ਗੂਗਲ ਦੀ ਨੋਟਸ ਬਣਾਉਣ ਵਾਲੀ ਐਪ : 'ਕੀਪ'/cpKamboj_punjabiComputer

10-6-18

ਦੋਸਤੋ, ਸਮਾਰਟ ਫੋਨ ਵਿਚ ਨੋਟਸ ਬਣਾਉਣ ਵਾਲੀਆਂ ਐਪਜ਼ ਦੀ ਗਿਣਤੀ ਕਾਫੀ ਜ਼ਿਆਦਾ ਹੈ ਜਿਸ ਕਾਰਨ ਵਰਤੋਂਕਾਰ ਦੁਚਿੱਤੀ ਵਿਚ ਪੈ ਜਾਂਦਾ ਹੈ ਕਿ ਉਹ ਕਿਹੜੀ ਐਪ ਵਰਤੇ। ਐਪ ਦੀ ਚੋਣ ਕਰਨ ਦਾ ਸਿੱਕੇਬੰਦ ਤਰੀਕਾ ਇਹ ਹੈ ਕਿ ਉਹ ਐਪ ਵਰਤੋ ਜਿਹੜੀ ਤੁਹਾਡੇ ਫੋਨ ਅਕਾਊਂਟ ਨਾਲ ਸਿੰਕਰੋਨਾਈਜ਼ (ਸਮਕਾਲੀਕ੍ਰਿਤ) ਹੋ ਜਾਵੇ। ਇਸ ਸਬੰਧ ਵਿਚ ਖ਼ੁਦ ਗੂਗਲ ਦੀਆਂ ਬਣਾਈਆਂ ਐਪਜ਼ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਨੋਟ ਉਤਾਰਨ ਲਈ ਵੀ ਗੂਗਲ ਦੀ ਆਪਣੀ ਐਪ ਹੈ ਜਿਸ ਨੂੰ ਕੀਪ ਕਿਹਾ ਜਾਂਦਾ ਹੈ।ਇਹ ਐਪ ਐਂਡਰਾਇਡ ਦੇ 4.0 ਜਾਂ ਇਸ ਤੋਂ ਉੱਪਰਲੇ ਸੰਸਕਰਨਾਂ ਵਿਚ ਕੰਮ ਕਰਦੀ ਹੈ। ਗੂਗਲ ਐਪ ਸਟੋਰ ਤੋਂ 10 ਕਰੋੜ ਤੋਂ ਵੱਧ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ।
ਕੀਪ ਰਾਹੀਂ ਤੁਸੀਂ ਆਪਣੇ ਦਿਮਾਗ਼ ਵਿਚ ਚੱਲ ਰਹੇ ਵਿਚਾਰਾਂ ਨੂੰ ਰਿਕਾਰਡ ਕਰ ਸਕਦੇ ਹੋ। ਕਿਸੇ ਮੀਟਿੰਗ ਜਾਂ ਖ਼ਾਸ ਸਮੇਂ ਦਾ ਚੇਤਾ ਕਰਾਉਣ ਲਈ ਰਿਮਾਈਂਡਰ ਲਗਾ ਸਕਦੇ ਹੋ। ਖਿੱਚੀ ਹੋਈ ਫ਼ੋਟੋ ਜਾਂ ਸਕਰੀਨ ਸ਼ੌਟ ਨੂੰ ਨੋਟਸ ਦੇ ਰੂਪ ਵਿਚ ਸਾਂਭ ਸਕਦੇ ਹੋ। ਵਟਸ ਐਪ, ਫੇਸਬੁਕ ਆਦਿ ਸੋਸ਼ਲ ਮੀਡੀਆ ਤੇ ਛਾਇਆ ਹੋਈਆਂ ਕੰਮ ਦੀਆਂ ਪੋਸਟਾਂ ਨੂੰ ਕੀਪ ਵਿਚ ਕਾਪੀ-ਪੇਸਟ ਕਰ ਸਕਦੇ ਹੋ।
ਕੀਪ ਵਿਚ ਚੈੱਕ ਲਿਸਟ ਬਣਾਉਣ ਦੀ ਸੁਵਿਧਾ ਵੀ ਹੈ। ਬਾਜ਼ਾਰ, ਦਫ਼ਤਰ ਜਾਂ ਰੋਜ਼ਾਨਾ ਦੇ ਕੰਮਾਂ ਨੂੰ ਚੈੱਕ ਲਿਸਟ ਦੇ ਰੂਪ ਵਿਚ ਨੋਟ ਕਰ ਲਓ। ਕੀਪ ਵਿਚ ਲਿਸਟ ਦਾ ਸਹੀ ਤਰੀਕੇ ਨਾਲ ਪ੍ਰਬੰਧ ਕਰਨ ਦੀ ਸੁਵਿਧਾ ਹੈ। ਲਿਸਟ ਦੇ ਚੈੱਕ ਬਕਸੇ 'ਤੇ ਕਲਿੱਕ ਕਰਕੇ ਆਈਟਮ ਨੂੰ ਕੱਟਿਆ ਜਾ ਸਕਦਾ ਹੈ। ਇਸ ਤਰ੍ਹਾਂ ਕਦਮ-ਦਰ-ਕਦਮ ਲਿਖੀ ਕਾਰਜ ਸੂਚੀ ਵਿਚੋਂ ਸੰਪੂਰਨ ਹੋਏ ਕੰਮਾਂ ਨੂੰ ਹਟਾਇਆ ਜਾ ਸਕਦਾ ਹੈ।
ਕੀਪ ਦੇ ਰਿਕਾਰਡ ਨੂੰ ਆਪਣੇ ਦੋਸਤਾ ਨਾਲ ਸਾਂਝਾ ਕਰਨ ਦੀ ਸੁਵਿਧਾ ਵੀ ਸ਼ੁਮਾਰ ਹੈ।ਕੀਪ ਵਿਚ ਆਪਣੀ ਰਿਕਾਰਡ ਕੀਤੀ ਆਵਾਜ਼ ਦੇ ਨੋਟ ਵੀ ਬਣਾਏ ਜਾ ਸਕਦੇ ਹਨ। ਐਪ ਦੇ ਵੱਖ-ਵੱਖ ਨੋਟਿਸਾਂ ਨੂੰ ਸੁਚੱਜੇ ਤਰੀਕੇ ਨਾਲ ਸਾਂਭਣ ਲਈ ਬੈਕਗਰਾਊਂਡ ਰੰਗ ਦੇਣ ਦੀ ਸੁਵਿਧਾ ਹੈ। ਤੁਸੀਂ ਇਕੋ ਵਿਸ਼ੇ ਨਾਲ ਸਬੰਧਿਤ ਸਾਰੇ ਨੋਟਿਸਾਂ ਨੂੰ ਇਕੋ ਜਿਹਾ ਬੈਕਗਰਾਊਂਡ ਰੰਗ ਦੇ ਸਕਦੇ ਹੋ। ਇਸ ਵਿਚ ਰਿਕਾਰਡ ਸਰਚ ਕਰਨ ਦੇ ਕਈ ਤਰੀਕੇ ਹਨ ਜਿਵੇਂ ਕਿ ਪਾਠ ਟਾਈਪ ਕਰ ਕੇ ਸਰਚ ਕਰਨਾ, ਰੰਗਾਂ ਦੇ ਆਧਾਰ 'ਤੇ ਸਰਚ ਕਰਨਾ ਆਦਿ ਪ੍ਰਮੁੱਖ ਹਨ।
ਕੀਪ ਐਂਡਰਾਇਡ ਆਧਾਰਿਤ ਸਮਾਰਟ ਫੋਨਾਂ, ਟੈਬਲੇਟ ਕੰਪਿਊਟਰਾਂ ਅਤੇ ਡੈਸਕਟਾਪ ਕੰਪਿਊਟਰਾਂ ਉੱਤੇ ਕੰਮ ਕਰ ਸਕਦੀ ਹੈ।
         ਕੀਪ ਵਿਜ਼ਟਜ਼ (widgets) ਨੂੰ ਆਪਣੇ ਫੋਨ ਵਿਚ ਚਾਲੂ ਕਰਨ ਲਈ ਸਭ ਤੋਂ ਪਹਿਲਾਂ ਸਕਰੀਨ ਦੇ ਖਾਲੀ ਹਿੱਸੇ ਵਿਚ ਲੌਂਗ ਟੱਚ ਅਰਥਾਤ ਲੰਬੇ ਸਮੇਂ ਲਈ ਦਬਾ ਕੇ ਰੱਖੋ। ਸਕਰੀਨ ਸੁੰਗੜ ਕੇ ਛੋਟੀ ਹੋ ਜਾਵੇਗੀ ਤੇ ਹੁਣ ਹੇਠੋਂ ਵਿਜ਼ਟਜ਼ ਬਟਣ 'ਤੇ ਕਲਿੱਕ ਕਰ ਦਿਓ। ਤੁਹਾਡੇ ਕੰਪਿਊਟਰ ਵਿਚ ਇੰਸਟਾਲ ਸਾਰੇ ਵਿਜ਼ਟਜ਼ ਨਜ਼ਰ ਆਉਣ ਲੱਗਣਗੇ। ਇੱਥੋਂ ਕੀਪ ਦੀ ਚੋਣ ਕਰੋ ਤੇ ਇਸ ਨੂੰ ਖਿਸਕਾ ਕੇ ਸਹੀ ਥਾਂ 'ਤੇ ਲੈ ਆਓ।
ਗੂਗਲ ਨੇ ਤੁਹਾਡੇ ਪਰਸਨਲ ਕੰਪਿਊਟਰ 'ਤੇ ਕੀਪ ਦੀ ਵਰਤੋਂ ਦੇ ਰਾਹ ਖੋਲ੍ਹ ਦਿੱਤੇ ਹਨ। ਇਸ ਲਈ ਤੁਹਾਡੇ ਕੰਪਿਊਟਰ ਉੱਤੇ 'ਗੂਗਲ ਕਰੋਮ' ਨਾਂ ਦਾ ਵੈੱਬ ਬ੍ਰਾਊਜ਼ਰ ਇੰਸਟਾਲ ਹੋਣਾ ਜ਼ਰੂਰੀ ਹੈ। ਇੰਟਰਨੈੱਟ ਤੋਂ ਕੰਪਿਊਟਰ ਦਾ ਕੀਪ ਸਾਫ਼ਟਵੇਅਰ ਲੱਭਣ ਲਈ ਸਰਚ ਇੰਜਣ ਵਿਚ ਟਾਈਪ ਕਰੋ- ਗੂਗਲ ਕੀਪ ਫ਼ਾਰ ਕਰੋਮ। ਇਸ ਨੂੰ ਇੰਸਟਾਲ ਕਰਨ ਉਪਰੰਤ ਤੁਸੀਂ ਆਪਣੇ ਕੰਪਿਊਟਰ ਅਤੇ ਸਮਾਰਟ ਫੋਨ ਤੋਂ ਇਕੱਠਿਆਂ ਹੀ 'ਕੀਪ' ਚਲਾ ਸਕਦੇ ਹੋ। ਜੇ ਤੁਹਾਡੇ ਕੰਪਿਊਟਰ ਅਤੇ ਫੋਨ ਇੰਟਰਨੈੱਟ ਨਾਲ ਜੁੜੇ ਹੋਏ ਹਨ ਤਾਂ ਤੁਸੀਂ ਦੋਹਾਂ ਨੂੰ ਸਿੰਕ (ਸਿੰਕਰੋਨਾਈਜ਼) ਕਰ ਸਕਦੇ ਹੋ। ਇਸ ਨਾਲ ਤੁਸੀਂ ਕੰਪਿਊਟਰ 'ਤੇ ਕੀਤੇ ਬਦਲਾਵਾਂ ਨੂੰ ਸਮਾਰਟ ਫੋਨ 'ਤੇ ਅਤੇ ਇਸ ਦੇ ਉਲਟ ਆਪਣੇ ਕੰਪਿਊਟਰ 'ਤੇ ਅੱਪਡੇਟ ਹੋਇਆ ਵੇਖ ਸਕਦੇ ਹੋ।

Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com
Previous
Next Post »