲੇ ਅੱਖਰ ਇੱਕ ਵੱਖਰੇ ਬਟਨ (?123) ਨੂੰ ਦੱਬਣ ਉਪਰੰਤ ਨਜ਼ਰ ਆਉਂਦੇ ਹਨ। ਕੀ-ਬੋਰਡ 'ਚ ਡਿਕਸ਼ਨਰੀ ਦੀ ਸੁਵਿਧਾ ਵੀ ਹੈ ਪਰ ਸਰਚ ਸ਼ਕਤੀਸ਼ਾਲੀ ਨਾ ਹੋਣ ਕਾਰਨ ਵਰਤੋਂਕਾਰ ਨੂੰ ਇਸ ਦਾ ਬਹੁਤਾ ਲਾਭ ਨਹੀਂ ਹੋ ਰਿਹਾ।
ਪਣਨੀ ਕੀ-ਬੋਰਡ

ਪਣਨੀ (Panini) ਕੀ-ਬੋਰਡ ਲੂਨਾ ਪ੍ਰਾ. ਲਿ. ਨੇ ਤਿਆਰ ਕੀਤਾ ਹੈ। ਇਹ ਕੀ-ਬੋਰਡ ਪੰਜਾਬੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਲਈ ਬਣਾਇਆ ਗਿਆ ਹੈ। ਇਸ ਮਲਟੀ-ਸਕਰੀਨ ਕੀ-ਬੋਰਡ 'ਤੇ ਮਲਟੀ-ਟੈਪ ਵਿਧੀ ਰਾਹੀਂ ਪੰਜਾਬੀ (ਗੁਰਮੁਖੀ) ਦੇ ਅੱਖਰ ਲਿਖੇ ਜਾਂਦੇ ਹਨ। ਇਸ ਵਿਚ ਡਿਕਸ਼ਨਰੀ ਅਤੇ ਪ੍ਰਡਿਕਟਿਵ ਸੂਚੀ ਦੀ ਸੁਵਿਧਾ ਵੀ ਉਪਲਬਧ ਹੈ। ਇਸ ਵਿਚ ਪੰਜਾਬੀ ਅੱਖਰਾਂ ਨੂੰ 12 ਅੱਖਰਾਂ ਵਾਲੀ ਪੈਡ 'ਤੇ ਦਿਖਾਇਆ ਗਿਆ ਹੈ। Next ਅਤੇ Prev ਬਟਨਾਂ ਦੀ ਮਦਦ ਨਾਲ ਬਾਕੀ ਅੱਖਰਾਂ ਨੂੰ ਲੱਭ ਕੇ ਪਾਇਆ ਜਾ ਸਕਦਾ ਹੈ। ਅੰਗਰੇਜ਼ੀ ਲਈ ਇਸ ਵਿਚ ਕਵੇਰਟੀ ਕੀ-ਬੋਰਡ ਦੀ ਸਹੂਲਤ ਵੀ ਉਪਲਬਧ ਹੈ।
ਲਿਪੀਕਾਰ ਪੰਜਾਬੀ ਟਾਈਪਿੰਗ

ਲਿਪੀਕਾਰ ਕੀ-ਬੋਰਡ 'ਚ ਕਵੇਰਟੀ ਦੁਭਾਸ਼ੀ ਕੀ-ਬੋਰਡ ਵਰਤਿਆ ਗਿਆ ਹੈ। PA ਨਾਂ ਦੇ ਬਟਨ ਨੂੰ ਦੱਬਣ ਉਪਰੰਤ ਪੰਜਾਬੀ ਲਿਖੀ ਜਾਂਦੀ ਹੈ। ਇਹ ਮਲਟੀ ਟੈਪ ਵਿਧੀ 'ਤੇ ਆਧਾਰਿਤ ਹੈ। ਸ ਪਾਉਣ ਲਈ S ਬਟਨ ਨੂੰ ਇੱਕ ਵਾਰ ਅਤੇ ਸ਼ ਪਾਉਣ ਲਈ S ਬਟਨ ਨੂੰ 2 ਵਾਰ ਦਬਾਇਆ ਜਾਂਦਾ ਹੈ। ਪੈਰ ਰਾਰਾ ਪਾਉਣ ਲਈ X ਬਟਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿਸਾਲ ਵਜੋਂ 'ਕ੍ਰਿਸ਼ਨਾ' ਪਾਉਣ ਲਈ kxrissna ਟਾਈਪ ਕਰਨ ਦੀ ਜ਼ਰੂਰਤ ਪੈਂਦੀ ਹੈ।
ਪਰਾਈਡ ਪੰਜਾਬੀ ਐਡੀਟਰ


ਪਰਾਈਡ (Pride) ਕਵੇਰਟੀ ਲੇਆਉਟ ਆਧਾਰਿਤ ਮਲਟੀ-ਟੈਪ ਰੋਮਨ ਕੀ-ਬੋਰਡ ਹੈ। ਇਹ ਇੱਕ ਸੁਤੰਤਰ ਐਪ ਦੇ ਰੂਪ ਵਿਚ ਉਪਲਬਧ ਹੈ। ਇਹ ਪੂਰੀ ਤਰ੍ਹਾਂ ਰੋਮਨ ਲਿਪੀਅੰਤਰਨ ਤਕਨੀਕ 'ਤੇ ਆਧਾਰਿਤ ਹੈ ਪਰ ਸਹੀ ਸ਼ਬਦ-ਜੋੜ ਪਾਉਣ ਸਮੇਂ ਸਮੱਸਿਆ ਪੇਸ਼ ਆਉਂਦੀ ਹੈ। 

ਸਮਾਰਟ ਫ਼ੋਨ ਦੀ ਵਰਤੋਂ ਸਮੇਂ ਸਾਵਧਾਨੀਆਂ (26-09-2014)

ਸਮਾਰਟ ਫ਼ੋਨ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਕਈ ਵਾਰ ਲੋਕ ਆਪਣਾ ਫ਼ੋਨ ਬੱਚਿਆਂ ਨੂੰ ਫੜਾ ਦਿੰਦੇ ਹਨ। ਬੱਚੇ ਉਸ ਦੀ ਦੁਰਵਰਤੋਂ ਕਰਦੇ ਹਨ। ਇਸ ਨਾਲ ਫ਼ੋਨ ਦੀ ਸੈਟਿੰਗ ਵਿਚ ਵਿਗਾੜ, ਬਕਾਏ ਵਿਚ ਕਟੌਤੀ, ਸਕਰੀਨ 'ਤੇ ਝਰੀਟਾਂ ਪੈਣੀਆਂ ਜਾਂ ਟੁੱਟ ਜਾਣੀ ਆਦਿ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨੂੰ ਵਰਤਣ ਸਮੇਂ ਹੇਠਾਂ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:

  • ਸਕਰੀਨ 'ਤੇ ਹਮੇਸ਼ਾ ਲੌਕ ਲਗਾ ਕੇ ਰੱਖੋ। ਜੇਕਰ ਘਰ ਵਿਚ ਛੋਟੇ ਬੱਚੇ ਹੋਣ ਤਾਂ ਪੈਟਰਨ ਲੌਕ ਦੀ ਵਰਤੋਂ ਨਾ ਕਰੋ। ਪਾਸਵਰਡ ਜਾਂ ਪਿੰਨ ਦੀ ਵਰਤੋਂ ਕਰੋ।
  • ਵਾਰ-ਵਾਰ ਗ਼ਲਤ ਪੈਟਰਨ ਵਰਤ ਕੇ ਲੌਕ ਖੋਲ੍ਹਣ ਦੀ ਕੋਸ਼ਿਸ਼ ਕਰਨ ਨਾਲ ਫ਼ੋਨ ਬਲੌਕ ਹੋ ਸਕਦਾ ਹੈ। ਇਸ ਨੂੰ ਖੋਲ੍ਹਣ ਲਈ ਸਾਫ਼ਟਵੇਅਰ ਦੁਬਾਰਾ ਪਾਉਣ ਦੀ ਨੋਬਤ ਆ ਜਾਂਦੀ ਹੈ। ਹਾਂ, ਜੇਕਰ ਤੁਸੀਂ ਇਸ ਬਾਰੇ ਤਕਨੀਕੀ ਜਾਣਕਾਰੀ ਰੱਖਦੇ ਹੋ ਤੇ ਤੁਹਾਡਾ ਗੂਗਲ ਵਿਚ ਖਾਤਾ ਹੈ ਤਾਂ ਪੈਟਰਨ ਲੌਕ ਬਾਰੇ ਫ਼ਿਕਰ ਕਰਨ ਦੀ ਲੋੜ ਨਹੀਂ।
  • ਆਪਣੇ ਮੋਬਾਈਲ  ਨੂੰ ਹਮੇਸ਼ਾ ਸੁਰੱਖਿਅਤ ਜਗ੍ਹਾ 'ਤੇ ਰੱਖੋ। ਝਰੀਟਾਂ ਤੋਂ ਬਚਾ ਲਈ ਇਸ 'ਤੇ ਚੰਗਾ ਕਵਰ ਚੜ੍ਹਾ ਲੈਣਾ ਚਾਹੀਦਾ ਹੈ। ਸਕਰੀਨ ਦੀ ਸੁਰੱਖਿਆ ਲਈ ਇੱਕ ਖ਼ਾਸ ਕਿਸਮ ਦੀ ਲੈਮੀਨੇਸ਼ਨ ਵੀ ਕਰਵਾਈ ਜਾ ਸਕਦੀ ਹੈ। ਇਸ ਨਾਲ ਸਕਰੀਨ 'ਤੇ ਨਿਸ਼ਾਨ ਜਾਂ ਰਗੜ ਨਹੀਂ ਪੈਂਦੀ।
  • ਸਮਾਰਟ ਫ਼ੋਨ ਨੂੰ ਸੂਰਜ ਦੀ ਸਿੱਧੀ ਰੌਸ਼ਨੀ, ਨਮੀ ਅਤੇ ਸਲ੍ਹਾਬ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
  • ਇਸ ਨੂੰ ਬਕਾਇਦਾ ਚਾਰਜ ਕਰਦੇ ਰਹੋ। ਚਾਰਜ ਕਰਨ ਲਈ 'ਬੈਟਰੀ ਲੋਅ' ਦੇ ਚਿਤਾਵਨੀ ਸੰਦੇਸ਼ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਘੱਟ ਬੈਟਰੀ 'ਤੇ ਫ਼ੋਨ ਵਰਤਣ ਨਾਲ ਵੱਧ ਸ਼ਕਤੀ ਵਾਲਾ ਸਿਗਨਲ ਉਤਪੰਨ ਹੁੰਦਾ ਹੈ ਜਿਸ ਦਾ ਸਾਡੀ ਸਿਹਤ 'ਤੇ ਮਾੜਾ ਅਸਰ ਹੋ ਸਕਦਾ ਹੈ। ਇਸ ਨਾਲ ਬੈਟਰੀ ਦੀ ਉਮਰ ਵੀ ਘੱਟ ਜਾਂਦੀ ਹੈ।
  • ਇੰਟਰਨੈੱਟ ਕੁਨੈਕਸ਼ਨ ਲਈ ਸਿੰਮ ਖ਼ਰੀਦਣ ਤੋਂ ਪਹਿਲਾਂ ਆਪਣੇ ਖੇਤਰ ਦਾ ਸਰਵੇ ਕਰ ਲਓ ਕਿ ਉੱਥੇ ਕਿਹੜੀ ਕੰਪਨੀ ਦੇ ਟਾਵਰ ਦੀ ਰੇਂਜ ਆਉਂਦੀ ਹੈ। ਮਿਸਾਲ ਵਜੋਂ ਜੇਕਰ ਤੁਸੀਂ ਰਿਲਾਇੰਸ ਦਾ 3-ਜੀ ਕੁਨੈਕਸ਼ਨ ਲੈਣ ਜਾ ਰਹੇ ਹੋ ਤਾਂ ਇਹ ਯਕੀਨੀ ਬਣਾ ਲਓ ਕਿ ਤੁਹਾਡਾ ਖੇਤਰ ਰਿਲਾਇੰਸ ਦੇ 3-ਜੀ ਦੀ ਰੇਂਜ 'ਤੇ ਆਉਂਦਾ ਹੈ। ਇਸੇ ਤਰ੍ਹਾਂ ਨੈੱਟ ਪੈਕ ਦੀ ਚੋਣ ਵੀ ਆਪਣੀ ਲੋੜ ਅਨੁਸਾਰ ਕਰ ਲਓ।
  • ਮੋਬਾਈਲ  ਫ਼ੋਨ ਵਿਚ ਸਾਂਭੇ ਸੰਪਰਕ ਨੰਬਰਾਂ ਦਾ ਸਮੇਂ-ਸਮੇਂ 'ਤੇ ਬੈਕ-ਅਪ ਲੈਂਦੇ ਰਹੋ। ਐਪ ਸਟੋਰ 'ਤੇ ਕਈ ਐਪਸ ਉਪਲਬਧ ਹਨ। ਜਿਨ੍ਹਾਂ ਨੂੰ ਵਰਤ ਕੇ ਤੁਸੀਂ ਐਕਸਲ, ਐੱਕਸਐੱਮਐੱਲ ਜਾਂ ਸੀਐੱਸਵੀ ਰੂਪ ਵਿਚ ਸੰਪਰਕ ਸੂਚੀ ਦਾ ਬੈਕ-ਅਪ ਲੈ ਕੇ ਆਪਣੇ ਕੰਪਿਊਟਰ ਵਿਚ ਸਾਂਭ ਸਕਦੇ ਹੋ। ਫ਼ੋਨ ਦੇ ਗੁੰਮ ਹੋਣ ਜਾਂ ਖ਼ਰਾਬ ਹੋਣ ਦੀ ਸਥਿਤੀ ਵਿਚ ਤੁਹਾਡੇ ਮਿੱਤਰਾਂ/ਰਿਸ਼ਤੇਦਾਰਾਂ ਦੇ ਸੰਪਰਕ ਨੰਬਰ ਸੁਰੱਖਿਅਤ ਰਹਿੰਦੇ ਹਨ। ਜਿਨ੍ਹਾਂ ਨੂੰ ਭਵਿੱਖ ਵਿਚ ਨਵੇਂ ਫ਼ੋਨ ਵਿਚ ਪਾ ਕੇ ਵਰਤਿਆ ਜਾ ਸਕਦਾ ਹੈ।
  • ਦੂਹਰੇ ਸਿੰਮ ਵਾਲੇ ਫੋਨਾਂ ਦਾ ਕਾਲ, ਵੀਡੀਓ ਕਾਲ, ਐੱਸਐੱਮਐੱਸ, ਇੰਟਰਨੈੱਟ ਆਦਿ ਦੀ ਵਿਵਸਥਾ ਪਹਿਲਾਂ ਹੀ ਕਰ ਲਓ। ਅਜਿਹਾ ਨਾ ਕਰਨ ਦੀ ਹਾਲਤ ਵਿਚ ਕਾਲ ਕਰਨ ਜਾਂ ਐੱਸਐੱਮਐੱਸ ਕਰਨ ਵੇਲੇ ਮੋਬਾਈਲ ਤੁਹਾਨੂੰ ਸਵਾਲ ਕਰੇਗਾ ਕਿ ਕਿਹੜੇ ਸਿੰਮ (ਸਿੰਮ-1 ਜਾਂ ਸਿੰਮ-2) ਰਾਹੀਂ ਇਹ ਪ੍ਰਕਿਰਿਆ ਪੂਰੀ ਕਰਨੀ ਹੈ। ਸਿੰਮ ਵਿਵਸਥਾ ਕਰਨ ਲਈ ਸੈਟਿੰਗਜ਼ ਵਿਚ ਜਾ ਕੇ ਸਿੰਮ ਮੈਨੇਜਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
  • ਸਮੇਂ-ਸਮੇਂ 'ਤੇ ਮੈਮਰੀ ਕਾਰਡ ਵਿਚਲੇ ਫ਼ਾਲਤੂ ਡਾਟੇ ਦੀ ਕਾਂਟ-ਛਾਂਟ ਕਰਦੇ ਰਹਿਣਾ ਚਾਹੀਦਾ ਹੈ।
  • ਆਪਣੇ ਫ਼ੋਨ ਦੇ ਓਪਰੇਟਿੰਗ ਸਿਸਟਮ ਅਤੇ ਇਸ ਵਿਚ ਇੰਸਟਾਲ ਵੱਖ-ਵੱਖ ਐਪਸ ਨੂੰ ਸਮੇਂ-ਸਮੇਂ 'ਤੇ ਅੱਪਡੇਟ ਕਰਦੇ ਰਹਿਣਾ ਚਾਹੀਦਾ ਹੈ।

ਔਂਡਰਾਇਡ ਫ਼ੋਨ ਦੇ ਲਾਭ ਅਤੇ ਖਾਮੀਆਂ (19-09-2014)

ਔਂਡਰਾਇਡ ਸਮਾਰਟ ਫ਼ੋਨਾਂ ਵਿਚ ਵਰਤਿਆ ਜਾਣ ਵਾਲਾ ਇੱਕ ਮਹੱਤਵਪੂਰਨ ਓਪਰੇਟਿੰਗ ਸਿਸਟਮ ਹੈ। ਸਸਤਾ ਹੋਣ ਕਾਰਨ ਔਂਡਰਾਇਡ ਫੋਨਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਦੇ ਕਈ ਲਾਭ ਹਨ।


ਲਾਭ
  • ਔਂਡਰਾਇਡ ਫ਼ੋਨ ਬਾਕੀ ਫੋਨਾਂ ਜਿਵੇਂ ਕਿ ਆਈ ਫ਼ੋਨ ਅਤੇ ਵਿੰਡੋਜ਼ ਫ਼ੋਨ ਨਾਲੋਂ ਕਾਫ਼ੀ ਸਸਤੇ ਹਨ।
  • ਔਂਡਰਾਇਡ ਫ਼ੋਨਾਂ ਵਿਚ ਖੇਤਰੀ ਭਾਸ਼ਾਵਾਂ ਵਿਚ ਟਾਈਪ ਕੀਤਾ ਜਾ ਸਕਦਾ ਹੈ ਤੇ ਇਹ ਮੀਨੂ/ਡਰਾਪ ਡਾਊਨ ਸੂਚੀ ਆਦਿ ਨੂੰ ਖੇਤਰੀ ਭਾਸ਼ਾ ਵਿਚ ਦਿਖਾਉਣ ਦੇ ਸਮਰੱਥ ਹੁੰਦੇ ਹਨ।
  • ਔਂਡਰਾਇਡ ਫ਼ੋਨ ਦੀ ਨੋਟੀਫ਼ਿਕੇਸ਼ਨ ਵਿਸ਼ੇਸ਼ਤਾ ਬੇਹੱਦ ਤਾਕਤਵਰ ਹੈ। ਐੱਸਐੱਮਐੱਸ, ਈ-ਮੇਲ ਜਾਂ ਚੈਟ ਆਦਿ ਬਾਰੇ ਨੋਟੀਫ਼ਿਕੇਸ਼ਨ ਵਰਤੋਂਕਾਰ ਨੂੰ ਯਾਦ ਕਰਵਾਉਂਦਾ ਰਹਿੰਦਾ ਹੈ।
  • ਸਾਰੀਆਂ ਚੋਟੀ ਦੀਆਂ ਕੰਪਨੀਆਂ ਜਿਵੇਂ ਕਿ ਸੈਮਸੰਗ, ਸੋਨੀ, ਐੱਚਟੀਸੀ, ਮਾਈਕਰੋਮੈਕਸ, ਕਾਰਬਨ ਆਦਿ ਔਂਡਰਾਇਡ ਫ਼ੋਨ ਬਣਾਉਂਦੀਆਂ ਹਨ। ਹਰੇਕ ਕੰਪਨੀ ਦਾ ਆਪਣਾ ਵਿਲੱਖਣ ਯੂਜ਼ਰ-ਇੰਟਰਫੇਸ ਹੈ।
  • ਔਂਡਰਾਇਡ ਫ਼ੋਨ 'ਚ ਜ਼ਿਆਦਾ ਵਰਤੋਂ ਵਾਲੀਆਂ ਐਪਸ ਨੂੰ ਡੈਸਕਟਾਪ (ਹੋਮ ਸਕਰੀਨ) 'ਤੇ ਖਿਸਕਾ ਕੇ ਰੱਖਿਆ ਜਾ ਸਕਦਾ ਹੈ। 
  • ਔਂਡਰਾਇਡ ਫ਼ੋਨ ਦੀ ਟਾਸਕਬਾਰ ਬੇਹੱਦ ਸਮਾਰਟ ਹੈ। ਵਾਈ-ਫਾਈ ਬਲੂ-ਟੁੱਥ, ਜੀਪੀਐੱਸ, ਡਾਟਾ ਕੂਨੈਕਸ਼ਨ ਅਤੇ ਮੋਬਾਈਲ ਮੋਡ ਬਦਲਣ ਲਈ ਇੱਥੇ ਬਟਨ ਉਪਲਬਧ ਹਨ ਜਿਨ੍ਹਾਂ ਤੋਂ ਕਿਸੇ ਐਪ ਦੇ ਅੰਦਰ ਜਾਣ ਤੋਂ ਬਿਨਾਂ ਹੀ ਸੈਟਿੰਗ ਬਦਲੀ ਜਾ ਸਕਦੀ ਹੈ।
  • ਔਂਡਰਾਇਡ ਵਿਚ ਮਲਟੀ ਟਾਸਕਿੰਗ ਦੀ ਵਿਸ਼ੇਸ਼ਤਾ ਹੈ। ਇਸ ਵਿਚ ਇੱਕੋ ਸਮੇਂ ਇੱਕ ਤੋਂ ਵੱਧ ਐਪਸ ਚਲਾਈਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਫੇਸਬੁਕ ਬ੍ਰਾਊਜ਼ ਕਰਦੇ ਸਮੇਂ ਗੀਤ ਵੀ ਸੁਣੇ ਜਾ ਸਕਦੇ ਹਨ।
  • ਇਸ ਦਾ ਐਪ ਮਾਰਕੀਟ (ਗੂਗਲ ਪਲੇਅ ਸਟੋਰ) ਬਹੁਤ ਵਿਸ਼ਾਲ ਹੈ। ਇਸ ਉੱਤੇ ਹਜ਼ਾਰਾਂ ਮੁਫ਼ਤ ਐਪਸ ਅਤੇ ਗੇਮਾਂ ਆਦਿ ਉਪਲਬਧ ਹਨ।
  • ਔਂਡਰਾਇਡ ਐਪਸ (ਏਪੀਕੇ) ਦਾ ਆਪਣੇ ਦੋਸਤਾਂ ਦਰਮਿਆਨ ਅਦਾਨ-ਪ੍ਰਦਾਨ ਕਰਨਾ ਬੇਹੱਦ ਆਸਾਨ ਹੈ। ਖੋਜਕਾਰ ਔਂਡਰਾਇਡ ਐਪ ਬਣਾ ਕੇ ਇਸ ਨੂੰ ਸਿੱਧਾ ਹੀ ਆਪਣੇ ਮੋਬਾਈਲ  (ਐੱਸਡੀ ਕਾਰਡ) ਵਿਚ ਪਾ ਕੇ ਟੈੱਸਟ ਕਰ ਸਕਦੇ ਹਨ। ਇਸੇ ਤਰ੍ਹਾਂ ਐਪਸ ਨੂੰ ਈ-ਮੇਲ, ਵਟਸ ਐਪ, ਬਲੂ-ਟੁੱਥ ਆਦਿ ਰਾਹੀਂ ਦੂਸਰੇ ਦੇ ਮੋਬਾਈਲ 'ਚ ਭੇਜਿਆ ਜਾ ਸਕਦਾ ਹੈ।
  •  ਔਂਡਰਾਇਡ ਵਿਚ ਗੂਗਲ ਦੇ ਹੋਰਨਾਂ ਉਤਪਾਦਾਂ ਜਿਵੇਂ ਕਿ ਜੀ-ਮੇਲ, ਯੂ-ਟਿਊਬ, ਗੂਗਲ ਮੈਪ ਨੂੰ ਪੁਰਾਣੇ ਖਾਤੇ ਰਾਹੀਂ ਵਰਤਿਆ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਦੀਆਂ ਐਪਸ ਪਲੇਅ ਸਟੋਰ 'ਤੇ ਮੁਫ਼ਤ ਉਪਲਬਧ ਹਨ।
  •  ਔਂਡਰਾਇਡ ਓਪਰੇਟਿੰਗ ਸਿਸਟਮ ਬਿਲਕੁਲ ਮੁਫ਼ਤ ਹੈ। ਕੋਈ ਇਸ ਦਾ ਸੋਰਸ ਕੋਡ ਵੀ ਕੰਪਿਊਟਰ ਵਿਕਾਸਕਾਰ ਵਰਤ ਕੇ ਉਸ ਤੋਂ ਅਗਲੀ ਪੀੜ੍ਹੀ ਦੇ ਸਾਫਟਵੇਅਰਾਂ (ਐਪਸ) ਦਾ ਵਿਕਾਸ ਕਰ ਸਕਦਾ ਹੈ। ਔਂਡਰਾਇਡ ਦੀਆਂ ਕਈ ਐਪਸ ਦੇ ਸੋਰਸ ਕੋਡ ਇੰਟਰਨੈੱਟ 'ਤੇ ਉਪਲਬਧ ਹਨ।

ਖਾਮੀਆਂ
  • ਔਂਡਰਾਇਡ ਫ਼ੋਨ ਦਾ ਪੂਰਾ-ਪੂਰਾ ਲਾਭ ਉਠਾਉਣ ਲਈ ਇਸ ਨੂੰ ਇੰਟਰਨੈੱਟ ਨਾਲ ਜੋੜ ਕੇ ਰੱਖਣਾ ਬੇਹੱਦ ਜ਼ਰੂਰੀ ਹੈ।
  • ਔਂਡਰਾਇਡ ਵਿਚ ਮਲਟੀ ਟਾਸਕਿੰਗ ਦੀ ਸਹੂਲਤ ਹੋਣ ਕਾਰਨ ਇਸ ਵਿਚ ਕਈ ਵਾਰ ਇੱਕ ਤੋਂ ਵੱਧ ਐਪਸ ਕੰਮ ਕਰ ਰਹੀਆਂ ਹੁੰਦੀਆਂ ਹਨ ਪਰ ਵਰਤੋਂਕਾਰ ਨੂੰ ਇਸ ਬਾਰੇ ਪਤਾ ਲਹੀਂ ਲੱਗਦਾ। ਇਸ ਨਾਲ ਰੈਮ 'ਤੇ ਅਸਰ ਪੈਣ ਨਾਲ ਰਫ਼ਤਾਰ ਘੱਟ ਜਾਂਦੀ ਹੈ।
  • ਬੇਲੋੜੀਆਂ ਐਪਸ ਦੇ ਲਗਾਤਾਰ ਚੱਲਦੇ ਰਹਿਣ ਨਾਲ ਮੋਬਾਈਲ  ਦੀ ਬੈਟਰੀ ਵੀ ਖਪਤ ਹੁੰਦੀ ਰਹਿੰਦੀ ਹੈ ਜਿਸ ਕਾਰਨ ਤੁਹਾਨੂੰ ਵਾਰ-ਵਾਰ ਚਾਰਜ ਕਰਨ ਦੀ ਨੌਬਤ ਆਉਂਦੀ ਹੈ।
  • ਔਂਡਰਾਇਡ ਐਪਸ ਦਾ ਆਕਾਰ 5 ਤੋਂ 20 ਐੱਮਬੀ ਤੱਕ ਅਰਥਾਤ ਵੱਡਾ ਹੁੰਦਾ ਹੈ। ਗੇਮਾਂ ਵਾਲੀਆਂ ਐਪਸ ਦਾ ਆਕਾਰ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਇਸ ਲਈ ਅਜਿਹੇ ਫ਼ੋਨ ਲਈ ਵੱਧ ਮੈਮਰੀ (ਰੈਮ) ਦੀ ਜ਼ਰੂਰਤ ਪੈਂਦੀ ਹੈ।
  • ਕਈ ਮੁਫ਼ਤ 'ਚ ਡਾਊਨਲੋਡ ਕੀਤੀਆਂ ਐਪਸ ਵਿਚ ਇਸ਼ਤਿਹਾਰ ਵੀ ਹੁੰਦੇ ਹਨ ਜੋ ਵਰਤੋਂਕਾਰ ਦੀ ਇਕਾਗਰਤਾ ਭੰਗ ਕਰਦੇ ਹਨ। ਅਜਿਹੀ ਸਥਿਤੀ ਵਿਚ ਮੁੱਲ ਦੀਆਂ ਐਪਸ ਵਰਤਣੀਆਂ ਵਰਤੋਂਕਾਰ ਦੀ ਮਜਬੂਰੀ ਬਣ ਜਾਂਦੀ ਹੈ।
  • ਸੈਮਸੰਗ ਨੂੰ ਛੱਡ ਕੇ ਬਾਕੀ ਕੰਪਨੀਆਂ ਦੇ ਔਂਡਰਾਇਡ ਫੋਨਾਂ 'ਤੇ ਪੰਜਾਬੀ 'ਚ ਕੰਮ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਫ਼ੋਨਾਂ ਵਿਚ ਕੰਪਨੀਆਂ ਵੱਲੋਂ ਪੰਜਾਬੀ ਯੂਨੀਕੋਡ (ਰਾਵੀ) ਫੌਂਟ ਦੀ ਸਪੋਰਟ ਨਾ ਦਿੱਤੇ ਜਾਣ ਕਾਰਨ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਨ੍ਹਾਂ ਫ਼ੋਨਾਂ ਵਿਚ ਕਿਸੇ ਵੱਖਰੇ ਕੀ-ਬੋਰਡ (ਐਪ) ਰਾਹੀਂ ਪੰਜਾਬੀ 'ਚ ਲਿਖਿਆ ਤਾਂ ਜਾ ਸਕਦਾ ਹੈ ਪਰ ਈ-ਮੇਲ, ਐੱਸਐੱਮਐੱਸ ਜਾਂ ਵਟਸ ਐਪ ਰਾਹੀਂ ਪ੍ਰਾਪਤ ਪੰਜਾਬੀ ਸੰਦੇਸ਼ਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ।