'ਧੁਰ ਕੀ ਬਾਣੀ' ਅਤੇ 'ਸੁੰਦਰ ਗੁਟਕਾ' ਦੀ ਵਰਤੋ/cpKamboj_punjabiComputer


20-5-18
         ਇਹ ਐਂਡਰਾਇਡ ਫ਼ੋਨ ਲਈ ਤਿਆਰ ਕੀਤਾ ਇੱਕ ਗੁਰਬਾਣੀ ਸਰਚ ਇੰਜਣ ਹੈ। ਗੂਗਲ ਐਪ ਸਟੋਰ 'ਤੇ Dhur Ki Bani ਟਾਈਪ ਕਰਕੇ ਇਸ ਨੂੰ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਐਪ ਵਿਚ ਕਈ ਵਿਸ਼ੇਸ਼ਤਾਵਾਂ ਸ਼ਾਮਿਲ ਹਨ। ਮੁੱਖ ਰੂਪ ਵਿਚ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਸਿੱਖ ਪ੍ਰੇਅਰਜ਼, ਸਰਚ ਬਾਏ ਅੰਗ, ਸਰਚ ਬਾਏ ਸ਼ਬਦ ਵਿਚ ਵੰਡਿਆ ਹੋਇਆ ਹੈ। "ਸਿੱਖ ਪ੍ਰੇਅਰਜ਼" ਵਿਚ ਜਪਜੀ ਸਾਹਿਬ, ਜਾਪ ਸਾਹਿਬ ਤਵ ਪ੍ਰਸਾਦਿ ਸਵੱਯੇ, ਚੌਪਾਈ ਸਾਹਿਬ, ਅਨੰਦ ਸਾਹਿਬ, ਰਹਿਰਾਸ ਸਾਹਿਬ ਅਤੇ ਸੋਹਲਾ ਸਾਹਿਬ ਸ਼ਾਮਿਲ ਹਨ। "ਸਰਚ ਬਾਏ ਅੰਗ" ਉੱਤੇ ਟੱਚ ਕਰਕੇ ਵਰਤੋਂਕਾਰ ਅੰਗ (ਪੰਨਾ ਨੰਬਰ) ਦੇ ਆਧਾਰ 'ਤੇ ਸਰਚ ਕਰ ਸਕਦਾ ਹੈ। ਮਿਸਾਲ ਵਜੋਂ ਜੇਕਰ ਕੋਈ ਇਹ ਵੇਖਣਾ ਚਾਹੇ ਕਿ ਗੁਰਬਾਣੀ ਦੇ ਪੰਨਾ ਨੰਬਰ 16 'ਤੇ ਕੀ ਦਰਜ ਹੈ ਤਾਂ ਉਹ ਸਰਚ ਬਕਸੇ ਵਿਚ ਪੰਨਾ ਨੰਬਰ ਟਾਈਪ ਕਰਕੇ ਸਰਚ ਕਰ ਸਕਦਾ ਹੈ।
         ''ਸਰਚ ਬਾਏ ਸ਼ਬਦ" ਸੁਵਿਧਾ ਰਾਹੀਂ ਬਾਣੀ ਵਿਚਲੀ ਪੰਕਤੀ ਦੇ ਹਰੇਕ ਸ਼ਬਦ ਦਾ ਪਹਿਲਾ ਅੱਖਰ ਅੰਗਰੇਜ਼ੀ (ਰੋਮਨ) ਵਿਚ ਲਿਖ ਕੇ ਖੋਜ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ "ਸਚੋ ਸਚਾ ਆਖੀਐ ਸਚੇ ਸਚਾ ਥਾਨੁ।।" ਦੇ ਸਹੀ ਸ਼ਬਦ ਜੋੜ, ਪੰਨਾ ਨੰਬਰ ਅਤੇ ਇਸ ਦਾ ਅੰਗਰੇਜ਼ੀ ਅਨੁਵਾਦ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਟਾਈਪ ਕਰੋਗੇ- s s a s s t। ਇਸ ਉਪਰੰਤ ਗੁਰਮੁਖੀ ਵਿਚ ਲਿਖੀ ਪੂਰੀ ਪੰਕਤੀ ਨਜ਼ਰ ਆ ਜਾਵੇਗੀ। ਇਸ ਉੱਤੇ ਟੱਚ ਕਰਕੇ ਤੁਸੀਂ ਸਿੱਧਾ ਉਸ ਦੇ ਪੰਨਾ ਨੰਬਰ 'ਤੇ ਜਾਹ ਕੇ ਇਸ ਦਾ ਅਰਥ ਜਾਣ ਸਕਦੇ ਹੋ। ਜੇਕਰ ਤੁਸੀਂ ਅੰਗਰੇਜ਼ੀ ਵਿਚ ਟਾਈਪ ਕੀਤੇ ਅੱਖਰਾਂ ਨੂੰ ਪੰਕਤੀ ਦੇ ਵਿਚਕਾਰ ਵੀ ਲੱਭਣਾ ਚਾਹੁੰਦੇ ਹੋ ਤਾਂ ਸਰਚ ਬਕਸੇ ਤੋਂ ਹੇਠਾਂ ਦੂਜੇ ਨੰਬਰ ਵਾਲਾ ਵਿਕਲਪ "ਲੈਟਰਜ਼ ਫਰੋਮ ਐਨੀਵੇਅਰ" ਲੈ ਲਓ। ਧਿਆਨ ਰਹੇ ਕਿ ਅੰਗਰੇਜ਼ੀ ਦੇ ਅੱਖਰਾਂ ਵਿਚਕਾਰ ਵਿੱਥ (ਸਪੇਸ) ਜ਼ਰੂਰ ਹੋਵੇ।
         ਐਪ ਦੇ ਨਵੇਂ 4.0 ਸੰਸਕਰਨ ਵਿਚ ਕੁੱਝ ਨਵੀਆਂ ਵਿਸ਼ੇਸ਼ਤਾਵਾਂ ਜੋੜੀਆਂ ਗਈਆਂ ਹਨ। ਇਸ ਵਿਚ ਗੁਰਬਾਣੀ ਦੀਆਂ ਤੁਕਾਂ ਦਾ ਅਨੁਵਾਦ ਜਾਂ ਲਿਪੀਅੰਤਰਨ ਦਿਖਾਉਣ ਦੀ ਵਿਵਸਥਾ ਕੀਤੀ ਗਈ ਹੈ। ਫੌਂਟ ਦਾ ਆਕਾਰ ਬਦਲਣ ਅਤੇ ਬੁੱਕਮਾਰਕ ਲਗਾਉਣ ਦੀ ਸੁਵਿਧਾ ਵੀ ਜੋੜੀ ਗਈ ਹੈ। ਇਸੇ ਤਰ੍ਹਾਂ "ਸਿੱਖ ਪ੍ਰੇਅਰਜ਼" ਵਿਚ "ਅਰਦਾਸ" ਨੂੰ ਸ਼ਾਮਿਲ ਕੀਤਾ ਗਿਆ ਹੈ।
         ਐਂਡਰਾਇਡ ਫ਼ੋਨ ਉੱਤੇ ਦਸ ਗੁਰੂ ਸਹਿਬਾਨਾਂ ਦੀ ਗੁਰਬਾਣੀ ਪੜ੍ਹਨ ਲਈ ਸੁੰਦਰ ਗੁਟਕਾ (Sunder Gutka) ਨਾਂ ਦੀ ਐਪ ਵਰਤੀ ਜਾ ਸਕਦੀ ਹੈ। ਇਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਐਪ ਦੇ ਨਵੇਂ ਸੰਸਕਰਨ ਵਿਚ ਸੂਚੀ ਨੂੰ ਪੁਨਰ ਕ੍ਰਮ ਦੇਣ, ਰੋਮਨ ਵਿਚ ਪੜ੍ਹਨ, ਫੌਂਟ ਅਤੇ ਫੌਂਟ ਆਕਾਰ ਬਦਲਣ, ਬੈਕਗਰਾਊਂਡ ਰੰਗ ਦੇਣ, ਬੁੱਕਮਾਰਕ ਲਗਾਉਣ ਦੀ ਵਿਸ਼ੇਸ਼ਤਾ ਵੀ ਜੋੜ ਦਿੱਤੀ ਗਈ ਹੈ।


Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Previous
Next Post »